SC ‘ਚ ਗੂੰਜਿਆ ਜੱਜ ਦੇ ਕਤਲ ਦਾ ਮੁੱਦਾ, ਬਾਰ ਐਸੋਸੀਏਸ਼ਨ ਦੇ ਮੁਖੀ ਨੇ ਕੀਤੀ CBI ਜਾਂਚ ਦੀ ਮੰਗ, ਆਟੋ ਚਾਲਕ ਗ੍ਰਿਫਤਾਰ

ਨਵੀਂ ਦਿੱਲੀ : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਵਿਕਾਸ ਸਿੰਘ ਨੇ ਅੱਜ ਸੁਪਰੀਮ ਕੋਰਟ ਨੂੰ ਝਾਰਖੰਡ ਦੇ ਧਨਬਾਦ ਵਿਚ ਜ਼ਿਲ੍ਹਾ ਅਤੇ ਵਧੀਕ ਜੱਜ ਉੱਤਮ ਆਨੰਦ ਦੇ ਕਤਲ ਦੀ ਸੀਬੀਆਈ ਜਾਂਚ ਕਰਾਉਣ ਦੀ ਅਪੀਲ ਕੀਤੀ। ਵਿਕਾਸ ਸਿੰਘ ਨੇ ਅਦਾਲਤ ਵਿਚ ਕਿਹਾ ਕਿ ਨਿਆਂਪਾਲਿਕਾ ਸੁਤੰਤਰ ਹੋਣੀ ਚਾਹੀਦੀ ਹੈ ਅਤੇ ਨਿਆਂਇਕ ਅਧਿਕਾਰੀ ਸੁਰੱਖਿਅਤ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਜੱਜ ਦਾ ਕਤਲ ਯੋਜਨਾਬੱਧ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ ਦੇ ਕਿਨਾਰੇ ਚੱਲ ਰਹੇ ਜੱਜ ਨੂੰ ਜਾਣ ਬੁੱਝ ਕੇ ਆਟੋ ਚਾਲਕ ਨੇ ਟੱਕਰ ਮਾਰੀ ਹੈ। ਜਸਟਿਸ ਡੀ ਵਾਈ ਚੰਦਰਚੁੜ ਨੇ ਵਿਕਾਸ ਸਿੰਘ ਨੂੰ ਸੀਜੇਆਈ ਨੂੰ ਇਸ ਮਾਮਲੇ ਦਾ ਜ਼ਿਕਰ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਇਸ ਬਾਰੇ ਚੀਫ਼ ਜਸਟਿਸ ਨੂੰ ਵੀ ਸੂਚਿਤ ਕਰਨਗੇ।

ਇਸ ਦੌਰਾਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਆਟੋ ਦੇ ਡਰਾਈਵਰ ਅਤੇ ਉਸਦੇ ਇਕ ਹੋਰ ਸਾਥੀ ਨੂੰ ਗਿਰੀਡੀਹ ਤੋਂ ਆਟੋ ਸਮੇਤ ਕਾਬੂ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਬੁੱਧਵਾਰ ਸਵੇਰੇ ਜੱਜ ਉੱਤਮ ਆਨੰਦ ਸਵੇਰ ਦੀ ਸੈਰ ਕਰ ਰਹੇ ਸਨ ਤਾਂ ਪਿੱਛੇ ਤੋਂ ਆ ਰਹੇ ਇਕ ਆਟੋ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੱਜ ਨੂੰ ਜਾਣ ਬੁੱਝ ਕੇ ਮਾਰਿਆ ਗਿਆ ਸੀ। ਜ਼ਿਕਰਯੋਗ ਹੈ ਕਿ ਜੱਜ ਆਨੰਦ ਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਉਹ 15 ਤੋਂ ਵੱਧ ਮਾਫੀਆ ਦੇ ਕੇਸ ਦੇਖ ਰਿਹਾ ਸੀ।

ਟੀਵੀ ਪੰਜਾਬ ਬਿਊਰੋ