● On air now · ਟੀਵੀ ਪੰਜਾਬ

Punjabi News · Since 2013

Breaking

ਪ੍ਰਧਾਨ ਮੰਤਰੀ ਦਾ ਦੁਸ਼ਮਣ ਚੱਕਿਆ! ਟਰੰਪ ਦਾ ਭੱਦਾ ਮਜ਼ਾਕ! CANADA NEWS BULLETIN

VANCOUVER: ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਟੱਡੀ ਪਰਮਿਟ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਅਧਿਕਾਰਤ ਵੈੱਬਸਾਈਟ ‘ਤੇ ਇਨ੍ਹਾਂ ਨਿਯਮਾਂ ਨੂੰ ਇੱਕ ਦਿਨ ਪਹਿਲਾਂ ਅਪਡੇਟ ਕੀਤਾ ਗਿਆ ਹੈ। ਹੁਣ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਹਿਣ-ਖਾਣ ਸਮੇਤ ਹੋਰ…


VANCOUVER: ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਟੱਡੀ ਪਰਮਿਟ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਅਧਿਕਾਰਤ ਵੈੱਬਸਾਈਟ ‘ਤੇ ਇਨ੍ਹਾਂ ਨਿਯਮਾਂ ਨੂੰ ਇੱਕ ਦਿਨ ਪਹਿਲਾਂ ਅਪਡੇਟ ਕੀਤਾ ਗਿਆ ਹੈ। ਹੁਣ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਹਿਣ-ਖਾਣ ਸਮੇਤ ਹੋਰ ਖਰਚਿਆਂ ਦੀ ਪੂਰਤੀ ਲਈ ਬੈਂਕ ਬੈਲੈਂਸ ਵਜੋਂ 17 ਲੱਖ ਰੁਪਏ ਦਿਖਾਉਣੇ ਹੋਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਕੈਨੇਡਾ ਵਿੱਚ ਸਟੱਡੀ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਸਾਲਾਨਾ ਲਗਭਗ 15 ਲੱਖ ਰੁਪਏ ਦਾ ਬੈਂਕ ਬੈਲੈਂਸ ਦਿਖਾਉਣਾ ਜ਼ਰੂਰੀ ਸੀ। IRCC ਦੇ ਅਨੁਸਾਰ, 31 ਅਗਸਤ ਤੱਕ ਅਪਲਾਈ ਕਰ ਚੁੱਕੇ ਵਿਦਿਆਰਥੀਆਂ ‘ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। 1 ਸਤੰਬਰ 2026 ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ ਹੋਣਗੇ। ਹੁਣ ਕੈਨੇਡੀਅਨ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਆਪਣੀ ਵਿੱਤੀ ਸਮਰੱਥਾ ਸਾਬਤ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਨਾਲੋਂ ਲਗਭਗ 2 ਲੱਖ ਰੁਪਏ ਵੱਧ ਬੈਂਕ ਬੈਲੈਂਸ ਦਿਖਾਉਣਾ ਹੋਵੇਗਾ। ਸਰਕਾਰ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਤਾਜ਼ਾ ਨੋਟੀਫਿਕੇਸ਼ਨ ਦੇ ਅਨੁਸਾਰ, ਹੁਣ ਸਿੰਗਲ ਐਪਲੀਕੈਂਟ ਨੂੰ ਲਿਵਿੰਗ ਐਕਸਪੈਂਸ ਯਾਨੀ ਰਹਿਣ-ਖਾਣ ਦੇ ਖਰਚੇ ਵਜੋਂ ਘੱਟੋ-ਘੱਟ 23,448 ਕੈਨੇਡੀਅਨ ਡਾਲਰ ਦਾ ਫੰਡ ਦਿਖਾਉਣਾ ਲਾਜ਼ਮੀ ਹੋਵੇਗਾ। ਭਾਰਤੀ ਰੁਪਏ ਵਿੱਚ ਇਹ ਰਕਮ ਲਗਭਗ 17 ਲੱਖ ਰੁਪਏ ਬਣਦੀ ਹੈ। ਇਸ ਰਕਮ ਵਿੱਚ ਕਾਲਜ ਦੀ ਟਿਊਸ਼ਨ ਫੀਸ ਅਤੇ ਭਾਰਤ ਤੋਂ ਕੈਨੇਡਾ ਆਉਣ-ਜਾਣ ਦਾ ਟ੍ਰੈਵਲ ਖਰਚ ਸ਼ਾਮਲ ਨਹੀਂ ਹੈ। ਟਿਊਸ਼ਨ ਫੀਸ ਅਤੇ ਯਾਤਰਾ ਖਰਚ ਦਾ ਹਿਸਾਬ ਇਸ ਨਿਰਧਾਰਤ ਰਕਮ ਤੋਂ ਵੱਖਰਾ ਰਹੇਗਾ। ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰਤ ਡਾਟਾ ਚਾਰਟ ਦੇ ਅਨੁਸਾਰ, ਜੇਕਰ ਵਿਦਿਆਰਥੀ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਜਾਂਦੇ ਹਨ ਤਾਂ ਉਸੇ ਹਿਸਾਬ ਨਾਲ ਫੰਡ ਦੀ ਸੀਮਾ ਵਧ ਜਾਵੇਗੀ। ਦੋ ਮੈਂਬਰਾਂ ਦੇ ਪਰਿਵਾਰ ਲਈ ਇਹ ਸੀਮਾ 20.10 ਲੱਖ ਰੁਪਏ, ਤਿੰਨ ਮੈਂਬਰਾਂ ਲਈ 24.74 ਲੱਖ ਰੁਪਏ ਅਤੇ ਚਾਰ ਮੈਂਬਰਾਂ ਦੇ ਪਰਿਵਾਰ ਲਈ 30.04 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਬਾਅਦ ਪਰਿਵਾਰ ਦੇ ਹਰੇਕ ਵਾਧੂ ਮੈਂਬਰ ਨੂੰ ਸ਼ਾਮਲ ਕਰਨ ਤੇ 6,315 ਕੈਨੇਡੀਅਨ ਡਾਲਰ ਯਾਨੀ 4.35 ਲੱਖ ਰੁਪਏ ਦਾ ਵਾਧੂ ਫੰਡ ਬੈਂਕ ਖਾਤੇ ਵਿੱਚ ਦਿਖਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਇਹ ਨਿਯਮ ਕਿਊਬੈਕ ਪ੍ਰਾਂਤ ਨੂੰ ਛੱਡ ਕੇ ਪੂਰੇ ਕੈਨੇਡਾ ਵਿੱਚ ਲਾਗੂ ਹੋਣਗੇ, ਕਿਉਂਕਿ ਕਿਊਬੈਕ ਆਪਣੇ ਲਿਵਿੰਗ ਐਕਸਪੈਂਸ ਦੇ ਨਿਯਮ ਵੱਖਰੇ ਤੌਰ ਤੇ ਤੈਅ ਕਰਦਾ ਹੈ। IRCC ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਇਸ ਫੈਸਲੇ ਦਾ ਮੁੱਖ ਮਕਸਦ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿੱਤੀ ਸੰਕਟ ਅਤੇ ਮਹਿੰਗਾਈ ਤੋਂ ਬਚਾਉਣਾ ਹੈ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਰੈਂਟ, ਗ੍ਰੋਸਰੀ ਅਤੇ ਬੇਸਿਕ ਯੂਟਿਲਿਟੀਜ਼ ਦੀਆਂ ਕੀਮਤਾਂ ਵਿੱਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ। ਪੁਰਾਣਾ ਫੰਡ ਪੈਰਾਮੀਟਰ ਮੌਜੂਦਾ ਮਹਿੰਗਾਈ ਦਰਾਂ ਦੇ ਮੁਕਾਬਲੇ ਕਾਫ਼ੀ ਘੱਟ ਪੈ ਰਿਹਾ ਸੀ। ਹੁਣ 1 ਸਤੰਬਰ 2026 ਤੋਂ ਬਾਅਦ ਵੀਜ਼ਾ ਫਾਈਲ ਜਮ੍ਹਾਂ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਮਦਾਂ ਵਿੱਚ ਆਪਣੇ ਫੰਡ ਦਾ ਸਬੂਤ ਦੇਣਾ ਹੋਵੇਗਾ।

ਅਮਰੀਕਾ ਅਤੇ ਕੈਨੇਡਾ ਵਿੱਚ ਇੱਕ ਬਹੁਤ ਵੱਡਾ ਸਾਈਬਰ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹੈਕਰਾਂ ਨੇ ਕਰੋੜਾਂ ਲੋਕਾਂ ਦੇ ਸਰਕਾਰੀ ਪਛਾਣ ਪੱਤਰ, ਜਿਨ੍ਹਾਂ ਵਿੱਚ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ, ਚੋਰੀ ਕਰ ਲਏ ਹਨ। ਆਰਸੀਐੱਮਪੀ ਨੇ ਦੱਸਿਆ ਕਿ ਉਹ ਅਮਰੀਕੀ ਖੁਫੀਆ ਏਜੰਸੀ ਐੱਫਬੀਆਈ ਨਾਲ ਮਿਲ ਕੇ ਇਸ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੀ ਹੈ। ਇਹ ਮਾਮਲਾ 1 ਸਤੰਬਰ 2026 ਨੂੰ ਸਾਹਮਣੇ ਆਇਆ, ਜਦੋਂ ਇੱਕ ਜਾਣੇ-ਪਛਾਣੇ ਪੱਤਰਕਾਰ ਬ੍ਰਾਇਨ ਕ੍ਰੇਬਸ ਨੇ ਡਾਰਕ ਵੈੱਬ ‘ਤੇ ਇੱਕ ਵੈੱਬਸਾਈਟ ਦੇਖੀ। ‘ਨੇਕਸਸ’ ਨਾਮ ਦੀ ਇਹ ਵੈੱਬਸਾਈਟ ਲਗਭਗ 15.3 ਕਰੋੜ ਲੋਕਾਂ ਦੇ ਡਰਾਈਵਿੰਗ ਲਾਇਸੈਂਸ, ਯਾਤਰਾ ਦਸਤਾਵੇਜ਼ ਅਤੇ ਡਾਕਟਰੀ ਰਿਕਾਰਡ ਵੇਚ ਰਹੀ ਸੀ। ਹੈਕਰਾਂ ਨੇ ਸਬੂਤ ਵਜੋਂ ਕੁਝ ਲਾਇਸੈਂਸ ਮੁਫ਼ਤ ਵਿੱਚ ਵੀ ਮੁਹੱਈਆ ਕਰਵਾਏ ਸਨ। ਇਸ ਡਾਟਾ ਵਿੱਚ ਕਈ ਵੱਡੇ ਸਰਕਾਰੀ ਅਧਿਕਾਰੀਆਂ ਦੀ ਜਾਣਕਾਰੀ ਵੀ ਸ਼ਾਮਲ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਡਾਟਾ ‘IDScan.net’ ਨਾਮ ਦੀ ਇੱਕ ਕਲਾਊਡ ਕੰਪਨੀ ਤੋਂ ਚੋਰੀ ਹੋਇਆ ਹੋ ਸਕਦਾ ਹੈ। ਇਹ ਕੰਪਨੀ ਸਰਕਾਰੀ ਆਈਡੀ ਦੀ ਜਾਂਚ ਅਤੇ ਧੋਖਾਧੜੀ ਰੋਕਣ ਦਾ ਕੰਮ ਕਰਦੀ ਹੈ। ਕੰਪਨੀ ਨੇ ਮੰਨਿਆ ਕਿ ਸਤੰਬਰ ਦੇ ਸ਼ੁਰੂ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਸਿਸਟਮ ਵਿੱਚੋਂ ਗਾਹਕਾਂ ਦਾ ਡਾਟਾ, ਜਿਵੇਂ ਕਿ ਨਾਮ ਅਤੇ ਲਾਇਸੈਂਸ ਨੰਬਰ, ਚੋਰੀ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਕ੍ਰੈਡਿਟ ਨਿਗਰਾਨੀ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਸਾਈਬਰ ਸੁਰੱਖਿਆ ਮਾਹਰਾਂ ਅਨੁਸਾਰ, ਇਹ ਡਰਾਈਵਿੰਗ ਲਾਇਸੈਂਸਾਂ ਦੀ ਚੋਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਇਸ ਨਾਲ ਲੋਕਾਂ ਦੇ ਨਾਮ ‘ਤੇ ਧੋਖੇ ਨਾਲ ਬੈਂਕ ਖਾਤੇ ਖੋਲ੍ਹੇ ਜਾ ਸਕਦੇ ਹਨ ਜਾਂ ਕਰਜ਼ੇ ਲਏ ਜਾ ਸਕਦੇ ਹਨ। ਇਸ ਤੋਂ ਇਲਾਵਾ, ਠੱਗ ਲੋਕਾਂ ਨੂੰ ਫੋਨ, ਮੈਸੇਜ ਜਾਂ ਈਮੇਲ ਕਰਕੇ ਹੋਰ ਨਿੱਜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹਨ। ਕੈਨੇਡਾ ਦੀਆਂ ਸਰਕਾਰੀ ਏਜੰਸੀਆਂ ਨੇ ਸਾਰੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਏਜੰਸੀਆਂ ਨੇ ਹਿਦਾਇਤ ਦਿੱਤੀ ਹੈ ਕਿ ਕਿਸੇ ਵੀ ਸ਼ੱਕੀ ਈਮੇਲ, ਫੋਨ ਕਾਲ ਜਾਂ ਮੈਸੇਜ ‘ਤੇ ਵਿਸ਼ਵਾਸ ਨਾ ਕਰੋ ਅਤੇ ਆਪਣੀ ਜਾਣਕਾਰੀ ਸਾਂਝੀ ਨਾ ਕਰੋ। ਆਪਣੇ ਬੈਂਕ ਅਤੇ ਸਰਕਾਰੀ ਖਾਤਿਆਂ ਦੀ ਲਗਾਤਾਰ ਜਾਂਚ ਕਰਦੇ ਰਹੋ ਤਾਂ ਜੋ ਕਿਸੇ ਸ਼ੱਕੀ ਲੈਣ-ਦੇਣ ਦਾ ਤੁਰੰਤ ਪਤਾ ਲੱਗ ਸਕੇ। ਆਪਣੇ ਸਾਰੇ ਖਾਤਿਆਂ ਲਈ ਮਜ਼ਬੂਤ ਪਾਸਵਰਡ ਵਰਤੋ ਅਤੇ ‘ਟੂ-ਸਟੈੱਪ ਵੈਰੀਫਿਕੇਸ਼ਨ’ ਨੂੰ ਜ਼ਰੂਰ ਚਾਲੂ ਰੱਖੋ। ਜੇਕਰ ਤੁਹਾਨੂੰ ਕਿਸੇ ਧੋਖਾਧੜੀ ਦਾ ਸ਼ੱਕ ਹੁੰਦਾ ਹੈ, ਤਾਂ ਤੁਰੰਤ ਸਥਾਨਕ ਪੁਲਿਸ ਅਤੇ ਸਾਈਬਰ ਕ੍ਰਾਈਮ ਸੈਂਟਰ ਨੂੰ ਸੂਚਿਤ ਕਰੋ।

ਦੇਸ਼ ਵਿਚ ਭਾਰਤੀ ਲੋਕਾਂ ਉਤੇ ਹੋ ਰਹੇ ਨਸਲੀ ਹਮਲਿਆਂ ਦਰਮਿਆਨ ਵਾਟਰਲੂ ਦੇ ਇਕ ਰੈਸਟੋਰੈਂਟ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੈਂਡ ਆਫ਼ ਰਿਵਰ ਡੈਲਟਾ ਦੇ ਮਾਲਕ ਸੌਮਿਆ ਦੱਤਾ ਰਾਏ ਨੇ ਦੱਸਿਆ ਕਿ ਰੈਸਟੋਰੈਂਟ ਖੋਲ੍ਹਿਆਂ ਸਿਰਫ਼ ਚਾਰ ਮਹੀਨੇ ਲੰਘੇ ਹਨ ਅਤੇ ਕਈ ਵਾਰ ਹਮਲਾ ਹੋ ਚੁੱਕਾ ਹੈ। ਰਜੀਨਾ ਸਟ੍ਰੀਟ ਵਿਖੇ ਸਥਿਤ ਰੈਸਟੋਰੈਂਟ ‘ਤੇ ਤਾਜ਼ਾ ਹਮਲਾ ਐਤਵਾਰ ਰਾਤ ਹੋਇਆ ਅਤੇ ਸਾਰਾ ਘਟਨਾਕ੍ਰਮ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ। ਵੀਡੀਓ ਵਿਚ ਇਕ ਨਾਕਬਪੋਸ਼ ਸ਼ੱਕੀ ਨੂੰ ਰੈਸਟੋਰੈਂਟ ਦੇ ਮੁੱਖ ਦਰਵਾਜ਼ੇ ਵੱਲ ਆਂਡੇ ਸੁਟਦਿਆਂ ਦੇਖਿਆ ਜਾ ਸਕਦਾ ਹੈ। ਲਾਚਾਰ ਨਜ਼ਰ ਆ ਰਹੇ ਸੌਮਿਆ ਦੱਤਾ ਰਾਏ ਮੁਤਾਬਕ ਹਰ ਇਕ ਹਫ਼ਤੇ ਵਿਚ ਦੋ ਵਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।  ਹਮਲਾਵਰ ਸਿਰਫ਼ ਰੈਸਟੋਰੈਂਟ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਸਗੋਂ ਸੌਮਿਆ ਦੀ ਕਾਰ ਉਤੇ ਵੀ ਆਂਡੇ ਸੁੱਟ ਕੇ ਫ਼ਰਾਰ ਹੋ ਗਏ। ਭਾਵੇਂ ਸੌਮਿਆ ਨੂੰ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਨਹੀਂ ਪਰ ਲਗਾਤਾਰ ਹੋ ਰਹੇ ਹਮਲੇ ਨਸਲੀ ਨਫ਼ਰਤ ਤੋਂ ਪ੍ਰੇਰਿਤ ਮੰਨੇ ਜਾ ਸਕਦੇ ਹਨ। ਤਕਰੀਬਨ ਇਕ ਦਹਾਕਾ ਪਹਿਲਾਂ ਭਾਰਤ ਤੋਂ ਕੈਨੇਡਾ ਪੁੱਜੇ ਸੌਮਿਆ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਉਨ੍ਹਾਂ ਦਾ ਸੁਪਨਾ ਇਕ ਰੈਸਟੋਰੈਂਟ ਖੋਲ੍ਹਣ ਦਾ ਰਿਹਾ ਹੈ ਪਰ ਕਦੇ ਸੋਚਿਆ ਵੀ ਨਹੀਂ ਸੀ ਕਿ ਲੋਕ ਅਜਿਹੀਆਂ ਘਟੀਆ ਹਰਕਤਾਂ ਵੀ ਕਰ ਸਕਦੇ ਹਨ। ਸੌਮਿਆ ਨੂੰ ਡਰ ਲੱਗਣ ਲੱਗਾ ਹੈ ਕਿ ਕਿਤੇ ਮਾਮੂਲੀ ਹਮਲੇ ਵੱਡੀ ਹਿੰਸਕ ਵਾਰਦਾਤ ਵਿਚ ਤਬਦੀਲ ਨਾ ਹੋ ਜਾਣ। ਉਨ੍ਹਾ ਖਦਸ਼ਾ ਜ਼ਾਹਰ ਕੀਤਾ ਕਿ ਅਗਲੀ ਵਾਰ ਹਮਲਾਵਰ ਕੋਈ ਖ਼ਤਰਨਾਕ ਹਥਿਆਰ ਲੈ ਕੇ ਵੀ ਆ ਸਕਦੇ ਹਨ। ਵਾਟਰਲੂ ਰੀਜਨਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।  ਐਨਾ ਸਭ ਕੁਝ ਹੋਣ ਦੇ ਬਾਵਜੂਦ ਸੌਮਿਆ ਦੱਤਾ ਰਾਏ ਹਮਲਾਵਰ ਨਾਲ ਗੱਲਬਾਤ ਕਰਦਿਆਂ ਮਸਲਾ ਸੁਲਝਾਉਣਾ ਚਾਹੁੰਦੇ ਹਨ। ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਰੈਸਟੋਰੈਂਟ ਉਤੇ ਖ਼ਰਚ ਕਰਨ ਮਗਰੋਂ ਹੁਣ ਸੌਮਿਆ ਦੱਤਾ ਰਾਏ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਵੀ ਨਹੀਂ ਲੇ ਸਕਦੇ। ਉਧਰ ਪੁਲਿਸ ਵੱਲੋਂ ਇਲਾਕੇ ਵਿਚ ਗਸ਼ਤ ਵਧਾਈ ਗਈ ਹੈ ਪਰ ਸ਼ੱਕੀ ਬਾਰੇ ਵਿਸਤਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕੀ।

ਟੋਰਾਂਟੋ ਵਿੱਚ ਹੋਏ ‘ਕੈਨੇਡਾ ਇਨਵੈਸਟਮੈਂਟ ਸਮਿਟ’ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਆਪਣੀ ਇੱਕ ਮੁਲਾਕਾਤ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਮਈ 2025 ਵਿੱਚ ਵ੍ਹਾਈਟ ਹਾਊਸ ਦੀ ਮੁਲਾਕਾਤ ਦੌਰਾਨ ਟਰੰਪ ਨੇ ਉਨ੍ਹਾਂ ਨੂੰ ਇੱਕ ਡੱਬਾ ਦਿੱਤਾ ਸੀ, ਜਿਸ ਵਿੱਚ ਵ੍ਹਾਈਟ ਹਾਊਸ ਦੀ ਇੱਕ ਵੱਡੀ ਸੁਨਹਿਰੀ ਚਾਬੀ ਸੀ। ਕਾਰਨੀ ਨੇ ਦੱਸਿਆ ਕਿ ਟਰੰਪ ਨੇ ਉਸ ਚਾਬੀ ਨੂੰ ਬਹੁਤ ਖ਼ਾਸ ਦੱਸਿਆ ਅਤੇ ਕਿਹਾ ਕਿ ਇਹ ਵ੍ਹਾਈਟ ਹਾਊਸ ਦੀ ਚਾਬੀ ਹੈ, ਤੁਸੀਂ ਇਸਨੂੰ ਲਿਆਓਗੇ ਤਾਂ ਉਹ ਤੁਹਾਨੂੰ ਅੰਦਰ ਆਉਣ ਦੇਣਗੇ। ਪਰ ਨਾਲ ਹੀ ਟਰੰਪ ਨੇ ਮਜ਼ਾਕ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਉਹ ਤੁਹਾਨੂੰ ਗੋਲੀ ਮਾਰ ਦੇਣ। ਇਹ ਸੁਣ ਕੇ ਪ੍ਰੋਗਰਾਮ ਵਿੱਚ ਮੌਜੂਦ ਲੋਕ ਹੱਸ ਪਏ। ਕਾਰਨੀ ਨੇ ਕਿਹਾ ਕਿ ਇਹ ਮਜ਼ਾਕ ਦੋਵਾਂ ਦੇਸ਼ਾਂ ਦੇ ਮੌਜੂਦਾ ਰਿਸ਼ਤਿਆਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਦਰਸ਼ਾਉਂਦਾ ਹੈ। ਉਨ੍ਹਾਂ ਨੇ ਆਪਣੇ ਗ੍ਰਹਿ ਨਗਰ ‘ਫੋਰਟ ਸਮਿਥ’ ਤੋਂ ਮਿਲੀ ਚਾਬੀ ਦੀ ਤੁਲਨਾ ਟਰੰਪ ਦੇ ਇਸ ਤੋਹਫ਼ੇ ਨਾਲ ਕੀਤੀ। ਹਾਲਾਂਕਿ, ਕਾਰਨੀ ਨੇ ਟਰੰਪ ਨੂੰ ਇੱਕ ਵਧੀਆ ਮੇਜ਼ਬਾਨ ਦੱਸਿਆ ਅਤੇ ਉਨ੍ਹਾਂ ਦੇ ਇਸ ਤੋਹਫ਼ੇ ਲਈ ਧੰਨਵਾਦ ਵੀ ਕੀਤਾ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਵਿਵਾਦ ਚੱਲ ਰਿਹਾ ਹੈ। ਪਿਛਲੇ ਮਹੀਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਟੁੱਟ ਗਈ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਦੇ 20 ਅਰਬ ਡਾਲਰ ਦੇ ਸਮਾਨ ‘ਤੇ 50 ਫ਼ੀਸਦੀ ਟੈਰਿਫ਼ ਲਗਾ ਦਿੱਤਾ ਸੀ। ਇਸਦੇ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕੀ ਵਸਤੂਆਂ ‘ਤੇ ਟੈਕਸ ਲਗਾ ਦਿੱਤੇ। ਇਸ ਤੋਂ ਇਲਾਵਾ ਟਰੰਪ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਵੀ ਕਰ ਚੁੱਕੇ ਹਨ, ਜਿਸਨੂੰ ਕੈਨੇਡੀਅਨ ਆਗੂਆਂ ਨੇ ਖਾਰਜ ਕਰ ਦਿੱਤਾ ਹੈ। ਤਣਾਅ ਦੇ ਬਾਵਜੂਦ, ਕਾਰਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ 80 ਫ਼ੀਸਦੀ ਵਪਾਰ ਅਜੇ ਵੀ ਟੈਕਸ ਮੁਕਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਹੋਰ ਦੇਸ਼ਾਂ ਨਾਲ ਭਾਈਵਾਲੀ ਵਧਾਉਣ ‘ਤੇ ਧਿਆਨ ਦੇ ਰਿਹਾ ਹੈ। ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਗੁਆਂਢੀ ਰਹਾਂਗੇ, ਅਤੇ ਜਦੋਂ ਸਹੀ ਸਮਾਂ ਆਵੇਗਾ, ਕੈਨੇਡਾ ਇੱਕ ਹੋਰ ਵੀ ਮਜ਼ਬੂਤ ਅਤੇ ਆਤਮ-ਨਿਰਭਰ ਭਾਈਵਾਲ ਵਜੋਂ ਸਾਹਮਣੇ ਆਵੇਗਾ।

ਕੈਲਗਰੀ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ 31 ਸਾਲਾ ਵਿਅਕਤੀ ਦਾ ਨਾਂ ਜੈਮੀ ਡਾਕੋਸਟਾ ਹੈ। ਉਸ ‘ਤੇ ਧਮਕੀਆਂ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ। ਆਰਸੀਐੱਮਪੀ ਦੀ ਰਾਸ਼ਟਰੀ ਸੁਰੱਖਿਆ ਟੀਮ ਅਨੁਸਾਰ, ਉਨ੍ਹਾਂ ਨੂੰ ਜੁਲਾਈ ਵਿੱਚ ਜਾਣਕਾਰੀ ਮਿਲੀ ਸੀ ਕਿ ਇੱਕ ਯੂਟਿਊਬ ਖਾਤੇ ਤੋਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਅਦਾਲਤੀ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਇਹ ਕਥਿਤ ਘਟਨਾ 25 ਜੁਲਾਈ ਤੋਂ 26 ਜੁਲਾਈ 2026 ਦੇ ਵਿਚਕਾਰ ਵਾਪਰੀ ਸੀ। ਮੰਗਲਵਾਰ ਨੂੰ ਡਾਕੋਸਟਾ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੈਲਗਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ ਫਿਲਹਾਲ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਉਸ ‘ਤੇ ਇੱਕ ਆਟੋਮੋਟਿਵ ਕਾਰੋਬਾਰ ਨਾਲ ਜੁੜੇ ਕੁਝ ਹੋਰ ਮਾਮਲਿਆਂ ਵਿੱਚ ਵੀ ਧਮਕੀਆਂ ਦੇਣ, ਵਸੂਲੀ ਕਰਨ ਅਤੇ ਪਛਾਣ ਛੁਪਾਉਣ ਵਰਗੇ ਆਰੋਪ ਹਨ। ਡਾਕੋਸਟਾ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਪਿਛਲੇ ਹਫ਼ਤੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਵਕੀਲ ਨੇ ਅਦਾਲਤ ਤੋਂ ਸਮਾਂ ਮੰਗਿਆ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਸਰਕਾਰੀ ਵਕੀਲਾਂ ਦੀ ਵਿਸ਼ੇਸ਼ ਟੀਮ ਉਸ ਦੇ ਸਾਰੇ ਮਾਮਲਿਆਂ ਦੀ ਸੁਣਵਾਈ ਕਰੇਗੀ ਜਾਂ ਨਹੀਂ। ਅਦਾਲਤ ਵਿੱਚ ਅਜੇ ਇਹ ਇਲਜ਼ਾਮ ਸਾਬਤ ਨਹੀਂ ਹੋਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ੁਕਰਵਾਰ ਨੂੰ ਹੋਵੇਗੀ।

ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਖ਼ਤਮ ਕਰਨ ਦੇ ਮੌਜੂਦਾ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਟੋਰਾਂਟੋ ਵਿੱਚ ਆਯੋਜਿਤ ‘ਕੈਨੇਡਾ ਇਨਵੈਸਟਮੈਂਟ ਸਮਿਟ’ ਵਿੱਚ ਬੋਲਦਿਆਂ ਹਾਰਪਰ ਨੇ ਕਿਹਾ ਕਿ ਇਹ ਫ਼ੈਸਲਾ ਭਾਵੇਂ ਔਖਾ ਸੀ, ਪਰ ਦੇਸ਼ ਦੀ ਪ੍ਰਭੂਸੱਤਾ ਅਤੇ ਅਰਥਵਿਵਸਥਾ ਨੂੰ ਬਚਾਉਣ ਲਈ ਸਰਕਾਰ ਕੋਲ ਹੋਰ ਕੋਈ ਰਸਤਾ ਨਹੀਂ ਸੀ। ਹਾਰਪਰ ਨੇ ਕਿਹਾ ਕਿ ਉਹ ਖ਼ੁਦ ਅਮਰੀਕਾ ਦੇ ਵੱਡੇ ਪ੍ਰਸ਼ੰਸਕ ਰਹੇ ਹਨ, ਪਰ ਮੌਜੂਦਾ ਅਮਰੀਕੀ ਪ੍ਰਸ਼ਾਸਨ ਦੇ ਰਵੱਈਏ ਨੂੰ ਦੇਖਦੇ ਹੋਏ ਕੈਨੇਡਾ ਲਈ ਅਮਰੀਕਾ ‘ਤੇ ਆਪਣੀ ਨਿਰਭਰਤਾ ਘਟਾਉਣੀ ਜ਼ਰੂਰੀ ਹੋ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਡੋਨਾਲਡ ਟਰੰਪ ਦੀਆਂ ਨੀਤੀਆਂ ਕੈਨੇਡਾ ਦੇ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਨਿਵੇਸ਼ ਸੰਮੇਲਨ ਦੀ ਅਗਵਾਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤੀ ਸੀ, ਜਿਸਦਾ ਮਕਸਦ ਅਗਲੇ 5 ਸਾਲਾਂ ਵਿੱਚ 1 ਟ੍ਰਿਲੀਅਨ ਡਾਲਰ ਦਾ ਵਿਦੇਸ਼ੀ ਨਿਵੇਸ਼ ਲਿਆਉਣਾ ਹੈ। ਹਾਰਪਰ ਨੇ ਇਸ ਸੰਮੇਲਨ ਅਤੇ ਕੈਨੇਡਾ ਵਿੱਚ ਨਵੇਂ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਦੀਆਂ ਸਰਕਾਰੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਕਿਹਾ ਕਿ ਕੈਨੇਡਾ ਕੋਲ ਊਰਜਾ ਦੇ ਖੇਤਰ ਵਿੱਚ ਦੁਨੀਆ ਦੀ ਵੱਡੀ ਤਾਕਤ ਬਣਨ ਦਾ ਸੁਨਹਿਰੀ ਮੌਕਾ ਹੈ। ਇਸ ਲਈ ਸਰਕਾਰ ਨੂੰ ਨਿਵੇਸ਼ਕਾਂ ਲਈ ਨਿਯਮ ਸਰਲ ਬਣਾਉਣੇ ਚਾਹੀਦੇ ਹਨ ਅਤੇ ਫ਼ੈਸਲੇ ਤੇਜ਼ੀ ਨਾਲ ਲੈਣੇ ਚਾਹੀਦੇ ਹਨ, ਤਾਂ ਜੋ ਦੇਸ਼ ਵਿੱਚ ਵਿਕਾਸ ਦੀ ਗਤੀ ਵਧ ਸਕੇ। ਹਾਰਪਰ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਉਹ ਅਤੀਤ ਵਿੱਚ ਮਾਰਕ ਕਾਰਨੀ ਦੇ ਆਲੋਚਕ ਰਹੇ ਹਨ। ਪਰ ਮੌਜੂਦਾ ਵਪਾਰਕ ਤਣਾਅ ਦੇ ਦੌਰਾਨ, ਹਾਰਪਰ ਨੇ ਕੈਨੇਡਾ ਦੀ ਆਰਥਿਕ ਇੱਕਜੁੱਟਤਾ ਅਤੇ ਅਮਰੀਕੀ ਟੈਕਸਾਂ ਦੇ ਜਵਾਬ ਵਿੱਚ ਕੈਨੇਡਾ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦੀ ਪੂਰੀ ਹਮਾਇਤ ਕੀਤੀ ਹੈ।

ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ ਨੇ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੋਵਾਂ ਦੇਸ਼ਾਂ ਦੇ ਮਜ਼ਦੂਰਾਂ ਦੇ ਫਾਇਦੇ ਲਈ ਆਪਸੀ ਵਪਾਰਕ ਗੱਲਬਾਤ ਦੁਬਾਰਾ ਸ਼ੁਰੂ ਕਰਨ। ਇਹ ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀ ਪ੍ਰਾਈਵੇਟ-ਸੈਕਟਰ ਯੂਨੀਅਨ ਹੈ। ਇਹ ਕੈਨੇਡਾ ਵਿੱਚ 2,25,000 ਅਤੇ ਅਮਰੀਕਾ ਵਿੱਚ 8,50,000 ਤੋਂ ਵੱਧ ਮੈਂਬਰਾਂ ਦੀ ਮਦਦ ਕਰਦੀ ਹੈ। ਇਹ ਯੂਨੀਅਨ ਸਟੀਲ, ਜੰਗਲਾਤ, ਮਾਈਨਿੰਗ, ਸਿਹਤ ਸੰਭਾਲ, ਅਤੇ ਸਿੱਖਿਆ ਵਰਗੇ ਕਈ ਖੇਤਰਾਂ ਦੇ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੀ ਹੈ। ਯੂਨੀਅਨ ਦੀ ਇੰਟਰਨੈਸ਼ਨਲ ਪ੍ਰਧਾਨ ਰੋਕਸੈਨ ਬ੍ਰਾਊਨ ਨੇ ਮਾਂਟਰੀਅਲ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਮਜ਼ਦੂਰ ਇੱਕ ਅਜਿਹੇ ਵਿਵਾਦ ਦੀ ਕੀਮਤ ਚੁਕਾ ਰਹੇ ਹਨ ਜੋ ਉਨ੍ਹਾਂ ਨੇ ਖੁਦ ਪੈਦਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵੱਧਦੇ ਵਪਾਰਕ ਵਿਵਾਦ ਕਾਰਨ ਮਜ਼ਦੂਰਾਂ ਦੀਆਂ ਸਾਂਝੀਆਂ ਉਮੀਦਾਂ ਹੁਣ ਡਰ ਵਿੱਚ ਬਦਲ ਰਹੀਆਂ ਹਨ। ਦੋਵਾਂ ਦੇਸ਼ਾਂ ਦਾ ਅਰਥਚਾਰਾ ਆਪਸ ਵਿੱਚ ਜੁੜਿਆ ਹੋਇਆ ਹੈ। ਜਦੋਂ ਪੈਨਸਿਲਵੇਨੀਆ ਵਿੱਚ ਸਟੀਲ ਮਜ਼ਦੂਰ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਤਾਂ ਓਨਟਾਰੀਓ ਦੇ ਮਜ਼ਦੂਰਾਂ ‘ਤੇ ਵੀ ਉਸਦਾ ਅਸਰ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਕਿਊਬੈਕ ਦੇ ਐਲੂਮੀਨੀਅਮ ਮਜ਼ਦੂਰਾਂ ਲਈ ਅਨਿਸ਼ਚਿਤਤਾ ਬਣਦੀ ਹੈ, ਤਾਂ ਓਹੀਓ ਦੇ ਮਜ਼ਦੂਰ ਵੀ ਉਸਨੂੰ ਮਹਿਸੂਸ ਕਰਦੇ ਹਨ। ਜਦੋਂ ਇੱਕ ਦੇਸ਼ ਵਿੱਚ ਨੌਕਰੀਆਂ ਖਤਰੇ ਵਿੱਚ ਹੁੰਦੀਆਂ ਹਨ, ਤਾਂ ਉਸਦਾ ਅਸਰ ਪੂਰੇ ਉੱਤਰੀ ਅਮਰੀਕਾ ਵਿੱਚ ਦੇਖਣ ਨੂੰ ਮਿਲਦਾ ਹੈ। ਕੈਨੇਡਾ ਸਰਕਾਰ ਨੇ ਮਾਰਚ ਵਿੱਚ ਆਪਣੇ ਮਜ਼ਦੂਰਾਂ ਦੀ ਮਦਦ ਲਈ 570 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਸੀ, ਤਾਂ ਜੋ ਸਟੀਲ ਅਤੇ ਲੱਕੜ ਉਦਯੋਗ ਦੇ ਮਜ਼ਦੂਰਾਂ ਨੂੰ ਰਾਹਤ ਦਿੱਤੀ ਜਾ ਸਕੇ। ਪਰ ਬ੍ਰਾਊਨ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਸਸਤੇ ਸਾਮਾਨ ਦੇ ਮੁਕਾਬਲੇ ਲਈ ਦੋਵਾਂ ਦੇਸ਼ਾਂ ਦਾ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਕੈਨੇਡਾ ਅਤੇ ਅਮਰੀਕਾ ਮਿਲ ਕੇ ਕੰਮ ਕਰਦੇ ਹਨ, ਤਾਂ ਮਜ਼ਦੂਰਾਂ ਦੀ ਜਿੱਤ ਹੁੰਦੀ ਹੈ। ਕੈਲਗਰੀ ਯੂਨੀਵਰਸਿਟੀ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਟ੍ਰੈਵਰ ਟੌਮਬੇ ਅਨੁਸਾਰ, ਜੇਕਰ 