VANCOUVER: ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਸਥਿਤ ਇੱਕ ਵਾਲਮਾਰਟ ਸਟੋਰ ਅੰਦਰ ਖਰੀਦਦਾਰੀ ਕਰਨ ਆਏ ਪੰਜਾਬੀ ਨੌਜਵਾਨ ‘ਤੇ ਇੱਕ ਕੈਨੇਡੀਅਨ ਵਿਅਕਤੀ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਨੌਜਵਾਨ ਦੇ ਨੱਕ ‘ਤੇ ਜੋਰਦਾਰ ਮੁੱਕਾ ਮਾਰਿਆ ਗਿਆ, ਜਿਸ ਨਾਲ ਉਹ ਫਰਸ਼ ‘ਤੇ ਡਿੱਗ ਪਿਆ ਅਤੇ ਕਰੀਬ 20 ਮਿੰਟ ਤੱਕ ਉੱਥੇ ਹੀ ਦਰਦ ਨਾਲ ਤੜਫਦਾ ਰਿਹਾ। ਇਸ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਦਸਤਾਰ ਵੀ ਲਹਿ ਗਈ। ਇਹ ਘਟਨਾ 9 ਅਗਸਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਯਾਦਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੋਰ ਅੰਦਰ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਕੈਨੇਡੀਅਨ ਨੌਜਵਾਨ ਸਿੱਖ ਨੌਜਵਾਨ ਨੂੰ ਧੱਕਾ ਦਿੰਦਾ ਹੈ। ਧੱਕਾ ਲੱਗਣ ਕਾਰਨ ਉਸ ਦੀ ਦਸਤਾਰ ਅਤੇ ਕੇਸ ਖੁੱਲ੍ਹ ਜਾਂਦੇ ਹਨ। ਜਦੋਂ ਪੰਜਾਬੀ ਨੌਜਵਾਨ ਆਪਣੇ ਕੇਸ ਸੰਭਾਲਦਿਆਂ ਧੱਕਾ ਮਾਰਨ ਦਾ ਕਾਰਨ ਪੁੱਛਦਾ ਹੈ, ਤਾਂ ਦੋਸ਼ੀ ਉਸ ‘ਤੇ ਦੁਬਾਰਾ ਹਮਲਾ ਕਰ ਦਿੰਦਾ ਹੈ। ਹਮਲਾ ਹੁੰਦੇ ਹੀ ਸਿੱਖ ਨੌਜਵਾਨ ਨੇੜੇ ਪੰਜਾਬੀ ਭਾਈਚਾਰੇ ਦੇ ਲੋਕ ਇਕੱਠੇ ਹੋਣ ਲੱਗੇ, ਜਿਸ ਨੂੰ ਦੇਖ ਕੇ ਕੈਨੇਡੀਅਨ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਮੌਜੂਦ ਪੰਜਾਬੀਆਂ ਨੇ ਜ਼ਖਮੀ ਨੌਜਵਾਨ ਨੂੰ ਸੰਭਾਲਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ 10 ਤੋਂ ਵੱਧ ਵਾਰ ਕਾਲ ਕਰਨ ਦੇ ਬਾਵਜੂਦ ਇੱਕ ਘੰਟੇ ਤੱਕ ਕੈਨੇਡਾ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ, ਜਿਸ ਕਾਰਨ ਲੋਕਾਂ ਵਿੱਚ ਪੁਲਿਸ ਦੀ ਲਾਪਰਵਾਹੀ ਨੂੰ ਲੈ ਕੇ ਕਾਫ਼ੀ ਰੋਸ ਹੈ। ਸੋਸ਼ਲ ਮੀਡੀਆ ‘ਤੇ ਪਰਵਿੰਦਰ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਕੈਨੇਡੀਅਨ ਵਿਅਕਤੀ ਨੇ ਪਹਿਲਾਂ ਨਸਲੀ ਟਿੱਪਣੀ ਕੀਤੀ ਸੀ, ਜਿਸ ਦਾ ਵਿਰੋਧ ਕਰਨ ‘ਤੇ ਉਸ ਨੇ ਇਹ ਹਮਲਾ ਕੀਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ। ਫਿਲਹਾਲ ਐਡਮੰਟਨ ਪੁਲਿਸ ਸੇਵਾ ਵਲੋਂ ਇਸ ਮਾਮਲੇ ਸਬੰਧੀ ਕੋਈ ਅਧਿਕਾਰਤ ਬਿਆਨ, ਗ੍ਰਿਫ਼ਤਾਰੀ ਜਾਂ ਪੀੜਤ ਦੀ ਪਛਾਣ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਕੈਨੇਡਾ ਦੀ ਨਾਗਰਿਕਤਾ ਦਾ ਸਰਟੀਫਿਕੇਟ ਲੈਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। 