● On air now · ਟੀਵੀ ਪੰਜਾਬ

Punjabi News · Since 2013

Breaking

ਫਰਜ਼ੀ ਵਿਆਹ ਵਾਲਿਆਂ ‘ਤੇ ਸ਼ਿਕੰਜਾ! ਸ਼ਰਨ ਮਿਲਣੀ ਔਖੀ! CANADA NEWS BULLETIN

VANCOUVER:  ਕੈਨੇਡਾ ਵਿੱਚ ਸ਼ਰਨ ਲੈਣ ਦੇ ਇੱਛੁਕ ਲੋਕਾਂ ਲਈ ਹੁਣ ਰਸਤਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ। ਮਾਰਚ 2026 ਵਿੱਚ ‘ਬਿੱਲ ਸੀ-12’ ਲਾਗੂ ਹੋਣ ਤੋਂ ਬਾਅਦ ਫੈਡਰਲ ਸਰਕਾਰ ਨੇ ਸ਼ਰਨਾਰਥੀ ਪ੍ਰਣਾਲੀ ਦੇ ਨਿਯਮਾਂ ਵਿੱਚ ਵੱਡੀਆਂ ਅਤੇ ਸਖ਼ਤ ਤਬਦੀਲੀਆਂ ਕੀਤੀਆਂ ਹਨ। ਇਸ…


VANCOUVER:  ਕੈਨੇਡਾ ਵਿੱਚ ਸ਼ਰਨ ਲੈਣ ਦੇ ਇੱਛੁਕ ਲੋਕਾਂ ਲਈ ਹੁਣ ਰਸਤਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ। ਮਾਰਚ 2026 ਵਿੱਚ ‘ਬਿੱਲ ਸੀ-12’ ਲਾਗੂ ਹੋਣ ਤੋਂ ਬਾਅਦ ਫੈਡਰਲ ਸਰਕਾਰ ਨੇ ਸ਼ਰਨਾਰਥੀ ਪ੍ਰਣਾਲੀ ਦੇ ਨਿਯਮਾਂ ਵਿੱਚ ਵੱਡੀਆਂ ਅਤੇ ਸਖ਼ਤ ਤਬਦੀਲੀਆਂ ਕੀਤੀਆਂ ਹਨ। ਇਸ ਦਾ ਮੁੱਖ ਮਕਸਦ ਇਮੀਗ੍ਰੇਸ਼ਨ ਸਿਸਟਮ ‘ਤੇ ਵਧਦੇ ਦਬਾਅ ਨੂੰ ਘਟਾਉਣਾ ਅਤੇ ਸ਼ਰਨਾਰਥੀ ਨਿਯਮਾਂ ਦੀ ਗਲਤ ਵਰਤੋਂ ਨੂੰ ਰੋਕਣਾ ਹੈ। ਇਹ ਮੁੱਦਾ ਉਦੋਂ ਹੋਰ ਚਰਚਾ ਵਿੱਚ ਆਇਆ ਜਦੋਂ ਜਲੰਧਰ ਨਾਲ ਸਬੰਧਤ ਇੱਕ ਪਰਿਵਾਰ ਨੂੰ, ਜੋ ਲਗਭਗ ਅੱਠ ਸਾਲ ਕੈਨੇਡਾ ਵਿੱਚ ਰਿਹਾ, ਸ਼ਰਨ ਦਾ ਦਾਅਵਾ ਰੱਦ ਹੋਣ ਤੋਂ ਬਾਅਦ ਵਾਪਸ ਭਾਰਤ ਪਰਤਣਾ ਪਿਆ। ਨਵੇਂ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ 24 ਜੂਨ 2020 ਤੋਂ ਬਾਅਦ ਕੈਨੇਡਾ ਆਇਆ ਹੈ ਅਤੇ ਉਹ ਇੱਕ ਸਾਲ ਤੋਂ ਵੱਧ ਸਮਾਂ ਰਹਿਣ ਤੋਂ ਬਾਅਦ ਸ਼ਰਨ ਦਾ ਦਾਅਵਾ ਕਰਦਾ ਹੈ, ਤਾਂ ਉਸ ਦਾ ਕੇਸ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਕੋਲ ਸੁਣਵਾਈ ਲਈ ਨਹੀਂ ਭੇਜਿਆ ਜਾਵੇਗਾ। ਜੋ ਲੋਕ ਕੈਨੇਡਾ-ਅਮਰੀਕਾ ਜ਼ਮੀਨੀ ਸਰਹੱਦ ਦੇ ਅਧਿਕਾਰਤ ਲਾਂਘੇ ਤੋਂ ਬਿਨਾਂ ਕੈਨੇਡਾ ਵਿੱਚ ਦਾਖ਼ਲ ਹੁੰਦੇ ਹਨ, ਉਹ 14 ਦਿਨਾਂ ਤੋਂ ਬਾਅਦ ਸ਼ਰਨ ਦਾ ਦਾਅਵਾ ਨਹੀਂ ਕਰ ਸਕਣਗੇ।  ਸਰਕਾਰੀ ਅੰਕੜਿਆਂ ਮੁਤਾਬਕ ਭਾਰਤੀ ਨਾਗਰਿਕਾਂ ਵੱਲੋਂ ਸ਼ਰਨ ਦੇ ਦਾਅਵੇ ਪ੍ਰਵਾਨ ਹੋਣ ਦੀ ਦਰ ਵਿੱਚ ਭਾਰੀ ਗਿਰਾਵਟ ਆਈ ਹੈ। ਸਾਲ 2022-23 ਵਿੱਚ ਭਾਰਤੀਆਂ ਦੇ 48% ਕੇਸ ਮਨਜ਼ੂਰ ਹੁੰਦੇ ਸਨ। ਸਾਲ 2024-25 ਵਿੱਚ ਇਹ ਘਟ ਕੇ 26% ਰਹਿ ਗਏ। ਸਾਲ 2025-26 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਇਹ ਦਰ ਸਿਰਫ਼ 25 ਫੀਸਦੀ ਰਹਿ ਗਈ ਹੈ, ਜਦਕਿ ਬਾਕੀ ਦੁਨੀਆ ਲਈ ਇਹ ਔਸਤ 63 ਫੀਸਦੀ ਹੈ। ਜਨਵਰੀ ਤੋਂ ਜੂਨ 2026 ਦਰਮਿਆਨ ਭਾਰਤ ਨਾਲ ਜੁੜੇ ਕੁੱਲ 6,804 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਸਿਰਫ਼ 902 ਮਨਜ਼ੂਰ ਹੋਏ, 1,379 ਰੱਦ ਹੋਏ, ਅਤੇ ਬਾਕੀ ਵਾਪਸ ਲਏ ਗਏ ਜਾਂ ਅੱਗੇ ਨਹੀਂ ਵਧੇ। 30 ਜੂਨ 2026 ਤੱਕ IRB ਕੋਲ ਕੁੱਲ 2,76,099 ਕੇਸ ਪੈਂਡਿੰਗ ਪਏ ਹਨ, ਜੋ ਦਰਸਾਉਂਦਾ ਹੈ ਕਿ ਸਿਸਟਮ ‘ਤੇ ਅਜੇ ਵੀ ਬਹੁਤ ਬੈਕਲੌਗ ਹੈ। ਇਮੀਗ੍ਰੇਸ਼ਨ ਵਕੀਲ ਹੈਰੀ ਵਿਰਕ ਦਾ ਕਹਿਣਾ ਹੈ ਕਿ ਇਹ ਨਿਯਮ ਅਸਥਾਈ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਅਸਾਇਲਮ ਸਿਸਟਮ ਨੂੰ ਪੱਕੇ ਹੋਣ ਦੇ ਸ਼ਾਰਟਕਟ ਵਜੋਂ ਵਰਤਣ ਤੋਂ ਰੋਕਣ ਲਈ ਬਣਾਏ ਗਏ ਹਨ। ਹਾਲਾਂਕਿ, ਜਿਨ੍ਹਾਂ ਦੇ ਦਾਅਵੇ ਰੱਦ ਹੁੰਦੇ ਹਨ, ਉਨ੍ਹਾਂ ਲਈ ਕੁੱਝ ਖਾਸ ਹਾਲਾਤਾਂ ਵਿੱਚ ‘ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ’ ਦਾ ਰਾਹ ਖੁੱਲ੍ਹਾ ਰਹਿੰਦਾ ਹੈ, ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਵਾਪਸ ਜਾਣ ‘ਤੇ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਤਾਂ ਨਹੀਂ। ਦੂਜੇ ਪਾਸੇ, ‘ਬਿੱਲ ਸੀ-12’ ਦੀ ਸੰਵਿਧਾਨਕ ਵੈਧਤਾ ਨੂੰ ਕੈਨੇਡਾ ਦੀ ਫੈਡਰਲ ਕੋਰਟ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ। ਅਦਾਲਤ ਇਹ ਦੇਖ ਰਹੀ ਹੈ ਕਿ ਕੀ ਇਹ ਕਾਨੂੰਨ ਉਨ੍ਹਾਂ ਲੋਕਾਂ ਨਾਲ ਅਨਿਆਂ ਕਰਦਾ ਹੈ ਜਿਨ੍ਹਾਂ ਦੇ ਨਿੱਜੀ ਹਾਲਾਤ ਜਾਂ ਦੇਸ਼ ਦੇ ਹਾਲਾਤ ਬਾਅਦ ਵਿੱਚ ਬਦਲ ਗਏ ਸਨ।

ਇਮੀਗ੍ਰੇਸ਼ਨ ਅਥਾਰਟੀ ਨੇ ਵੀਜ਼ਾ ਅਰਜ਼ੀਆਂ ਦੀ ਸਖ਼ਤ ਜਾਂਚ ਦੇ ਮੱਦੇਨਜ਼ਰ ਫਰਜ਼ੀ ਵਿਆਹਾਂ ਵਿਰੁੱਧ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ‘ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ’ ਨੇ ਆਪਣੇ ਨਾਗਰਿਕਾਂ, ਪੱਕੇ ਰਿਹਾਇਸ਼ੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਸਿਰਫ਼ ਵੀਜ਼ਾ ਪ੍ਰਾਪਤ ਕਰਨ ਦੇ ਮਕਸਦ ਨਾਲ ਬਣਾਏ ਗਏ ਝੂਠੇ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਨਤੀਜੇ ਭੁਗਤਣੇ ਪੈ ਸਕਦੇ ਹਨ। IRCC ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਸਿਰਫ਼ ਕੈਨੇਡਾ ਦੇ ਵੀਜ਼ੇ ਲਈ ਕੀਤੇ ਜਾਣ ਵਾਲੇ ਵਿਆਹਾਂ ਜਾਂ ਰਿਸ਼ਤਿਆਂ ਨੂੰ “ਸਹੂਲਤ ਦੇ ਰਿਸ਼ਤੇ” ਮੰਨਿਆ ਜਾਂਦਾ ਹੈ। ਵਿਭਾਗ ਨੇ ਕੈਨੇਡੀਅਨ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ, ਖਾਸ ਕਰਕੇ ਉਦੋਂ ਜਦੋਂ ਉਹ ਵਿਅਕਤੀ ਹੁਣੇ ਹੀ ਮਿਲਿਆ ਹੋਵੇ, ਜਲਦਬਾਜ਼ੀ ਵਿੱਚ ਵਿਆਹ ਦਾ ਦਬਾਅ ਪਾ ਰਿਹਾ ਹੋਵੇ, ਜਾਂ ਉਸ ਦੇ ਪਹਿਲਾਂ ਵੀ ਕਈ ਵਿਆਹ ਜਾਂ ਰਿਸ਼ਤੇ ਰਹਿ ਚੁੱਕੇ ਹੋਣ। ਇਸ ਤੋਂ ਇਲਾਵਾ, ਜੇਕਰ ਸਾਥੀ ਆਪਣੇ ਪਰਿਵਾਰਕ ਪਿਛੋਕੜ ਜਾਂ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੈ, ਤਾਂ ਵੀ ਸੁਚੇਤ ਰਹਿਣ ਦੀ ਲੋੜ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਅਜਿਹੀਆਂ ਧੋਖਾਧੜੀ ਵਾਲੀਆਂ ਅਰਜ਼ੀਆਂ ਨੂੰ ਫੜਨ ਲਈ ਵਿਸ਼ੇਸ਼ ਸਿਖਲਾਈ ਅਤੇ ਕਈ ਸਾਧਨ ਹਨ, ਜਿਵੇਂ ਕਿ ਦਸਤਾਵੇਜ਼ਾਂ ਦੀ ਜਾਂਚ ਅਤੇ ਇੰਟਰਵਿਊ। ਜੇਕਰ ਕੋਈ ਕੈਨੇਡੀਅਨ ਨਾਗਰਿਕ ਜਾਂ PR ਧਾਰਕ ਇਮੀਗ੍ਰੇਸ਼ਨ ਲਈ ਅਜਿਹੇ ਝੂਠੇ ਰਿਸ਼ਤੇ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ‘ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਹ ਚੇਤਾਵਨੀ ਪੰਜਾਬ ਵਿੱਚ ਸਾਹਮਣੇ ਆ ਰਹੇ “ਕੰਟਰੈਕਟ ਮੈਰਿਜ” ਅਤੇ ਠੱਗੀ ਦੇ ਮਾਮਲਿਆਂ ਦੇ ਸੰਦਰਭ ਵਿੱਚ ਵੀ ਅਹਿਮ ਹੈ। ਅਕਸਰ ਦੇਖਿਆ ਗਿਆ ਹੈ ਕਿ ਆਈਲੈਟਸ ਵਿੱਚ ਘੱਟ ਸਕੋਰ ਵਾਲੇ ਲੜਕੇ, ਵੱਧ ਸਕੋਰ ਵਾਲੀਆਂ ਲੜਕੀਆਂ ਦੀ ਪੜ੍ਹਾਈ ਅਤੇ ਕੈਨੇਡਾ ਜਾਣ ਦਾ ਖਰਚਾ ਚੁੱਕਦੇ ਹਨ ਤਾਂ ਜੋ ਬਾਅਦ ਵਿੱਚ ਉਹ ਸਪਾਊਸ ਵੀਜ਼ੇ ‘ਤੇ ਕੈਨੇਡਾ ਪਹੁੰਚ ਸਕਣ। ਪਰ ਕੈਨੇਡਾ ਪਹੁੰਚ ਕੇ ਕਈ ਵਾਰ ਲੜਕੀਆਂ ਰਿਸ਼ਤਾ ਤੋੜ ਲੈਂਦੀਆਂ ਹਨ, ਜਿਸ ਨਾਲ ਭਾਰਤ ਵਿੱਚ ਪੁਲਿਸ ਕੇਸ ਅਤੇ ਕਾਨੂੰਨੀ ਵਿਵਾਦ ਖੜ੍ਹੇ ਹੁੰਦੇ ਹਨ। ਕੈਨੇਡਾ ਸਰਕਾਰ ਨੇ ਅਸਥਾਈ ਰਿਹਾਇਸ਼ੀਆਂ ਅਤੇ ਸਟੂਡੈਂਟ ਵੀਜ਼ਾ ਅਰਜ਼ੀਆਂ ਦੀ ਵੀ ਸਖ਼ਤੀ ਨਾਲ ਜਾਂਚ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ, IRCC ਨੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਵਿੱਚ ਆਪਣਾ ਸਟੇਟਸ ਬਣਾਏ ਰੱਖਣ ਲਈ ਉਨ੍ਹਾਂ ਨੂੰ ਕਿਸੇ ਵੀ ਜ਼ੁਲਮ ਜਾਂ ਸ਼ੋਸ਼ਣ ਵਾਲੇ ਰਿਸ਼ਤੇ ਵਿੱਚ ਰਹਿਣ ਦੀ ਲੋੜ ਨਹੀਂ ਹੈ। ਪੀੜਤ ਵਿਅਕਤੀ ਮਦਦ ਪ੍ਰਾਪਤ ਕਰ ਸਕਦੇ ਹਨ ਅਤੇ ਅਜਿਹੇ ਮਾੜੇ ਰਿਸ਼ਤੇ ਨੂੰ ਛੱਡ ਕੇ ਵੀ ਆਪਣਾ ਇਮੀਗ੍ਰੇਸ਼ਨ ਸਟੇਟਸ ਬਰਕਰਾਰ ਰੱਖ ਸਕਦੇ ਹਨ।

ਸਾਲ 1985 ਦੇ ਏਅਰ ਇੰਡੀਆ ਫਲਾਈਟ 182 ਕਨਿਸ਼ਕ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕੈਨੇਡੀਅਨ ਪੁਲਿਸ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਕੋਲ ਜਾਂਚ ਲਈ ਅੱਗੇ ਕੋਈ ਸੁਰਾਗ ਨਹੀਂ ਬਚਿਆ ਹੈ। ਪੁਲਿਸ ਅਨੁਸਾਰ ਇਹ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਹੁਣ ਲਗਭਗ ਬੰਦ ਹੋਣ ਦੀ ਕਾਗਾਰ ‘ਤੇ ਹੈ। 12 ਸਤੰਬਰ ਨੂੰ ਟੋਰਾਂਟੋ ਵਿੱਚ ਹੋਈ ਇੱਕ ਬੈਠਕ ਦੌਰਾਨ ਪੁਲਿਸ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨੂੰ ਦੱਸਿਆ ਕਿ ਸਾਰੇ ਸਬੂਤਾਂ ਅਤੇ ਦਿਸ਼ਾਵਾਂ ‘ਤੇ ਕੰਮ ਕੀਤਾ ਜਾ ਚੁੱਕਾ ਹੈ ਅਤੇ ਹੁਣ ਜਾਂਚ ਨੂੰ ਅੱਗੇ ਵਧਾਉਣ ਲਈ ਕੋਈ ਨਵਾਂ ਸੁਚੱਜਾ ਰਾਹ ਨਹੀਂ ਬਚਿਆ। 41 ਸਾਲਾਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਪਰਿਵਾਰਾਂ ਲਈ ਇਹ ਖ਼ਬਰ ਬਹੁਤ ਦੁਖਦਾਈ ਹੈ। ਪਰਿਵਾਰਕ ਮੈਂਬਰਾਂ ਨੇ ਇਸ ਫੈਸਲੇ ਨੂੰ ਆਪਣੀਆਂ ਭਾਵਨਾਵਾਂ ‘ਤੇ ਇੱਕ ਗੰਭੀਰ ਸੱਟ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਤਰ੍ਹਾਂ ਮਾਮਲੇ ਨੂੰ ਵਿਚਾਲੇ ਛੱਡ ਕੇ ਜਾਂਚ ਨੂੰ ਰੋਕ ਨਹੀਂ ਸਕਦੀ। ਕੈਨੇਡਾ ਵਿੱਚ ਰਹਿੰਦੇ ਕੁਝ ਪੀੜਤ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ ਅਤੇ ਇਸ ਫੈਸਲੇ ਨੂੰ ਭਰੋਸੇ ਦੀ ਤੋੜ ਦੱਸਿਆ ਹੈ। ਦੂਜੇ ਪਾਸੇ, RCMP ਨੇ ਸਪੱਸ਼ਟ ਕੀਤਾ ਹੈ ਕਿ ਮਾਮਲਾ ਅਧਿਕਾਰਤ ਤੌਰ ‘ਤੇ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ ਹੈ। ਜੇਕਰ ਭਵਿੱਖ ਵਿੱਚ ਕੋਈ ਵੀ ਨਵੀਂ ਜਾਂ ਪੁਖ਼ਤਾ ਜਾਣਕਾਰੀ ਸਾਹਮਣੇ ਆਉਂਦੀ ਹੈ, ਤਾਂ ਉਸ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ। ਪਰ ਫਿਲਹਾਲ ਪੁਲਿਸ ਕੋਲ ਕੋਈ ਸ਼ੱਕੀ ਵਿਅਕਤੀ ਜਾਂ ਨਵਾਂ ਸੁਰਾਗ ਨਹੀਂ ਹੈ। 23 ਜੂਨ 1985 ਨੂੰ ਟੋਰਾਂਟੋ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਸੀ। ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਿਰਫ਼ ਇੱਕ ਹੀ ਵਿਅਕਤੀ, ਇੰਦਰਜੀਤ ਸਿੰਘ ਰਿਆਤ, ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਸਕਿਆ ਸੀ, ਜਿਸ ਨੂੰ 30 ਸਾਲ ਦੀ ਸਜ਼ਾ ਤੋਂ ਬਾਅਦ 2016 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਪਰਿਵਾਰਾਂ ਲਈ ਇਹ ਫੈਸਲਾ ਇੱਕ ਹੋਰ ਵੱਡੀ ਨਿਰਾਸ਼ਾ ਲੈ ਕੇ ਆਇਆ ਹੈ।

ਸਕਾਰਬੋਰੋ ਸ਼ਹਿਰ ਵਿੱਚ ਇੱਕ ਹਸਪਤਾਲ ਦੇ ਬਾਹਰ ਗੋਲੀਬਾਰੀ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ ਇੱਕ ਬਜ਼ੁਰਗ ਮਰਦ ਅਤੇ ਔਰਤ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 70 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਦੋਵੇਂ ਪਤੀ-ਪਤਨੀ ਮੰਨੇ ਜਾ ਰਹੇ ਹਨ। ਇਹ ਘਟਨਾ ਦੁਪਹਿਰ ਲਗਭਗ 12:30 ਵਜੇ ਵਾਰਡਨ ਅਤੇ ਸੈਂਟ ਕਲੇਅਰ ਐਵੇਨਿਊ ਨੇੜੇ ਸਥਿਤ ‘ਪ੍ਰੋਵਿਡੈਂਸ ਹੈਲਥਕੇਅਰ’ ਹਸਪਤਾਲ ਦੀ ਪਾਰਕਿੰਗ ਵਿੱਚ ਵਾਪਰੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੋਵੇਂ ਜਣੇ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਪਾਏ ਗਏ। ਡਾਕਟਰਾਂ ਵੱਲੋਂ ਉਨ੍ਹਾਂ ਦੀ ਜਾਨ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਟੋਰਾਂਟੋ ਪੁਲਿਸ ਦੇ ਸੀਨੀਅਰ ਅਧਿਕਾਰੀ ਸਕਾਰਟ ਸ਼ੱਟ ਨੇ ਘਟਨਾ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੀੜਤ ਪਰਿਵਾਰ ਲਈ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਇਸ ਘਟਨਾ ਦੇ ਸਮੇਂ ਆਸ-ਪਾਸ ਮੌਜੂਦ ਸਨ ਜਾਂ ਜਿਨ੍ਹਾਂ ਨੇ ਇਹ ਘਟਨਾ ਦੇਖੀ ਹੈ, ਉਹ ਮਾਨਸਿਕ ਸਹਾਰੇ ਅਤੇ ਮਦਦ ਲਈ ਅੱਗੇ ਆਉਣ, ਕਿਉਂਕਿ ਅਜਿਹੀਆਂ ਘਟਨਾਵਾਂ ਦਾ ਮਨ ‘ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ। ਅਧਿਕਾਰੀ ਨੇ ਸਾਫ਼ ਕੀਤਾ ਕਿ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਨੂੰ ਕਿਸੇ ਹੋਰ ਸ਼ੱਕੀ ਵਿਅਕਤੀ ਦੀ ਤਲਾਸ਼ ਨਹੀਂ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਆਪਸੀ ਗੋਲੀਬਾਰੀ ਦਾ ਹੋ ਸਕਦਾ ਹੈ। ਹੁਣ ਟੋਰਾਂਟੋ ਪੁਲਿਸ ਦੀ ਹੋਮੀਸਾਈਡ ਯੂਨਿਟ ਇਸ ਪੂਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦੂਜੇ ਪਾਸੇ, ਪ੍ਰੋਵਿਡੈਂਸ ਹੈਲਥਕੇਅਰ ਨੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਪਾਰਕਿੰਗ ਵਿੱਚ ਵਾਪਰੀ ਇਸ ਘਟਨਾ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਹਸਪਤਾਲ ਦਾ ਸੰਚਾਲਨ ਕਰਨ ਵਾਲੀ ਸੰਸਥਾ ‘ਯੂਨਿਟੀ ਹੈਲਥ ਟੋਰਾਂਟੋ’ ਨੇ ਮਰੀਜ਼ਾਂ ਅਤੇ ਆਉਣ ਵਾਲੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਹਸਪਤਾਲ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਸਪਤਾਲ ਵਿੱਚ ਸਾਰਾ ਕੰਮਕਾਜ ਆਮ ਵਾਂਗ ਚੱਲ ਰਿਹਾ ਹੈ ਅਤੇ ਅਗਲੇ ਦਿਨ ਲਈ ਤੈਅ ਕੀਤੀਆਂ ਗਈਆਂ ਸਾਰੀਆਂ ਡਾਕਟਰੀ ਮੁਲਾਕਾਤਾਂ ਆਪਣੇ ਸਮੇਂ ‘ਤੇ ਹੀ ਹੋਣਗੀਆਂ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਰਿਹਾਇਸ਼ ਦਾ ਖਰਚਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਹਾ ਹੈ। ਸਾਲ 2024 ਦੀ ਰਿਪੋਰਟ ਅਨੁਸਾਰ, ਕੈਨੇਡਾ ਦਾ ਲਗਭਗ ਹਰ ਚੌਥਾ ਪਰਿਵਾਰ ਅਜਿਹੇ ਘਰਾਂ ਵਿੱਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਚੁੱਕਣਾ ਉਨ੍ਹਾਂ ਲਈ ਔਖਾ ਹੋ ਰਿਹਾ ਹੈ। ਸਾਲ 2022 ਵਿੱਚ ਇਹ ਅੰਕੜਾ 22 ਫੀਸਦੀ ਸੀ। ਸਰਕਾਰੀ ਮਾਪਦੰਡਾਂ ਅਨੁਸਾਰ, ਅਜਿਹੇ ਘਰਾਂ ਨੂੰ ਅਸਮਰੱਥ ਜਾਂ ਮਹਿੰਗਾ ਮੰਨਿਆ ਜਾਂਦਾ ਹੈ ਜਿੱਥੇ ਪਰਿਵਾਰ ਆਪਣੀ ਕੁੱਲ ਕਮਾਈ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਕਿਰਾਏ ਜਾਂ ਕਿਸ਼ਤਾਂ ‘ਤੇ ਖਰਚ ਕਰਦਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਪਣਾ ਘਰ ਰੱਖਣ ਵਾਲੇ ਲੋਕਾਂ ਦੇ ਮੁਕਾਬਲੇ ਕਿਰਾਏ ‘ਤੇ ਰਹਿਣ ਵਾਲੇ ਲੋਕ ਮਹਿੰਗਾਈ ਦੀ ਮਾਰ ਹੇਠ ਜ਼ਿਆਦਾ ਹਨ। ਕੈਨੇਡਾ ਵਿੱਚ 36.6 ਫੀਸਦੀ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਘਰਾਂ ਲਈ ਬੈਂਕ ਤੋਂ ਲੋਨ ਲਿਆ ਹੋਇਆ ਹੈ, ਜਦਕਿ 27.8 ਫੀਸਦੀ ਲੋਕ ਬਿਨਾਂ ਕਿਸੇ ਲੋਨ ਦੇ ਆਪਣੇ ਘਰਾਂ ਵਿੱਚ ਰਹਿ ਰਹੇ ਹਨ। ਇਸ ਤੋਂ ਇਲਾਵਾ 31.3 ਫੀਸਦੀ ਲੋਕ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ। ਘਰਾਂ ਦੀਆਂ ਕਿਸ਼ਤਾਂ ਭਰਨ ਵਾਲੇ ਮਾਲਕਾਂ ਲਈ ਵੀ ਸਥਿਤੀ ਖਰਾਬ ਹੋਈ ਹੈ। 2024 ਵਿੱਚ ਅਜਿਹੇ 26.1 ਫੀਸਦੀ ਮਕਾਨ ਮਾਲਕਾਂ ਲਈ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ, ਜੋ ਕਿ 2022 ਵਿੱਚ 23.6 ਫੀਸਦੀ ਸੀ। ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਆਜ ਦਰਾਂ ਵਧਣ ਕਰਕੇ, ਜਦੋਂ ਲੋਕਾਂ ਨੇ 2024 ਵਿੱਚ ਆਪਣੇ ਲੋਨ ਰਿਨਿਊ ਕੀਤੇ, ਤਾਂ ਉਨ੍ਹਾਂ ਨੂੰ ਜ਼ਿਆਦਾ ਵਿਆਜ ਦੇਣਾ ਪਿਆ। ਇਸ ਕਾਰਨ ਲੋਨ ਵਾਲੇ 36.2 ਫੀਸਦੀ ਮਕਾਨ ਮਾਲਕਾਂ ਨੇ ਆਰਥਿਕ ਤੰਗੀ ਦੀ ਸ਼ਿਕਾਇਤ ਕੀਤੀ ਹੈ। ਕਿਰਾਏਦਾਰਾਂ ਦੀ ਗੱਲ ਕਰੀਏ ਤਾਂ ਨਵੇਂ ਘਰਾਂ ਵਿੱਚ ਸ਼ਿਫਟ ਹੋਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮਾਰ ਪਈ ਹੈ। ਪਿਛਲੇ ਦੋ ਸਾਲਾਂ ਵਿੱਚ ਨਵੇਂ ਮਕਾਨਾਂ ਵਿੱਚ ਜਾਣ ਵਾਲੇ ਲੋਕਾਂ ਦਾ ਔਸਤ ਮਹੀਨਾਵਾਰ ਕਿਰਾਇਆ 1,740 ਡਾਲਰ ਰਿਹਾ, ਜਦਕਿ ਪੁਰਾਣੇ ਘਰਾਂ ਵਿੱਚ ਰਹਿ ਰਹੇ ਲੋਕਾਂ ਦਾ ਔਸਤ ਕਿਰਾਇਆ 1,290 ਡਾਲਰ ਸੀ। ਨਵੇਂ ਸ਼ਿਫਟ ਹੋਏ 40 ਫੀਸਦੀ ਕਿਰਾਏਦਾਰਾਂ ਲਈ ਘਰ ਦਾ ਖਰਚਾ ਚੁੱਕਣਾ ਬਹੁਤ ਔਖਾ ਹੋ ਰਿਹਾ ਹੈ।

ਹਾਊਸ ਆਫ਼ ਕਾਮਨਜ਼ ਦੀ ਤਿੰਨ ਮਹੀਨਿਆਂ ਦੀ ਗਰਮੀਆਂ ਦੀ ਛੁੱਟੀ ਤੋਂ ਬਾਅਦ ਸ਼ੁਰੂ ਹੋਈ ਪਹਿਲੀ ਬੈਠਕ ਵਿੱਚ ਲਿਬਰਲ ਸਰਕਾਰ ਨੇ ਇੱਕ ਅਹਿਮ ਕਾਨੂੰਨ ਪੇਸ਼ ਕੀਤਾ ਹੈ। ‘ਬਿੱਲ ਸੀ-39’ ਨਾਮ ਦਾ ਇਹ ਬਿੱਲ ਦੇਸ਼ ਵਿੱਚ ਵੱਡੇ ਨਿਰਮਾਣ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਅਤੇ ਉਨ੍ਹਾਂ ਦਾ ਕੰਮ ਤੇਜ਼ ਕਰਨ ਲਈ ਲਿਆਂਦਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਕੈਨੇਡਾ ਵਿੱਚ ਨਿਵੇਸ਼ਕਾਂ ਦਾ ਭਰੋਸਾ ਵਧੇਗਾ, ਆਰਥਿਕ ਵਾਧਾ ਤੇਜ਼ ਹੋਵੇਗਾ ਅਤੇ ਵਾਤਾਵਰਣ ਸਮੇਤ ਆਦਿਵਾਸੀਆਂ ਦੇ ਅਧਿਕਾਰਾਂ ਦੀ ਵੀ ਸੁਰੱਖਿਆ ਕੀਤੀ ਜਾਵੇਗੀ। ਇਹ ਬਿੱਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਨਿਵੇਸ਼ ਸੰਮੇਲਨ ਤੋਂ ਬਾਅਦ ਲਿਆਂਦਾ ਗਿਆ ਹੈ, ਜਿਸ ਵਿੱਚ 150 ਤੋਂ ਵੱਧ ਵੱਡੇ ਪ੍ਰੋਜੈਕਟਾਂ ਲਈ ਬਾਹਰਲੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਲਿਬਰਲ ਸਰਕਾਰ ਕੋਲ ਇਸ ਵੇਲੇ ਸੰਸਦ ਵਿੱਚ ਬਹੁਮਤ ਹੈ, ਜਿਸ ਨਾਲ ਇਸ ਬਿੱਲ ਨੂੰ ਪਾਸ ਕਰਵਾਉਣਾ ਆਸਾਨ ਹੋ ਜਾਵੇਗਾ। ਦੂਜੇ ਪਾਸੇ, ਮਜ਼ਦੂਰ ਯੂਨੀਅਨਾਂ ਨੇ ਇਸ ਬਿੱਲ ਵਿੱਚ ‘ਕੈਨੇਡਾ ਲੇਬਰ ਕੋਡ’ ਵਿੱਚ ਕੀਤੇ ਜਾ ਰਹੇ ਬਦਲਾਅ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਕੈਨੇਡੀਅਨ ਲੇਬਰ ਕਾਂਗਰਸ ਦੀ ਪ੍ਰਧਾਨ ਬੀਆ ਬ੍ਰੂਸਕੇ ਨੇ ਕਿਹਾ ਕਿ ਯੂਨੀਅਨਾਂ ਇਸ ਬਿੱਲ ਦੀ ਬਾਰੀਕੀ ਨਾਲ ਜਾਂਚ ਕਰਨਗੀਆਂ। ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰ ਹੜਤਾਲ ਦੇ ਅਧਿਕਾਰ ਦੀ ਰੱਖਿਆ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਮਜ਼ਦੂਰਾਂ ਦੇ ਹੜਤਾਲ ਕਰਨ ਦੇ ਅਧਿਕਾਰ ‘ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਮਰੀਕਾ ਨਾਲ ਚੱਲ ਰਹੇ ਆਰਥਿਕ ਤਣਾਅ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਮਜ਼ਦੂਰ ਦੇਸ਼ ਦੇ ਵਿਕਾਸ ਲਈ ਤਿਆਰ ਹਨ, ਪਰ ਉਨ੍ਹਾਂ ਦੇ ਹੱਥ ਨਹੀਂ ਬੰਨ੍ਹੇ ਜਾਣੇ ਚਾਹੀਦੇ। ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਉਹ ਬਿੱਲ ਨੂੰ ਪੂਰੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੀ ਆਪਣਾ ਪੱਖ ਰੱਖਣਗੇ। ਦੂਜੇ ਪਾਸੇ ਐਨਡੀਪੀ ਦੇ ਨੇਤਾ ਐਵੀ ਲੁਈਸ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਕਾਰਨੀ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦਾ ਫਾਇਦਾ ਉਠਾ ਕੇ ਅਜਿਹੇ ਫੈਸਲੇ ਥੋਪ ਰਹੇ ਹਨ, ਜਿਨ੍ਹਾਂ ਲਈ ਜਨਤਾ ਨੇ ਉਨ੍ਹਾਂ ਨੂੰ ਜਨਾਦੇਸ਼ ਨਹੀਂ ਦਿੱਤਾ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਟੈਰਿਫ ਜੰਗ ਦਰਮਿਆਨ ਕੈਨੇਡਾ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਸਰੀ-ਨਿਊਟਨ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਆਪਣੇ ਨਾਗਰਿਕਾਂ ਅਤੇ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਦ੍ਰਿੜ੍ਹਤਾ ਨਾਲ ਖੜ੍ਹਾ ਹੈ ਅਤੇ ਅਮਰੀਕੀ ਦਬਾਅ ਅੱਗੇ ਕੋਈ ਸਮਝੌਤਾ ਨਹੀਂ ਕਰੇਗਾ। ਧਾਲੀਵਾਲ ਅਨੁਸਾਰ ਅਮਰੀਕਾ ਅਤੇ ਕੈਨੇਡਾ ਦੇ ਸਬੰਧ ਹਮੇਸ਼ਾ ਤੋਂ ਸਰਕਾਰੀ, ਵਪਾਰਕ ਅਤੇ ਲੋਕਾਂ ਦੇ ਪੱਧਰ ‘ਤੇ ਬਹੁਤ ਮਜ਼ਬੂਤ ਰਹੇ ਹਨ। ਪਰ ਰਾਸ਼ਟਰਪਤੀ ਟਰੰਪ ਵੱਲੋਂ ਅਪਣਾਇਆ ਜਾ ਰਿਹਾ ਮੌਜੂਦਾ ਵਪਾਰਕ ਰਵੱਈਆ ਗੈਰ-ਸੰਜੀਦਾ ਅਤੇ ਹਾਸੋਹੀਣਾ ਹੈ, ਜੋ ਕਿ ਇੱਕ ਚੁਣੇ ਹੋਏ ਜ਼ਿੰਮੇਵਾਰ ਆਗੂ ਨੂੰ ਸ਼ੋਭਾ ਨਹੀਂ ਦਿੰਦਾ। ਟਰੰਪ ਵੱਲੋਂ ਬਿਨਾਂ ਵਜ੍ਹਾ ਪਾਬੰਦੀਆਂ ਆਇਦ ਕਰਨ ਦੀ ਖੇਡ ਦੋਹਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲਿਬਰਲ ਸਰਕਾਰ ਅਤੇ ਮਾਰਕ ਕਾਰਨੀ ਦਾ ਮੁੱਖ ਫੋਕਸ ਕੈਨੇਡਾ ਦੀ ਆਰਥਿਕਤਾ ਨੂੰ ਅਮਰੀਕਾ ‘ਤੇ ਨਿਰਭਰ ਰੱਖਣ ਦੀ ਬਜਾਏ ਆਤਮ-ਨਿਰਭਰ ਬਣਾਉਣਾ ਹੈ। ਇਸ ਦਿਸ਼ਾ ਵਿੱਚ ਕੈਨੇਡਾ ਵਿੱਚ ਵੱਡੇ ਬੁਨਿਆਦੀ ਢਾਂਚੇ ਅਤੇ ਨਿਵੇਸ਼ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ, ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਚੰਗੀਆਂ ਅਤੇ ਉੱਚ-ਤਨਖਾਹ ਵਾਲੀਆਂ ਨੌਕਰੀਆਂ ਮਿਲ ਸਕਣ। ਇਸਦੇ ਨਾਲ ਹੀ ਕੈਨੇਡਾ ਵਿਸ਼ਵ ਪੱਧਰ ‘ਤੇ ਆਪਣੇ ਵਪਾਰ ਦਾ ਪਸਾਰ ਕਰ ਰਿਹਾ ਹੈ। ਸੁੱਖ ਧਾਲੀਵਾਲ ਨੇ ਦੱਸਿਆ ਕਿ ਯੂਰੋਪੀਅਨ ਯੂਨੀਅਨ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਨਵੈਸਟਮੈਂਟ ਸਮਿਟ ਕਰਵਾਏ ਜਾ ਰਹੇ ਹਨ, ਜਿਸ ਨਾਲ ਕੈਨੇਡੀਅਨ ਬਿਜ਼ਨਸਾਂ ਲਈ ਨਵੇਂ ਰਾਹ ਖੁੱਲ੍ਹ ਰਹੇ ਹਨ। ਟਰੰਪ ਵੱਲੋਂ ਯੂਰੋਪੀਅਨ ਯੂਨੀਅਨ ਨਾਲ ਕੈਨੇਡਾ ਦੀ ਨੇੜਤਾ ‘ਤੇ ਜਤਾਏ ਜਾ ਰਹੇ ਇਤਰਾਜ਼ਾਂ ਬਾਰੇ ਬੋਲਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਨੂੰ ਆਪਣੀਆਂ ਨੀਤੀਆਂ ਬਦਲਣ ਦੀ ਕੋਈ ਲੋੜ ਨਹੀਂ ਹੈ। ਜੇਕਰ ਅਮਰੀਕਾ ਪੁਰਾਣੇ ਦੋਸਤਾਨਾ ਸਬੰਧ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਬਦਲਾਅ ਰਾਸ਼ਟਰਪਤੀ ਟਰੰਪ ਨੂੰ ਆਪਣੀ ਸੋਚ ਅਤੇ ਨੀਤੀਆਂ ਵਿੱਚ ਕਰਨਾ ਪਵੇਗਾ। ਕੈਨੇਡਾ ਸਰਕਾਰ ਆਪਣੇ ਦੇਸ਼ ਦੇ ਆਰਥਿਕ ਹਿੱਤਾਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰੇਗੀ। ( ਬਾਈਟ )

ਵਪਾਰ ਮੰਤਰੀ ਮਨਿੰਦਰ ਸਿੱਧੂ ਅਨੁਸਾਰ ਭਾਰਤ ਨਾਲ ਵਪਾਰਕ ਸਮਝੌਤੇ ਲਈ ਚੱਲ ਰਹੀ ਗੱਲਬਾਤ ਬਹੁਤ ਵਧੀਆ ਢੰਗ ਨਾਲ ਅੱਗੇ ਵੱਧ ਰਹੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਹ ਪੂਰੀ ਹੋ ਸਕਦੀ ਹੈ। ਅਮਰੀਕਾ ਨਾਲ ਚੱਲ ਰਹੇ ਵਪਾਰਕ ਤਣਾਅ ਦੇ ਵਿਚਕਾਰ ਕੈਨੇਡਾ ਆਪਣੇ ਐਕਸਪੋਰਟ ਲਈ ਨਵੇਂ ਬਾਜ਼ਾਰਾਂ ਦੀ ਭਾਲ ਕਰ ਰਿਹਾ ਹੈ। ਮਨਿੰਦਰ ਸਿੱਧੂ ਨੇ ਦੱਸਿਆ ਕਿ ਉਹ ਹੁਣੇ ਹੀ ਭਾਰਤ ਦੌਰਾ ਕਰਕੇ ਵਾਪਸ ਪਰਤੇ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਧੀਆ ਪ੍ਰਗਤੀ ਹੋ ਰਹੀ ਹੈ। ਇਹ ਬਿਆਨ ਭਾਰਤ ਅਤੇ ਕੈਨੇਡਾ ਵਿਚਾਲੇ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤੇ’ ਦੇ ਚੌਥੇ ਦੌਰ ਦੀ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਆਇਆ ਹੈ। ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਗੱਲਬਾਤ ਦਾ ਪੰਜਵਾਂ ਦੌਰ 5 ਅਕਤੂਬਰ ਤੋਂ ਕੈਨੇਡਾ ਵਿੱਚ ਸ਼ੁਰੂ ਹੋਵੇਗਾ, ਜੋ 5 ਦਿਨ ਚੱਲੇਗਾ। ਉਨ੍ਹਾਂ ਕਿਹਾ ਕਿ ਅਗਲੇ 90 ਦਿਨ ਭਾਰਤ-ਕੈਨੇਡਾ ਰਿਸ਼ਤਿਆਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਣਗੇ। ਦੋਵੇਂ ਦੇਸ਼ ਇਸ ਵਪਾਰਕ ਸਮਝੌਤੇ ਨੂੰ ਇਸੇ ਸਾਲ ਦੇ ਅੰਤ ਤੱਕ ਅੰਤਿਮ ਰੂਪ ਦੇਣਾ ਚਾਹੁੰਦੇ ਹਨ। ਪਿਛਲੇ ਮਹੀਨੇ ਅਮਰੀਕਾ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਆਪਣੇ ਆਰਥਿਕ ਰਿਸ਼ਤਿਆਂ ਨੂੰ ਹੋਰਨਾਂ ਦੇਸ਼ਾਂ ਨਾਲ ਮਜ਼ਬੂਤ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਵੀ ਆਰਥਿਕ ਅਤੇ ਵਪਾਰਕ ਸਾਂਝ ਨੂੰ ਵਧਾਉਣ ਲਈ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ। ਮਨਿੰਦਰ ਸਿੱਧੂ ਨੇ ਦੱਸਿਆ ਕਿ ਕੈਨੇਡਾ ਦੀ ਨਵੇਂ ਬਾਜ਼ਾਰ ਲੱਭਣ ਦੀ ਨੀਤੀ ਰੰਗ ਲਿਆ ਰਹੀ ਹੈ। ਪਿਛਲੇ ਸਾਲ ਅਮਰੀਕਾ ਤੋਂ ਇਲਾਵਾ ਦੂਜੇ ਦੇਸ਼ਾਂ ਨੂੰ ਕੀਤਾ ਜਾਣ ਵਾਲਾ ਕੈਨੇਡਾ ਦਾ ਨਿਰਯਾਤ 17 ਫੀਸਦੀ ਵਧਿਆ ਹੈ, ਜੋ ਪਿਛਲੇ 40 ਸਾਲਾਂ ਵਿੱਚ ਸਭ ਤੋਂ ਵੱਧ ਵਾਧਾ ਹੈ। ਭਾਰਤ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਕੈਨੇਡਾ ਕੱਚਾ ਤੇਲ, ਤਰਲ ਕੁਦਰਤੀ ਗੈਸ ਅਤੇ ਪਰਮਾਣੂ ਊਰਜਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਇਸ ਤੋਂ ਇਲਾਵਾ ਖਾਦ ਦੇ ਖੇਤਰ ਵਿੱਚ ਵੀ ਚਰਚਾ ਚੱਲ ਰਹੀ ਹੈ। ਕੈਨੇਡਾ ‘ਪੋਟਾਸ਼’ ਦਾ ਇੱਕ ਵੱਡਾ ਉਤਪਾਦਕ ਹੈ ਅਤੇ ਉਹ ਭਾਰਤ ਤੋਂ ਪੋਟਾਸ਼ ‘ਤੇ ਲੱਗਣ ਵਾਲੇ ਟੈਕਸ ਵਿੱਚ ਛੋਟ ਦੀ ਮੰਗ ਕਰ ਰਿਹਾ ਹੈ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਭਾਰਤ ‘ਤੇ ਅਮਰੀਕਾ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਭਾਰਤ ਤੇਲ ਲਈ ਹੋਰ ਬਦਲਵੇਂ ਸਰੋਤਾਂ ਦੀ ਭਾਲ ਕਰ ਰਿਹਾ ਹੈ।

ਇੱਕ ਨਵੇਂ ਸਰਵੇਖਣ ਮੁਤਾਬਕ ਦੇਸ਼ ਦੇ ਉੱਤਰੀ ਖੇਤਰ ਵਿੱਚ ਰਹਿਣ ਵਾਲੇ ਲਗਭਗ ਅੱਧੇ ਲੋਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਨੂੰ ਆਰਕਟਿਕ ਖੇਤਰ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਮੰਨਦੇ ਹਨ। ਇਹ ਸਰਵੇਖਣ ਕਿਊਬੈਕ ਦੀ ਸੰਸਥਾ ‘ਓਪਸਾ’ ਦੇ ਖੋਜਕਰਤਾਵਾਂ ਲਈ ਕੀਤਾ ਗਿਆ ਸੀ, ਜਿਸ ਵਿੱਚ ਨੂਨਾਵੁਤ, ਨੌਰਥਵੈਸਟ ਟੈਰੀਟਰੀਜ਼, ਯੂਕੋਨ ਅਤੇ ਨੂਨਾਵਿਕ ਦੇ ਰਹਿਣ ਵਾਲੇ ਲੋਕਾਂ ਤੋਂ ਰੂਸ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਬਾਰੇ ਰਾਏ ਮੰਗੀ ਗਈ ਸੀ। ਸਰਵੇਖਣ ਵਿੱਚ ਸ਼ਾਮਲ 48 ਫੀਸਦੀ ਲੋਕਾਂ ਨੇ ਅਮਰੀਕਾ ਨੂੰ ਖੇਤਰ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ। ਇਸ ਤੋਂ ਬਾਅਦ ਰੂਸ ਨੂੰ 30 ਫੀਸਦੀ ਅਤੇ ਚੀਨ ਨੂੰ 12 ਫੀਸਦੀ ਲੋਕਾਂ ਨੇ ਖ਼ਤਰਾ ਮੰਨਿਆ। ਪਿਛਲੇ ਸਾਲ ਸਤੰਬਰ ਵਿੱਚ ਸਿਰਫ਼ 37 ਫੀਸਦੀ ਲੋਕ ਅਮਰੀਕਾ ਨੂੰ ਖ਼ਤਰਾ ਮੰਨਦੇ ਸਨ। ਓਪਸਾ ਦੇ ਡਾਇਰੈਕਟਰ ਮੈਥਿਊ ਲੈਂਡਰੀਆਲਟ ਅਨੁਸਾਰ, ਇਹ ਅੰਕੜਾ ਕਾਫ਼ੀ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਲੰਬੇ ਸਮੇਂ ਤੋਂ ਉੱਤਰੀ ਖੇਤਰ ਦੀ ਸੁਰੱਖਿਆ ਵਿੱਚ ਮਿਲ ਕੇ ਕੰਮ ਕਰਦੇ ਆਏ ਹਨ, ਪਰ ਟਰੰਪ ਦੇ ਕੈਨੇਡਾ ਅਤੇ ਗ੍ਰੀਨਲੈਂਡ ਨਾਲ ਜੁੜੇ ਬਿਆਨਾਂ ਨੇ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਇਸੇ ਲਈ ਉੱਤਰੀ ਖੇਤਰ ਦੇ ਲੋਕ ਚਾਹੁੰਦੇ ਹਨ ਕਿ ਕੈਨੇਡਾ ਸਰਕਾਰ ਆਪਣੀਆਂ ਸੁਰੱਖਿਆ ਸਮਰੱਥਾਵਾਂ ਨੂੰ ਅਮਰੀਕਾ ‘ਤੇ ਨਿਰਭਰ ਰਹੇ ਬਿਨਾਂ ਆਪ ਵਿਕਸਿਤ ਕਰੇ। ਸਰਵੇਖਣ ਵਿੱਚ 60 ਫੀਸਦੀ ਲੋਕਾਂ ਨੇ ਕਿਹਾ ਕਿ ਕੈਨੇਡਾ ਨੂੰ ਆਰਕਟਿਕ ਵਿੱਚ ਆਪਣੀਆਂ ਸਰਹੱਦਾਂ ਅਤੇ ਕੁਦਰਤੀ ਸਰੋਤਾਂ ਦੇ ਬਚਾਅ ਲਈ ਸਖ਼ਤ ਰੂਪ ਅਖ਼ਤਿਆਰ ਕਰਨਾ ਚਾਹੀਦਾ ਹੈ, ਜਦਕਿ ਸਿਰਫ਼ 26 ਫੀਸਦੀ ਲੋਕ ਸਮਝੌਤਾ ਕਰਨ ਦੇ ਹੱਕ ਵਿੱਚ ਸਨ। ਇਹ ਸਰਵੇਖਣ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਸਰਕਾਰ ਉੱਤਰੀ ਖੇਤਰ ਵਿੱਚ ਬੁਨਿਆਦੀ ਢਾਂਚੇ ਅਤੇ ਸਰੋਤਾਂ ਦੇ ਵਿਕਾਸ ‘ਤੇ ਧਿਆਨ ਦੇ ਰਹੀ ਹੈ। ਨਾਲ ਹੀ, ਕੈਨੇਡਾ ਯੂਰਪੀਅਨ ਯੂਨੀਅਨ ਨਾਲ ਭਾਈਵਾਲੀ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਯੂਰਪੀਅਨ ਯੂਨੀਅਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਨੇ ਵੀ ਆਰਕਟਿਕ ਖੇਤਰ ਵਿੱਚ ਕੈਨੇਡਾ ਨਾਲ ਸਾਂਝੇ ਪ੍ਰੋਜੈਕਟ ਸ਼ੁਰੂ ਕਰਨ ਦਾ ਇਸ਼ਾਰਾ ਕੀਤਾ ਹੈ। ਦੂਜੇ ਪਾਸੇ, ਯੂਰਪ ਵਿੱਚ ਰੂਸ ਵੱਲੋਂ ਹਮਲਾਵਰ ਗਤੀਵਿਧੀਆਂ ਵਧਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਯੂਰਪੀਅਨ ਖੁਫੀਆ ਏਜੰਸੀਆਂ ਅਨੁਸਾਰ ਰੂਸ ਨਾਟੋ ਦੇਸ਼ਾਂ ਦੀ ਪਰਖ ਕਰਨ ਲਈ ਕਦਮ ਚੁੱਕ ਸਕਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਕਿਹਾ ਹੈ ਕਿ ਯੂਰਪ ‘ਤੇ ਰੂਸ ਦੇ ਖ਼ਤਰੇ ਵਧ ਰਹੇ ਹਨ, ਪਰ ਇਹ ਧਮਕੀਆਂ ਯੂਕਰੇਨ ਦੀ ਮਦਦ ਕਰਨ ਦੇ ਉਨ੍ਹਾਂ ਦੇ ਫੈਸਲੇ ਨੂੰ ਨਹੀਂ ਬਦਲ ਸਕਦੀਆਂ।

ਓਨਟਾਰੀਓ ਸੂਬੇ ਦੇ ਬੈਲੇਵਿਲ ਸ਼ਹਿਰ ਵਿੱਚ ਐਤਵਾਰ ਰਾਤ ਇੱਕ ਯਹੂਦੀ ਇਬਾਦਤਗਾਹ ਦੇ ਬਾਹਰ ਗੋਲੀਬਾਰੀ ਦੀ ਦਰਦਨਾਕ ਘਟਨਾ ਵਾਪਰੀ। ‘ਸੰਨਜ਼ ਆਫ਼ ਜੈਕਬ ਸਿਨਾਗੌਗ’ ਦੇ ਬਾਹਰ, ਜਿੱਥੇ ਲੋਕ ਆਪਣੇ ਧਾਰਮਿਕ ਤਿਉਹਾਰ ‘ਯੋਮ ਕਿੱਪੁਰ’ ਲਈ ਇਕੱਠੇ ਹੋਏ ਸਨ, ਇੱਕ ਸ਼ਾਟਗਨ ਨਾਲ ਲੈਸ ਵਿਅਕਤੀ ਨੇ ਪੁਲਿਸ ਅਧਿਕਾਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹੋਈ ਜਵਾਬੀ ਗੋਲੀਬਾਰੀ ਵਿੱਚ ਪੁਲਿਸ ਅਧਿਕਾਰੀ ਅਤੇ ਸ਼ੱਕੀ ਹਮਲਾਵਰ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਓਨਟਾਰੀਓ ਦੀ ਪੁਲਿਸ ਜਾਂਚ ਏਜੰਸੀ ਅਨੁਸਾਰ ਘਟਨਾ ਸ਼ਾਮ ਲਗਭਗ 7 ਵਜੇ ਵਾਪਰੀ। ਜਦੋਂ ਹਮਲਾਵਰ ਨੇ ਗੋਲੀ ਚਲਾਈ, ਤਾਂ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀ ਅਤੇ ਉਸ ਦੇ ਸਾਥੀ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਇਸ ਮੁਕਾਬਲੇ ਵਿੱਚ 13 ਸਾਲਾਂ ਦਾ ਤਜਰਬਾ ਰੱਖਣ ਵਾਲੇ ਪੁਲਿਸ ਅਧਿਕਾਰੀ ਜੈੱਫ ਸਮਿਥ ਅਤੇ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਨੂੰ ਗੋਲੀਆਂ ਲੱਗੀਆਂ। ਦੋਵਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੌਰਾਨ ਕਈ ਘਰਾਂ ਅਤੇ ਗੱਡੀਆਂ ਦਾ ਨੁਕਸਾਨ ਹੋਇਆ, ਪਰ ਕਿਸੇ ਹੋਰ ਆਮ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਮੌਕੇ ‘ਤੇ ਮੌਜੂਦ ਇੱਕ ਸਥਾਨਕ ਔਰਤ ਨੇ ਦੱਸਿਆ ਕਿ ਪਹਿਲਾਂ ਉਸ ਨੇ ਗੋਲੀਆਂ ਦੀ ਆਵਾਜ਼ ਨੂੰ ਪਟਾਕੇ ਸਮਝਿਆ, ਪਰ ਬਾਅਦ ਵਿੱਚ ਜਦੋਂ ਉਸ ਨੇ ਇੱਕ ਵਿਅਕਤੀ ਨੂੰ ਗੱਡੀ ਪਿੱਛੇ ਦੇਖਿਆ, ਤਾਂ ਉਸ ਨੇ ਤੁਰੰਤ 911 ‘ਤੇ ਪੁਲਿਸ ਨੂੰ ਫੋਨ ਕੀਤਾ। ਇਸ ਘਟਨਾ ਤੋਂ ਬਾਅਦ ਬੈਲੇਵਿਲ ਸਮੇਤ ਟੋਰਾਂਟੋ, ਪੀਲ ਅਤੇ ਯੌਰਕ ਰੀਜਨ ਦੀ ਪੁਲਿਸ ਨੇ ਧਾਰਮਿਕ ਸਥਾਨਾਂ ਅਤੇ ਭਾਈਚਾਰਕ ਇਕੱਠਾਂ ਵਾਲੀਆਂ ਥਾਵਾਂ ‘ਤੇ ਗਸ਼ਤ ਵਧਾ ਦਿੱਤੀ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦ ਵਿੱਚ ਇਸ ਹਿੰਸਕ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰ ਹਰ ਤਰ੍ਹਾਂ ਦੀ ਨਫ਼ਰਤ ਅਤੇ ਹਿੰਸਾ ਦੇ ਖ਼ਿਲਾਫ਼ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਪੀਅਰ ਪੋਇਲੀਵਰੇ, ਸੂਬੇ ਦੇ ਪ੍ਰੀਮਿਅਰ ਡੱਗ ਫੋਰਡ ਅਤੇ ਬੈਲੇਵਿਲ ਦੇ ਮੇਅਰ ਨੀਲ ਐਲਿਸ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਅਤੇ ਯਹੂਦੀ ਭਾਈਚਾਰੇ ਨਾਲ ਹਮਦਰਦੀ ਜਤਾਉਂਦਿਆਂ ਜ਼ਖ਼ਮੀ ਪੁਲਿਸ ਅਧਿਕਾਰੀ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।


Filed under