50 ਫੀਸਦੀ ਟੈਰਿਫ ਲੰਬੇ ਸਮੇਂ ਤੱਕ ਲਾਗੂ ਰਹਿੰਦੇ ਹਨ, ਤਾਂ ਕੈਨੇਡਾ ਵਿੱਚ ਲਗਭਗ 90,000 ਨੌਕਰੀਆਂ ਘੱਟ ਸਕਦੀਆਂ ਹਨ। ਇਹਨਾਂ ਵਿੱਚੋਂ ਦੋ-ਤਿਹਾਈ ਨੁਕਸਾਨ ਉਨ੍ਹਾਂ ਕੰਪਨੀਆਂ ਨੂੰ ਹੋਵੇਗਾ ਜੋ ਸਿੱਧਾ ਸਮਾਨ ਬਾਹਰ ਭੇਜਦੀਆਂ ਹਨ, ਅਤੇ ਬਾਕੀ ਨੁਕਸਾਨ ਉਨ੍ਹਾਂ ਨਾਲ ਜੁੜੇ ਹੋਰ ਛੋਟੇ ਉਦਯੋਗਾਂ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਕੰਪਨੀਆਂ ਮਜ਼ਦੂਰਾਂ ਨੂੰ ਕੱਢਣ ਦੀ ਬਜਾਏ ਉਨ੍ਹਾਂ ਦੇ ਕੰਮ ਦੇ ਘੰਟੇ ਘਟਾ ਸਕਦੀਆਂ ਹਨ ਜਾਂ ਨਵੀਂ ਭਰਤੀ ਹੌਲੀ ਕਰ ਸਕਦੀਆਂ ਹਨ, ਪਰ ਲੰਬੇ ਸਮੇਂ ਤੱਕ ਟੈਕਸ ਰਹਿਣ ਨਾਲ ਨੌਕਰੀਆਂ ਦਾ ਨੁਕਸਾਨ ਹੋਣਾ ਤੈਅ ਹੈ। ਇਸ ਨਾਲ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਅਤੇ ਆਮਦਨ ‘ਤੇ ਵੀ ਮਾੜਾ ਅਸਰ ਪਵੇਗਾ। ਇਹ ਟੈਕਸ ਕੈਨੇਡਾ ਦੀ ਅਰਥਵਿਵਸਥਾ ਨੂੰ ਲਗਭਗ 0.4 ਫੀਸਦੀ ਤੱਕ ਸਮੇਟ ਸਕਦੇ ਹਨ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਪਾਰਟੀ ਯੂਸੀਪੀ ਨੂੰ ਕੈਲਗਰੀ-ਸ਼ਾਅ ਦੀ ਜ਼ਿਮਨੀ ਚੋਣ ਵਿੱਚ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੀਟ ਨੂੰ ਰਵਾਇਤੀ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ। ਚੋਣ ਨਤੀਜਿਆਂ ਵਿੱਚ ਵਿਰੋਧੀ ਧਿਰ ਐਨਡੀਪੀ ਦੇ ਉਮੀਦਵਾਰ ਕਾਇਲ ਕੈਂਪਬੈੱਲ ਨੇ ਯੂਸੀਪੀ ਦੇ ਉਮੀਦਵਾਰ ਮਾਈਕ ਡੇਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਪ੍ਰੀਮੀਅਰ ਸਮਿਥ ਦੇ ਦਫ਼ਤਰ ਨੇ ਇਸ ਹਾਰ ਦਾ ਦੋਸ਼ ਕੰਜ਼ਰਵੇਟਿਵ ਵੋਟਾਂ ਦੇ ਵੰਡੇ ਜਾਣ ਅਤੇ ਘੱਟ ਵੋਟਿੰਗ ਨੂੰ ਦਿੱਤਾ ਹੈ। ਹਾਲਾਂਕਿ, ਸਿਆਸੀ ਮਾਹਰਾਂ ਅਤੇ ਹੋਰ ਆਗੂਆਂ ਦਾ ਮੰਨਣਾ ਹੈ ਕਿ ਇਹ ਹਾਰ ਪਾਰਟੀ ਦੀਆਂ ਆਪਣੀਆਂ ਨੀਤੀਆਂ ਦਾ ਨਤੀਜਾ ਹੈ। ਮੁੱਖ ਵਿਵਾਦ ਦਾ ਕਾਰਨ 19 ਅਕਤੂਬਰ ਨੂੰ ਅਲਬਰਟਾ ਨੂੰ ਕੈਨੇਡਾ ਤੋਂ ਅੱਗ ਕਰਕੇ ਇੱਕ ਵੱਖਰਾ ਦੇਸ਼ ਬਣਾਉਣ ਦੇ ਮੁੱਦੇ ‘ਤੇ ਹੋਣ ਵਾਲਾ ਰੈਫਰੈਂਡਮ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਇਸ ਰੈਫਰੈਂਡਮ ਤੋਂ ਨਾਰਾਜ਼ ਹੋ ਕੇ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਵੋਟ ਪਾਈ ਹੈ। ਸਾਬਕਾ ਪ੍ਰੀਮੀਅਰ ਜੇਸਨ ਕੇਨੀ ਅਤੇ ਹੋਰ ਕੰਜ਼ਰਵੇਟਿਵ ਰਣਨੀਤੀਕਾਰਾਂ ਨੇ ਕਿਹਾ ਕਿ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਬਹਿਸ ਨੇ ਉਨ੍ਹਾਂ ਵੋਟਰਾਂ ਨੂੰ ਦੂਰ ਕਰ ਦਿੱਤਾ ਹੈ ਜੋ ਕੈਨੇਡਾ ਨਾਲ ਪਿਆਰ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਅਜਿਹੇ ਗ਼ੈਰ-ਜ਼ਰੂਰੀ ਮੁੱਦਿਆਂ ਵਿੱਚ ਸਮਾਂ ਬਰਬਾਦ ਕਰਨ ਦੀ ਬਜਾਏ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਸੀ। ਦੂਜੇ ਪਾਸੇ, ਐਨਡੀਪੀ ਦੇ ਆਗੂ ਨਾਹੀਦ ਨੇਨਸ਼ੀ ਅਤੇ ਨਵੇਂ ਚੁਣੇ ਗਏ ਵਿਧਾਇਕ ਕੈਂਪਬੈੱਲ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਨੇ ਕੈਨੇਡਾ ਨਾਲ ਜੁੜੇ ਰਹਿਣ ਦੀ ਇੱਛਾ ਜਤਾਈ। ਇਸ ਦੇ ਨਾਲ ਹੀ ਵੋਟਰਾਂ ਨੇ ਸਿਹਤ ਸੰਭਾਲ, ਸਿੱਖਿਆ ਅਤੇ ਮਹਿੰਗਾਈ ਵਰਗੇ ਅਹਿਮ ਰੋਜ਼ਾਨਾ ਦੇ ਮੁੱਦਿਆਂ ‘ਤੇ ਵੀ ਆਪਣੀ ਚਿੰਤਾ ਪ੍ਰਗਟ ਕੀਤੀ। ਕੈਲਗਰੀ-ਸ਼ਾਅ ਦੀ ਇਹ ਸੀਟ 1986 ਤੋਂ ਲਗਾਤਾਰ ਕੰਜ਼ਰਵੇਟਿਵਾਂ ਦੇ ਕਬਜ਼ੇ ਵਿੱਚ ਰਹੀ ਹੈ ਅਤੇ ਐਨਡੀਪੀ ਨੇ ਇੱਥੇ ਪਹਿਲਾਂ ਸਿਰਫ਼ ਇੱਕ ਵਾਰ 2015 ਵਿੱਚ ਜਿੱਤ ਦਰਜ ਕੀਤੀ ਸੀ। ਮਾਹਰਾਂ ਦਾ ਮੰਨਣਾ ਹੈ ਕਿ 2027 ਵਿੱਚ ਹੋਣ ਵਾਲੀਆਂ ਅਗਲੀਆਂ ਸੂਬਾਈ ਚੋਣਾਂ ਲਈ ਕੈਲਗਰੀ ਸ਼ਹਿਰ ਸਭ ਤੋਂ ਮਹੱਤਵਪੂਰਨ ਖੇਤਰ ਹੈ। ਇਸ ਹਾਰ ਨਾਲ 87 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਯੂਸੀਪੀ ਦੀਆਂ ਸੀਟਾਂ ਘੱਟ ਕੇ 47 ਰਹਿ ਗਈਆਂ ਹਨ, ਜਦੋਂ ਕਿ ਐਨਡੀਪੀ ਦੀਆਂ ਸੀਟਾਂ ਵੱਧ ਕੇ 39 ਹੋ ਗਈਆਂ ਹਨ।

ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਲਬਰਟਾ ਸਰਹੱਦ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਤੋਂ ਲਿਆਂਦੀ ਜਾ ਰਹੀ ਸੈਂਕੜੇ ਪੌਂਡ ਕੋਕੀਨ ਜ਼ਬਤ ਕੀਤੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਇਸੇ ਗਰਮੀ ਦੇ ਸੀਜ਼ਨ ਦੌਰਾਨ ਦੋ ਵੱਖ-ਵੱਖ ਟਰੱਕਾਂ ਵਿੱਚੋਂ ਬਰਾਮਦ ਕੀਤੇ ਗਏ ਹਨ। ਪਹਿਲੀ ਘਟਨਾ 26 ਜੁਲਾਈ ਦੀ ਹੈ, ਜਦੋਂ ਦੱਖਣੀ ਅਲਬਰਟਾ ਵਿੱਚ ਸਥਿਤ ਕੂਟਸ ਸਰਹੱਦੀ ਲਾਂਘੇ ‘ਤੇ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ‘ਤੇ ਦੂਜੀ ਜਾਂਚ ਲਈ ਰੋਕਿਆ ਗਿਆ। ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਸਮਾਨ ਦੇ ਡੱਬਿਆਂ ਵਿੱਚ ਛੁਪਾ ਕੇ ਰੱਖੀਆਂ ਕੋਕੀਨ ਦੀਆਂ 80 ਇੱਟਾਂ ਮਿਲੀਆਂ। ਇਸ ਟਰੱਕ ਵਿੱਚੋਂ ਕੁੱਲ 200 ਪੌਂਡ ਕੋਕੀਨ ਬਰਾਮਦ ਹੋਈ। ਪੁਲਿਸ ਨੇ ਮੌਕੇ ‘ਤੇ ਹੀ ਟਰੱਕ ਦੇ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੇ ਕੁਝ ਦਿਨਾਂ ਬਾਅਦ, 31 ਜੁਲਾਈ ਨੂੰ ਅਧਿਕਾਰੀਆਂ ਨੇ ਉਸੇ ਲਾਂਘੇ ‘ਤੇ ਇੱਕ ਹੋਰ ਟਰੱਕ ਨੂੰ ਜਾਂਚ ਲਈ ਰੋਕਿਆ। ਇਸ ਜਾਂਚ ਦੌਰਾਨ ਟਰੱਕ ਵਿੱਚੋਂ ਕੋਕੀਨ ਦੀਆਂ 107 ਹੋਰ ਇੱਟਾਂ ਬਰਾਮਦ ਕੀਤੀਆਂ ਗਈਆਂ। ਇਸ ਦੂਜੇ ਟਰੱਕ ਵਿੱਚੋਂ ਕੁੱਲ 275 ਪੌਂਡ ਕੋਕੀਨ ਜ਼ਬਤ ਕੀਤੀ ਗਈ ਅਤੇ ਇਸ ਦੇ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਏਜੰਸੀ ਨੇ ਇਨ੍ਹਾਂ ਦੋਵਾਂ ਕਾਰਵਾਈਆਂ ਦੌਰਾਨ ਕੁੱਲ ਮਿਲਾ ਕੇ 475 ਪੌਂਡ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਸੀਬੀਐੱਸਏ ਪ੍ਰੇਰੀ ਖੇਤਰ ਦੀ ਖੇਤਰੀ ਡਾਇਰੈਕਟਰ ਜਨਰਲ ਜਾਨਾਲੀ ਬੈੱਲ-ਬੋਇਚੁਕ ਨੇ ਸਰਹੱਦੀ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੂਟਸ ਸਰਹੱਦ ‘ਤੇ ਨਸ਼ਿਆਂ ਦੀ ਇਹ ਵੱਡੀ ਬਰਾਮਦਗੀ ਸਾਡੇ ਅਧਿਕਾਰੀਆਂ ਦੀ ਤੱਤਪਰਤਾ, ਮਹਾਰਤ ਅਤੇ ਲਗਨ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਗ਼ੈਰ-ਕਾਨੂੰਨੀ ਨਸ਼ਿਆਂ ਅਤੇ ਹੋਰ ਨਜਾਇਜ਼ ਸਾਮਾਨ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਅਤੇ ਸਾਡੇ ਸਮਾਜ ਨੂੰ ਨੁਕਸਾਨ ਤੋਂ ਬਚਾਉਣ ਲਈ ਵਚਨਬੱਧ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਅਲਬਰਟਾ ਵਿੱਚ ਬਾਰਡਰ ਸਰਵਿਸਿਜ਼ ਦੇ ਅਧਿਕਾਰੀਆਂ ਨੇ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀਆਂ 1,292 ਜ਼ਬਤੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਕੁੱਲ 2,324 ਪੌਂਡ ਕੋਕੀਨ ਸ਼ਾਮਲ ਸੀ।


Filed under