10 ਅਗਸਤ ਤੱਕ ਦੇ ਨਵੇਂ ਅੰਕੜਿਆਂ ਮੁਤਾਬਕ, ਹੁਣ ਇਸ ਸਰਟੀਫਿਕੇਟ ਨੂੰ ਮਿਲਣ ਵਿੱਚ 25 ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਇਹ ਸਮਾਂ 19 ਮਹੀਨੇ ਅਤੇ ਮਈ ਵਿੱਚ ਸਿਰਫ਼ 12 ਮਹੀਨੇ ਸੀ। ਇਸ ਦਾ ਮਤਲਬ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਇੰਤਜ਼ਾਰ ਦਾ ਸਮਾਂ ਦੁੱਗਣਾ ਹੋ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਬਾਕੀ ਪਈਆਂ ਅਰਜ਼ੀਆਂ ਦੀ ਗਿਣਤੀ ਵੀ ਪਹਿਲੀ ਵਾਰ 1 ਲੱਖ ਤੋਂ ਪਾਰ ਹੋ ਗਈ ਹੈ। ਹੁਣ ਤੱਕ ਲਗਭਗ 1,21,800 ਲੋਕ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ, ਜੋ ਕਿ ਜੁਲਾਈ ਦੇ ਮੁਕਾਬਲੇ 22% ਜ਼ਿਆਦਾ ਹਨ। 15 ਦਸੰਬਰ 2025 ਨੂੰ ਕੈਨੇਡਾ ਸਰਕਾਰ ਨੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਸੀ। ਇਸ ਤਹਿਤ ਜੇਕਰ ਕਿਸੇ ਵਿਅਕਤੀ ਦੇ ਵੱਡ-ਵਡੇਰੇ ਕੈਨੇਡਾ ਦੇ ਨਾਗਰਿਕ ਸਨ, ਤਾਂ ਉਹ ਵੀ ਕੈਨੇਡਾ ਦੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ। ਇਸ ਨਵੇਂ ਨਿਯਮ ਤੋਂ ਬਾਅਦ ਲੱਖਾਂ ਅਮਰੀਕੀਆਂ ਨੇ ਕੈਨੇਡਾ ਦੀ ਨਾਗਰਿਕਤਾ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਸਰਕਾਰ ਕੋਲ ਅਰਜ਼ੀਆਂ ਦਾ ਪਹਾੜ ਖੜ੍ਹਾ ਹੋ ਗਿਆ। ਜੂਨ 2026 ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਗਏ ਕੁੱਝ ਸਰਟੀਫਿਕੇਟਾਂ ਦੀ ਜਾਂਚ ਕਰਨ ਲਈ ਨਵੀਆਂ ਅਰਜ਼ੀਆਂ ‘ਤੇ ਕੰਮ ਰੋਕ ਦਿੱਤਾ ਸੀ। ਹਾਲਾਂਕਿ 30 ਜੂਨ ਨੂੰ ਇਹ ਜਾਂਚ ਪੂਰੀ ਹੋ ਗਈ ਅਤੇ ਕੰਮ ਦੁਬਾਰਾ ਸ਼ੁਰੂ ਹੋ ਗਿਆ, ਪਰ ਇਸ ਨਾਲ ਅਰਜ਼ੀਆਂ ਦੀ ਪੈਂਡੈਂਸੀ ਹੋਰ ਵਧ ਗਈ। ਜੇਕਰ ਕੋਈ ਵਿਅਕਤੀ ਅੱਜ ਅਰਜ਼ੀ ਦਿੰਦਾ ਹੈ, ਤਾਂ ਉਸ ਨੂੰ ਆਪਣਾ ਨਾਗਰਿਕਤਾ ਸਰਟੀਫਿਕੇਟ ਅਤੇ ਪਾਸਪੋਰਟ ਲੈਣ ਲਈ ਦੋ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਵਿਭਾਗ ਦਾ ਕਹਿਣਾ ਹੈ ਕਿ ਅਰਜ਼ੀ ਦੇਣ ਵਿੱਚ ਦੇਰੀ ਕਰਨ ਨਾਲ ਇੰਤਜ਼ਾਰ ਦਾ ਸਮਾਂ ਹੋਰ ਵਧ ਸਕਦਾ ਹੈ, ਇਸ ਲਈ ਜਿਨ੍ਹਾਂ ਦੇ ਬਜ਼ੁਰਗ ਕੈਨੇਡਾ ਦੇ ਨਾਗਰਿਕ ਸਨ, ਉਹ ਸਮੇਂ ਸਿਰ ਅਰਜ਼ੀ ਦੇ ਸਕਦੇ ਹਨ।
ਕੈਨੇਡਾ ਵਿੱਚ ਪੱਕੀ ਰਿਹਾਇਸ਼ ਦਾ ਸੁਪਨਾ ਦੇਖ ਰਹੇ ਪੰਜਾਬ ਦੇ ਨੌਜਵਾਨਾਂ ਲਈ ਹੁਣ ਇਮੀਗ੍ਰੇਸ਼ਨ ਦਾ ਰਾਹ ਸੁਖਾਲਾ ਨਹੀਂ ਰਿਹਾ। 5 ਅਗਸਤ 2026 ਨੂੰ ਹੋਏ ‘ਕੈਨੇਡੀਅਨ ਐਕਸਪੀਰੀਅੰਸ ਕਲਾਸ’ ਦੇ ਡਰਾਅ ਵਿੱਚ 3,000 ਉਮੀਦਵਾਰਾਂ ਨੂੰ ਪੱਕੇ ਹੋਣ ਦਾ ਸੱਦਾ ਮਿਲਿਆ, ਪਰ ਇਸ ਲਈ ਘੱਟੋ-ਘੱਟ ਸੀਆਰਐੱਸ ਸਕੋਰ 516 ਰਿਹਾ। ਇਹ ਉੱਚਾ ਸਕੋਰ ਦਰਸਾਉਂਦਾ ਹੈ ਕਿ ਕੈਨੇਡਾ ਵਿੱਚ ਕੰਮ ਕਰ ਰਹੇ ਵਿਦੇਸ਼ੀ ਨੌਜਵਾਨਾਂ ਵਿਚਾਲੇ ਮੁਕਾਬਲਾ ਬਹੁਤ ਵਧ ਗਿਆ ਹੈ। ਦੂਜੇ ਪਾਸੇ, ਫ੍ਰੈਂਚ ਭਾਸ਼ਾ ਜਾਣਨ ਵਾਲੇ ਉਮੀਦਵਾਰਾਂ ਲਈ ਰਾਹ ਥੋੜ੍ਹਾ ਆਸਾਨ ਹੈ, ਕਿਉਂਕਿ ਜੁਲਾਈ ਵਿੱਚ ਫ੍ਰੈਂਚ ਸ਼੍ਰੇਣੀ ਲਈ ਕੱਟ-ਆਫ਼ ਸਕੋਰ ਘੱਟ ਕੇ 399 ਤੱਕ ਆ ਗਿਆ ਸੀ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਜਾਂਦੇ ਹਨ ਅਤੇ ਉੱਥੇ ਪੰਜਾਬੀ ਭਾਈਚਾਰਾ ਬਹੁਤ ਮਜ਼ਬੂਤ ਹੈ। 2021 ਦੀ ਜਨਗਣਨਾ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਵਿੱਚ ਲਗਭਗ 1.38 ਲੱਖ ਅਤੇ ਓਨਟਾਰੀਓ ਵਿੱਚ 1.58 ਲੱਖ ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਹਨ। 516 ਦਾ ਉੱਚਾ ਸਕੋਰ ਪ੍ਰਾਪਤ ਕਰਨਾ ਸਿਰਫ਼ ਪੜ੍ਹਾਈ ਅਤੇ ਕੈਨੇਡਾ ਦੇ ਕੰਮ ਦੇ ਤਜਰਬੇ ਨਾਲ ਆਸਾਨ ਨਹੀਂ ਹੈ। ਮਾਹਰਾਂ ਅਨੁਸਾਰ, 30 ਸਾਲ ਦੀ ਉਮਰ, ਮਾਸਟਰ ਡਿਗਰੀ, 3 ਸਾਲ ਦਾ ਕੈਨੇਡੀਅਨ ਤਜਰਬਾ ਅਤੇ ਭਾਸ਼ਾ ਵਿੱਚ ਬਹੁਤ ਚੰਗੇ ਨੰਬਰ ਹੋਣ ‘ਤੇ ਹੀ ਕੋਈ 506 ਤੋਂ 516 ਸਕੋਰ ਤੱਕ ਪਹੁੰਚ ਸਕਦਾ ਹੈ। ਇਸ ਲਈ ਹੁਣ ਸੂਬਾਈ ਨਾਮਜ਼ਦਗੀ ਪ੍ਰੋਗਰਾਮ ਅਤੇ ਫ੍ਰੈਂਚ ਭਾਸ਼ਾ ਵਰਗੇ ਵਿਕਲਪ ਬਹੁਤ ਜ਼ਰੂਰੀ ਹੋ ਗਏ ਹਨ। ਮਹਿੰਗੀ ਪੜ੍ਹਾਈ, ਰਹਿਣ-ਸਹਿਣ ਦਾ ਖਰਚਾ ਅਤੇ ਵਧਦੇ ਸਕੋਰ ਕਾਰਨ ਹੁਣ ਪੰਜਾਬੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵਧ ਗਈ ਹੈ। ਇਮੀਗ੍ਰੇਸ਼ਨ ਮਾਹਰ ਪੂਜਾ ਸਿੰਘ ਅਨੁਸਾਰ, ਨੌਜਵਾਨਾਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਹੀ ਆਪਣੀ ਪੂਰੀ ਯੋਜਨਾ ਬਣਾ ਲੈਣੀ ਚਾਹੀਦੀ ਹੈ। ਹੁਣ ਸਿਰਫ਼ ਪੜ੍ਹਾਈ ਜਾਂ ਨੌਕਰੀ ਮਿਲਣਾ ਹੀ ਕਾਫ਼ੀ ਨਹੀਂ ਹੈ, ਸਗੋਂ ਪੀਆਰ ਲਈ ਫ੍ਰੈਂਚ ਭਾਸ਼ਾ ਸਿੱਖਣ ਅਤੇ ਪੀਐੱਨਪੀ ਵਰਗੇ ਹੋਰ ਵਿਕਲਪਾਂ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਕੈਨੇਡਾ ਦੇ ਦੋ ਸੰਸਦ ਮੈਂਬਰਾਂ ਨੇ ਆਪਣੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਆਉਣ ‘ਤੇ ਰੋਕ ਲਗਾਈ ਜਾਵੇ ਅਤੇ ਇਸ ਸੰਗਠਨ ‘ਤੇ ਪੂਰੀ ਤਰ੍ਹਾਂ ਬੈਨ ਲਗਾਇਆ ਜਾਵੇ। ਕੈਨੇਡਾ ਦੇ ਸੰਸਦ ਮੈਂਬਰ ਹੀਥਰ ਮੈਕਫਰਸਨ ਅਤੇ ਜੈਨੀ ਗੁਆਨ ਨੇ ਸਰਕਾਰ ਦੇ ਮੰਤਰੀਆਂ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਦਾ ਕੈਨੇਡਾ ਆਉਣਾ ਇੱਥੋਂ ਦੇ ਨਾਗਰਿਕਾਂ ਲਈ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਗਵਤ ਨਫ਼ਰਤ ਭਰੇ ਭਾਸ਼ਣ ਦਿੰਦੇ ਹਨ, ਘੱਟ ਗਿਣਤੀਆਂ ਵਿਰੁੱਧ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਆਲੋਚਕਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਸੰਸਦ ਮੈਂਬਰਾਂ ਨੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜ਼ਿਕਰ ਕਰਦਿਆਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਭੂਮਿਕਾ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਲਈ ਆਰਐਸਐਸ ਅਤੇ ਇਸ ਦੇ ਮੈਂਬਰਾਂ ‘ਤੇ ਤੁਰੰਤ ਬੈਨ ਲਗਾਉਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਜੂਨ 2023 ਵਿੱਚ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕਾਫ਼ੀ ਤਣਾਅ ਆ ਗਿਆ ਸੀ। ਆਰਐਸਐਸ ਦੇ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਕਰ ਅਨੁਸਾਰ, ਸੰਘ ਦੇ 100 ਸਾਲ ਪੂਰੇ ਹੋਣ ਦੇ ਸਮਾਗਮਾਂ ਦੇ ਸਬੰਧ ਵਿੱਚ ਮੋਹਨ ਭਾਗਵਤ 25 ਅਗਸਤ 2026 ਤੋਂ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹ ਉੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ।
ਕੈਨੇਡਾ ਦੀ ਪੁਲਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ ਵਿੱਚ ਇੱਕ 51 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ‘ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ’ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਮ ਮਾਰਕ-ਐਂਡਰੇ ਪੋਰਲੀਅਰ ਹੈ, ਜੋ ਕਿ ਕਿਊਬੈਕ ਸੂਬੇ ਦੇ ਮਾਂਟਰੀਅਲ ਸ਼ਹਿਰ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਉਸ ਨੇ ਇੱਕ ਸੈਨੇਟਰ ਅਤੇ ਕੁੱਝ ਹੋਰ ਲੋਕਾਂ ਨੂੰ ਈਮੇਲ ਭੇਜ ਕੇ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਅਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ। ਇਸ ਮਾਮਲੇ ਦੀ ਜਾਂਚ 5 ਅਗਸਤ ਨੂੰ ਪੁਲਿਸ ਦੀ ਰਾਸ਼ਟਰੀ ਸੁਰੱਖਿਆ ਟੀਮ ਵਲੋਂ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। 