● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬੀ ਨੌਜਵਾਨ ਨੂੰ ਕੈਨੇਡਾ ਨੇ ਦਿੱਤਾ ਵੱਡਾ ਸਨਮਾਨ! CANADA NEWS BULLETIN

VANCOUVER: ਲਾਰੈਂਸ ਗੈਂਗ ਨੂੰ ਲੈ ਕੇ ਦੇਸ਼ ਦੀ ਸਿਆਸਤ ਕਾਫੀ ਗਰਮਾ ਗਈ ਹੈ। ਕੈਨੇਡਾ ਵਿੱਚ ਰਾਜ ਕਰਨ ਦੀ ਧਮਕੀ ਵਾਲੀ ਗੈਂਗ ਦੀ ਇੱਕ ਕਥਿਤ ਚਿੱਠੀ ਸਾਹਮਣੇ ਆਉਣ ਤੋਂ ਬਾਅਦ, ਸੰਸਦ ਮੈਂਬਰ ਬ੍ਰੈਡ ਵਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ…


VANCOUVER: ਲਾਰੈਂਸ ਗੈਂਗ ਨੂੰ ਲੈ ਕੇ ਦੇਸ਼ ਦੀ ਸਿਆਸਤ ਕਾਫੀ ਗਰਮਾ ਗਈ ਹੈ। ਕੈਨੇਡਾ ਵਿੱਚ ਰਾਜ ਕਰਨ ਦੀ ਧਮਕੀ ਵਾਲੀ ਗੈਂਗ ਦੀ ਇੱਕ ਕਥਿਤ ਚਿੱਠੀ ਸਾਹਮਣੇ ਆਉਣ ਤੋਂ ਬਾਅਦ, ਸੰਸਦ ਮੈਂਬਰ ਬ੍ਰੈਡ ਵਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਗੋਲੀਬਾਰੀ ਦੀਆਂ 10 ਘਟਨਾਵਾਂ ਦਿਖਾਈਆਂ ਗਈਆਂ ਹਨ, ਜਿੱਥੇ ਸ਼ੂਟਰ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਸੰਸਦ ਮੈਂਬਰ ਬ੍ਰੈਡ ਵਿਸ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਲੋਕ ਵਿਦਿਆਰਥੀ ਵੀਜ਼ੇ ਜਾਂ ਕਿਸੇ ਹੋਰ ਆਰਜ਼ੀ ਵੀਜ਼ੇ ‘ਤੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ, ਉਨ੍ਹਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹੇ ਅਪਰਾਧਿਕ ਗਿਰੋਹ ਨਾਲ ਜੁੜਿਆ ਮਿਲਦਾ ਹੈ, ਤਾਂ ਇਮੀਗ੍ਰੇਸ਼ਨ ਕਾਨੂੰਨ ਤਹਿਤ ਉਸਦਾ ਵੀਜ਼ਾ ਰੱਦ ਕਰਕੇ ਉਸਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਬ੍ਰੈਡ ਵਿਸ ਨੇ ਲਾਰੈਂਸ ਗੈਂਗ ਨੂੰ ਮੁੱਖ ਤੌਰ ‘ਤੇ ਪੰਜਾਬ ਤੋਂ ਚੱਲਣ ਵਾਲਾ ਅਪਰਾਧਿਕ ਨੈੱਟਵਰਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਗੈਂਗ ਫਿਰੌਤੀ, ਗੋਲੀਬਾਰੀ ਅਤੇ ਧਮਕੀਆਂ ਦੇਣ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਆਪਣੇ ਸ਼ਹਿਰ ਵਿੱਚ ਕਾਰੋਬਾਰੀਆਂ ਨੂੰ 10 ਲੱਖ ਡਾਲਰ ਦੀ ਫਿਰੌਤੀ ਮੰਗਣ ਵਾਲੀਆਂ ਚਿੱਠੀਆਂ ਮਿਲੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਸਰਕਾਰ ਨੇ 29 ਸਤੰਬਰ 2025 ਨੂੰ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਿਆ ਸੀ। ਹੁਣ ਲੋੜ ਹੈ ਕਿ ਇਸ ‘ਤੇ ਸਖ਼ਤੀ ਨਾਲ ਅਮਲ ਕੀਤਾ ਜਾਵੇ। ਸੰਸਦ ਮੈਂਬਰ ਨੇ ਬਾਰਡਰ ਸੁਰੱਖਿਆ ਏਜੰਸੀ ਅਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਅਧਿਕਾਰ ਦੇਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗੈਂਗ ਬਹੁਤ ਖ਼ਤਰਨਾਕ ਹੈ ਅਤੇ ਕਈ ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ ਅਤੇ ਪੂਰੇ ਕੈਨੇਡਾ ਵਿੱਚ ਦਹਿਸ਼ਤ ਫੈਲਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਕੈਨੇਡਾ ਦੀਆਂ ਕਮਜ਼ੋਰ ਇਮੀਗ੍ਰੇਸ਼ਨ ਨੀਤੀਆਂ ਦਾ ਫਾਇਦਾ ਉਠਾ ਕੇ ਵਿਦਿਆਰਥੀ ਬਣ ਕੇ ਆਉਂਦੇ ਹਨ ਅਤੇ ਇੱਥੇ ਆ ਕੇ ਗੈਂਗਸਟਰ ਬਣ ਜਾਂਦੇ ਹਨ। ਪੈਸੇ ਨਾ ਦੇਣ ‘ਤੇ ਕਾਰੋਬਾਰੀਆਂ ਦੇ ਪਰਿਵਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਕਈਆਂ ‘ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ। ਸੰਸਦ ਮੈਂਬਰ ਨੇ ਦੱਸਿਆ ਕਿ ਲਾਰੈਂਸ ਗੈਂਗ ਨੇ ਕੈਨੇਡਾ ਦੇ ਰੱਖਿਆ ਮੰਤਰੀ ਅਤੇ ਦੇਸ਼ ਭਰ ਦੀ ਪੁਲਿਸ ਨੂੰ ਚਿੱਠੀ ਭੇਜ ਕੇ ਖੁਦ ਨੂੰ ਭਾਰਤੀ ਗੈਂਗ ਦੱਸਿਆ ਹੈ ਅਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਰੋਕਣ ਦੀ ਚੁਣੌਤੀ ਦਿੱਤੀ ਹੈ। ਇਸ ਚਿੱਠੀ ਵਿੱਚ ਹੋਰ ਹਿੰਸਾ ਫੈਲਾਉਣ ਅਤੇ ਪੁਲਿਸ ਵਾਲਿਆਂ ਨੂੰ ਮਾੜਾ ਬੋਲਣ ਦੀਆਂ ਗੱਲਾਂ ਵੀ ਲਿਖੀਆਂ ਗਈਆਂ ਹਨ। ਅਪ੍ਰੈਲ 2026 ਵਿੱਚ ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ ਦੀ ਇੱਕ ਰਿਪੋਰਟ ਆਈ ਸੀ। ਇਸ ਰਿਪੋਰਟ ਅਨੁਸਾਰ, 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਤੋਂ ਫਿਰੌਤੀ ਮੰਗਣ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਲਾਰੈਂਸ ਗੈਂਗ ਦਾ ਨਾਮ ਸ਼ਾਮਲ ਹੈ। ਰਿਪੋਰਟ ਵਿੱਚ 300 ਤੋਂ ਵੱਧ ਸ਼ੱਕੀਆਂ ਅਤੇ 63 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਦਾ ਪਤਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਰਗੇ ਕਈ ਸੂਬਿਆਂ ਵਿੱਚ ਵਪਾਰੀਆਂ ਦੇ ਘਰਾਂ ‘ਤੇ ਗੋਲੀਬਾਰੀ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।

ਬਰੈਂਪਟਨ ਦੇ ਇੱਕ ਵਿਅਕਤੀ ਰਾਘਵੇਂਦਰ ਕੁਮਾਰ ਨੇ ਦੱਸਿਆ ਕਿ ਉਸਦੀ 78 ਸਾਲਾ ਮਾਂ ਨਾਲ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ। 28 ਜੁਲਾਈ ਦੀ ਸ਼ਾਮ ਨੂੰ ਜਦੋਂ ਉਹ ਆਪਣੇ ਇਲਾਕੇ ਵਿੱਚ ਸੈਰ ਕਰ ਰਹੀ ਸੀ, ਤਾਂ ਚੋਰਾਂ ਨੇ ਚਲਾਕੀ ਨਾਲ ਉਸਦੇ 20,000 ਡਾਲਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਹ ਘਟਨਾ ਸ਼ਾਮ ਕਰੀਬ 6 ਵਜੇ ਚਿੰਗੂਆਕੂਜ਼ੀ ਰੋਡ ਅਤੇ ਬੋਵੇਅਰਡ ਡਰਾਈਵ ਵੈਸਟ ਦੇ ਨੇੜੇ ਵਾਪਰੀ। ਵੀਡੀਓ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਮਾਤਾ ਫੁੱਟਪਾਥ ‘ਤੇ ਜਾ ਰਹੀ ਸੀ। ਅਚਾਨਕ ਇੱਕ ਚਿੱਟੇ ਰੰਗ ਦੀ ਗੱਡੀ ਉਸਦੇ ਕੋਲ ਆ ਕੇ ਰੁਕੀ ਅਤੇ ਇੱਕ ਔਰਤ ਬਾਹਰ ਆਈ। ਬਜ਼ੁਰਗ ਔਰਤ ਨੂੰ ਅੰਗਰੇਜ਼ੀ ਜ਼ਿਆਦਾ ਨਹੀਂ ਆਉਂਦੀ, ਇਸ ਲਈ ਉਸਨੂੰ ਲੱਗਾ ਕਿ ਸ਼ਾਇਦ ਉਹ ਕੋਈ ਗੁਆਂਢਣ ਹੈ। ਵਿਸ਼ਵਾਸ ਜਿੱਤਣ ਲਈ, ਉਸ ਠੱਗ ਔਰਤ ਨੇ ਬਜ਼ੁਰਗ ਮਾਤਾ ਦੇ ਪੈਰੀਂ ਹੱਥ ਲਾਏ ਅਤੇ ਉਸਨੂੰ ਗਲੇ ਲਗਾਇਆ। ਇਸੇ ਦੌਰਾਨ ਉਸਨੇ ਬੜੀ ਚਲਾਕੀ ਨਾਲ ਮਾਤਾ ਦੇ ਗਲ ਵਿੱਚੋਂ ਅਸਲੀ ਸੋਨੇ ਦੀ ਚੈਨੀ ਲਾਹ ਲਈ ਅਤੇ ਉਸਦੀ ਥਾਂ ਇੱਕ ਨਕਲੀ ਚੈਨੀ ਪਾ ਦਿੱਤੀ। ਚੋਰਾਂ ਨੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਵੀ ਲਾਹ ਲਈਆਂ ਅਤੇ ਫਿਰ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ। ਕੁਮਾਰ ਨੇ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਦਾ ਵਜ਼ਨ ਲਗਭਗ 110 ਗ੍ਰਾਮ ਸੀ। ਪਰ ਉਸਦੀ ਮਾਂ ਲਈ ਇਨ੍ਹਾਂ ਦੀ ਕੀਮਤ ਪੈਸਿਆਂ ਨਾਲੋਂ ਕਿਤੇ ਵੱਧ ਸੀ ਕਿਉਂਕਿ ਇਹ ਗਹਿਣੇ 1971 ਵਿੱਚ ਵਿਆਹ ਵੇਲੇ ਉਸਦੇ ਪਤੀ ਨੇ ਦਿੱਤੇ ਸਨ। ਕੁਮਾਰ ਦੇ ਪਿਤਾ ਖੁਦ ਇੱਕ ਸੁਨਿਆਰੇ ਸਨ,ਜਿਨ੍ਹਾਂ ਦਾ 2008 ਵਿੱਚ ਦਿਹਾਂਤ ਹੋ ਗਿਆ ਸੀ, ਅਤੇ ਉਨ੍ਹਾਂ ਨੇ ਇਹ ਗਹਿਣੇ ਆਪਣੇ ਹੱਥੀਂ ਬਣਾਏ ਸਨ। ਜਦੋਂ ਮਾਤਾ ਨੂੰ ਇਸ ਠੱਗੀ ਦਾ ਪਤਾ ਲੱਗਾ ਤਾਂ ਉਹ ਸਦਮੇ ਵਿੱਚ ਕੰਬਣ ਲੱਗ ਪਈ। ਉਹ ਦਿਲ ਦੀ ਮਰੀਜ਼ ਹੈ। ਘਰ ਪਹੁੰਚ ਕੇ ਉਹ ਅੱਧੇ ਘੰਟੇ ਤੱਕ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਇਸ ਡਰ ਕਾਰਨ ਉਸਨੇ ਹੁਣ ਬਾਹਰ ਸੈਰ ਕਰਨਾ ਬਿਲਕੁਲ ਛੱਡ ਦਿੱਤਾ ਹੈ ਅਤੇ ਉਹ ਸਿਰਫ਼ ਆਪਣੇ ਘਰ ਦੇ ਪਿਛਲੇ ਵਿਹੜੇ ਵਿੱਚ ਹੀ ਤੁਰਦੀ ਹੈ। ਪੀਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੇ ਇੱਕ ਚਿੱਟੇ ਰੰਗ ਦੀ ਸ਼ੈਵਰਲੇਟ ਇਕੁਇਨੋਕਸ ਗੱਡੀ ਦੀ ਪਛਾਣ ਕੀਤੀ ਹੈ। ਜੂਨ ਮਹੀਨੇ ਵਿੱਚ ਟਰਾਂਟੋ ਵਿਖੇ ਵੀ ਬਿਲਕੁਲ ਇਸੇ ਤਰ੍ਹਾਂ ਦੀ ਠੱਗੀ ਦੀ ਇੱਕ ਘਟਨਾ ਵਾਪਰੀ ਸੀ, ਪਰ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਨ੍ਹਾਂ ਦੋਵੇਂ ਘਟਨਾਵਾਂ ਦੇ ਆਪਸ ਵਿੱਚ ਜੁੜੇ ਹੋਣ ਦਾ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ। ਇਹ ਘਟਨਾ ਪੂਰੇ ਪਰਿਵਾਰ ਲਈ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਹ ਆਪਣੇ ਇਲਾਕੇ ਨੂੰ ਬਹੁਤ ਸੁਰੱਖਿਅਤ ਮੰਨਦੇ ਸਨ। ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਪੁਲਿਸ ਨਾਲ 905-453-2121 (ਐਕਸਟੈਂਸ਼ਨ 2233) ‘ਤੇ ਸੰਪਰਕ ਕਰਨ।

ਕੈਨੇਡਾ ਸਰਕਾਰ ਨੇ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ 25 ਸਤੰਬਰ ਨੂੰ ਇਸ ਨਿਯੁਕਤੀ ਦਾ ਐਲਾਨ ਕੀਤਾ। ਸਰਕਾਰੀ ਬਿਆਨ ਮੁਤਾਬਕ, ਅੰਗਦ ਢਿੱਲੋਂ ਹੁਣ ਰਾਧਾ ਕ੍ਰਿਸ਼ਨ ਪਾਂਡੇ ਦੀ ਜਗ੍ਹਾ ਲੈਣਗੇ ਜੋ ਇਸ ਤੋਂ ਪਹਿਲਾਂ ਯੂਏਈ ਵਿੱਚ ਕੈਨੇਡਾ ਦੇ ਰਾਜਦੂਤ ਸਨ। ਅੰਗਦ ਢਿੱਲੋਂ ਦਾ ਪਿਛੋਕੜ ਪੰਜਾਬ ਦੇ ਪਿੰਡ ਘੁੰਗਰਾਣਾ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ਸੰਚਾਲਨ ਅਤੇ ਭਾਈਵਾਲੀ ਸੰਬੰਧਾਂ ਦੇ ਡਾਇਰੈਕਟਰ ਵਜੋਂ ਕੰਮ ਕੀਤਾ ਹੈ। ਸਰਕਾਰੀ ਜਾਣਕਾਰੀ ਅਨੁਸਾਰ, ਢਿੱਲੋਂ ਪ੍ਰਧਾਨ ਮੰਤਰੀ ਕਾਰਨੀ ਦੇ ਉਨ੍ਹਾਂ ਸਲਾਹਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਭਾਰਤ ਅਤੇ ਚੀਨ ਸਮੇਤ ਹੋਰ ਅਹਿਮ ਦੇਸ਼ਾਂ ਨਾਲ ਕੈਨੇਡਾ ਦੇ ਕੂਟਨੀਤਕ ਸਬੰਧਾਂ ਅਤੇ ਉੱਚ-ਪੱਧਰੀ ਤਾਲਮੇਲ ਨੂੰ ਮੁੜ ਬਹਾਲ ਕਰਨ ਵਿੱਚ ਵੱਡੀ ਮਦਦ ਕੀਤੀ। ਇਸ ਤੋਂ ਇਲਾਵਾ, ਉਹਨਾਂ ਨੇ ਕੈਨੇਡਾ ਵਿੱਚ ਨਿਵੇਸ਼ ਲਿਆਉਣ ਲਈ ਵੀ ਅਹਿਮ ਭੂਮਿਕਾ ਨਿਭਾਈ, ਜਿਸ ਵਿੱਚ ਦੇਸ਼ ਦੇ ਪਹਿਲੇ ਰਾਸ਼ਟਰੀ ਨਿਵੇਸ਼ ਸੰਮੇਲਨ ਦੀ ਯੋਜਨਾ ਬਣਾਉਣਾ ਵੀ ਸ਼ਾਮਲ ਹੈ। ਪਿਛਲੇ ਸਮੇਂ ਵਿੱਚ, ਢਿੱਲੋਂ ਛੋਟੇ ਕਾਰੋਬਾਰ ਅਤੇ ਟਰਾਂਸਪੋਰਟ ਵਿਭਾਗਾਂ ਵਿੱਚ ਦੋ ਕੈਬਨਿਟ ਮੰਤਰੀਆਂ ਦੇ ਚੀਫ ਆਫ਼ ਸਟਾਫ ਵਜੋਂ ਸੇਵਾਵਾਂ ਦੇ ਚੁੱਕੇ ਹਨ। ਇਹਨਾਂ ਅਹੁਦਿਆਂ ‘ਤੇ ਰਹਿੰਦਿਆਂ ਉਹਨਾਂ ਨੇ ਕਈ ਵੱਡੇ ਅੰਤਰਰਾਸ਼ਟਰੀ ਮੰਚਾਂ ਜਿਵੇਂ ਕਿ ਜੀ-7, ਜੀ-20, ਅਤੇ ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੀ ਨੁਮਾਇੰਦਗੀ ਦਾ ਸਮਰਥਨ ਕੀਤਾ। ਉਹਨਾਂ ਦੀਆਂ ਪੰਜਾਬ ਨਾਲ ਜੁੜੀਆਂ ਜੜ੍ਹਾਂ ਕਾਰਨ, ਇਸ ਨਿਯੁਕਤੀ ਨਾਲ ਪੰਜਾਬੀ ਭਾਈਚਾਰੇ ਦਾ ਧਿਆਨ ਖਿੱਚੇ ਜਾਣ ਦੀ ਪੂਰੀ ਉਮੀਦ ਹੈ। ਯੂਏਈ ਵਿੱਚ ਰਾਜਦੂਤ ਵਜੋਂ, ਢਿੱਲੋਂ ਇੱਕ ਅਜਿਹੇ ਦੇਸ਼ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ, ਜੋ ਵਪਾਰ ਅਤੇ ਨਿਵੇਸ਼ ਵਿੱਚ ਇੱਕ ਬਹੁਤ ਹੀ ਅਹਿਮ ਭਾਈਵਾਲ ਹੈ। ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਕੈਨੇਡਾ ਅਤੇ ਯੂਏਈ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ। 21 ਸਤੰਬਰ ਨੂੰ ਅਨੀਤਾ ਆਨੰਦ ਅਤੇ ਯੂਏਈ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਨੇ ਵਪਾਰ ਅਤੇ ਨਿਵੇਸ਼ ਵਧਾਉਣ ਸਮੇਤ ਕਈ ਅਹਿਮ ਮੁੱਦਿਆਂ ਅਤੇ ਸਮਝੌਤਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਸੀ।

ਮਸ਼ਹੂਰ ਰਿਟੇਲ ਕੰਪਨੀ ਕੋਸਟਕੋ ਦੀ ਤਾਜ਼ਾ ਤਿਮਾਹੀ ਦੀ ਰਿਪੋਰਟ ਵਿੱਚ ਕੁੱਲ ਵਿਕਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਕੈਨੇਡਾ ਅਤੇ ਅਮਰੀਕਾ ਵਿੱਚ ਵਧ ਰਹੀ ਮਹਿੰਗਾਈ ਦੇ ਚਲਦਿਆਂ ਗਾਹਕ ਆਪਣੇ ਪੈਸੇ ਦੀ ਵੱਧ ਤੋਂ ਵੱਧ ਬਚਤ ਕਰਨ ਲਈ ਕੋਸਟਕੋ ਵੱਲ ਰੁੱਖ ਕਰ ਰਹੇ ਹਨ। ਅਗਸਤ ਦੇ ਅੰਤ ਤੱਕ ਦੇ ਤਿੰਨ ਮਹੀਨਿਆਂ ਵਿੱਚ ਕੋਸਟਕੋ ਦੀ ਨੈੱਟ ਵਿਕਰੀ 11.2 ਫੀਸਦੀ ਵਧ ਕੇ 93.9 ਅਰਬ ਅਮਰੀਕੀ ਡਾਲਰ ਹੋ ਗਈ ਹੈ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 84.4 ਅਰਬ ਡਾਲਰ ਸੀ। ਇਸ ਤੋਂ ਇਲਾਵਾ, ਕੰਪਨੀ ਨੂੰ ਮੈਂਬਰਸ਼ਿਪ ਫੀਸ ਤੋਂ 1.85 ਅਰਬ ਡਾਲਰ ਦੀ ਆਮਦਨ ਹੋਈ ਹੈ, ਜੋ ਪਿਛਲੇ ਸਾਲ ਨਾਲੋਂ ਲਗਭਗ 7 ਫੀਸਦੀ ਵੱਧ ਹੈ। ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਗੈਰੀ ਮਿਲਰਚਿਪ ਨੇ ਦੱਸਿਆ ਕਿ ਕੋਸਟਕੋ ਦੇ ਹੁਣ ਕੁੱਲ 8.41 ਕਰੋੜ ਪੇਡ ਮੈਂਬਰ ਹਨ। ਕੰਪਨੀ ਦਾ ਮੰਨਣਾ ਹੈ ਕਿ ਘੱਟ ਕੀਮਤਾਂ ਅਤੇ ਵਧੀਆ ਚੀਜ਼ਾਂ ਦੇਣ ਦੇ ਵਾਅਦੇ ਕਰਕੇ ਲੋਕ ਇੱਥੋਂ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਆਪਣੇ ਹਰ ਖਰਚੇ ਦਾ ਪੂਰਾ ਲਾਭ ਮਿਲ ਸਕੇ। ਕੈਨੇਡਾ ਵਿੱਚ ਅਗਸਤ ਮਹੀਨੇ ਮਹਿੰਗਾਈ ਦਰ 3 ਫੀਸਦੀ ਅਤੇ ਅਮਰੀਕਾ ਵਿੱਚ 3.4 ਫੀਸਦੀ ਦਰਜ ਕੀਤੀ ਗਈ ਸੀ। ਮਹਿੰਗਾਈ ਦੇ ਕਾਰਨ ਆਮ ਲੋਕਾਂ ਲਈ ਰੋਜ਼ਾਨਾ ਦੀਆਂ ਚੀਜ਼ਾਂ ਅਤੇ ਗ੍ਰੋਸਰੀ ਖਰੀਦਣਾ ਔਖਾ ਹੋ ਰਿਹਾ ਹੈ। ਈਰਾਨ ਵਿੱਚ ਚੱਲ ਰਹੀ ਜੰਗ ਅਤੇ ਏਆਈ ਖੇਤਰ ਵਿੱਚ ਵੱਧ ਰਹੇ ਖਰਚਿਆਂ ਕਾਰਨ ਤੇਲ, ਗੈਸ ਅਤੇ ਇਲੈਕਟ੍ਰਾਨਿਕਸ ਚੀਜ਼ਾਂ ਦੀਆਂ ਕੀਮਤਾਂ ‘ਤੇ ਦਬਾਅ ਪੈ ਰਿਹਾ ਹੈ, ਜਿਸ ਨਾਲ ਕੁਝ ਵਸਤੂਆਂ ਮਹਿੰਗੀਆਂ ਹੋਈਆਂ ਹਨ। ਕੋਸਟਕੋ ਮੁਤਾਬਕ, ਮਹਿੰਗਾਈ ਦੇ ਬਾਵਜੂਦ ਗਾਹਕ ਅਜਿਹੀਆਂ ਚੀਜ਼ਾਂ ‘ਤੇ ਪੈਸੇ ਖਰਚਣ ਲਈ ਤਿਆਰ ਹਨ ਜਿੱਥੇ ਉਨ੍ਹਾਂ ਨੂੰ ਵਧੀਆ ਗੁਣਵੱਤਾ ਅਤੇ ਬਚਤ ਨਜ਼ਰ ਆਉਂਦੀ ਹੈ। ਕੰਪਨੀ ਦੀਆਂ ਗੈਰ-ਭੋਜਨ ਵਸਤੂਆਂ ਜਿਵੇਂ ਕਿ ਟਾਇਰ, ਘਰੇਲੂ ਸਮਾਨ, ਫਰਨੀਚਰ, ਇਲੈਕਟ੍ਰਾਨਿਕਸ ਅਤੇ ਸੁੰਦਰਤਾ ਦੇ ਸਾਮਾਨ ਦੀ ਵਿਕਰੀ ਵਿੱਚ 50 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਭੋਜਨ ਖੇਤਰ ਵਿੱਚ, ਗਾਹਕ ਪੈਸੇ ਬਚਾਉਣ ਲਈ ਘੱਟ ਕੀਮਤ ਵਾਲੇ ਪ੍ਰੋਟੀਨ ਜਿਵੇਂ ਕੀਮਾ ਅਤੇ ਮੁਰਗੇ ਦੇ ਮਾਸ ਦੀ ਖਰੀਦਦਾਰੀ ਵੱਧ ਕਰ ਰਹੇ ਹਨ। ਇਸ ਦੇ ਨਾਲ ਹੀ, ਚੰਗੀ ਗੁਣਵੱਤਾ ਵਾਲੇ ਬੇਕਰੀ ਉਤਪਾਦਾਂ ਦੀ ਮੰਗ ਵੀ ਬਹੁਤ ਵਧੀ ਹੈ।

ਅਲਬਰਟਾ ਵਿੱਚ ਕਰਵਾਏ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਪ੍ਰੀਮੀਅਰ ਡੈਨੀਅਲ ਸਮਿਥ ਦੀ ਨਿੱਜੀ ਲੋਕਪ੍ਰਿਯਤਾ ਅਤੇ ਉਨ੍ਹਾਂ ਦੀ ਪਾਰਟੀ ਯੂਸੀਪੀ ਲਈ ਜਨਤਾ ਦਾ ਸਮਰਥਨ ਘੱਟ ਰਿਹਾ ਹੈ। ਸੀਬੀਸੀ ਨਿਊਜ਼ ਲਈ ‘ਜੈਨੇਟ ਬ੍ਰਾਊਨ ਓਪੀਨੀਅਨ ਰਿਸਰਚ’ ਦੁਆਰਾ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ, ਤਾਂ 41 ਫੀਸਦੀ ਵੋਟਰ ਯੂਸੀਪੀ ਨੂੰ ਅਤੇ 41 ਫੀਸਦੀ ਵੋਟਰ ਹੀ ਵਿਰੋਧੀ ਧਿਰ ਐਨਡੀਪੀ ਨੂੰ ਵੋਟ ਪਾਉਣਗੇ। ਇਸ ਸਾਲ ਦੇ ਸ਼ੁਰੂ ਵਿੱਚ ਯੂਸੀਪੀ ਸਰਕਾਰ ਕਾਫੀ ਮਜ਼ਬੂਤ ਸਥਿਤੀ ਵਿੱਚ ਸੀ, ਪਰ ਹੁਣ ਸਥਿਤੀ ਬਦਲ ਗਈ ਹੈ। ਮਾਹਰਾਂ ਅਨੁਸਾਰ, ਅਲਬਰਟਾ ਵਿੱਚ ਚੱਲ ਰਹੇ ਇੱਕ ਵਿਵਾਦਪੂਰਨ ਰੈਫਰੈਂਡਮ ਕਾਰਨ ਪਾਰਟੀ ਨੂੰ ਦੋਵਾਂ ਪਾਸਿਆਂ ਤੋਂ ਨੁਕਸਾਨ ਹੋ ਰਿਹਾ ਹੈ। ਡੈਨੀਅਲ ਸਮਿਥ ਵਿਚਕਾਰਲਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੇ ਸਮਰਥਕ ਅਤੇ ਵੱਖਵਾਦ ਦਾ ਵਿਰੋਧ ਕਰਨ ਵਾਲੇ ਫੈਡਰਲਿਸਟ, ਦੋਵੇਂ ਹੀ ਉਨ੍ਹਾਂ ਦੇ ਰੁੱਖ ਤੋਂ ਅਸੰਤੁਸ਼ਟ ਨਜ਼ਰ ਆ ਰਹੇ ਹਨ। ਅਪ੍ਰੈਲ ਤੋਂ ਬਾਅਦ ਯੂਸੀਪੀ ਦਾ ਸਮਰਥਨ 8 ਫੀਸਦੀ ਘਟਿਆ ਹੈ, ਜਦੋਂ ਕਿ ਐਨਡੀਪੀ ਦੇ ਸਮਰਥਨ ਵਿੱਚ 5 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਦੋਵੇਂ ਪਾਰਟੀਆਂ ਬਰਾਬਰੀ ‘ਤੇ ਆ ਗਈਆਂ ਹਨ। ਖੇਤਰੀ ਪੱਧਰ ‘ਤੇ ਦੇਖਿਆ ਜਾਵੇ ਤਾਂ ਕੈਲਗਰੀ ਅਤੇ ਐਡਮੰਟਨ ਤੋਂ ਬਾਹਰੀ ਇਲਾਕਿਆਂ ਵਿੱਚ ਯੂਸੀਪੀ ਦੇ ਸਮਰਥਨ ਵਿੱਚ 14 ਫੀਸਦੀ ਅਤੇ ਕੈਲਗਰੀ ਵਿੱਚ 10 ਫੀਸਦੀ ਦੀ ਗਿਰਾਵਟ ਆਈ ਹੈ। ਹਾਲ ਹੀ ਵਿੱਚ ਕੈਲਗਰੀ-ਸ਼ਾਅ ਜ਼ਿਮਨੀ ਚੋਣ ਵਿੱਚ ਵੀ ਐਨਡੀਪੀ ਨੇ ਯੂਸੀਪੀ ਤੋਂ ਇਹ ਸੀਟ ਜਿੱਤ ਲਈ ਸੀ। ਹਾਲਾਂਕਿ, ਚੋਣਾਂ ਵਿੱਚ ਅਜੇ ਇੱਕ ਸਾਲ ਦਾ ਸਮਾਂ ਬਾਕੀ ਹੈ ਅਤੇ ਖੇਤਰ ਵਿੱਚ ਤੇਲ ਦੀਆਂ ਕੀਮਤਾਂ ਵੱਧ ਹੋਣ ਕਾਰਨ ਸਰਕਾਰ ਕੋਲ ਵੋਟਰਾਂ ਨੂੰ ਦੁਬਾਰਾ ਲੁਭਾਉਣ ਦਾ ਮੌਕਾ ਹੈ। ਸਰਵੇਖਣ ਵਿੱਚ ਨੇਤਾਵਾਂ ਦੀ ਲੋਕਪ੍ਰਿਯਤਾ ਬਾਰੇ ਵੀ ਅਹਿਮ ਤੱਥ ਸਾਹਮਣੇ ਆਏ ਹਨ। ਡੈਨੀਅਲ ਸਮਿਥ ਦੀ ਰੇਟਿੰਗ ਵਿੱਚ ਗਿਰਾਵਟ ਆਈ ਹੈ, ਜਦੋਂ ਕਿ ਐਨਡੀਪੀ ਨੇਤਾ ਨਾਹੀਦ ਨੇਂਸ਼ੀ ਤੋਂ 25 ਫੀਸਦੀ ਲੋਕ ਪ੍ਰਭਾਵਿਤ ਹਨ। ਦੂਜੇ ਪਾਸੇ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲੋਕਪ੍ਰਿਯਤਾ ਅਲਬਰਟਾ ਵਿੱਚ ਕਾਫੀ ਵਧ ਰਹੀ ਹੈ। ਲਗਭਗ 52 ਫੀਸਦੀ ਲੋਕ ਉਨ੍ਹਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਨ, ਖਾਸ ਕਰਕੇ ਅਮਰੀਕਾ ਨਾਲ ਵਪਾਰਕ ਤਣਾਅ ਨੂੰ ਸੰਭਾਲਣ ਅਤੇ ਬੀ.ਸੀ. ਕੋਸਟ ਤੱਕ ਪਾਈਪਲਾਈਨ ਬਣਾਉਣ ਦੇ ਉਨ੍ਹਾਂ ਦੇ ਵਾਅਦੇ ਕਾਰਨ। ਇਸ ਦੇ ਉਲਟ, ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਏਰੇ ਪੋਇਲਿਵਰੇ ਤੋਂ ਸਿਰਫ਼ 26 ਫੀਸਦੀ ਲੋਕ ਹੀ ਪ੍ਰਭਾਵਿਤ ਹਨ, ਜੋ ਕਿ ਕੰਜ਼ਰਵੇਟਿਵਾਂ ਦਾ ਗੜ੍ਹ ਮੰਨੇ ਜਾਂਦੇ ਅਲਬਰਟਾ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਲਈ ਚਿੰਤਾ ਦਾ ਦਾ ਵਿਸ਼ਾ ਹੈ।

ਕੈਨੇਡਾ ਨੇ ਰੱਖਿਆ, ਸੁਰੱਖਿਆ ਅਤੇ ਆਰਥਿਕ ਮੁੱਦਿਆਂ ‘ਤੇ ਗੁਪਤ ਖੁਫੀਆ ਜਾਣਕਾਰੀ ਦਾ ਲੈਣ-ਦੇਣ ਕਰਨ ਲਈ ਜਰਮਨੀ ਨਾਲ ਇੱਕ ਨਵਾਂ ਸਮਝੌਤਾ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਓਟਾਵਾ ਵਿੱਚ ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਨਾਲ ਇੱਕ ਸਮਾਗਮ ਦੌਰਾਨ ਇਸ ਸਮਝੌਤੇ ‘ਤੇ ਦਸਤਖਤ ਕਰਨ ਦਾ ਐਲਾਨ ਕੀਤਾ। ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਸਬੰਧ ਮਜ਼ਬੂਤ ਕਰਨ ਦੀ ਗੱਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਭਾਈਵਾਲੀ ਵਿੱਚ ਜਰਮਨੀ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵਪਾਰ, ਨਵੀਨਤਾ ਅਤੇ ਉੱਨਤ ਤਕਨਾਲੋਜੀ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਸਹਿਯੋਗ ਨੂੰ ਵਧਾਏਗਾ, ਜਿਸ ਨਾਲ ਕੈਨੇਡਾ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ। ਇਹ ਸਮਝੌਤਾ ਸਰਕਾਰਾਂ ਦੇ ਨਾਲ-ਨਾਲ ਨਿਜੀ ਉਦਯੋਗਾਂ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ‘ਤੇ ਵੀ ਲਾਗੂ ਹੋਵੇਗਾ। ਜਰਮਨੀ ਦੇ ਵਿਦੇਸ਼ ਮੰਤਰੀ ਵਾਡੇਫੁਲ ਨੇ ਕਿਹਾ ਕਿ ਅੱਜ ਦੁਨੀਆ ਦੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ, ਅਜਿਹੇ ਸਮੇਂ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸ ‘ਤੇ ਭਰੋਸਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਰਮਨੀ ਕੈਨੇਡਾ ‘ਤੇ ਅਤੇ ਕੈਨੇਡਾ ਜਰਮਨੀ ‘ਤੇ ਪੂਰਾ ਭਰੋਸਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਹਾਲ ਹੀ ਵਿੱਚ ਆਪਣੀ ਜਲਸੈਨਾ ਲਈ 12 ਨਵੀਆਂ ਪਣਡੁੱਬੀਆਂ ਬਣਾਉਣ ਲਈ ਜਰਮਨ ਕੰਪਨੀ ਨਾਲ 80 ਅਰਬ ਡਾਲਰ ਦਾ ਵੱਡਾ ਸਮਝੌਤਾ ਕੀਤਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਰੱਖਿਆ ਸਬੰਧ ਹੋਰ ਗੂੜ੍ਹੇ ਹੋਏ ਹਨ। ਹਾਲਾਂਕਿ, ਇਸ ਸਮਝੌਤੇ ਦੀਆਂ ਕੀਮਤਾਂ ਬਾਰੇ ਪੁੱਛੇ ਗਏ ਸਵਾਲ ‘ਤੇ ਅਨੀਤਾ ਆਨੰਦ ਨੇ ਸਪੱਸ਼ਟ ਕੀਤਾ ਕਿ ਗੱਲਬਾਤ ਅਜੇ ਜਾਰੀ ਹੈ ਅਤੇ ਇਹ ਮੰਤਰੀਆਂ ਦੇ ਪੱਧਰ ‘ਤੇ ਨਹੀਂ ਬਲਕਿ ਅਧਿਕਾਰੀਆਂ ਦੇ ਪੱਧਰ ‘ਤੇ ਚੱਲ ਰਹੀ ਹੈ।

ਓਨਟਾਰੀਓ ਅਤੇ ਕਿਊਬਿਕ ਦੀਆਂ ਵੱਖ-ਵੱਖ ਪੁਲਿਸ ਫੋਰਸਾਂ ਨੇ ਇਸਲਾਮਿਕ ਸਕੂਲਾਂ ਨੂੰ ਮਿਲੀ ਇੱਕ ਧਮਕੀ ਭਰੀ ਈਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਈਮੇਲ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਮੁਸਲਮਾਨਾਂ ਨੂੰ ਦੇਸ਼ ਵਿੱਚੋਂ ਨਾ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਕੈਨੇਡਾ ਦੀ ਮੁਸਲਿਮ ਐਸੋਸੀਏਸ਼ਨ ਵੱਲੋਂ ਚਲਾਏ ਜਾਂਦੇ 9 ਪ੍ਰਾਈਵੇਟ ਸਕੂਲਾਂ ਨੂੰ ਇਹ ਈਮੇਲ ਮਿਲੀ ਹੈ। ਸੰਸਥਾ ਨੇ ਵੀਰਵਾਰ ਸਵੇਰੇ ਓਨਟਾਰੀਓ, ਵੈਨਕੂਵਰ ਅਤੇ ਮਾਂਟਰੀਅਲ ਦੀ ਸਥਾਨਕ ਪੁਲਿਸ ਦੇ ਨਾਲ-ਨਾਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ। ਇਹ ਈਮੇਲ ਪਿਛਲੇ ਐਤਵਾਰ, 20 ਸਤੰਬਰ ਨੂੰ ਆਈ ਸੀ। ਈਮੇਲ ਵਿੱਚ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ ਅਤੇ ਲਿਖਿਆ ਗਿਆ ਹੈ ਕਿ ਅਲਬਰਟਾ ਦੀਆਂ ਚੋਣਾਂ ਦੇ ਨਤੀਜੇ ਜੋ ਵੀ ਹੋਣ, ਮੁਸਲਮਾਨਾਂ ਨੂੰ ਦੇਸ਼ ਵਿੱਚੋਂ ਕੱਢਿਆ ਜਾਵੇਗਾ ਜਾਂ ਮਾਰ ਦਿੱਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਲੰਡਨ, ਪੀਲ ਰੀਜਨ, ਵਾਟਰਲੂ, ਓਟਾਵਾ ਅਤੇ ਮਾਂਟਰੀਅਲ ਦੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੀਲ ਪੁਲਿਸ ਅਤੇ ਓਟਾਵਾ ਪੁਲਿਸ ਨੇ ਸਾਵਧਾਨੀ ਵਜੋਂ ਮਸਜਿਦਾਂ ਅਤੇ ਧਾਰਮਿਕ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਅਤੇ ਗਸ਼ਤ ਵਧਾ ਦਿੱਤੀ ਹੈ। ਪੁਲਿਸ ਅਨੁਸਾਰ ਫਿਲਹਾਲ ਕਿਸੇ ਤੁਰੰਤ ਹਮਲੇ ਦੀ ਕੋਈ ਪੱਕੀ ਜਾਣਕਾਰੀ ਨਹੀਂ ਹੈ, ਪਰ ਉਹ ਪੂਰੀ ਤਰ੍ਹਾਂ ਮੁਸਤੈਦ ਹਨ। ਮੈਕ ਦੇ ਬੁਲਾਰੇ ਨਬੀਲ ਸੁਲਤਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਨਫ਼ਰਤੀ ਟਿੱਪਣੀਆਂ ਮਿਲਦੀਆਂ ਰਹੀਆਂ ਹਨ, ਪਰ ਇੰਨੇ ਸਾਰੇ ਸਕੂਲਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਉਣਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ 2021 ਵਿੱਚ ਉਨਟਾਰੀਓ ਦੇ ਲੰਡਨ ਵਿੱਚ ਅਫਜ਼ਾਲ ਪਰਿਵਾਰ ‘ਤੇ ਹੋਏ ਉਸ ਅੱਤਵਾਦੀ ਹਮਲੇ ਦੀ ਯਾਦ ਦਿਵਾਉਂਦੀਆਂ ਹਨ, ਜਿਸ ਵਿੱਚ ਇੱਕ ਵਿਅਕਤੀ ਨੇ ਟਰੱਕ ਚੜ੍ਹਾ ਕੇ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਲਈ ਸੀ। ਓਟਾਵਾ ਦੇ ਅਬਰਾਰ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਸਲੀਮ ਨੇ ਕਿਹਾ ਕਿ ਬੱਚਿਆਂ ਲਈ ਅਜਿਹੀ ਹਿੰਸਕ ਭਾਸ਼ਾ ਵਾਲੀ ਈਮੇਲ ਮਿਲਣਾ ਬਹੁਤ ਵੱਡਾ ਝਟਕਾ ਹੈ। ਸਕੂਲ ਦੇ ਬਾਹਰ ਬੱਚਿਆਂ ਦੇ ਮਾਪੇ ਚਿੰਤਤ ਜ਼ਰੂਰ ਹਨ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਡਰਨ ਵਾਲੇ ਨਹੀਂ ਹਨ। ਇੱਕ ਬੱਚੀ ਦੀ ਮਾਂ ਸਾਰਾ ਉਮਰ ਨੇ ਕਿਹਾ ਕਿ ਅਸੀਂ ਆਪਣੇ ਸਕੂਲਾਂ ਅਤੇ ਭਾਈਚਾਰੇ ‘ਤੇ ਭਰੋਸਾ ਰੱਖਦੇ ਹਾਂ, ਅਸੀਂ ਇਨ੍ਹਾਂ ਧਮਕੀਆਂ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਨਹੀਂ ਕਰਾਂਗੇ। ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ, ਦੇਸ਼ ਵਿੱਚ 2018 ਤੋਂ 2024 ਦਰਮਿਆਨ ਨਫ਼ਰਤੀ ਅਪਰਾਧਾਂ ਦੇ ਮਾਮਲੇ 1,817 ਤੋਂ ਵੱਧ ਕੇ 4,882 ਹੋ ਗਏ ਹਨ। ਇਸੇ ਸਮੇਂ ਦੌਰਾਨ ਇਸਲਾਮੋਫੋਬੀਆ ਅਤੇ ਯਹੂਦੀ ਭਾਈਚਾਰੇ ਵਿਰੁੱਧ ਨਫ਼ਰਤ ਦੇ ਮਾਮਲਿਆਂ ਵਿੱਚ ਵੀ ਲਗਭਗ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸਕੂਲ ਪ੍ਰਬੰਧਕਾਂ ਨੇ ਸਰਕਾਰ ਵੱਲੋਂ ਇਸਲਾਮੋਫੋਬੀਆ ਵਿਰੁੱਧ ਕੰਮ ਕਰਨ ਵਾਲੇ ਵਿਸ਼ੇਸ਼ ਦਫ਼ਤਰ ਨੂੰ ਬੰਦ ਕਰਨ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ ਹੈ।

‘ਮਦਰ ਜੋਨਸ’ ਮੈਗਜ਼ੀਨ ਦੀ ਇੱਕ ਨਵੀਂ ਰਿਪੋਰਟ ਵਿੱਚ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਕੈਨੇਡਾ ਦੇ ਟੰਬਲਰ ਰਿਜ ਵਿੱਚ ਹੋਈ ਦੁਖਦਾਈ ਗੋਲੀਬਾਰੀ ਦੀ ਹਮਲਾਵਰ ਜੈਸੀ ਵੈਨ ਰੂਟਸੇਲਾਰ ਨੇ ਇਸ ਹਮਲੇ ਦੀ ਯੋਜਨਾ ਬਣਾਉਣ ਲਈ ਓਪਨਏਆਈ ਦੇ ਚੈਟਜੀਪੀਟੀ ਪ੍ਰੋਗਰਾਮ ਦੀ ਵਰਤੋਂ ਕੀਤੀ ਸੀ। ਰਿਪੋਰਟ ਦੇ ਅਨੁਸਾਰ, ਹਮਲਾਵਰ ਨੇ ਚੈਟਜੀਪੀਟੀ ਦੇ ਸੁਰੱਖਿਆ ਨਿਯਮਾਂ ਨੂੰ ਧੋਖਾ ਦੇ ਕੇ ਹਿੰਸਕ ਜਾਣਕਾਰੀ ਹਾਸਲ ਕੀਤੀ। ਇਸ ਸਾਲ 10 ਫਰਵਰੀ ਨੂੰ ਜੈਸੀ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਭਰਾ ਦਾ ਕਤਲ ਕੀਤਾ। ਇਸ ਤੋਂ ਬਾਅਦ ਉਸਨੇ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਜਾ ਕੇ 12 ਤੋਂ 13 ਸਾਲ ਦੀ ਉਮਰ ਦੇ 5 ਵਿਦਿਆਰਥੀਆਂ ਅਤੇ ਇੱਕ ਸਿੱਖਿਆ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ। ਓਪਨਏਆਈ ਨੇ ਮੰਨਿਆ ਹੈ ਕਿ ਹਮਲਾਵਰ ਦੇ ਪਹਿਲੇ ਅਕਾਊਂਟ ਨੂੰ ਇੱਕ ਮਾਲ ‘ਤੇ ਹਮਲੇ ਦੀ ਗੱਲ ਕਰਨ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ ਕੈਨੇਡੀਅਨ ਅਧਿਕਾਰੀਆਂ ਨੂੰ ਇਸਦੀ ਸੂਚਨਾ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਹਮਲਾਵਰ ਨੇ ਦੂਜਾ ਅਕਾਊਂਟ ਬਣਾ ਲਿਆ। ਮੈਗਜ਼ੀਨ ਅਨੁਸਾਰ, ਦੂਜੇ ਅਕਾਊਂਟ ਵਿੱਚ ਉਸਨੇ ਹਮਲੇ ਨੂੰ ਇੱਕ ਕਲਪਨਿਕ ਕਹਾਣੀ ਵਜੋਂ ਪੇਸ਼ ਕੀਤਾ। ਚੈਟਜੀਪੀਟੀ ਨੇ ਉਸਨੂੰ ਸਕੂਲ ਦੇ ਕਲਾਸਰੂਮ ਵਿੱਚ ਸ਼ਾਟਗਨ ਦੀ ਵਰਤੋਂ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਅਤੇ ਇਹ ਵੀ ਦੱਸਿਆ ਕਿ ਸੁਰੱਖਿਆ ਪ੍ਰੋਟੋਕੋਲ ਤੋਂ ਕਿਵੇਂ ਬਚਿਆ ਜਾਵੇ। ਇਸ ਰਿਪੋਰਟ ਤੋਂ ਬਾਅਦ ਪੀੜਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਕਈ ਪਰਿਵਾਰਾਂ ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਓਪਨਏਆਈ ਵਿਰੁੱਧ ਅਦਾਲਤ ਵਿੱਚ ਕੇਸ ਦਰਜ ਕਰਵਾਏ ਹਨ। ਬੀ.ਸੀ. ਦੀ ਅਟਾਰਨੀ ਜਨਰਲ ਨਿਕੀ ਸ਼ਰਮਾ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਆਈ ਕੰਪਨੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਕ੍ਰਿਮੀਨਲ ਕੋਡ ਵਿੱਚ ਬਦਲਾਅ ਕੀਤੇ ਜਾਣ। ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਇਹ ਜਾਣਕਾਰੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਅਤੇ ਜੇਕਰ ਦੋਸ਼ ਸੱਚ ਹਨ ਤਾਂ ਕੰਪਨੀ ਖਿਲਾਫ਼ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਫੈਡਰਲ ਏਆਈ ਮੰਤਰੀ ਈਵਾਨ ਸੋਲੋਮਨ ਦੇ ਦਫ਼ਤਰ ਨੇ ਦੱਸਿਆ ਕਿ ਓਪਨਏਆਈ ਦੇ ਅਧਿਕਾਰੀਆਂ ਨੂੰ ਓਟਾਵਾ ਬੁਲਾ ਕੇ ਸਖ਼ਤ ਸੁਰੱਖਿਆ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਿਲਹਾਲ ਓਪਨਏਆਈ ਆਰਸੀਐਮਪੀ ਦੀ ਸਾਈਬਰ ਕ੍ਰਾਈਮ ਟੀਮ ਨਾਲ ਮਿਲ ਕੇ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ।

ਆਰਟੀਫਿਸ਼ੀਅਲ ਇੰਟੈਲੀਜੈਂਸ ਮੰਤਰੀ ਈਵਾਨ ਸੋਲੋਮਨ ਨੇ ਕਿਹਾ ਹੈ ਕਿ ਕੈਨੇਡਾ ਵਿਸ਼ਵ ਪੱਧਰ ‘ਤੇ ਏਆਈ ਨੂੰ ਕੰਟਰੋਲ ਕਰਨ ਦਾ ਤਰੀਕਾ ਲੱਭਣ ਲਈ ਜੀ-7 ਅਤੇ ਜੀ-20 ਦੇ ਮੈਂਬਰ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਏਆਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਬਹੁਤ ਹੀ ਗੰਭੀਰ ਹਨ, ਜੋ ਕਿ ਹਾਲ ਹੀ ਵਿੱਚ ਹੋਈਆਂ ਡਾਟਾ ਲੀਕ ਦੀਆਂ ਘਟਨਾਵਾਂ ਕਾਰਨ ਹੋਰ ਵੀ ਵਧ ਗਈਆਂ ਹਨ। ਸੋਲੋਮਨ ਨੇ ਕਿਹਾ ਕਿ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸੰਪਰਕ ਕਰਨ ਲਈ ਇੱਕ ਸਿੱਧੀ ਹੌਟਲਾਈਨ ਵਰਗੀ ਵਿਵਸਥਾ ਦੀ ਲੋੜ ਹੈ, ਜਿਵੇਂ ਕਿ ਸੀਤ ਯੁੱਧ ਦੇ ਸਮੇਂ ਵਾਸ਼ਿੰਗਟਨ ਅਤੇ ਸੋਵੀਅਤ ਸੰਘ ਵਿਚਾਲੇ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੀਆਂ ਸਰਕਾਰਾਂ ਏਆਈ ਸੁਰੱਖਿਆ ਦੇ ਨਿਯਮ ਬਣਾਉਣ ਲਈ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਰਹੀਆਂ ਹਨ। ਇਹ ਬਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਉਸ ਖੁਲਾਸੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਜੂਨ ਮਹੀਨੇ ਵਿੱਚ ਓਪਨਏਆਈ ਦੇ ਇੱਕ ਏਆਈ ਏਜੰਟ ਨੇ ਆਸਟ੍ਰੇਲੀਆ ਦੀ ਸਰਕਾਰੀ ਹੈਲਥ ਇੰਸ਼ੋਰੈਂਸ ਵੈੱਬਸਾਈਟ ‘ਮੈਡੀਕੇਅਰ’ ਨੂੰ ਹੈਕ ਕਰ ਲਿਆ ਸੀ। ਇਸ ਏਆਈ ਏਜੰਟ ਨੇ ਸਰਕਾਰ ਦੇ ਕਈ ਆਮ ਅਤੇ ਗੁਪਤ ਦਸਤਾਵੇਜ਼ਾਂ ਤੱਕ ਅਣਅਧਿਕਾਰਤ ਪਹੁੰਚ ਬਣਾ ਲਈ ਸੀ। ਓਪਨਏਆਈ ਨੇ ਇਸ ਘਟਨਾ ‘ਤੇ ਬੋਲਦਿਆਂ ਮੰਨਿਆ ਹੈ ਕਿ ਉਨ੍ਹਾਂ ਦੇ ਏਆਈ ਮਾਡਲ ਨੇ ਅਜਿਹੇ ਕਦਮ ਚੁੱਕੇ, ਜੋ ਉਹ ਨਹੀਂ ਚਾਹੁੰਦੇ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਓਪਨਏਆਈ ਦੇ ਸੀਈਓ ਸੈਮ ਅਲਟਮੈਨ ