ਕੈਨੇਡਾ ਤੋਂ ਇੰਗਲੈਂਡ ਤੱਕ ਠੱਗਾਂ ਨੇ ਵਿਛਾਇਆ ਜਾਲ!

ਕੈਨੇਡਾ ਦੇ ਬਜ਼ੁਰਗਾਂ ਤੋਂ $9,50,000 ਠੱਗਣ ਕੇ ਮਾਮਲੇ ‘ਚ ਬਰੈਂਪਟਨ ਦੇ ਇੰਦਰਜੀਤ ਸਿੰਘ (26) ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਇਕ ਗੋਰੀ ਨੂੰ ਸੋਨੇ ਦੇ ਨਕਲੀ ਗਹਿਣੇ ਵੇਚ ਕੇ ਫਰਾਰ ਹੋਏ ਸਾਊਥ ਏਸ਼ੀਅਨ ਜੋੜੇ ਦੀ ਭਾਲ RCMP ਕਰ ਰਹੀ ਹੈ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਕੌਮਾਂਤਰੀ ਠੱਗਾਂ ਨੇ ਪਿਛਲੇ ਸਾਲ 83 ਸਾਲ ਦੇ ਇਕ ਬਜ਼ੁਰਗ ਨਾਲ ਸੰਪਰਕ ਕਰਦਿਆਂ ਉਸ ਦੀ ਰਕਮ ਦੁੱਗਣੀ ਕਰਨ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਐਲਬਰਟਾ ਦੇ ਇਕ ਪੀੜਤ ਨੇ ਵੀ ਠੱਗਾਂ ਹੱਥ ਢਾਈ ਲੱਖ ਡਾਲਰ ਗੁਆ ਦਿਤੇ। ਠੱਗਾਂ ਦਾ ਟਿਕਾਣਾ ਇੰਗਲੈਂਡ ਵਿਚ ਸਾਹਮਣੇ ਆਇਆ, ਜਿਥੇ ਮੌਜੂਦ ਸ਼ੱਕੀਆਂ ਨੇ ਪੀ.ਸੀ. ਫਾਇਨੈਂਸ਼ੀਅਲ ਐਡਵਾਈਜ਼ਰਜ਼ ਬਣ ਕੇ ਉਨਟਾਰੀਓ ਅਤੇ ਐਲਬਰਟਾ ਦੇ ਲੋਕਾਂ ਨਾਲ ਸੰਪਰਕ ਕੀਤਾ।  ਉਨਟਾਰੀਓ ਵਿਚ ਮੌਜੂਦ ਇਕ ਸ਼ੱਕੀ, ਠੱਗਾਂ ਦੀ ਮਦਦ ਕਰ ਰਿਹਾ ਸੀ ਜਿਸ ਨੇ ਰਕਮ ਹਾਸਲ ਕਰਨ ਅਤੇ ਇੰਗਲੈਂਡ ਦੇ ਖਾਤਿਆਂ ਵਿਚ ਟ੍ਰਾਂਸਫ਼ਰ ਕਰਨ ਦਾ ਕੰਮ ਕੀਤਾ। ਪੁਲਿਸ ਮੁਤਾਬਕ ਬਰੈਂਪਟਨ ਦੇ ਸ਼ੱਕੀ ਵੱਲੋਂ ਇੰਟੈਕਟ ਗਲੋਬਲ ਇਨਕਾਰਪੋਰੇਸ਼ਨ ਨਾਂ ਦੀ ਇਕ ਫ਼ਰਜ਼ੀ ਕੰਪਨੀ ਬਣਾਉਂਦਿਆਂ ਕਈ ਬੈਂਕਾਂ ਵਿਚ ਬਿਜ਼ਨਸ ਅਕਾਊਂਟ ਖੋਲ੍ਹ ਲਏ। ਇਨ੍ਹਾਂ ਖਾਤਿਆਂ ਵਿਚ ਹੀ 9 ਲੱਖ 50 ਹਜ਼ਾਰ ਡਾਲਰ ਦੀ ਰਕਮ ਪੁੱਜੀ। ਪੁਲਿਸ ਨੇ ਅੱਗੇ ਦੱਸਿਆ ਕਿ ਬਰੈਂਪਟਨ ਨਾਲ ਸਬੰਧਤ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਅਤੇ ਲੋਕਾਂ ਤੋਂ ਵਸੂਲ ਰਕਮ ਹੋਰਨਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਅਪੀਲ ਕੀਤੀ ਹੈ ਕਿ ਕਿਸੇ ਵੀ ਯੋਜਨਾ ਵਿਚ ਨਿਵੇਸ਼ ਕਰਨ ਵੇਲੇ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਆਨਲਾਈਨ ਪੋਰਟਲਾਂ ਦੀ ਬਜਾਏ ਬੈਂਕਾਂ ਜਾਂ ਹੋਰਨਾਂ ਵਿੱਤੀ ਅਦਾਰਿਆਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਜਾਂਚਕਰਤਾਵਾਂ ਨੇ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ 905 825 4777 ਐਕਸਟੈਨਸ਼ਨ 8739 ’ਤੇ ਸੰਪਰਕ ਕੀਤਾ ਜਾ ਸਕਦਾ ਹੈ।  ਢੁਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 2 ਹਜ਼ਾਰ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ।

ਉਧਰ, ਬੀ.ਸੀ. ਦੇ ਸਿਡਨੀ/ਨੌਰਥ ਸਾਨਿਚ ਇਲਾਕੇ ਦੀ ਪੁਲਿਸ ਇਕ ਸਾਊਥ ਏਸ਼ੀਅਨ ਜੋੜੇ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੇ ਦੱਸਿਆ ਕਿ 9 ਦਸੰਬਰ ਨੂੰ ਇਕ ਗੈਸ ਸਟੇਸ਼ਨ ’ਤੇ ਵਾਪਰੀ ਘਟਨਾ ਦੌਰਾਨ ਇਕ ਸਾਊਥ ਏਸ਼ੀਅਨ ਜੋੜੇ ਨੇ ਪੀੜਤ ਨਾਲ ਸੰਪਰਕ ਕਰਦਿਆਂ ਮਿੰਨਤਾਂ ਕੀਤੀਆਂ ਕਿ ਉਹ ਆਪਣੇ ਮੁਲਕ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਨਕਦ ਰਕਮ ਮੌਜੂਦ ਨਹੀਂ। ਸ਼ੱਕੀ ਜੋੜੇ ਨੇ ਪੀੜਤ ਅੱਗੇ ਕਈ ਕਿਸਮ ਦੇ ਗਹਿਣੇ ਪੇਸ਼ ਕਰਦਿਆਂ ਸ਼ੁੱਧ ਸੋਨੇ ਤੋਂ ਬਣੇ ਹੋਣ ਦਾ ਦਾਅਵਾ ਕੀਤਾ ਅਤੇ ਘਰ ਵਾਪਸੀ ਲਈ ਆਰਥਿਕ ਮਦਦ ਦੀ ਗੁਜ਼ਾਰਿਸ਼ ਕਰਨ ਲੱਗੇ। ਪੀੜਤ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਰਕਮ ਦੇ ਦਿਤੀ ਪਰ ਬਾਅਦ ਵਿਚ ਇਹ ਗਹਿਣੇ ਨਕਲੀ ਸਾਬਤ ਹੋਏ। ਪੁਲਿਸ ਮੁਤਾਬਕ ਸਾਊਥ ਏਸ਼ੀਅਨ ਜੋੜਾ ਗੂੜ੍ਹੇ ਰੰਗ ਦੀ ਐਸ.ਯੂ.ਵੀ. ਵਿਚ ਮੌਕੇ ਤੋਂ ਰਵਾਨਾ ਹੋਇਆ ਪਰ ਹੁਣ ਤੱਕ ਪੈੜ ਨੱਪੀ ਨਹੀਂ ਜਾ ਸਕੀ। ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਨਵੰਬਰ ਦੇ ਅੰਤਲੇ ਦਿਨਾਂ ਅਤੇ ਦਸੰਬਰ ਦੇ ਸ਼ੁਰੂ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।