VANCOUVER: ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਟੋਰਾਂਟੋ ਦੇ ਪੱਛਮੀ ਇਲਾਕੇ ਵਿੱਚ ਹਜ਼ਾਰਾਂ ਪ੍ਰਵਾਸੀ, ਸ਼ਰਨਾਰਥੀ ਅਤੇ ਉਨ੍ਹਾਂ ਦੇ ਸਮਰਥਕ ਸੜਕਾਂ ‘ਤੇ ਉੱਤਰੇ। ਉਨ੍ਹਾਂ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਵਿੱਚ ਮੌਜੂਦ ਸਾਰੇ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਜਾਵੇ, ਲੋਕਾਂ ਨੂੰ ਦੇਸ਼ ਵਿੱਚੋਂ ਕੱਢਣਾ ਬੰਦ ਕੀਤਾ ਜਾਵੇ ਅਤੇ ਕੰਮ ਵਾਲੀਆਂ ਥਾਵਾਂ ‘ਤੇ ਹੁੰਦਾ ਸ਼ੋਸ਼ਣ ਖ਼ਤਮ ਕੀਤਾ ਜਾਵੇ। ਇਹ ਰੈਲੀ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਿਨ ਗ੍ਰੋਵ ਪਾਰਕ ਤੱਕ ਗਈ। ਪੁਲਿਸ ਮੁਤਾਬਕ ਇਸ ਵਿੱਚ ਲਗਭਗ 600 ਲੋਕਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕੈਨੇਡਾ ਦੇ 11 ਹੋਰ ਸ਼ਹਿਰਾਂ ਵਿੱਚ ਵੀ ਕੀਤੇ ਗਏ। ‘ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ਾਰ ਚੇਂਜ’ ਦੀ ਕੋਆਰਡੀਨੇਟਰ ਸਰੋਮ ਰੋਅ ਨੇ ਕਿਹਾ ਕਿ ਕੈਨੇਡਾ ਵਿੱਚ ਮਹਿੰਗਾਈ ਅਤੇ ਕਿਰਾਏ ਵਧਣ ਵਰਗੀਆਂ ਸਮੱਸਿਆਵਾਂ ਲਈ ਪ੍ਰਵਾਸੀਆਂ ਨੂੰ ਦੋਸ਼ ਦਿੱਤਾ ਜਾ ਰਹਾ ਹੈ, ਜਦੋਂ ਕਿ ਇਹ ਮੁਸੀਬਤ ਉਨ੍ਹਾਂ ਨੇ ਪੈਦਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਇੱਥੇ ਭੋਜਨ ਉਗਾਉਂਦੇ ਹਨ, ਬੱਚਿਆਂ, ਬੀਮਾਰਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਹਨ। ਫਿਰ ਵੀ ਲੱਖਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਰੈਲੀ ਵਿੱਚ ਸ਼ਾਮਲ ਵਿਕਰਮਜੀਤ ਸਿੰਘ 2019 ਵਿੱਚ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਉਮੀਦ ਸੀ ਕਿ ਇੱਥੇ ਪੱਕੇ ਹੋਣ ਦਾ ਰਸਤਾ ਮਿਲੇਗਾ, ਪਰ ਅਜਿਹਾ ਨਹੀਂ ਹੋਇਆ। ਵਿਕਰਮਜੀਤ ਨੇ ਕਿਹਾ ਕਿ ਜਦੋਂ ਤੁਹਾਡੇ ਕੋਲ ਪੱਕਾ ਸਟੇਟਸ ਨਹੀਂ ਹੁੰਦਾ, ਤਾਂ ਹਰ ਵੇਲੇ ਡਰ ਰਹਿੰਦਾ ਹੈ। ਗੁਜ਼ਾਰਾ ਕਰਨ ਲਈ ਕੈਸ਼ ‘ਤੇ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਮਾਲਕ ਸ਼ੋਸ਼ਣ ਕਰਦੇ ਹਨ। ਇਸ ਸਥਿਤੀ ਵਿੱਚ ਬੰਦਾ ਹਮੇਸ਼ਾ ਤਣਾਅ ਵਿੱਚ ਰਹਿੰਦਾ ਹੈ ਅਤੇ ਆਪਣੇ ਭਵਿੱਖ ਦੀ ਕੋਈ ਯੋਜਨਾ ਨਹੀਂ ਬਣਾ ਸਕਦਾ। ਇਹ ਪ੍ਰਦਰਸ਼ਨ ਸਰਕਾਰ ਦੇ ਨਵੇਂ ਨਿਯਮਾਂ ਅਤੇ ਵਿਦੇਸ਼ੀ ਵਿਦਿਆਰਥੀਆਂ ‘ਤੇ ਲਗਾਈ ਸੀਮਾ ਦੇ ਵਿਰੋਧ ਵਿੱਚ ਹੋ ਰਹੇ ਹਨ। ਅੰਕੜਿਆਂ ਮੁਤਾਬਕ ਓਨਟਾਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਇੱਕ ਤਿਹਾਈ ਤੋਂ ਵੱਧ ਘੱਟ ਸਕਦੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਸਰਕਾਰ ਇਮੀਗ੍ਰੇਸ਼ਨ ਨੂੰ ਕੰਟਰੋਲ ਕਰ ਰਹੀ ਹੈ ਤਾਂ ਜੋ ਦੇਸ਼ ਦੀਆਂ ਲੋੜਾਂ ਅਤੇ ਸਮਰੱਥਾ ਮੁਤਾਬਕ ਯੋਜਨਾ ਬਣਾਈ ਜਾ ਸਕੇ। ਯੌਰਕ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਏਥਲ ਤੁੰਗੋਹਨ ਨੇ ਕਿਹਾ ਕਿ ਸਖ਼ਤ ਨਿਯਮਾਂ ਕਾਰਨ ਦੇਸ਼ ਵਿੱਚ ਨਸਲਵਾਦ ਅਤੇ ਪ੍ਰਵਾਸੀਆਂ ਪ੍ਰਤੀ ਨਫ਼ਰਤ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਉਹ ਕੰਮ ਕਰਦੇ ਹਨ ਜੋ ਸਥਾਨਕ ਲੋਕ ਨਹੀਂ ਕਰਨਾ ਚਾਹੁੰਦੇ। ਅਜਿਹੇ ਪ੍ਰਦਰਸ਼ਨ ਇਹ ਦਿਖਾਉਂਦੇ ਹਨ ਕਿ ਪ੍ਰਵਾਸੀ ਵੀ ਇਨਸਾਨ ਹਨ ਅਤੇ ਉਹ ਬਰਾਬਰ ਦੇ ਅਧਿਕਾਰਾਂ ਦੇ ਹੱਕਦਾਰ ਹਨ।
