OCI ਕਾਰਡ ਦੇ ਨਿਯਮਾਂ ‘ਚ ਵੱਡਾ ਬਦਲਾਅ

CANADA: ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਦੇ ਨਿਯਮਾਂ ਵਿੱਚ ਅਹਿਮ ਸੋਧਾਂ ਕੀਤੀਆਂ ਹਨ, ਜਿਸ ਦਾ ਫਾਇਦਾ ਪ੍ਰਵਾਸੀ ਪੰਜਾਬੀਆਂ ਸਮੇਤ ਦੁਨੀਆ ਭਰ ਵਿੱਚ ਰਹਿੰਦੇ ਲੱਖਾਂ ਐੱਨਆਰਆਈਜ਼ ਨੂੰ ਮਿਲੇਗਾ। ਹੁਣ ਐੱਨਆਰਆਈਜ਼ ਨੂੰ ਓਸੀਆਈ ਕਾਰਡ ਬਣਵਾਉਣ ਲਈ ਭਾਰਤ ਵਿੱਚ 6 ਮਹੀਨੇ ਰੁਕਣ ਦੀ ਲੋੜ ਨਹੀਂ ਪਵੇਗੀ। ਨਵੇਂ ਨਿਯਮਾਂ ਅਨੁਸਾਰ, ਐੱਨਆਰਆਈਜ਼ ਭਾਰਤ ਪਹੁੰਚਦੇ ਹੀ ਓਸੀਆਈ ਕਾਰਡ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਰਕਾਰ ਨੇ ਵਿਦੇਸ਼ੀ ਮੂਲ ਦੇ ਪਤੀ ਜਾਂ ਪਤਨੀ ਦੇ ਓਸੀਆਈ ਕਾਰਡ ਬਣਵਾਉਣ ਦੇ ਨਿਯਮ ਸਖ਼ਤ ਕਰ ਦਿੱਤੇ ਹਨ। ਵਿਦੇਸ਼ੀ ਮੂਲ ਦੇ ਜੀਵਨਸਾਥੀ ਨੂੰ ਪਾਸਪੋਰਟ ਰਿਨਿਊ ਕਰਵਾਉਣ ਵੇਲੇ ਇਹ ਦੱਸਣਾ ਹੋਵੇਗਾ ਕਿ ਉਹ ਭਾਰਤ ਵਿੱਚ ਆਪਣੇ ਪਤੀ ਜਾਂ ਪਤਨੀ ਨਾਲ ਰਹਿ ਰਹੇ ਹਨ। ਜੇਕਰ ਦੋਵਾਂ ਦਾ ਤਲਾਕ ਹੋ ਜਾਂਦਾ ਹੈ, ਤਾਂ ਵਿਦੇਸ਼ੀ ਮੂਲ ਦੇ ਪਤੀ ਜਾਂ ਪਤਨੀ ਦਾ ਓਸੀਆਈ ਕਾਰਡ ਰੱਦ ਮੰਨਿਆ ਜਾਵੇਗਾ ਅਤੇ ਉਹ ਸਿਰਫ਼ ਵੀਜ਼ਾ ਦੀ ਮਿਆਦ ਤੱਕ ਹੀ ਭਾਰਤ ਵਿੱਚ ਰਹਿ ਸਕਣਗੇ। ਵਿਦੇਸ਼ਾਂ ਵਿੱਚ ਪੈਦਾ ਹੋਏ ਭਾਰਤੀ ਮੂਲ ਦੇ ਬੱਚਿਆਂ ਲਈ ਵੀ ਨਿਯਮ ਬਦਲੇ ਗਏ ਹਨ। ਹੁਣ ਮਾਪਿਆਂ ਨੂੰ ਬੱਚੇ ਦਾ ਓਸੀਆਈ ਕਾਰਡ ਬਣਵਾਉਣ ਸਮੇਂ ਉਸ ਦਾ ਬਰਥ ਸਰਟੀਫਿਕੇਟ ਸਬੰਧਤ ਦੇਸ਼ ਦੀ ਸਰਕਾਰ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੋਵੇਗਾ। ਪਹਿਲਾਂ ਸਿਰਫ਼ ਫੋਟੋਕਾਪੀ ਨਾਲ ਕੰਮ ਚੱਲ ਜਾਂਦਾ ਸੀ। ਭਾਰਤ ਆਉਣ ਵਾਲੇ ਐੱਨਆਰਆਈਜ਼ ਨੂੰ ਹੁਣ ਜਹਾਜ਼ ਵਿੱਚ ਫਾਰਮ ਭਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਭਾਰਤ ਸਰਕਾਰ ਦੀ ‘ਸੁਸਵਾਗਤਮ’ ਐਪ ‘ਤੇ ਆਨਲਾਈਨ ਜਾਣਕਾਰੀ ਭਰਨੀ ਹੋਵੇਗੀ। ਸਰਕਾਰ ਨੇ ਇਸ ਨੂੰ ‘ਡਿਜੀਟਲ ਈ-ਅਰਾਈਵਲ ਕਾਰਡ’ ਦਾ ਨਾਮ ਦਿੱਤਾ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋ ਚੁੱਕਾ ਹੈ। ਨਵਾਂ ਪਾਸਪੋਰਟ ਮਿਲਣ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਓਸੀਆਈ ਪੋਰਟਲ ‘ਤੇ ਜਾਣਕਾਰੀ ਅਪਡੇਟ ਕਰਨੀ ਹੋਵੇਗੀ। ਅਜਿਹਾ ਨਾ ਕਰਨ ‘ਤੇ 25 ਡਾਲਰ ਜੁਰਮਾਨਾ ਲੱਗੇਗਾ।

ਜਿਨ੍ਹਾਂ ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਲੈ ਲਈ ਹੈ, ਉਨ੍ਹਾਂ ਲਈ ਓਸੀਆਈ ਕਾਰਡ ਉਮਰ ਭਰ ਦੇ ਵੀਜ਼ੇ ਵਜੋਂ ਕੰਮ ਕਰਦਾ ਹੈ। ਇਸ ਨਾਲ ਵਾਰ-ਵਾਰ ਵੀਜ਼ਾ ਲੈਣ ਦਾ ਸਮਾਂ ਅਤੇ ਪੈਸਾ ਬਚਦਾ ਹੈ। ਤੁਸੀਂ ਜਦੋਂ ਚਾਹੋ ਆਪਣੇ ਪਿੰਡ ਆ ਸਕਦੇ ਹੋ ਅਤੇ ਇੱਥੇ ਰਹਿ ਸਕਦੇ ਹੋ। ਹੁਣ ਓਸੀਆਈ ਕਾਰਡ ਨੂੰ ਵਾਰ-ਵਾਰ ਰਿਨਿਊ ਕਰਵਾਉਣ ਦੀ ਲੋੜ ਨਹੀਂ। 20 ਸਾਲ ਦੀ ਉਮਰ ਪੂਰੀ ਹੋਣ ‘ਤੇ ਇੱਕ ਵਾਰ ਕਾਰਡ ਬਣਨ ਤੋਂ ਬਾਅਦ ਇਹ ਜੀਵਨ ਭਰ ਚੱਲੇਗਾ। ਸਿਰਫ਼ ਉਮਰ ਦੇ ਹਿਸਾਬ ਨਾਲ ਫੋਟੋ ਅਪਡੇਟ ਕਰਨੀ ਹੋਵੇਗੀ। 50 ਸਾਲ ਦੀ ਉਮਰ ਤੋਂ ਬਾਅਦ ਨਵਾਂ ਪਾਸਪੋਰਟ ਬਣਨ ‘ਤੇ ਹੁਣ ਦੂਤਾਵਾਸ ਜਾਣ ਦੀ ਲੋੜ ਨਹੀਂ ਪਵੇਗੀ। ਬੱਸ ਆਨਲਾਈਨ ਪੋਰਟਲ ‘ਤੇ ਨਵੇਂ ਪਾਸਪੋਰਟ ਅਤੇ ਆਪਣੀ ਤਾਜ਼ਾ ਫੋਟੋ ਅਪਲੋਡ ਕਰਨੀ ਹੋਵੇਗੀ। ਇਸ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਓਸੀਆਈ ਕਾਰਡ ਧਾਰਕ ਭਾਰਤ ਵਿੱਚ ਘਰ, ਪਲਾਟ ਜਾਂ ਕਮਰਸ਼ੀਅਲ ਪ੍ਰਾਪਰਟੀ ਖ਼ਰੀਦ ਸਕਦੇ ਹਨ ਅਤੇ ਆਪਣੀ ਪੁਸ਼ਤੈਨੀ ਜ਼ਮੀਨ ਦੇ ਮਾਲਕੀ ਹੱਕ ਰੱਖ ਸਕਦੇ ਹਨ। ਕਿਸੇ ਰਿਸ਼ਤੇਦਾਰ ਦੀ ਸਿਹਤ ਖ਼ਰਾਬ ਹੋਣ ਜਾਂ ਮੌਤ ਹੋਣ ‘ਤੇ ਵੀਜ਼ਾ ਦੀ ਉਡੀਕ ਕੀਤੇ ਬਿਨਾਂ ਤੁਸੀਂ ਤੁਰੰਤ ਟਿਕਟ ਬੁੱਕ ਕਰਕੇ ਭਾਰਤ ਆ ਸਕਦੇ ਹੋ। ਓਸੀਆਈ ਕਾਰਡ ਧਾਰਕਾਂ ਨੂੰ ਭਾਰਤ ਵਿੱਚ ਐੱਨਆਰਆਈਜ਼ ਦੇ ਬਰਾਬਰ ਅਧਿਕਾਰ ਮਿਲਦੇ ਹਨ। ਉਹ ਇੱਥੇ ਬੈਂਕ ਖਾਤੇ ਖੋਲ੍ਹ ਸਕਦੇ ਹਨ ਅਤੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰ ਸਕਦੇ ਹਨ।