● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਤੋਂ ਭਰ-ਭਰ ਜਾਣਗੇ ਪੰਜਾਬੀਆਂ ਦੇ ਜਹਾਜ਼! CANADA NEWS BULLETIN

VANCOUVER: ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਨੇ ਜਬਰਨ ਵਸੂਲੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪੰਜਾਬ ਨਾਲ ਸੰਬੰਧਿਤ ਚਾਰ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਹੈ। ਇਹ ਨੌਜਵਾਨ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਹਨ। ਏਜੰਸੀ…


VANCOUVER: ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਨੇ ਜਬਰਨ ਵਸੂਲੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਪੰਜਾਬ ਨਾਲ ਸੰਬੰਧਿਤ ਚਾਰ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਹੈ। ਇਹ ਨੌਜਵਾਨ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਹਨ। ਏਜੰਸੀ ਮੁਤਾਬਕ ਇਨ੍ਹਾਂ ‘ਤੇ ਅਪਰਾਧਿਕ ਸੰਗਠਨਾਂ ਨਾਲ ਜੁੜੇ ਹੋਣ ਅਤੇ ਹਿੰਸਕ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਸਨ, ਜਿਸ ਤੋਂ ਬਾਅਦ ‘ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ’ ਨੇ ਇਨ੍ਹਾਂ ਨੂੰ ਦੇਸ਼ ਵਿੱਚ ਰਹਿਣ ਦੇ ਅਯੋਗ ਠਹਿਰਾਇਆ। ਸੀਬੀਐੱਸਏ ਦੀ ਰਿਪੋਰਟ ਅਨੁਸਾਰ 3 ਸਤੰਬਰ 2026 ਤੱਕ ਦੇਸ਼ ਭਰ ਵਿੱਚ 188 ਲੋਕਾਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 111 ਲੋਕਾਂ ਨੂੰ ਹੁਣ ਤੱਕ ਕੈਨੇਡਾ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ। ਖੇਤਰਾਂ ਦੇ ਹਿਸਾਬ ਨਾਲ ਪੈਸੀਫਿਕ ਇਲਾਕੇ ਵਿੱਚ 91 ਹੁਕਮਾਂ ਵਿੱਚੋਂ 58, ਪ੍ਰੇਰੀਜ਼ ਵਿੱਚ 47 ਹੁਕਮਾਂ ਵਿੱਚੋਂ 30 ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ 50 ਹੁਕਮਾਂ ਵਿੱਚੋਂ 23 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦਸੰਗਰੀ ਨੇ ਕਿਹਾ ਕਿ ਇਹ ਕਾਰਵਾਈ ਦਰਸਾਉਂਦੀ ਹੈ ਕਿ ਸਰਕਾਰ ਜਬਰਨ ਵਸੂਲੀ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਗੰਭੀਰ ਹੈ। ਏਜੰਸੀ ਦੀ ਪ੍ਰਧਾਨ ਏਰਿਨ ਓ’ਗੋਰਮਨ ਅਨੁਸਾਰ 100 ਤੋਂ ਵੱਧ ਡਿਪੋਰਟੇਸ਼ਨਾਂ ਸਖ਼ਤ ਕਾਨੂੰਨੀ ਕਾਰਵਾਈ ਦਾ ਨਤੀਜਾ ਹਨ। ਸਾਲ 2025 ਵਿੱਚ ਸੀਬੀਐੱਸਏ ਨੇ ਕੁੱਲ 23,160 ਅਯੋਗ ਵਿਅਕਤੀਆਂ ਨੂੰ ਦੇਸ਼ ਵਿੱਚੋਂ ਕੱਢਿਆ ਸੀ, ਜਿਨ੍ਹਾਂ ਵਿੱਚੋਂ 1,010 ਅਜਿਹੇ ਸਨ ਜੋ ਰਾਸ਼ਟਰੀ ਸੁਰੱਖਿਆ, ਯੁੱਧ ਅਪਰਾਧ ਜਾਂ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸਨ। ਫਿਲਹਾਲ ਏਜੰਸੀ ਹਰ ਹਫ਼ਤੇ ਲਗਭਗ 400 ਅਯੋਗ ਲੋਕਾਂ ਨੂੰ ਬਾਹਰ ਕੱਢ ਰਹੀ ਹੈ। ਕੈਨੇਡਾ ਦੀ ਬੋਰਡਰ ਯੋਜਨਾ ਤਹਿਤ ਪਿਛਲੇ ਸਾਲ ਅਤੇ ਸਾਲ 2026-27 ਲਈ 30.4 ਮਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ ਤਾਂ ਜੋ ਹਰ ਸਾਲ 20,000 ਡਿਪੋਰਟੇਸ਼ਨਾਂ ਦਾ ਟੀਚਾ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,000 ਨਵੇਂ ਅਧਿਕਾਰੀ ਭਰਤੀ ਕੀਤੇ ਜਾਣਗੇ। ਹੁਣ ਵੀ ਲਗਭਗ 530 ਅਧਿਕਾਰੀ ਇਮੀਗ੍ਰੇਸ਼ਨ ਜਾਂਚ ਅਤੇ ਡਿਪੋਰਟੇਸ਼ਨ ਦੇ ਕੰਮ ਵਿੱਚ ਲੱਗੇ ਹੋਏ ਹਨ। ਕੈਨੇਡਾ ਦੀ ਵਿੱਤੀ ਜਾਂਚ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਗੈਂਗਸਟਰ ਅਕਸਰ “ਪੜ੍ਹਾਈ ਦੇ ਵੀਜ਼ੇ ‘ਤੇ ਆਏ ਭਾਰਤੀ ਨੌਜਵਾਨਾਂ ਦੀ ਆਰਥਿਕ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਇਨ੍ਹਾਂ ਨੂੰ ਧਮਕੀਆਂ ਅਤੇ ਹਿੰਸਕ ਕੰਮਾਂ ਲਈ ਵਰਤਦੇ ਹਨ। ਕੁਝ ਛੋਟੇ ਅਪਰਾਧੀ ਅਤੇ ਨਕਲਚੀ ਗੈਂਗ ਵੀ ਵੱਡੇ ਗੈਂਗਸਟਰਾਂ ਦੇ ਨਾਂ ਦਾ ਖੌਫ਼ ਫੈਲਾ ਕੇ ਲੋਕਾਂ ਤੋਂ ਪੈਸੇ ਵਸੂਲ ਰਹੇ ਹਨ। ਹਾਲ ਹੀ ਵਿੱਚ, ਕੈਨੇਡੀਅਨ ਪੁਲਿਸ ਨੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਧਮਕਾਉਣ ਅਤੇ ਪੈਸੇ ਮੰਗਣ ਦੇ ਦੋਸ਼ ਹੇਠ 15 ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਕੈਲਗਰੀ ਪੁਲਿਸ ਨੇ ਦੱਸਿਆ ਕਿ ਕੁੱਲ 16 ਲੋਕਾਂ ‘ਤੇ 56 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਫਿਲਹਾਲ ਇਹਨਾਂ ਵਿੱਚੋਂ ਇੱਕ ਦੋਸ਼ੀ ਜੇਲ੍ਹ ਵਿੱਚ ਹੈ, ਜਦਕਿ ਬਾਕੀ ਜ਼ਮਾਨਤ ‘ਤੇ ਬਾਹਰ ਹਨ।

ਲਾਰੈਂਸ ਬਿਸ਼ਨੋਈ ਦੇ ਅੰਤਰਰਾਸ਼ਟਰੀ ਗੈਂਗ ‘ਤੇ ਵਡੀ ਕਾਰਵਾਈ ਕਰਦੇ ਹੋਏ ਕੈਨੇਡਾ ਨੇ ਗੈਂਗ ਦੇ ਇੱਕ ਮੁੱਖ ਮੈਂਬਰ ਕਰਮਵੀਰ ਦਿਓ ਨੂੰ ਡਿਪੋਰਟ ਕਰ ਦਿੱਤਾ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦੇ ਹੀ ਪੰਜਾਬ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੰਜਾਬ ਪੁਲਿਸ ਨੇ ਉਸ ਦੇ ਖਿਲਾਫ ਪਹਿਲਾਂ ਹੀ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ, ਜਿਸ ਕਾਰਨ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਕਰਮਵੀਰ ਦਿਓ ਲਾਰੈਂਸ ਬਿਸ਼ਨੋਈ ਦਾ ਬਹੁਤ ਭਰੋਸੇਮੰਦ ਸਾਥੀ ਸੀ ਅਤੇ ਗੈਂਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸ ਨੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਭਾਰਤ ਤੋਂ ਭਜਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਮਰੀਕਾ ਵਿੱਚ ਅਨਮੋਲ ਉਸੇ ਦੇ ਘਰ ਠਹਿਰਿਆ ਸੀ, ਜਿਸ ਦੀਆਂ ਪੰਜਾਬੀ ਗਾਇਕਾਂ ਨਾਲ ਪਾਰਟੀ ਕਰਨ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। ਕਰਮਵੀਰ ਅਮਰੀਕਾ ਅਤੇ ਕੈਨੇਡਾ ਵਿੱਚ ਗੈਂਗ ਦੇ ਮੈਂਬਰਾਂ ਨੂੰ ਛੁਪਣਗਾਹਾਂ ਅਤੇ ਕਾਨੂੰਨੀ ਮਦਦ ਮੁਹੱਈਆ ਕਰਵਾਉਂਦਾ ਸੀ। ਅਮਰੀਕੀ ਏਜੰਸੀ ਐੱਫਬੀਆਈ ਦੀ ਸਖ਼ਤੀ ਤੋਂ ਬਾਅਦ ਉਹ ਅਮਰੀਕਾ ਛੱਡ ਕੇ ਕੈਨੇਡਾ ਭੱਜ ਗਿਆ ਸੀ। ਇਸ ਤੋਂ ਇਲਾਵਾ, ਕੈਨੇਡਾ ਵਿੱਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਵੀ ਕਰਮਵੀਰ ਦਾ ਨਾਂ ਸਾਹਮਣੇ ਆਇਆ ਸੀ। ਉਸ ਦੀ ਗ੍ਰਿਫ਼ਤਾਰੀ ਨੂੰ ਭਾਰਤੀ ਏਜੰਸੀਆਂ ਲਈ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਨੈੱਟਵਰਕ ਨੂੰ ਤੋੜਨ ਵਲ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

ਅਲਬਰਟਾ ਰਾਜ ਵਿੱਚ ਪੁਲਿਸ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਉਸ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੁਲਿਸ ਅਧਿਕਾਰੀਆਂ ਨੇ ਹਥਿਆਰਬੰਦ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਐਡਮਿੰਟਨ ਸ਼ਹਿਰ ਦੇ ਇੱਕ ਘਰ ਵਿੱਚ ਵਾਪਰੀ, ਜਿੱਥੇ ਗੋਲੀਬਾਰੀ ਦੀ ਖ਼ਬਰ ਮਿਲੀ ਸੀ। ਐਡਮਿੰਟਨ ਪੁਲਿਸ ਸਰਵਿਸ ਨੇ ਜਾਣਕਾਰੀ ਦਿੱਤੀ ਕਿ ਐਤਵਾਰ ਸਵੇਰੇ ਡਾਨਸਡੇਲ ਡਰਾਈਵ ਅਤੇ 45ਵੀਂ ਐਵੇਨਿਊ ਦੇ ਇਲਾਕੇ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਸੀ। ਖ਼ਬਰ ਮਿਲੀ ਸੀ ਕਿ ਇੱਕ ਹਥਿਆਰਬੰਦ ਵਿਅਕਤੀ ਘਰ ਵਿੱਚ ਵੜ ਗਿਆ ਅਤੇ ਉਸਨੇ ਅੰਦਰ ਮੌਜੂਦ ਇੱਕ ਔਰਤ ਅਤੇ ਬੱਚੇ ਉੱਤੇ ਹਮਲਾ ਕੀਤਾ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਗਵਾਹ ਅਤੇ ਜ਼ਖਮੀ ਮਿਲੇ। ਪੁਲਿਸ ਨੇ ਤੁਰੰਤ ਉਸ ਘਰ ਨੂੰ ਘੇਰ ਲਿਆ। ਇਸ ਤੋਂ ਬਾਅਦ 36 ਸਾਲਾ ਵਿਅਕਤੀ ਹੱਥ ਵਿੱਚ ਬੰਦੂਕ ਲੈ ਕੇ ਘਰ ਦੇ ਮੁੱਖ ਦਰਵਾਜ਼ੇ ‘ਤੇ ਆਇਆ। ਜਦੋਂ ਉਸਨੇ ਪੁਲਿਸ ਦੀਆਂ ਚੇਤਾਵਨੀਆਂ ਅਤੇ ਹਦਾਇਤਾਂ ਨੂੰ ਨਹੀਂ ਮੰਨਿਆ, ਤਾਂ ਤਿੰਨ ਪੁਲਿਸ ਅਧਿਕਾਰੀਆਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਦੌਰਾਨ ਔਰਤ ਨੂੰ ਗੋਲੀ ਲੱਗੀ ਸੀ ਅਤੇ ਬੱਚੇ ਨੂੰ ਵੀ ਹੋਰ ਸਰੀਰਕ ਸੱਟਾਂ ਆਈਆਂ ਸਨ। ਪੁਲਿਸ ਦੀ ਸੰਕਟਕਾਲੀਨ ਮੈਡੀਕਲ ਟੀਮ ਨੇ 36 ਸਾਲਾ ਵਿਅਕਤੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੋਮਵਾਰ ਨੂੰ ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਅਤੇ ਜ਼ਖਮੀ ਹੋਏ ਲੋਕ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਇਹ ਸਾਰਾ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ। ਔਰਤ ਅਤੇ ਬੱਚੇ ਦੀਆਂ ਸੱਟਾਂ ਗੰਭੀਰ ਜਾਂ ਜਾਨਲੇਵਾ ਨਹੀਂ ਹਨ। ਇਸ ਘਟਨਾ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕੋਈ ਸੱਟ ਨਹੀਂ ਲੱਗੀ। ਇਸ ਘਟਨਾ ਤੋਂ ਬਾਅਦ ਪੁਲਿਸ ਸਮੀਖਿਆ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਹੈ। ਕਮਿਸ਼ਨ ਨੇ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪਾਂਸ ਟੀਮ ਨੂੰ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਹੀ ਵਪਾਰਕ ਜੰਗ ਹੋਰ ਵਧ ਗਈ ਹੈ। ਅਮਰੀਕਾ ਵੱਲੋਂ ਕੈਨੇਡਾ ਤੋਂ ਆਉਣ ਵਾਲੀਆਂ 110 ਹੋਰ ਚੀਜ਼ਾਂ ‘ਤੇ 50 ਫੀਸਦੀ ਨਵੇਂ ਟੈਰਿਫ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਏ ਹਨ। ਇਹ ਨਵੇਂ ਟੈਕਸ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਅਧੀਨ ਲਗਾਏ ਗਏ ਹਨ। ਇਨ੍ਹਾਂ ਚੀਜ਼ਾਂ ਵਿੱਚ ਖਾਸ ਕਿਸਮ ਦੇ ਪਨੀਰ, ਮੋਟਰਬੋਟਾਂ, ਏ.