ਓਨਟਾਰੀਓ ਵਿੱਚ ਦੋ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਕਰਜ਼ਾ ਲੈਣ ਲਈ ਗਿਰਵੀ ਰੱਖਣ ਦਾ ਇੱਕ ਬਹੁਤ ਹੀ ਗੰਭੀਰ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ‘ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ’ ਅਤੇ ‘ਨਾਨਕਸਰ ਠਾਠ ਈਸ਼ਰ ਦਰਬਾਰ ਬ੍ਰੈਮਪਟਨ’ ਦੀਆਂ ਜਾਇਦਾਦਾਂ ਦੇ ਬਦਲੇ ਲਗਭਗ 102 ਕਰੋੜ ਰੁਪਏ ਯਾਨੀ 1.5 ਕਰੋੜ ਕੈਨੇਡੀਅਨ ਡਾਲਰ ਦੀ ਲੋਨ ਲਿਮਟ ਤਿਆਰ ਕਰਵਾਈ ਗਈ ਸੀ। ਇਸ ਵਿੱਚੋਂ ਲਗਭਗ 82 ਕਰੋੜ ਰੁਪਏ ਜਾਰੀ ਵੀ ਕਰਵਾ ਲਏ ਗਏ, ਪਰ ਸਮੇਂ ਸਿਰ ਕਿਸ਼ਤਾਂ ਨਾ ਭਰਨ ਕਰਕੇ ਹੁਣ ਸਿਰਫ਼ ਵਿਆਜ ਦੀ ਰਕਮ ਹੀ ਵੱਧ ਕੇ 88 ਕਰੋੜ ਰੁਪਏ ਤੋਂ ਪਾਰ ਹੋ ਚੁੱਕੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਕਰਜ਼ਾ ਦੇਣ ਵਾਲੀਆਂ ਕੰਪਨੀਆਂ ਨੇ ਅਪ੍ਰੈਲ 2025 ਵਿੱਚ ਟੋਰਾਂਟੋ ਗੁਰਦੁਆਰਾ ਸਾਹਿਬ ਨੂੰ ਪਹਿਲਾਂ 1 ਕਰੋੜ ਕੈਨੇਡੀਅਨ ਡਾਲਰ ਦਾ ਲੋਨ ਦਿੱਤਾ ਸੀ, ਜਿਸ ਨੂੰ ਮਈ ਵਿੱਚ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਕਰ ਦਿੱਤਾ ਗਿਆ। ਇਸ ਲੋਨ ਲਈ ਬ੍ਰੈਮਪਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਦੀ ਸੰਪਤੀ ਨੂੰ ਸਿਕਿਉਰਿਟੀ ਵਜੋਂ ਸ਼ਾਮਲ ਕੀਤਾ ਗਿਆ ਸੀ। ਸ਼ੁਰੂ ਵਿੱਚ ਇਸ ਕਰਜ਼ੇ ‘ਤੇ 15% ਸਾਲਾਨਾ ਵਿਆਜ ਤੈਅ ਕੀਤਾ ਗਿਆ ਸੀ, ਪਰ ਸਮੇਂ ਸਿਰ ਭੁਗਤਾਨ ਨਾ ਹੋਣ ਕਾਰਨ ਕੰਪਨੀ ਨੇ ਵਿਆਜ ਦਰ ਵਧਾ ਕੇ 24% ਕਰ ਦਿੱਤੀ। ਹੁਣ ਹਰ ਮਹੀਨੇ ਲਗਭਗ 2.5 ਕਰੋੜ ਰੁਪਏ ਸਿਰਫ਼ ਵਿਆਜ ਦੇ ਹੀ ਬਣ ਰਹੇ ਹਨ। ਇਸ ਪੂਰੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ ਅਤੇ ਵਕੀਲ ਰਾਜਵਿੰਦਰ ਗ੍ਰੇਵਾਲ ਅਤੇ ਉਨ੍ਹਾਂ ਦੀ ਲਾਅ ਫਰਮ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ, ਜੋ ਇਸ ਲੋਨ ਦੇ ਗਾਰੰਟਰ ਬਣੇ ਸਨ। ਦੋਸ਼ ਹੈ ਕਿ ਗੁਰਦੁਆਰੇ ਦੀ ਜਾਇਦਾਦ ਦੀਆਂ ਕਾਨੂੰਨੀ ਕਾਗਜ਼ੀ ਕਾਰਵਾਈਆਂ ਪੂਰੀਆਂ ਨਹੀਂ ਕੀਤੀਆਂ ਗਈਆਂ, ਜਿਸ ਕਰਕੇ ਕਰਜ਼ਾ ਦੇਣ ਵਾਲੀ ਕੰਪਨੀ ਨੇ ਅਦਾਲਤ ਦਾ ਰੁਖ਼ ਕੀਤਾ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫ਼ੈਸਲਾ ਸੁਣਾਇਆ ਕਿ ਅਗਲੀ ਸੁਣਵਾਈ ਤੱਕ ਬ੍ਰੈਮਪਟਨ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਇਸ ‘ਤੇ ਕੋਈ ਨਵਾਂ ਕਰਜ਼ਾ ਲਿਆ ਜਾ ਸਕਦਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਰਾਜਵਿੰਦਰ ਗ੍ਰੇਵਾਲ ਦੀ ਲਾਅਫਾਰਮ ਦੇ ਟਰੱਸਟ ਖਾਤਿਆਂ ਤੋਂ ਦੋਵਾਂ ਗੁਰਦੁਆਰਾ ਸਾਹਿਬਾਨ ਦੇ ਖਾਤਿਆਂ ਵਿੱਚ ਲਗਭਗ 1.71-1.71 ਕਰੋੜ ਰੁਪਏ ਦੀਆਂ ਸ਼ੱਕੀ ਰਕਮਾਂ ਟਰਾਂਸਫਰ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਇੱਕ ਬੈਂਕ ਚੈੱਕ ਧੋਖਾਧੜੀ ਦੇ ਮਾਮਲੇ ਵਿੱਚ ਵੀ ਗੁਰਦੁਆਰੇ ਦੇ ਖਾਤੇ ਵਿੱਚ ਪੈਸੇ ਭੇਜੇ ਜਾਣ ਦੇ ਸਬੂਤ ਮਿਲੇ ਹਨ। ਦੋਵਾਂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਨੇ ਹਾਲੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਇੰਨਾ ਵੱਡਾ ਕਰਜ਼ਾ ਕਿਸ ਮਕਸਦ ਲਈ ਲਿਆ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਸਕੈਚਵਨ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਫਲਾਇੰਗ ਟ੍ਰੇਨਿੰਗ ਲੈ ਰਹੇ ਦੋ ਭਾਰਤੀ ਵਿਦਿਆਰਥੀਆਂ ਦੀ ਦੁਖਦ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਰਹਿਣ ਵਾਲੇ ਸਨ। ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਣਕਾਰੀ ਦਿੰਦਿਆਂ ਕੌਂਸਲੇਟ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਨੋਜ ਸ਼ਿਵਕੁਮਾਰ ਅਤੇ ਸ੍ਰੀਸਰਨ ਥਿਰੂਗਨਾਨਾਸੰਬੰਥਮ ਵਜੋਂ ਹੋਈ ਹੈ। ਭਾਰਤੀ ਮਿਸ਼ਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਅਤੇ ਕਿਹਾ ਹੈ ਕਿ ਉਹ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹਨ। ਇਸ ਵਿੱਚ ਵਿਦਿਆਰਥੀਆਂ ਦੀਆਂ ਦੇਹਾਂ ਨੂੰ ਭਾਰਤ ਵਾਪਸ ਲਿਆਉਣ ਵਿੱਚ ਮਦਦ ਕਰਨਾ ਵੀ ਸ਼ਾਮਲ ਹੈ। ਹਾਦਸੇ ਬਾਰੇ ਪੂਰੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਕੈਨੇਡੀਅਨ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਅਨੁਸਾਰ, ਸ਼ੁੱਕਰਵਾਰ ਸਵੇਰੇ ਸਸਕੈਚਵਨ ਵਿੱਚ ਇੱਕ ਹਾਰਵਜ਼ ਏਅਰ ਸਕੂਲ ਦਾ ਸੈਸਨਾ 172 ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਲਾਇਸੰਸਸ਼ੁਦਾ ਪਾਇਲਟ ਰਾਤ ਸਮੇਂ ਰੇਜੀਨਾ ਤੋਂ ਸਟੇਨਬੈਕ ਵੱਲ ਉਡਾਣ ਭਰ ਰਹੇ ਸਨ। ਉਹ ਕਮਰਸ਼ੀਅਲ ਪਾਇਲਟ ਲਾਇਸੰਸ ਲਈ ਲੋੜੀਂਦੇ ਉਡਾਣ ਦੇ ਘੰਟੇ ਪੂਰੇ ਕਰਨ ਲਈ ਇਸ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ। ਜਦੋਂ ਜਹਾਜ਼ ਆਪਣੇ ਤੈਅ ਸਮੇਂ ਤੱਕ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ, ਤਾਂ ਇਸ ਦੀ ਸੂਚਨਾ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਦਿੱਤੀ ਗਈ। ਜਾਂਚ ਅਤੇ ਬਚਾਅ ਟੀਮਾਂ ਨੇ ਸ਼ਾਮ ਨੂੰ ਜਹਾਜ਼ ਦਾ ਮਲਬਾ ਲੱਭ ਲਿਆ, ਜਿੱਥੇ ਦੋਵੇਂ ਵਿਦਿਆਰਥੀ ਮ੍ਰਿਤਕ ਪਾਏ ਗਏ। ਬਚਾਅ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੈਰਾਸ਼ੂਟ ਰਾਹੀਂ ਤਕਨੀਸ਼ੀਅਨਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਸੀ। ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਮਾਮਲਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਜਨਵਰੀ 2025 ਤੋਂ ਬਾਅਦ ਹਾਰਵਜ਼ ਏਅਰ ਫਲਾਇੰਗ ਸਕੂਲ ਨਾਲ ਜੁੜਿਆ ਇਹ ਤੀਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ ਵੀ ਇਸ ਸਕੂਲ ਦੇ ਜਹਾਜ਼ਾਂ ਨਾਲ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਪਾਇਲਟ ਅਤੇ ਵਿਦਿਆਰਥੀ ਜ਼ਖ਼ਮੀ ਹੋਏ ਹਨ ਜਾਂ ਮਾਰੇ ਗਏ ਸਨ।
ਸਰੀ ਦੇ ਵਸਨੀਕ ਪੰਜਾਬੀ ਪਰਿਵਾਰ ਦੇ ਤਿੰਨ ਸਾਲਾ ਬੱਚੇ ਗੁਰਮੋਹ ਦੀ ਦੁਰਲੱਭ ਅਤੇ ਲਗਾਤਾਰ ਵਧ ਰਹੀ ਬਿਮਾਰੀ ਦੇ ਇਲਾਜ ਲਈ ਵੱਡੀ ਉਮੀਦ ਜਾਗੀ ਹੈ। ਬੀਸੀ ਸਰਕਾਰ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਅਤੇ ਮੈਕਗਿੱਲ ਯੂਨੀਵਰਸਿਟੀ ਨਾਲ ਮਿਲ ਕੇ ਗੁਰਮੋਹ ਲਈ ਉਸ ਦੀ ਬਿਮਾਰੀ ਮੁਤਾਬਕ ਵਿਸ਼ੇਸ਼ ਇਲਾਜ ਵਿਕਸਤ ਕਰਨ ਵੱਲ ਕਦਮ ਚੁੱਕਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਗੁਰਮੋਹ ਨੂੰ ਸਪੈਸਟਿਕ ਪੈਰਾਪਲੀਜੀਆ ਨਾਮਕ ਦੁਰਲੱਭ ਬਿਮਾਰੀ ਹੈ। ਇਹ ਬਿਮਾਰੀ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਉਨ੍ਹਾਂ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਸਰੀਰ ਦੀ ਹਿਲਜੁਲ ਨੂੰ ਕਾਬੂ ਕਰਦੀਆਂ ਹਨ। ਇਸ ਕਾਰਨ ਮਾਸਪੇਸ਼ੀਆਂ ਵਿੱਚ ਸਖ਼ਤੀ, ਲੱਤਾਂ ਵਿੱਚ ਕਮਜ਼ੋਰੀ ਅਤੇ ਬੋਲਣ ਸਮੇਤ ਹੋਰ ਸਰੀਰਕ ਮੁਸ਼ਕਲਾਂ ਵਧ ਸਕਦੀਆਂ ਹਨ। ਰਿਪੋਰਟਾਂ ਅਨੁਸਾਰ ਗੁਰਮੋਹ ਵਿੱਚ ਮਿਲਿਆ ਖਾਸ ਜੈਨੇਟਿਕ ਬਦਲਾਅ ਕੈਨੇਡਾ ਵਿੱਚ ਆਪਣੀ ਕਿਸਮ ਦਾ ਇਕੱਲਾ ਮਾਮਲਾ ਦੱਸਿਆ ਗਿਆ ਹੈ। ਗੁਰਮੋਹ ਦੇ ਮਾਪਿਆਂ ਸਟਾਲਿਨ ਗਿੱਲ ਅਤੇ ਨਵਪ੍ਰੀਤ ਗਿੱਲ ਨੇ ਆਪਣੇ ਪੁੱਤਰ ਦੇ ਇਲਾਜ ਲਈ ਕਈ ਮਹੀਨਿਆਂ ਤੋਂ ਮੁਹਿੰਮ ਚਲਾਈ ਹੋਈ ਹੈ ਜਿਸ ਨੂੰ ਸਥਾਨਕ ਭਾਈਚਾਰੇ ਵੱਲੋਂ ਵੀ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਜਾ ਰਿਹਾ ਹੈ । ਇਲਾਜ ਦੀ ਖੋਜ ਨੂੰ ਅੱਗੇ ਵਧਾਉਣ ਲਈ 27 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਜਾਣ ਦੀ ਜਰੂਰਤ ਪੈ ਸਕਦੀ ਹੈ। । ਪਰਿਵਾਰ ਨੇ ਦੁਰਲੱਭ ਬਿਮਾਰੀਆਂ ਨਾਲ ਪੀੜਤ ਬੱਚਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੈਨਕੂਵਰ ਤੋਂ ਵਿਕਟੋਰੀਆ ਤੱਕ ਪੈਦਲ ਯਾਤਰਾ ਵੀ ਕੀਤੀ ਸੀ। ਹੁਣ ਸੁਬਾਈ ਸਰਕਾਰ ਦਾ ਸਿਹਤ ਮੰਤਰਾਲਾ, ਸੂਬਾਈ ਸਿਹਤ ਸੇਵਾਵਾਂ ਅਥਾਰਟੀ, ਬੀ.ਸੀ. ਚਿਲਡਰਨਜ਼ ਹਸਪਤਾਲ, ਯੂ.ਬੀ.ਸੀ. ਅਤੇ ਮੈਕਗਿੱਲ ਯੂਨੀਵਰਸਿਟੀ ਦੇ ਮਾਹਿਰ ਇਸ ਬੱਚੇ ਲਈ ਵਿਅਕਤੀਗਤ ਜੀਨ-ਅਧਾਰਿਤ ਇਲਾਜ ਵਿਕਸਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਗੇ। ਅਜਿਹਾ ਇਲਾਜ ਤਿਆਰ ਕਰਨ ਲਈ ਪ੍ਰਯੋਗਸ਼ਾਲਾ ਜਾਂਚ, ਸੁਰੱਖਿਆ ਜਾਂਚ ਅਤੇ ਲੋੜੀਂਦੀਆਂ ਮਨਜ਼ੂਰੀਆਂ ਸਮੇਤ ਕਈ ਪੜਾਅ ਪੂਰੇ ਕਰਨੇ ਪੈਂਦੇ ਹਨ। ਗੁਰਮੋਹ ਦੇ ਮਾਮਲੇ ਨੇ ਸਰੀ ਸਮੇਤ ਪੂਰੇ ਬੀ.ਸੀ. ਵਿੱਚ ਦੁਰਲੱਭ ਜੈਨੇਟਿਕ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਖਿੱਚਿਆ ਹੈ। ਪਰਿਵਾਰ ਦੀ ਮਹੀਨਿਆਂ ਦੀ ਮੁਹਿੰਮ ਅਤੇ ਭਾਈਚਾਰੇ ਵੱਲੋਂ ਇਕੱਠੀ ਕੀਤੀ ਵੱਡੀ ਰਕਮ ਤੋਂ ਬਾਅਦ ਸਰਕਾਰ ਅਤੇ ਦੇਸ਼ ਦੀਆਂ ਦੋ ਪ੍ਰਮੁੱਖ ਯੂਨੀਵਰਸਿਟੀਆਂ ਦਾ ਇਕੱਠੇ ਅੱਗੇ ਆਉਣਾ ਗੁਰਮੋਹ ਲਈ ਇਲਾਜ ਤੱਕ ਪਹੁੰਚ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।
ਨੌਰਥ ਯੌਰਕ ਵਿੱਚ ਗੋਲੀ ਲੱਗਣ ਤੋਂ ਕੁਝ ਦਿਨਾਂ ਬਾਅਦ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ 23 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਹੈ। ਟੋਰਾਂਟੋ ਪੁਲਿਸ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਅਨੁਸਾਰ, 13 ਸਤੰਬਰ ਦੀ ਤੜਕੇ ਲਗਭਗ 4 ਵਜੇ ਪੁਲਿਸ ਨੂੰ ਲਾਰੈਂਸ ਐਵੇਨਿਊ ਈਸਟ ਅਤੇ ਅੰਡਰਹਿਲ ਡਰਾਈਵ ਦੇ ਇਲਾਕੇ ਵਿੱਚ ਬੁਲਾਇਆ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਪੀੜਤ ਅਤੇ ਸ਼ੱਕੀ ਵੱਖ-ਵੱਖ ਗੱਡੀਆਂ ਵਿੱਚ ਸਨ। ਉਸ ਸਮੇਂ ਸ਼ੱਕੀ ਨੇ ਪੀੜਤ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਨੂੰ ਜਾ ਲੱਗੀ। ਮੌਕੇ ‘ਤੇ ਹੀ ਬਚਾਅ ਦੇ ਜ਼ਰੂਰੀ ਉਪਾਅ ਕਰਨ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੈਲੇਡਨ, ਓਨਟਾਰੀਓ ਦੇ ਰਹਿਣ ਵਾਲੇ 27 ਸਾਲਾ ਰਾਘਵ ਸ਼ਰਮਾ ਵਜੋਂ ਹੋਈ ਹੈ। ਇਸ ਦੌਰਾਨ, ਸ਼ਨੀਵਾਰ 19 ਸਤੰਬਰ ਨੂੰ ਸਟੋਫਵਿਲ ਦੇ ਰਹਿਣ ਵਾਲੇ 23 ਸਾਲਾ ਤਾਹਿਰ ਮੀਆਂ ਨੇ ਪੁਲਿਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਉਸ ‘ਤੇ ਦੂਜੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅਦਾਲਤ ਵਿੱਚ ਅਜੇ ਤੱਕ ਕੋਈ ਵੀ ਦੋਸ਼ ਸਿੱਧ ਨਹੀਂ ਹੋਇਆ ਹੈ। ਇਹ ਗੋਲੀਬਾਰੀ ਸਾਲ 2026 ਵਿੱਚ ਟੋਰਾਂਟੋ ਵਿੱਚ ਹੋਇਆ 25ਵਾਂ ਕਤਲ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੋਵੇ, ਤਾਂ ਉਹ ਅੱਗੇ ਆ ਕੇ ਪੁਲਿਸ ਜਾਂ ਕ੍ਰਾਈਮ ਸਟੌਪਰਸ ਨਾਲ ਸੰਪਰਕ ਕਰਨ।
ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਏਵਰ ਅਨੁਸਾਰ ਕੈਨੇਡਾ ਕਦੇ ਵੀ “ਯੂਰਪੀਅਨ ਯੂਨੀਅਨ ਦਾ 28ਵਾਂ ਰਾਜ” ਨਹੀਂ ਬਣੇਗਾ। ਉਹ ਇਹ ਗੱਲ ਉਸ ਸਮੇਂ ਕਹੀ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦੌਰਾਨ ਯੂਰਪ ਨਾਲ ਨੇੜਲੇ ਅਤੇ ਡੂੰਘੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੋਇਲੀਏਵਰ ਨੇ ਓਨਟਾਰੀਓ ਦੇ ਬ੍ਰਾਂਟਫੋਰਡ ਵਿੱਚ ਇੱਕ ਰੈਲੀ ਦੌਰਾਨ ਇਹ ਟਿੱਪਣੀ ਕੀਤੀ। ਇਹ ਬਿਆਨ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਦੇ ਉਸ ਸੁਝਾਅ ਤੋਂ ਕੁਝ ਦਿਨ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ “ਐਸੋਸੀਏਟ ਮੈਂਬਰ” ਬਣਾਉਣਾ ਚਾਹੁੰਦੇ ਹਨ। ਵਿਰੋਧੀ ਧਿਰ ਦੇ ਨੇਤਾ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਦਾ ਯੂਰਪ ਨਾਲ ਪਹਿਲਾਂ ਹੀ ਮੁਕਤ ਵਪਾਰ ਦਾ ਸਮਝੌਤਾ ਹੈ ਅਤੇ ਨਾਟੋ ਰਾਹੀਂ ਫੌਜੀ ਸੁਰੱਖਿਆ ਸਬੰਧ ਵੀ ਬਹੁਤ ਮਜ਼ਬੂਤ ਹਨ। ਪਰ ਉਹ ਕੈਨੇਡਾ ਵਿੱਚ ਯੂਰਪੀਅਨ ਟੈਕਸ, ਕਾਨੂੰਨ ਅਤੇ ਯੂਰਪ ਵਰਗੀ ਬੇਲਗਾਮ ਇਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਦੇ ਬਿਲਕੁਲ ਹੱਕ ਵਿੱਚ ਨਹੀਂ ਹਨ। ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਕੈਨੇਡਾ ਨਾਲ ਭਾਈਵਾਲੀ ਵਧਾਉਣ ਦੇ ਉਰਸੁਲਾ ਦੇ ਸੁਝਾਅ ਦਾ ਸੁਆਗਤ ਕਰਦੇ ਹਨ, ਪਰ ਇਸ ਨਵੇਂ ਸਮਝੌਤੇ ਦਾ ਰੂਪ ਕੀ ਹੋਵੇਗਾ, ਇਹ ਅਜੇ ਤੈਅ ਹੋਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਈ ਖੇਤਰਾਂ ਵਿੱਚ ਸਬੰਧਾਂ ਨੂੰ ਵਧਾਉਣ ਵਿੱਚ ਦਿਲਚਸਪੀ ਰੱਖਦੇ ਹਨ, ਜਿਸ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਅਤੇ ਵਿੱਤੀ ਸੇਵਾਵਾਂ ਦਾ ਇੱਕ ਸਾਂਝਾ ਬਾਜ਼ਾਰ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਹਾਊਸ ਆਫ਼ ਕਾਮਨਜ਼ ਵਿੱਚ ਇਸ ਸਾਂਝੇਦਾਰੀ ਬਾਰੇ ਬਹਿਸ ਹੋਵੇਗੀ ਅਤੇ ਵੋਟਿੰਗ ਕਰਵਾਈ ਜਾਵੇਗੀ।
ਯੂਰਪੀਅਨ ਯੂਨੀਅਨ ਦੇ ਇਨਵੈਸਟਮੈਂਟ ਬੈਂਕ ਦੀ ਪ੍ਰਧਾਨ ਨਾਦੀਆ ਕਾਲਵੀਨੋ ਅਨੁਸਾਰ ਕੈਨੇਡੀਅਨ ਪ੍ਰੋਜੈਕਟਾਂ ਵਿੱਚ ਪੈਸਾ ਲਗਾਉਣ ਅਤੇ ਆਪਸੀ ਸਹਿਯੋਗ ਵਧਾਉਣ ਦਾ “ਇਹ ਬਿਲਕੁਲ ਸਹੀ ਸਮਾਂ ਹੈ”। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਯੂਰਪੀਅਨ ਯੂਨੀਅਨ ਨਾਲ ਸਬੰਧ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ। ਇੱਕ ਖਾਸ ਇੰਟਰਵਿਊ ਵਿੱਚ ਕਾਲਵੀਨੋ ਨੇ ਮੰਨਿਆ ਕਿ ਉਨ੍ਹਾਂ ਦਾ ਬੈਂਕ ਪਹਿਲਾਂ ਕੈਨੇਡਾ ਵਿੱਚ ਬਹੁਤਾ ਸਰਗਰਮ ਨਹੀਂ ਸੀ, ਪਰ ਉਨ੍ਹਾਂ ਦੀ ਮੌਜੂਦਾ ਕੈਨੇਡਾ ਫੇਰੀ ਇਹ ਸਾਫ਼ ਦਰਸਾਉਂਦੀ ਹੈ ਕਿ ਯੂਰਪ ਹੁਣ ਅਮਲੀ ਰੂਪ ਵਿੱਚ ਕੰਮ ਕਰਨ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੀ ਪਹਿਲੀ ਸਾਂਝੀ ਪਸੰਦ ਜ਼ਰੂਰੀ ਖਣਿਜ ਹਨ। ਬੈਂਕ ਇੱਕ ਅਜਿਹਾ ਸਮਝੌਤਾ ਤਿਆਰ ਕਰ ਰਿਹਾ ਹੈ ਜਿਸ ਨਾਲ ਖਣਿਜਾਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਨਿਵੇਸ਼ ਕੀਤਾ ਜਾ ਸਕੇ। ਤੇਲ ਅਤੇ ਗੈਸ ਪਾਈਪਲਾਈਨਾਂ ਵਿੱਚ ਨਿਵੇਸ਼ ਬਾਰੇ ਪੁੱਛੇ ਜਾਣ ‘ਤੇ ਕਾਲਵੀਨੋ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਬੈਂਕ ਇੱਕ ‘ਕਲਾਈਮੇਟ ਬੈਂਕ’ ਵਜੋਂ ਕੰਮ ਕਰਦਾ ਹੈ, ਇਸ ਲਈ ਉਹ ਨਵੀਂ ਤਕਨਾਲੋਜੀ ਅਤੇ ਗ੍ਰੀਨ ਐਨਰਜੀ ਦੇ ਪ੍ਰੋਜੈਕਟਾਂ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਹ ਗੱਲਬਾਤ ਕੈਨੇਡਾ ਵਿੱਚ ਹੋਏ ‘ਇਨਵੈਸਟਮੈਂਟ ਸਮਿਟ’ ਤੋਂ ਬਾਅਦ ਹੋਈ ਹੈ, ਜਿਸ ਵਿੱਚ ਸਰਕਾਰ ਮੁਤਾਬਕ ਲਗਭਗ 500 ਅਰਬ ਡਾਲਰ ਦਾ ਨਿਵੇਸ਼ ਆਇਆ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਯੂਰਪੀਅਨ ਸੰਸਦ ਵਿੱਚ ਬੋਲਦਿਆਂ ਬਿਨਾਂ ਕਿਸੇ ਰੋਕ-ਟੋਕ ਦੇ ਡਿਜੀਟਲ ਵਪਾਰ, ਏਆਈ ਸੁਰੱਖਿਆ ਅਤੇ ਵਿੱਤੀ ਸੇਵਾਵਾਂ ਵਿੱਚ ਮਿਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ ਸੀ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ-ਯੂਰਪ ਦੇ ਇਸ ਨੇੜਲੇ ਸਬੰਧ ਨੂੰ “ਹਾਸੋਹੀਣਾ” ਦੱਸਿਆ ਹੈ ਅਤੇ ਨਵੇਂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਇਸ ‘ਤੇ ਕਾਰਨੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਕੋਈ ਨਵਾਂ ਸ਼ਕਤੀਸ਼ਾਲੀ ਧੜਾ ਨਹੀਂ ਬਣਾ ਰਿਹਾ, ਸਗੋਂ ਆਪਣੇ ਖੁੱਲ੍ਹੇ ਬਾਜ਼ਾਰਾਂ, ਆਜ਼ਾਦੀ ਅਤੇ ਲੋਕਤੰਤਰ ਦੀ ਸੁਰੱਖਿਆ ਲਈ ਯੂਰਪ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕਾਲਵੀਨੋ ਨੇ ਕਿਹਾ ਕਿ ਯੂਰਪ ਅਤੇ ਕੈਨੇਡਾ ਦੋਵੇਂ ਇਕੱਲੇ ਵੀ ਮਜ਼ਬੂਤ ਹਨ, ਪਰ ਇਕੱਠੇ ਮਿਲ ਕੇ ਉਹ ਹੋਰ ਵੀ ਜ਼ਿਆਦਾ ਸ਼ਕਤੀਸ਼ਾਲੀ ਬਣ ਜਾਂਦੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਖੇਤਰਾਂ ‘ਚ ਸਹਿਯੋਗ ਵਧਾਉਣ ਦਾ ਐਲਾਨ ਕੀਤਾ ਹੈ। ਕਾਰਨੀ ਨੇ ਕਿਹਾ ਕਿ ਏਆਈ, ਸੈਮੀਕੰਡਕਟਰ, ਜ਼ਰੂਰੀ ਖਣਿਜ, ਭੁਗਤਾਨ ਪ੍ਰਣਾਲੀਆਂ, ਸਾਫ਼ ਊਰਜਾ, ਵੈਕਸੀਨ ਅਤੇ ਪੁਲਾੜ ਸੰਚਾਰ ਤੱਕ ਸੁਰੱਖਿਅਤ ਪਹੁੰਚ ਬਾਰੇ ਚਰਚਾ ਕੀਤੀ ਗਈ ਹੈ। ਦੋਵੇਂ ਦੇਸ਼ ਸਾਂਝਾ ਪੁਲਾੜ ਅਤੇ ਰੱਖਿਆ ਢਾਂਚਾ ਤਿਆਰ ਕਰਨਗੇ। ਇੱਕ ਸਾਂਝੇ ਬਿਆਨ ਵਿੱਚ, ਆਰਥਿਕ ਵਿਕਾਸ, ਊਰਜਾ ਬਦਲਾਅ ਅਤੇ ਜਲਵਾਯੂ ਸੁਰੱਖਿਆ ਵਿੱਚ ਖੇਤਰੀ ਕਮਿਸ਼ਨ ਦਾ ਕੰਮ ਵਧਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ, ਵਪਾਰਕ ਭਾਈਚਾਰੇ ਨੂੰ ਨੇੜੇ ਲਿਆਉਣ ਲਈ ਦੋਵਾਂ ਦੇਸ਼ਾਂ ਦੇ ਚੈਂਬਰਜ਼ ਆਫ਼ ਕਾਮਰਸ ਵਿਚਾਲੇ ਰਣਨੀਤਕ ਭਾਈਵਾਲੀ ਬਣਾਈ ਜਾਵੇਗੀ। ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦਰਮਿਆਨ ਯੂਰਪ ਨਾਲ ਨੇੜਤਾ ਵਧਾਉਣ ਲਈ ਕੈਨੇਡਾ ਵੱਲੋਂ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਸ ਫਰਾਂਸੀਸੀ ਖੇਤਰ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਸੀ। ਇਹ ਮੁਲਾਕਾਤ ਉਸ ਤੋਂ ਚਾਰ ਦਿਨ ਬਾਅਦ ਹੋਈ ਜਦੋਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਨੇ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ਸਹਿਯੋਗੀ ਮੈਂਬਰ ਬਣਨ ਦਾ ਸੱਦਾ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰਸਤਾਵ ਨੂੰ ਹਾਸੋਹੀਣਾ ਦੱਸਦਿਆਂ ਕਿਹਾ ਕਿ ਇਸ ਨਾਲ ਯੂਰਪ ‘ਤੇ ਭਾਰੀ ਟੈਰਿਫ ਲਗਾਏ ਜਾ ਸਕਦੇ ਹਨ। ਕਾਰਨੀ ਨੇ ਯੂਰਪੀਅਨ ਸੰਸਦ ਵਿੱਚ ਕਿਹਾ ਕਿ ਉਹ ਕਿਸੇ ਨਵੇਂ ਵਿਰੋਧੀ ਧੜੇ ਦੀ ਰਚਨਾ ਨਹੀਂ ਕਰ ਰਹੇ, ਸਗੋਂ ਖੁੱਲ੍ਹੇ ਬਾਜ਼ਾਰਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਮੁਕਤੀ ਲਈ ਲੜਨ ਵਾਲੇ 529 ਫ੍ਰੈਂਚ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਲ 1941 ਦਾ ਇਹ ਇਤਿਹਾਸ ਕੈਨੇਡਾ ਲਈ ਵੀ ਅਹਿਮ ਹੈ, ਜਦੋਂ ਕੈਨੇਡਾ ਨੇ ਅਮਰੀਕੀ ਦਬਾਅ ਦੇ ਬਾਵਜੂਦ ਇਨ੍ਹਾਂ ਟਾਪੂਆਂ ‘ਤੇ ਕਬਜ਼ਾ ਕਰਨ ਦੀ ਬਜਾਏ ਫਰਾਂਸੀਸੀ ਜਲ ਸੈਨਾ ਦਾ ਸਾਥ ਦਿੱਤਾ ਸੀ। ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਯੂਰਪ ਭਵਿੱਖ ਲਈ ਇੱਕ ਅਜਿਹਾ ਗਠਜੋੜ ਬਣਾਉਣਗੇ ਜੋ ਸਾਡੀ ਸਾਂਝੀ ਤਾਕਤ ਨੂੰ ਵਧਾਏਗਾ। ਦੌਰੇ ਤੋਂ ਤੁਰੰਤ ਬਾਅਦ ਕਾਰਨੀ ਨੋਰਵੇ ਦੇ ਪ੍ਰਧਾਨ ਮੰਤਰੀ ਨਾਲ ਭਵਿੱਖ ਦੀਆਂ ਭਾਈਵਾਲੀਆਂ ਬਾਰੇ ਗੱਲਬਾਤ ਕਰਨ ਲਈ ਓਟਾਵਾ ਪਰਤ ਆਏ। ਨੋਰਵੇ ਦਾ ਪ੍ਰਭੂਸੱਤਾ ਫੰਡ ਅਮਰੀਕੀ ਸਰਕਾਰੀ ਬਾਂਡਾਂ ‘ਤੇ ਆਪਣੀ ਨਿਰਭਰਤਾ ਘਟਾਉਣ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਨਾਲ ਆਰਥਿਕ ਸੰਬੰਧ ਵਿਗੜਨ ਕਾਰਨ ਕੈਨੇਡਾ ਯੂਰਪ ਨਾਲ ਲਗਾਤਾਰ ਸਮਝੌਤੇ ਕਰ ਰਿਹਾ ਹੈ। ਦਸੰਬਰ ਵਿੱਚ ਕੈਨੇਡਾ ਯੂਰਪੀਅਨ ਰੱਖਿਆ ਖਰੀਦ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਗੈਰ-ਯੂਰਪੀਅਨ ਦੇਸ਼ ਬਣਿਆ ਸੀ। ਇਸ ਤੋਂ ਇਲਾਵਾ, ਕੈਨੇਡਾ ਨੂੰ ‘ਡਿਫੈਂਸ ਐਂਡ ਸਕਿਓਰਿਟੀ ਰਿਜ਼ੀਲੀਅੰਸ ਬੈਂਕ’ ਦੇ ਨਵੇਂ ਹੈੱਡਕੁਆਰਟਰ ਵਜੋਂ ਚੁਣਿਆ ਗਿਆ ਹੈ, ਅਤੇ ਅਗਲੇ ਸਾਲ ਕੈਨੇਡੀਅਨ ਸੰਗੀਤਕਾਰਾਂ ਨੂੰ ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਵੱਡੇ ਗਾਇਕੀ ਮੁਕਾਬਲੇ ‘ਯੂਰੋਵਿਜ਼ਨ’ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ।
ਫੈਡਰਲ ਸਰਕਾਰ ਇਸ ਹਫ਼ਤੇ ਸੰਸਦ ਦੇ ਪੱਤਝੜ ਸੈਸ਼ਨ ਦੀ ਸ਼ੁਰੂਆਤ ਨਾਲ ਦੇਸ਼ ਦੇ ਲੇਬਰ ਕੋਡ ਵਿੱਚ ਵੱਡੇ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤਹਿਤ ਪੇਸ਼ ਕੀਤੇ ਜਾਣ ਵਾਲੇ ਪਹਿਲੇ ਬਿਲਾਂ ਵਿੱਚੋਂ ਇੱਕ, ਹੜਤਾਲਾਂ ਅਤੇ ਤਾਲਾਬੰਦੀਆਂ ਵਿੱਚ ਸਰਕਾਰ ਦੇ ਦਖਲ ਦੇਣ ਦੇ ਅਧਿਕਾਰਾਂ ਵਿੱਚ ਬਦਲਾਅ ਕਰੇਗਾ। ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਮਕਸਦ ਹੜਤਾਲ ਦੇ ਅਧਿਕਾਰ ਨੂੰ ਰੋਕਣਾ ਨਹੀਂ, ਸਗੋਂ ਸਮੂਹਿਕ ਸਮਝੌਤਿਆਂ ਨੂੰ ਆਸਾਨ ਬਣਾਉਣਾ ਹੈ। ਇਹ ਬਦਲਾਅ ਲੇਬਰ ਕੋਡ ਦੀ ਧਾਰਾ 107 ਨਾਲ ਸਬੰਧਤ ਹੋ ਸਕਦਾ ਹੈ, ਜਿਸਦੀ ਵਰਤੋਂ ਪਿਛਲੇ ਸਮੇਂ ਵਿੱਚ ਅਹਿਮ ਉਦਯੋਗਾਂ ਵਿੱਚ ਕੰਮ ਰੋਕਣ ਵਾਲੀਆਂ ਹੜਤਾਲਾਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਸੀ। ਲੇਬਰ ਮੰਤਰੀ ਪੈਟੀ ਹਾਜਦੂ ਅਨੁਸਾਰ ਸਰਕਾਰ ਦਾ ਮਕਸਦ ਅਜਿਹੇ ਮੌਕਿਆਂ ਨੂੰ ਘਟਾਉਣਾ ਹੈ ਜਿੱਥੇ ਸਰਕਾਰ ਨੂੰ ਮਾਲਕਾਂ ਅਤੇ ਯੂਨੀਅਨਾਂ ਦੇ ਮਸਲੇ ਹੱਲ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਦੂਜੇ ਪਾਸੇ, ਕੈਨੇਡੀਅਨ ਲੇਬਰ ਕਾਂਗਰਸ ਨੇ ਕਿਹਾ ਕਿ ਹੜਤਾਲ ਦਾ ਅਧਿਕਾਰ ਖੋਹਣ ਵਾਲਾ ਕੋਈ ਵੀ ਕਾਨੂੰਨ ਮਜ਼ਦੂਰਾਂ ਦੀ ਤਾਕਤ ਨੂੰ ਕਮਜ਼ੋਰ ਕਰੇਗਾ। ਮੰਤਰੀਆਂ ਵਲੋਂ ਅੱਜ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ, ਜਿੱਥੇ ਦੇਸ਼ ਨੂੰ ਮਜ਼ਬੂਤ ਬਣਾਉਣ ਵਾਲੇ ਨਵੇਂ ਕਾਨੂੰਨਾਂ ਬਾਰੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ “ਬਿਲਡਿੰਗ ਕੈਨੇਡਾ ਸਟ੍ਰੌਂਗ ਐਕਟ” ਨਾਲ ਨਵੇਂ ਸੰਘੀ ਪ੍ਰੋਜੈਕਟਾਂ ਦੀ ਮਨਜ਼ੂਰੀ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਇਸ ਤੋਂ ਇਲਾਵਾ, ਆਉਣ ਵਾਲੇ ਮਹੀਨਿਆਂ ਵਿੱਚ ਸਰਕਾਰ ਦਾ ਦੂਜਾ ਬਜਟ ਵੀ ਪੇਸ਼ ਕੀਤਾ ਜਾਵੇਗਾ। ਸੰਸਦ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੌਟਸ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਨ ਵਾਲੇ ਬਿਲ ‘ਤੇ ਵੀ ਚਰਚਾ ਹੋਵੇਗੀ। ਇਸ ਤੋਂ ਇਲਾਵਾ, ਅਮਰੀਕਾ ਨਾਲ ਰੱਦ ਹੋਈਆਂ ਵਪਾਰਕ ਵਾਰਤਾਵਾਂ ਅਤੇ ਯੂਰਪੀਅਨ ਯੂਨੀਅਨ ਨਾਲ ਪ੍ਰਸਤਾਵਿਤ ਗੱਠਜੋੜ ‘ਤੇ ਵੀ ਵਿਰੋਧੀ ਧਿਰ ਦੇ ਨੇਤਾ ਪਿਅਰੇ ਪੋਇਲੀਏਵਰ ਵਲੋਂ ਸਰਕਾਰ ਤੋਂ ਜਵਾਬ ਮੰਗੇ ਜਾਣ ਦੀ ਉਮੀਦ ਹੈ। ਨਾਲ ਹੀ, ਕੁਝ ਸੀਟਾਂ ਖਾਲੀ ਹੋਣ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਜ਼ਿਮਨੀ ਚੋਣਾਂ ਦੀ ਤਿਆਰੀ ਵੀ ਚੱਲ ਰਹੀ ਹੈ।
ਇੰਟਰਨੈਸ਼ਨਲ ਲੈਂਗੂਏਜ ਅਕੈਡਮੀ ਆਫ਼ ਕੈਨੇਡਾ ਅਨੁਸਾਰ ਉਸ ਨੇ ਦਿਵਾਲੀਆ ਪ੍ਰੋਟੈਕਸ਼ਨ ਲਈ ਅਰਜ਼ੀ ਦਿੱਤੀ ਹੈ ਅਤੇ ਆਪਣੀਆਂ ਸਾਰੀਆਂ ਕਲਾਸਾਂ ਅਤੇ ਕੋਰਸ ਰੱਦ ਕਰ ਦਿੱਤੇ ਹਨ। ਇਸ ਨਿੱਜੀ ਲੈਂਗੂਏਜ ਸਕੂਲ, ਜਿਸ ਨੂੰ ਆਈਲੈਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਆਪਣੀ ਵੈੱਬਸਾਈਟ ‘ਤੇ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਖੇਤਰ ਵਿੱਚ ਆਈਆਂ ਸਰਕਾਰੀ ਅਤੇ ਨਿਯਮਾਂ ਨਾਲ ਜੁੜੀਆਂ ਵੱਡੀਆਂ ਚੁਣੌਤੀਆਂ ਕਾਰਨ ਸਕੂਲ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਸਕੂਲ ਨੂੰ ਚਲਾਉਣ ਲਈ ਲੋੜੀਂਦੇ ਸਾਧਨ ਜੁਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ, ਪਰ ਹੁਣ ਇਸ ਨੂੰ ਅੱਗੇ ਚਲਾਉਣਾ ਸੰਭਵ ਨਹੀਂ ਰਿਹਾ। ਇਸ ਸਕੂਲ ਦੇ ਕੈਂਪਸ ਵੈਨਕੂਵਰ ਅਤੇ ਟੋਰਾਂਟੋ ਵਿੱਚ ਸਨ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ, ਕਰਮਚਾਰੀਆਂ ਅਤੇ ਭਾਈਵਾਲਾਂ ‘ਤੇ ਪੈਣ ਵਾਲੇ ਮਾੜੇ ਅਸਰ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ। ਸ਼ੁੱਕਰਵਾਰ ਨੂੰ ਦਿਵਾਲੀਆਪਨ ਦੀ ਅਰਜ਼ੀ ਦਾਖਲ ਕੀਤੀ ਗਈ ਸੀ। ਕਾਰਵਾਈ ਨੂੰ ਸੰਭਾਲਣ ਲਈ ‘KPMG Inc.’ ਨੂੰ ਲਾਇਸੰਸਸ਼ੁਦਾ ਟਰੱਸਟੀ ਨਿਯੁਕਤ ਕੀਤਾ ਗਿਆ ਹੈ, ਅਤੇ ਇਸ ਬਾਰੇ ਹੋਰ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ। ਸਕੂਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਖ਼ਬਰ ਨਾਲ ਸਾਡੇ ਭਾਈਚਾਰੇ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦਾ ਸਾਨੂੰ ਡੂੰਘਾ ਦੁੱਖ ਹੈ। ਵੈੱਬਸਾਈਟ ‘ਤੇ ਜਾਰੀ ਇੱਕ ਹੋਰ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਈਲੈਕ 30 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣਾ ਕਰੀਅਰ ਬਣਾਉਣ ਵਿੱਚ ਮਦਦ ਕੀਤੀ ਹੈ। ਮੌਜੂਦਾ ਕੋਰਸਾਂ, ਵਿਦਿਆਰਥੀ ਸੇਵਾਵਾਂ ਅਤੇ ਅਗਲੇ ਕਦਮਾਂ ਬਾਰੇ ਜਾਣਕਾਰੀ ਪ੍ਰਭਾਵਿਤ ਲੋਕਾਂ ਨੂੰ ਸਿੱਧੇ ਤੌਰ ‘ਤੇ ਦਿੱਤੀ ਜਾਵੇਗੀ ਅਤੇ ਜਿਵੇਂ-ਜਿਵੇਂ ਨਵੀਂ ਜਾਣਕਾਰੀ ਮਿਲੇਗੀ, ਵੈੱਬਸਾਈਟ ‘ਤੇ ਅਪਡੇਟ ਕਰ ਦਿੱਤੀ ਜਾਵੇਗੀ।
Filed under