8 ਅਗਸਤ ਨੂੰ ਉਸ ਨੂੰ ਮਾਂਟਰੀਅਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਘਟਨਾ ਦੇ ਸਮੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਟਲੀ ਵਿੱਚ ਛੁੱਟੀਆਂ ਬਿਤਾ ਰਹੇ ਸਨ। ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਹਿੰਸਕ ਬਿਆਨਬਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਨੂੰ ਇਸੇ ਸਾਲ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਪੁਲਿਸ ਨੇ ਪਾਲ ਰਿੰਡਾਲ ਨਾਮ ਦੇ ਇੱਕ 55 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪ੍ਰਧਾਨ ਮੰਤਰੀ ਨੂੰ ਧਮਕੀ ਦਿੱਤੀ ਸੀ ਅਤੇ ਧਾਰਮਿਕ ਭਾਈਚਾਰਿਆਂ ਖ਼ਿਲਾਫ਼ ਨਫ਼ਰਤ ਫੈਲਾਈ ਸੀ। ਕੈਨੇਡੀਅਨ ਪੁਲਿਸ ਦੀ ਇਹ ਖਾਸ ਬ੍ਰਾਂਚ ਦੇਸ਼ ਦੇ ਪ੍ਰਧਾਨ ਮੰਤਰੀ, ਹੋਰ ਵੱਡੇ ਆਗੂਆਂ ਅਤੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਦੇ ਨਾਲ-ਨਾਲ ਅੱਤਵਾਦ, ਜਾਸੂਸੀ ਅਤੇ ਸਾਈਬਰ ਹਮਲਿਆਂ ਵਰਗੇ ਗੰਭੀਰ ਅਪਰਾਧਾਂ ਦੀ ਜਾਂਚ ਕਰਦੀ ਹੈ।
ਕੈਨੇਡਾ ਦੇ ਹੈਲੀਫੈਕਸ ਸ਼ਹਿਰ ਵਿੱਚ ਅਮਰੀਕੀ ਕੌਂਸਲੇਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 54 ਸਾਲਾ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ, ਅਮਰੀਕੀ ਕੌਂਸਲੇਟ ਨੂੰ ਇਹ ਧਮਕੀ ਐਤਵਾਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਸ਼ਾਮ ਨੂੰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਕੌਂਸਲੇਟ ਵਾਲੀ ਇਮਾਰਤ ਦੀ ਪਾਰਕਿੰਗ ਵਿੱਚ ਦੋਸ਼ੀ ਦੀ ਗੱਡੀ ਮਿਲੀ। ਗੱਡੀ ਦੇ ਅੰਦਰ ਇੱਕ ਪ੍ਰੋਪੇਨ ਗੈਸ ਦਾ ਸਿਲੰਡਰ ਅਤੇ ਜਲਣਸ਼ੀਲ ਤਰਲ ਪਦਾਰਥ ਦੇ ਕੁੱਝ ਡੱਬੇ ਰੱਖੇ ਹੋਏ ਸਨ। ਇਸ ਤੋਂ ਇਲਾਵਾ ਨੇੜੇ ਹੀ ਇੱਕ ਸ਼ੱਕੀ ਬੈਗ ਵੀ ਮਿਲਿਆ। ਖ਼ਤਰੇ ਨੂੰ ਦੇਖਦਿਆਂ ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਅਤੇ ਆਸ-ਪਾਸ ਦੇ ਇਲਾਕੇ ਨੂੰ ਤੁਰੰਤ ਖਾਲੀ ਕਰਵਾ ਲਿਆ। ਇਸ ਦੌਰਾਨ ਦੋ ਵੱਡੀਆਂ ਦਫ਼ਤਰੀ ਇਮਾਰਤਾਂ, ਇੱਕ ਹੋਟਲ ਅਤੇ ਕੈਸੀਨੋ ਨੂੰ ਖਾਲੀ ਕਰਵਾਇਆ ਗਿਆ, ਜਿਸ ਨਾਲ ਉੱਥੇ ਠਹਿਰੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਸਵੇਰੇ 8:35 ਵਜੇ ਦੇ ਕਰੀਬ ਦੋਸ਼ੀ ਵਿਅਕਤੀ ਨੂੰ ਹੈਲੀਫੈਕਸ ਦੇ ਕਲੇਟਨ ਪਾਰਕ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਕੋਲ ਧਮਾਕਾਖੇਜ਼ ਸਮੱਗਰੀ ਹੋਣ ਦੇ ਖ਼ਦਸ਼ੇ ਕਾਰਨ ਆਸ-ਪਾਸ ਦੀਆਂ ਸੜਕਾਂ ਨੂੰ ਕੁੱਝ ਸਮੇਂ ਲਈ ਬੰਦ ਰੱਖਿਆ ਗਿਆ ਅਤੇ ਉਸ ਦੇ ਸਮਾਨ ਦੀ ਜਾਂਚ ਕੀਤੀ ਗਈ। ਦੁਪਹਿਰ 2 ਵਜੇ ਪੁਲਿਸ ਨੇ ਸਪੱਸ਼ਟ ਕੀਤਾ ਕਿ ਗੱਡੀ ਅਤੇ ਹੋਰ ਸਮੱਗਰੀ ਤੋਂ ਜਨਤਾ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ, ਜਿਸ ਤੋਂ ਬਾਅਦ ਸਾਰੀਆਂ ਸੜਕਾਂ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ। ਫਿਲਹਾਲ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਇੱਕ ਗੱਡੀ ਨੂੰ ਰੋਕਣ ਦੌਰਾਨ ਪੁਲਿਸ ਅਫ਼ਸਰ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਮੁਤਾਬਕ ਅਫ਼ਸਰ ਨੂੰ ਦੋ ਗੋਲੀਆਂ ਲੱਗੀਆਂ ਹਨ, ਪਰ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਹ ਹਸਪਤਾਲ ਵਿੱਚ ਠੀਕ ਹੋ ਰਿਹਾ ਹੈ। ਕੈਲਗਰੀ ਪੁਲਿਸ ਦੀ ਚੀਫ਼ ਕੇਟੀ ਮੈਕਲੇਲਨ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਲਗਭਗ 11:45 ਵਜੇ ਵਾਪਰੀ, ਜਦੋਂ ਪੁਲਿਸ ਨੇ ਇੱਕ ਗੱਡੀ ਨੂੰ ਚੈਕਿੰਗ ਲਈ ਰੋਕਿਆ। ਗੱਡੀ ਵਿੱਚ ਬੈਠੇ ਇੱਕ ਵਿਅਕਤੀ ਨੇ ਤੁਰੰਤ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਅਨੁਸਾਰ ਗੋਲੀ ਚਲਾਉਣ ਵਾਲਾ ਵਿਅਕਤੀ ਸੰਗਠਿਤ ਅਪਰਾਧ ਨਾਲ ਜੁੜਿਆ ਹੋਇਆ ਸੀ। ਗੋਲੀਬਾਰੀ ਤੋਂ ਬਾਅਦ ਦੋਸ਼ੀ ਨੇੜਲੇ ਪਾਰਕ ਵੱਲ ਭੱਜ ਗਿਆ। ਪੁਲਿਸ ਨੇ ਉਸ ਦਾ ਪਿੱਛਾ ਕੀਤਾ, ਪਰ ਉਸ ਨੇ ਰਸਤੇ ਵਿੱਚ ਇੱਕ ਹੋਰ ਗੱਡੀ ਖੋਹ ਲਈ। ਜਦੋਂ ਉਹ ਗੱਡੀ ਪਾਰਕ ਵਿੱਚ ਫਸ ਗਈ, ਤਾਂ ਉਹ ਫਿਰ ਪੈਦਲ ਹੀ ਭੱਜਣ ਲੱਗਾ। ਇਸ ਦੌਰਾਨ ਉਸ ਨੇ ਪੁਲਿਸ ਵਾਲਿਆਂ ‘ਤੇ ਵਾਰ-ਵਾਰ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਇਹ ਦ੍ਰਿਸ਼ ਕਿਸੇ ਫਿਲਮ ਵਰਗਾ ਸੀ। ਪੁਲਿਸ ਕਰਮਚਾਰੀ ਆਮ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਗੱਡੀਆਂ ਦੇ ਪਿੱਛੇ ਲੁਕਣ ਜਾਂ ਭੱਜਣ ਲਈ ਕਹਿ ਰਹੇ ਸਨ। ਦੋਸ਼ੀ ਨੇ ਪੁਲਿਸ ਦੇ ਹੈਲੀਕਾਪਟਰ ‘ਤੇ ਵੀ ਗੋਲੀ ਚਲਾਈ ਜੋ ਹਵਾ ਵਿੱਚੋਂ ਉਸ ‘ਤੇ ਨਜ਼ਰ ਰੱਖ ਰਿਹਾ ਸੀ। ਬਾਅਦ ਵਿੱਚ ਪੁਲਿਸ ਨੂੰ ਉਹ ਵਿਅਕਤੀ ਬੋਅ ਨਦੀ ਵਿੱਚ ਮ੍ਰਿਤਕ ਮਿਲਿਆ। ਪੁਲਿਸ ਦਾ ਮੰਨਣਾ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰੀ ਸੀ, ਪਰ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪੁਲਿਸ ਦੀ ਗੋਲੀ ਵੀ ਉਸ ਨੂੰ ਲੱਗੀ ਸੀ ਜਾਂ ਨਹੀਂ। ਕੈਲਗਰੀ ਦੀ ਫਾਇਰ ਬ੍ਰਿਗੇਡ ਟੀਮ ਨੇ ਉਸ ਦੀ ਲਾਸ਼ ਨੂੰ ਨਦੀ ਵਿੱਚੋਂ ਬਾਹਰ ਕੱਢਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਖ਼ਤਰਨਾਕ ਘਟਨਾ ਸੀ ਅਤੇ ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਦਾ ਅਫ਼ਸਰ ਬਚ ਗਿਆ। ਹੁਣ ਅਲਬਰਟਾ ਦੀ ਵਿਸ਼ੇਸ਼ ਜਾਂਚ ਟੀਮ ਇਸ ਪੂਰੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਉਨਟਾਰੀਓ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਪੰਜ ਉਮੀਦਵਾਰਾਂ ਦਰਮਿਆਨ ਪਹਿਲੀ ਬਹਿਸ ਦੌਰਾਨ ਹੈਲਥ ਕੇਅਰ ਅਤੇ ਐਜੁਕੇਸ਼ਨ ਵਰਗੇ ਮੁੱਦੇ ਭਾਰੂ ਰਹੇ ਅਤੇ ਹਰ ਉਮੀਦਵਾਰ ਨੇ ਸੂਬੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਾਸਤੇ ਬਿਹਤਰੀਨ ਯੋਜਨਾ ਦੇਣ ਦਾ ਦਾਅਵਾ ਕੀਤਾ। ਤਕਰੀਬਨ ਡੇਢ ਘੰਟੇ ਤੱਕ ਚੱਲੀ ਬਹਿਸ ਦੌਰਾਨ ਸਾਬਕਾ ਫ਼ੈਡਰਲ ਮੰਤਰੀ ਨਵਦੀਪ ਬੈਂਸ ਨੇ ਕਿਹਾ ਕਿ ਸੂਬੇ ਦੇ ਲੋਕ ਡਗ ਫ਼ੋਰਡ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਭਰੋਸੇਯੋਗ ਬਦਲ ਦੀ ਭਾਲ ਵਿਚ ਹਨ। ਉਨਟਾਰੀਓ ਦੀ ਸਿਆਸੀ ਹਵਾ, ਤਬਦੀਲੀ ਵੱਲ ਵਗਦੀ ਮਹਿਸੂਸ ਹੋ ਰਹੀ ਹੈ। ਨਵਦੀਪ ਬੈਂਸ ਨੇ ਸਭਨਾਂ ਸਾਹਮਣੇ ਪ੍ਰਵਾਨ ਕੀਤਾ ਕਿ ਲੀਡਰਸ਼ਿਪ ਦੌੜ ਵਿਚ ਉਹ ਸਭ ਤੋਂ ਅੱਗੇ ਚੱਲ ਰਹੇ ਹਨ ਪਰ ਨਾਲ ਹੀ ਲੰਮਾ ਸਮਾਂ ਪਹਿਲਾਂ ਹਾਸਲ ਹੋਏ ਸਬਕ ਦਾ ਜ਼ਿਕਰ ਵੀ ਕੀਤਾ ਕਿ ਕਦੇ ਕਿਸੇ ਚੀਜ਼ ਨੂੰ ਯਕੀਨੀ ਨਾ ਮੰਨਦਿਆਂ ਸਖ਼ਤ ਮਿਹਨਤ ਕਰਨੀ ਲਾਜ਼ਮੀ ਹੈ। ਜਸਟਿਨ ਟਰੂਡੋ ਦੀ ਸਰਕਾਰ ਵਿਚ ਵਿਗਿਆਨ ਅਤੇ ਉਦਯੋਗ ਮੰਤਰੀ ਰਹਿ ਚੁੱਕੇ ਨਵਦੀਪ ਬੈਂਸ ਨੇ 2021 ਵਿਚ ਸਿਆਸਤ ਛੱਡ ਦਿਤੀ ਪਰ ਬੌਨੀ ਕਰੌਂਬੀ ਦੇ ਅਸਤੀਫ਼ੇ ਮਗਰੋਂ ਸੂਬਾ ਪੱਧਰ ’ਤੇ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਨਵਦੀਪ ਬੈਂਸ ਨੇ ਦਾਅਵਾ ਕੀਤਾ ਕਿ ਪੀ.ਸੀ. ਪਾਰਟੀ ਨੇ ਹੈਲਥ ਕੇਅਰ ਸਿਸਟਮ ਨੂੰ ਅਸਫ਼ਲ ਕਰ ਦਿਤਾ ਹੈ, ਜਦਕਿ ਸਕੂਲਾਂ ਵਿਚ ਕਲਾਸਾਂ ਦਾ ਸਾਈਜ਼ ਹੱਦ ਤੋਂ ਜ਼ਿਆਦਾ ਵਧ ਗਿਆ ਹੈ। ਉਨਟਾਰੀਓ ਦਾ ਅਰਥਚਾਰਾ ਲੋਕਾਂ ਵਾਸਤੇ ਫ਼ਾਇਦੇਮੰਦ ਨਹੀਂ ਰਿਹਾ ਪਰ ਉਨ੍ਹਾਂ ਦੀ ਅਗਵਾਈ ਹੇਠ ਲਿਬਰਲ ਪਾਰਟੀ ਸੱਤਾ ਵਿਚ ਆਈ ਤਾਂ ਲੋਕਾਂ ਦੀ ਜ਼ਿੰਦਗੀ ਵਧੇਰੇ ਸੁਖਾਲੀ ਬਣਾਉਂਦਿਆ ਹੈਲਥ ਕੇਅਰ ਨੂੰ ਮਜ਼ਬੂਤ ਬਣਾਇਆ ਜਾਵੇਗਾ ਅਤੇ ਬਿਹਤਰ ਸਿੱਖਿਆ ਪ੍ਰਣਾਲੀ ਲਾਗੂ ਕਰਦਿਆਂ ਨਵੀਆਂ ਨੌਕਰੀਆਂ ਪੈਦਾ ਕਰਨ ਵਾਲੇ ਅਰਥਚਾਰੇ ਦੀ ਨੀਂਹ ਰੱਖੀ ਜਾਵੇਗੀ। ਨਵਦੀਪ ਬੈਂਸ ਨੇ ਉਨਟਾਰੀਓ ਨੂੰ ਮੁੜ ਸਭ ਤੋਂ ਅੱਗੇ ਲਿਜਾਣ ਦਾ ਅਹਿਦ ਕੀਤਾ। ਦੱਸ ਦੇਈਏ ਕਿ 21 ਨਵੰਬਰ ਨੂੰ ਲਿਬਰਲ ਪਾਰਟੀ ਆਪਣਾ ਆਗੂ ਚੁਣੇਗੀ ਅਤੇ 2018 ਵਿਚ ਪਾਰਟੀ ਦੇ ਸੱਤਾ ਵਿਚੋਂ ਬਾਹਰ ਹੋਣ ਮਗਰੋਂ ਚੌਥਾ ਆਗੂ ਵਾਗਡੋਰ ਸੰਭਾਲੇਗਾ। ਲਿਬਰਲ ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਵੇਂ ਲੀਡਰ ਦੀ ਚੋਣ ਲਈ ਆਨਲਾਈਨ ਵੋਟਿੰਗ ਦਾ ਸਿਲਸਿਲਾ 9 ਨਵੰਬਰ ਤੋਂ 20 ਨਵੰਬਰ ਤੱਕ ਜਾਰੀ ਰਹੇਗਾ ਅਤੇ 21 ਨਵੰਬਰ ਨੂੰ ਵੋਟਾਂ ਦੀ ਗਿਣਤੀ ਕਰਦਿਆਂ ਨਵੇਂ ਆਗੂ ਦਾ ਨਾਂ ਐਲਾਨ ਦਿਤਾ ਜਾਵੇਗਾ।
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਰੂਸੀ-ਕੈਨੇਡੀਅਨ ਨਾਗਰਿਕ ਗੁਰਮਨ ਗੁਤੋਰੋਵ ਦੀ ਬਖਤਰਬੰਦ ਗੱਡੀਆਂ ਬਣਾਉਣ ਵਾਲੀ ਕੰਪਨੀ ‘ਸਟ੍ਰੇਟ ਗਰੁੱਪ’ ‘ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਅਨੀਤਾ ਆਨੰਦ ਅਨੁਸਾਰ, ਇਹ ਕੰਪਨੀ ਰੂਸ ਦੀ ਰਾਸ਼ਟਰੀ ਗਾਰਡ ਨੂੰ ਫੌਜੀ ਗੱਡੀਆਂ ਦੀ ਸਪਲਾਈ ਕਰ ਰਹੀ ਸੀ, ਜੋ ਯੂਕ੍ਰੇਨ ਵਿੱਚ ਜੰਗ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਦਾ ਮਕਸਦ ਰੂਸ ਨੂੰ ਮਿਲਣ ਵਾਲੀ ਫੌਜੀ ਤਕਨਾਲੋਜੀ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣਾ ਹੈ, ਤਾਂ ਜੋ ਰੂਸ ਦੀ ਫੌਜੀ ਤਾਕਤ ਨੂੰ ਘਟਾਇਆ ਜਾ ਸਕੇ। ‘ਯੂਕ੍ਰੇਨੀਅਨ ਕੈਨੇਡੀਅਨ ਕਾਂਗਰਸ’ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੰਪਨੀ ਦੇ ਮਾਲਕ ਗੁਤੋਰੋਵ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਰੂਸ ‘ਤੇ ਪੂਰੀ ਤਰ੍ਹਾਂ ਵਪਾਰਕ ਬੈਨ ਲਗਾਇਆ ਜਾਵੇ। ਦੂਜੇ ਪਾਸੇ, ਰੂਸੀ ਰਾਜਦੂਤ ਨੇ ਦਾਅਵਾ ਕੀਤਾ ਕਿ ਇਨ੍ਹਾਂ ਪਾਬੰਦੀਆਂ ਦਾ ਰੂਸ ‘ਤੇ ਕੋਈ ਅਸਰ ਨਹੀਂ ਪਵੇਗਾ। ਗੁਰਮਨ ਗੁਤੋਰੋਵ ਨੇ ਕੈਨੇਡਾ ਆਉਣ ਤੋਂ ਬਾਅਦ ਓਨਟਾਰੀਓ ਵਿੱਚ ਇਹ ਕੰਪਨੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਸੰਯੁਕਤ ਅਰਬ ਅਮੀਰਾਤ ਅਤੇ ਯੂਗਾਂਡਾ ਵਿੱਚ ਵੀ ਵੱਡੇ ਪਲਾਂਟ ਲਗਾਏ। ਇਸ ਕੰਪਨੀ ‘ਤੇ ਪਹਿਲਾਂ ਵੀ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਵਲੋਂ ਪਾਬੰਦੀਆਂ ਦੇ ਉਲੰਘਣ ਦੇ ਦੋਸ਼ ਲੱਗ ਚੁੱਕੇ ਹਨ। ਹਾਲ ਹੀ ਵਿੱਚ ਯੂਰਪੀਅਨ ਯੂਨੀਅਨ ਨੇ ਵੀ ਇਸ ਕੰਪਨੀ ‘ਤੇ ਪਾਬੰਦੀਆਂ ਲਗਾਈਆਂ ਸਨ। ਯੂਕ੍ਰੇਨ ਨੇ ਜੰਗ ਦੇ ਮੈਦਾਨ ਵਿੱਚ ਇਸ ਕੰਪਨੀ ਦੀਆਂ ਬਣੀਆਂ ਗੱਡੀਆਂ ਜ਼ਬਤ ਕਰਨ ਦੀ ਗੱਲ ਵੀ ਆਖੀ ਹੈ।