ਟੀ.ਵੀ., ਫਰਨੀਚਰ, ਐਲੂਮੀਨੀਅਮ ਦਾ ਸਾਮਾਨ, ਕਾਗਜ਼, ਲੱਕੜ, ਲੋਹੇ ਦੇ ਬੀਮ, ਬਿਜਲੀ ਦੇ ਲੈਂਪ ਅਤੇ ਗੱਦੇ ਸ਼ਾਮਲ ਹਨ। ਦੂਜੇ ਪਾਸੇ, ਅਮਰੀਕਾ ਨੇ ਆਪਣੇ ਦੇਸ਼ ਦੇ ਲੋਕਾਂ ਅਤੇ ਵਪਾਰੀਆਂ ‘ਤੇ ਬੋਝ ਘਟਾਉਣ ਲਈ 10 ਜ਼ਰੂਰੀ ਚੀਜ਼ਾਂ ਤੋਂ ਟੈਕਸ ਹਟਾ ਵੀ ਦਿੱਤਾ ਹੈ। ਇਨ੍ਹਾਂ ਵਿੱਚ ਲੂਣ, ਚੀਨੀ, ਸੀਮੈਂਟ, ਸਵਿਚਬੋਰਡ ਅਤੇ ਟਾਇਲਟ ਪੇਪਰ ਸ਼ਾਮਲ ਹਨ। ਕੈਨੇਡਾ ਅਮਰੀਕਾ ਨੂੰ ਵੱਡੀ ਮਾਤਰਾ ਵਿੱਚ ਲੂਣ ਅਤੇ ਟਾਇਲਟ ਪੇਪਰ ਭੇਜਦਾ ਹੈ। ਮਾਹਰਾਂ ਅਨੁਸਾਰ, ਸਰਦੀਆਂ ਵਿੱਚ ਸੜਕਾਂ ‘ਤੇ ਬਰਫ਼ ਪਿਘਲਾਉਣ ਲਈ ਲੂਣ ਅਤੇ ਨਿਰਮਾਣ ਲਈ ਸੀਮੈਂਟ ਬਹੁਤ ਜ਼ਰੂਰੀ ਹੈ, ਜਿਸ ਕਾਰਨ ਅਮਰੀਕਾ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਉਨ੍ਹਾਂ ਦੇ ਆਪਣੇ ਨਾਗਰਿਕਾਂ ‘ਤੇ ਮਹਿੰਗਾਈ ਦਾ ਅਸਰ ਨਾ ਪਵੇ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਨਾ ਹੋਣ ਕਰਕੇ ਇਹ ਵਿਵਾਦ ਸ਼ੁਰੂ ਹੋਇਆ ਸੀ। 22 ਅਗਸਤ ਨੂੰ ਅਮਰੀਕਾ ਨੇ ਕੈਨੇਡਾ ਦੇ ਸਾਮਾਨ ‘ਤੇ 50 ਫੀਸਦੀ ਟੈਕਸ ਲਗਾਇਆ ਸੀ, ਜਿਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ 8 ਸਤੰਬਰ ਤੋਂ ਅਮਰੀਕਾ ਦੀਆਂ 700 ਚੀਜ਼ਾਂ ‘ਤੇ ਟੈਕਸ ਲਗਾ ਦਿੱਤਾ ਸੀ। ਇਸ ਤੋਂ ਇਲਾਵਾ, ਅਮਰੀਕਾ ਨੇ 29 ਸਤੰਬਰ ਤੋਂ ਕੈਨੇਡੀਅਨ ਸ਼ਰਾਬ ਅਤੇ ਮੋਟਰਸਾਈਕਲਾਂ ਦੀ ਆਮਦ ‘ਤੇ ਰੋਕ ਲਗਾਉਣ ਦਾ ਐਲਾਨ ਵੀ ਕੀਤਾ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਪਾਰਕ ਜੰਗ ਨਾਲ ਛੋਟੇ ਕਾਰੋਬਾਰਾਂ ‘ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ, ਟੈਕਸਾਂ ਵਿੱਚ ਬਦਲਾਅ ਅਤੇ ਪਾਬੰਦੀਆਂ ਲਈ ਦਿੱਤਾ ਗਿਆ ਵਾਧੂ ਸਮਾਂ ਇਹ ਸੰਕੇਤ ਦਿੰਦਾ ਹੈ ਕਿ ਦੋਵੇਂ ਦੇਸ਼ ਜਲਦੀ ਹੀ ਕਿਸੇ ਨਵੇਂ ਸਮਝੌਤੇ ‘ਤੇ ਪਹੁੰਚ ਸਕਦੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨਾਲ ਜਲਦੀ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਜਤਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਚੰਗੇ ਨਤੀਜੇ ਦੀ ਉਮੀਦ ਹੈ। ਇੱਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਦੁਹਰਾਇਆ ਕਿ ਦੋਵਾਂ ਦੇਸ਼ਾਂ ਵਿਚਾਲੇ ਅਜਿਹਾ ਸਮਝੌਤਾ ਅਜੇ ਵੀ ਸੰਭਵ ਹੈ ਜੋ ਦੋਵਾਂ ਲਈ ਲਾਹੇਵੰਦ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਸਮਝੌਤਾ ਹੋਣਾ ਚਾਹੀਦਾ ਹੈ ਜੋ ਕੈਨੇਡਾ ਅਤੇ ਅਮਰੀਕਾ ਦੋਵਾਂ ਦੀ ਪ੍ਰਭੂਸੱਤਾ ਅਤੇ ਸੱਭਿਆਚਾਰਕ ਅਦਾਰਿਆਂ ਦਾ ਪੂਰਾ ਸਤਿਕਾਰ ਕਰੇ। ਕਾਰਨੀ ਨੇ ਟਰੰਪ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਦੋਬਾਰਾ ਮੇਜ਼ ‘ਤੇ ਬੈਠ ਕੇ ਗੱਲਬਾਤ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਟੁੱਟ ਗਈ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਸਾਮਾਨ ‘ਤੇ ਨਵੇਂ ਟੈਰਿਫ ਲਗਾ ਦਿੱਤੇ ਸਨ। ਇਸ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ‘ਤੇ ਕੈਨੇਡਾ ਦਾ ਮਜ਼ਾਕ ਉਡਾਉਣ ਵਾਲੀਆਂ ਏਆਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹ ਟਰੰਪ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਦੋਵਾਂ ਦੇਸ਼ਾਂ ਵਿਚਾਲੇ ਪਹਿਲ ਕਰਨ ਨੂੰ ਲੈ ਕੇ ਕੋਈ ਅਣਖ ਜਾਂ ਜ਼ਿੱਦ ਦੀ ਗੱਲ ਹੈ, ਤਾਂ ਉਨ੍ਹਾਂ ਨੇ ਸਾਫ਼ ਨਾਂਹ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਹੰਕਾਰ ਜਾਂ ਸ਼ਾਨ ਦੀ ਗੱਲ ਨਹੀਂ ਹੈ। ਕੈਨੇਡਾ ਦੇ ਲੋਕ ਵਿਵਹਾਰਕ ਹਨ ਅਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੀਆਂ ਸੀਮਾਵਾਂ ਕੀ ਹਨ। ਕਾਰਨੀ ਨੇ ਉਮੀਦ ਜਤਾਈ ਕਿ ਅਮਰੀਕੀ ਪ੍ਰਸ਼ਾਸਨ ਹੁਣ ਕੈਨੇਡਾ ਦੀਆਂ ਸ਼ਰਤਾਂ ਅਤੇ ਸੀਮਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਦਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਉਹੀ ਕਰਨਗੇ ਜੋ ਕੈਨੇਡਾ ਦੇ ਲੋਕਾਂ ਦੇ ਭਲੇ ਲਈ ਸਹੀ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਟੋਰਾਂਟੋ ਵਿੱਚ ਹੋ ਰਹੇ ਨਿਵੇਸ਼ ਸੰਮੇਲਨ ‘ਤੇ ਕੋਈ ਮਾੜਾ ਅਸਰ ਨਹੀਂ ਪਵੇਗਾ, ਕਿਉਂਕਿ ਸਮੱਗਰੀ ਅਤੇ ਨਿਵੇਸ਼ ਨਾਲ ਜੁੜੇ ਸਾਰੇ ਲੋਕ ਸਮਝਦਾਰ ਅਤੇ ਪੇਸ਼ੇਵਰ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਦੇਸ਼ ਦੇ ਚਾਰ ਸਭ ਤੋਂ ਵੱਡੇ ਹਵਾਈ ਅੱਡਿਆਂ ਵਿੱਚ ਨਿੱਜੀ ਨਿਵੇਸ਼ਕਾਂ ਨੂੰ ਲਿਆਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਮੰਗਲਵਾਰ ਨੂੰ ਇੱਕ ਨਿਵੇਸ਼ ਸੰਮੇਲਨ ਵਿੱਚ ਆਪਣੇ ਮੁੱਖ ਭਾਸ਼ਣ ਦੌਰਾਨ ਕਾਰਨੀ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਚਾਰ ਸਭ ਤੋਂ ਵੱਡੇ ਹਵਾਈ ਅੱਡਿਆਂ ਨੂੰ ਚਲਾਉਣ ਲਈ ਲੰਬੇ ਸਮੇਂ ਦੇ ਠੇਕਿਆਂ ਰਾਹੀਂ ਨਿੱਜੀ ਨਿਵੇਸ਼ ਦੀ ਭਾਲ ਕਰਾਂਗੇ। ਉਹਨਾਂ ਨੇ ਸਪੱਸ਼ਟ ਕੀਤਾ ਕਿ ਇਸ ਨਵੇਂ ਮਾਡਲ ਦੇ ਤਹਿਤ ਹਵਾਈ ਅੱਡਿਆਂ ਦੀ ਜ਼ਮੀਨ ਅਤੇ ਅਸਲ ਜਾਇਦਾਦ ਦਾ ਮਾਲਕੀ ਹੱਕ ਫੈਡਰਲ ਸਰਕਾਰ ਕੋਲ ਹੀ ਰਹੇਗਾ। ਉਹਨਾਂ ਅੱਗੇ ਕਿਹਾ ਕਿ ਅਸੀਂ ਹਵਾਈ ਅੱਡਿਆਂ ਦੇ ਕੰਮਕਾਜ ਅਤੇ ਵਿਕਾਸ ਵਿੱਚ ਨਵਾਂ ਪੈਸਾ ਅਤੇ ਮਾਹਰਾਂ ਦੀਆਂ ਸੇਵਾਵਾਂ ਲਿਆ ਕੇ ਇਹਨਾਂ ਦੀ ਅਸਲ ਕੀਮਤ ਅਤੇ ਸਮਰੱਥਾ ਦਾ ਪੂਰਾ ਫਾਇਦਾ ਉਠਾਵਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਦੇਸ਼ ਦੇ ਵੱਡੇ ਹਵਾਈ ਅੱਡਿਆਂ ਦੇ ਭਵਿੱਖ ‘ਤੇ ਚਰਚਾ ਕਰਨ ਲਈ ਇੱਕ ਹੰਗਾਮੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਸਿਰਫ਼ ਸੰਸਦ ਮੈਂਬਰ ਹੀ ਸ਼ਾਮਲ ਹੋ ਸਕਦੇ ਸਨ ਅਤੇ ਉਨ੍ਹਾਂ ਦੇ ਸਟਾਫ਼ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਫੈਡਰਲ ਸਰਕਾਰ ਆਪਣੇ ਮੁੱਖ ਹਵਾਈ ਅੱਡਿਆਂ ਦੀ ਮਲਕੀਅਤ ਵਿੱਚ ਬਦਲਾਅ ਅਤੇ ਨਿੱਜੀਕਰਨ ਦੇ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਮੌਜੂਦਾ ਸਮੇਂ ਵਿੱਚ ਇਹ ਹਵਾਈ ਅੱਡੇ ਗੈਰ-ਲਾਭਕਾਰੀ ਮਾਡਲ ਅਧੀਨ ਚੱਲਦੇ ਹਨ, ਜਿੱਥੇ ਸਥਾਨਕ ਏਅਰਪੋਰਟ ਅਥਾਰਟੀਆਂ ਸਰਕਾਰੀ ਜ਼ਮੀਨ ਨੂੰ ਲੰਬੇ ਸਮੇਂ ਦੇ ਲੀਜ਼ ‘ਤੇ ਲੈ ਕੇ ਪ੍ਰਬੰਧਨ ਕਰਦੀਆਂ ਹਨ। ਸਰਕਾਰ ਨੇ 2025 ਦੇ ਬਜਟ ਅਤੇ ਆਰਥਿਕ ਬਿਆਨਾਂ ਵਿੱਚ ਹਵਾਈ ਅੱਡਿਆਂ ਦੀ ਮਲਕੀਅਤ ਵਿੱਚ ਬਦਲਾਅ ਕਰਨ ਦੇ ਸੰਕੇਤ ਦਿੱਤੇ ਸਨ। ਮੀਟਿੰਗ ਵਿੱਚ ਸ਼ਾਮਲ ਇੱਕ ਸੰਸਦ ਮੈਂਬਰ ਅਨੁਸਾਰ, ਇਸ ਚਰਚਾ ਦਾ ਮੁੱਖ ਮੁੱਦਾ ਕੈਨੇਡਾ ਦੇ ਚਾਰ ਵੱਡੇ ਹਵਾਈ ਅੱਡਿਆਂ ਟੋਰਾਂਟੋ-ਪੀਅਰਸਨ, ਮਾਂਟਰੀਅਲ-ਟਰੂਡੋ, ਕੈਲਗਰੀ ਅਤੇ ਵੈਨਕੂਵਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੂੰ ਹਿੱਸੇਦਾਰੀ ਦੇਣਾ ਸੀ। ਸੰਸਦ ਮੈਂਬਰ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨ ਇਸੇ ਪਤਝੜ ਵਿੱਚ ਲਿਆਂਦਾ ਜਾ ਸਕਦਾ ਹੈ। ਕਈ ਸੰਸਦ ਮੈਂਬਰਾਂ ਨੇ ਇਸ ਫੈਸਲੇ ‘ਤੇ ਚਿੰਤਾ ਅਤੇ ਅਸੰਤੁਸ਼ਟੀ ਜਤਾਈ ਹੈ। ਇਹ ਮੀਟਿੰਗ ਟੋਰਾਂਟੋ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ‘ਕੈਨੇਡਾ ਇਨਵੈਸਟਮੈਂਟ ਸਮਿਟ’ ਦੇ ਸ਼ੁਰੂ ਹੋਣ ਦੌਰਾਨ ਹੋਈ, ਜਿਸ ਦਾ ਮਕਸਦ ਅਗਲੇ ਪੰਜ ਸਾਲਾਂ ਵਿੱਚ 1 ਟ੍ਰਿਲੀਅਨ ਡਾਲਰ ਦਾ ਨਿਵੇਸ਼ ਲਿਆਉਣਾ ਹੈ। ਹਾਲਾਂਕਿ, ਇਸ ਸਮਿਟ ਦੀਆਂ ਯੋਜਨਾਵਾਂ ਵਿੱਚ ਹਵਾਈ ਅੱਡੇ ਸ਼ਾਮਲ ਨਹੀਂ ਸਨ। ਦੂਜੇ ਪਾਸੇ, ਮਜ਼ਦੂਰ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹਵਾਈ ਅੱਡਿਆਂ ਦੇ ਨਿੱਜੀਕਰਨ ਨਾਲ ਯਾਤਰੀਆਂ ਲਈ ਖਰਚੇ ਵਧਣਗੇ, ਕਰਮਚਾਰੀਆਂ ‘ਤੇ ਬੋਝ ਵਧੇਗਾ ਅਤੇ ਸਰਕਾਰੀ ਸੰਪਤੀ ਦਾ ਨੁਕਸਾਨ ਹੋਵੇਗਾ। ਯੂਨੀਫੋਰ ਏਵੀਏਸ਼ਨ ਕੌਂਸਲ ਨੇ ਵੀ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜਨਤਕ ਜਾਇਦਾਦਾਂ ਨੂੰ ਵੇਚਣ ਨਾਲ ਆਰਥਿਕ ਸਥਿਤੀ ਹੋਰ ਕਮਜ਼ੋਰ ਹੋ ਸਕਦੀ ਹੈ ਅਤੇ ਇਹ ਸਮਾਂ ਜਨਤਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦਾ ਹੈ।

ਦੇਸ਼ ਦੇ ਪਹਿਲੇ ਨਿਵੇਸ਼ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋਅ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਬੈੱਲ ਕੈਨੇਡਾ’ ਕੰਪਨੀ ਸਸਕੈਚਵਨ ਵਿੱਚ ਆਪਣੇ ਪ੍ਰਸਤਾਵਿਤ ਡਾਟਾ ਸੈਂਟਰ ਪ੍ਰੋਜੈਕਟ ਦੇ ਆਕਾਰ ਨੂੰ ਚਾਰ ਗੁਣਾ ਵਧਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਕਾਰਨੀ ਅਨੁਸਾਰ, ਇਸ ਪ੍ਰੋਜੈਕਟ ਵਿੱਚ 50 ਅਰਬ ਡਾਲਰ ਤੋਂ ਵੱਧ ਦਾ ਪੂੰਜੀਗਤ ਨਿਵੇਸ਼ ਹੋਣ ਦੀ ਉਮੀਦ ਹੈ, ਜੋ ਕਿ ਸਸਕੈਚਵਨ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਨਿਵੇਸ਼ ਹੈ। ਇਹ ਕੈਨੇਡਾ ਦਾ ਸਭ ਤੋਂ ਵੱਡਾ ਆਰਟੀਫਿਸ਼ੀਅਲ ਇੰਟੈਲੀਜੈਂਸ ਇਨਫਰਾਸਟ੍ਰਕਚਰ ਨੈੱਟਵਰਕ ਹੋਵੇਗਾ। ਇਸ ਵਿਸਥਾਰ ਨਾਲ ਡਾਟਾ ਸੈਂਟਰ ਦੀ ਸਮਰੱਥਾ ਵਧ ਕੇ 1.2 ਗੀਗਾਵਾਟ ਹੋ ਜਾਵੇਗੀ। ਬੈੱਲ ਦੇ ਸੀਈਓ ਮਿਰਕੋ ਬਿਬਿਕ ਨੇ ਦੱਸਿਆ ਕਿ ਤਿੰਨ ਇਮਾਰਤਾਂ ਦੇ ਢਾਂਚੇ ਤਿਆਰ ਹੋ ਚੁੱਕੇ ਹਨ ਅਤੇ ਚੌਥੀ ਇਮਾਰਤ ਦੀ ਨੀਂਹ ਰੱਖੀ ਜਾ ਰਹੀ ਹੈ। ਸਸਕੈਚਵਨ ਸਰਕਾਰ ਅਨੁਸਾਰ, ਇਸ ਪ੍ਰੋਜੈਕਟ ਨਾਲ 500 ਪੱਕੀਆਂ ਨੌਕਰੀਆਂ ਮਿਲਣਗੀਆਂ ਅਤੇ ਸੁਰੱਖਿਆ, ਲੌਜਿਸਟਿਕਸ ਅਤੇ ਰੱਖ-ਰਖਾਅ ਵਰਗੇ ਖੇਤਰਾਂ ਵਿੱਚ ਲਗਭਗ 3,000 ਹੋਰ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪ੍ਰੀਮੀਅਰ ਸਕਾਟ ਮੋਅ ਨੇ ਕਿਹਾ ਕਿ ਇਹ ਪ੍ਰੋਜੈਕਟ ਕੈਨੇਡਾ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕਾਂ ਦੀ ਨਿੱਜੀ, ਵਿੱਤੀ ਅਤੇ ਵਪਾਰਕ ਜਾਣਕਾਰੀ ਨੂੰ ਦੇਸ਼ ਦੇ ਅੰਦਰ ਹੀ ਸੁਰੱਖਿਅਤ ਰੱਖਣਾ ਜ਼ਰੂਰੀ ਹੈ, ਤਾਂ ਜੋ ਹੋਰਨਾਂ ਦੇਸ਼ਾਂ ‘ਤੇ ਨਿਰਭਰ ਨਾ ਰਹਿਣਾ ਪਵੇ। ਦੂਜੇ ਪਾਸੇ, ਦੇਸ਼ ਭਰ ਵਿੱਚ ਡਾਟਾ ਸੈਂਟਰਾਂ ਕਾਰਨ ਬਿਜਲੀ ਅਤੇ ਪਾਣੀ ਦੀ ਖਪਤ ਨੂੰ ਲੈ ਕੇ ਕੁਝ ਚਿੰਤਾਵਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ। ਇਸੇ ਲਈ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡਾਟਾ ਸੈਂਟਰਾਂ ਕਾਰਨ ਆਮ ਲੋਕਾਂ ‘ਤੇ ਬਿਜਲੀ ਦਾ ਬੋਝ ਨਾ ਪਵੇ ਅਤੇ ਵਾਤਾਵਰਨ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਸਸਕੈਚਵਨ ਸਰਕਾਰ ਨੇ ਕਿਹਾ ਕਿ ਇਹ ਪ੍ਰੋਜੈਕਟ ਸਾਰੇ ਨਿਯਮਾਂ ਅਤੇ ਵਾਤਾਵਰਣ ਸੁਰੱਖਿਆ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ।

ਪ੍ਰਸਿੱਧ ਬੈਨਫ ਨੈਸ਼ਨਲ ਪਾਰਕ ਵਿੱਚ ਵਾਪਰੇ ਦੋ ਅਲੱਗ-ਅਲੱਗ ਹਾਦਸਿਆਂ ਵਿੱਚ ਦੋ ਪਹਾੜੀ ਹਾਈਕਰਾਂ ਦੀ ਮੌਤ ਹੋ ਗਈ ਹੈ। ਲੇਕ ਲੁਈਸ ਆਰਸੀਐਮਪੀ ਦੀ ਅਧਿਕਾਰੀ ਸੁਜ਼ਨ ਰਿਚਟਰ ਅਨੁਸਾਰ, ਪਹਿਲਾ ਹਾਦਸਾ ਸ਼ਨੀਵਾਰ ਨੂੰ ਵਾਪਰਿਆ, ਜਿਸ ਵਿੱਚ ਕੈਲਗਰੀ ਦੇ ਰਹਿਣ ਵਾਲੇ ਇੱਕ 33 ਸਾਲਾ ਵਿਅਕਤੀ ਦੀ ਜਾਨ ਚਲੀ ਗਈ। ਉਹ ਆਪਣੇ ਦੋਸਤਾਂ ਨਾਲ ‘ਬਿਗ ਬੀਹਾਈਵ’ ਅਤੇ ‘ਡੇਵਿਲਜ਼ ਥੰਬ’ ਨਾਮਕ ਪਹਾੜੀ ਇਲਾਕੇ ਵਿੱਚ ਹਾਈਕਿੰਗ ਕਰਨ ਗਿਆ ਸੀ। ਉਹ ਇੱਕ ਤਜਰਬੇਕਾਰ ਹਾਈਕਰ ਸੀ ਅਤੇ ਆਪਣੇ ਦੋਸਤਾਂ ਨਾਲੋਂ ਤੇਜ਼ ਚੱਲ ਰਿਹਾ ਸੀ। ਵਾਪਸੀ ਸਮੇਂ ਉਸ ਨੇ ਇੱਕ ਜ਼ਿਆਦਾ ਔਖਾ ਅਤੇ ਖਤਰਨਾਕ ਰਸਤਾ ਚੁਣਿਆ, ਜਦੋਂ ਕਿ ਉਸ ਦੇ ਦੋਸਤਾਂ ਨੇ ਸੁਰੱਖਿਅਤ ਰਸਤੇ ‘ਤੇ ਜਾਣ ਦਾ ਫੈਸਲਾ ਕੀਤਾ। ਦੋਵਾਂ ਧਿਰਾਂ ਨੇ ਪਹਾੜ ਦੇ ਹੇਠਾਂ ਮਿਲਣ ਦੀ ਯੋਜਨਾ ਬਣਾਈ ਸੀ, ਪਰ ਉਹ ਨਿਸ਼ਚਿਤ ਜਗ੍ਹਾ ‘ਤੇ ਨਹੀਂ ਪਹੁੰਚਿਆ। ਜਦੋਂ ਉਸ ਨੇ ਫੋਨ ਵੀ ਨਹੀਂ ਚੁੱਕਿਆ, ਤਾਂ ਦੋਸਤਾਂ ਨੇ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ। ਪਾਰਕਸ ਕੈਨੇਡਾ ਦੀ ਟੀਮ ਨੇ ਹੈਲੀਕਾਪਟਰ ਦੀ ਮਦਦ ਨਾਲ ਭਾਲ ਸ਼ੁਰੂ ਕੀਤੀ ਅਤੇ ਦੇਖਿਆ ਕਿ ਉਹ ਪਹਾੜੀ ਤੋਂ ਹੇਠਾਂ ਡਿੱਗ ਚੁੱਕਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਦੂਜਾ ਹਾਦਸਾ ਬੁੱਧਵਾਰ ਨੂੰ ਵਾਪਰਿਆ, ਜਿੱਥੇ ‘ਰੀਕੌਂਡਾਈਟ ਪੀਕ’ ਤੋਂ ਡਿੱਗਣ ਕਾਰਨ ਜੈਸਪਰ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਹ ਸੋਮਵਾਰ ਨੂੰ ਹਾਈਕਿੰਗ ਲਈ ਨਿਕਲਿਆ ਸੀ ਅਤੇ ਸੈਟੇਲਾਈਟ ਡਿਵਾਈਸ ਰਾਹੀਂ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਸੀ। ਮੰਗਲਵਾਰ ਸ਼ਾਮ ਤੋਂ ਬਾਅਦ ਜਦੋਂ ਉਸ ਦਾ ਕੋਈ ਸੁਨੇਹਾ ਨਹੀਂ ਆਇਆ ਅਤੇ ਉਸ ਦੀ ਜੀਪੀਐਸ ਲੋਕੇਸ਼ਨ ਵੀ ਇੱਕੋ ਜਗ੍ਹਾ ‘ਤੇ ਰਹੀ, ਤਾਂ ਪਰਿਵਾਰ ਨੇ ਪੁਲਿਸ ਨੂੰ ਖ਼ਬਰ ਦਿੱਤੀ। ਹੈਲੀਕਾਪਟਰ ਦੀ ਮਦਦ ਨਾਲ ਕੀਤੀ ਗਈ ਭਾਲ ਦੌਰਾਨ ਉਸ ਦੀ ਦੇਹ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ, ਇਸ ਸਾਲ ਬੈਨਫ ਨੈਸ਼ਨਲ ਪਾਰਕ ਵਿੱਚ ਹੁਣ ਤੱਕ ਹਾਈਕਿੰਗ ਨਾਲ ਜੁੜੇ ਹਾਦਸਿਆਂ ਵਿੱਚ ਕੁੱਲ 7 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਇਸ ਸਾਲ ਕਰਵਾਈ ਗਈ ਦੇਸ਼ ਦੀ ਜਨਗਣਨਾ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਇਸ ਵਾਰ ਜਨਗਣਨਾ ਦਾ ਰਿਸਪੌਂਸ ਰੇਟ 98.4 ਫੀਸਦੀ ਰਿਹਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਮੰਨਿਆ ਜਾ ਰਿਹਾ ਹੈ। ਕੈਨੇਡਾ ਵਿੱਚ ਇਹ ਅੰਕੜੇ ਹਰ ਪੰਜ ਸਾਲ ਬਾਅਦ ਇਕੱਠੇ ਕੀਤੇ ਜਾਂਦੇ ਹਨ। ਜਨਗਣਨਾ ਫਾਰਮ ਵਿੱਚ ਲੋਕਾਂ ਦੀ ਉਮਰ, ਲਿੰਗ, ਵਿਆਹੁਤਾ ਸਥਿਤੀ ਅਤੇ ਭਾਸ਼ਾ ਦੀ ਵਰਤੋਂ ਵਰਗੀ ਜ਼ਰੂਰੀ ਜਾਣਕਾਰੀ ਪੁੱਛੀ ਜਾਂਦੀ ਹੈ। ਇਸ ਜਾਣਕਾਰੀ ਦਾ ਉਦੇਸ਼ ਦੇਸ਼ ਵਿੱਚ ਚੋਣ ਹਲਕਿਆਂ ਦੀਆਂ ਸੀਮਾਵਾਂ ਤੈਅ ਕਰਨਾ, ਸਮਾਜਿਕ ਯੋਜਨਾਵਾਂ ਬਣਾਉਣਾ ਅਤੇ ਸਥਾਨਕ ਵੈੱਬਸਾਈਟਾਂ ਤੇ ਪ੍ਰਾਂਤਕ ਸਰਕਾਰਾਂ ਲਈ ਫੰਡ ਤੈਅ ਕਰਨਾ ਹੁੰਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਕੁਝ ਲੋਕਾਂ ਨੇ ਨਿੱਜਤਾ ਦੇ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਫਾਰਮ ਵਾਪਸ ਭੇਜਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਲਿਬਰਲ ਸੰਸਦ ਮੈਂਬਰ ਮਾਰਕ ਗੈਰੇਟਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਦੇਸ਼ ਦੇ ਵਿਕਾਸ ਲਈ ਇਹ ਫਾਰਮ ਜ਼ਰੂਰ ਭਰਨ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕੱਠੇ ਕੀਤੇ ਅੰਕੜਿਆਂ ਦੀ ਜਾਂਚ ਅਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਫਰਵਰੀ 2027 ਤੋਂ ਸੱਤ ਵੱਖ-ਵੱਖ ਰਿਪੋਰਟਾਂ ਵਿੱਚ ਜਨਤਕ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਏਜੰਸੀ ਨੇ ਦੱਸਿਆ ਕਿ 88 ਫੀਸਦੀ ਤੋਂ ਵੱਧ ਕੈਨੇਡੀਅਨਾਂ ਨੇ ਆਨਲਾਈਨ ਆਪਣਾ ਫਾਰਮ ਭਰਿਆ, ਜੋ ਕਿ ਇੱਕ ਨਵਾਂ ਰਿਕਾਰਡ ਹੈ।


Filed under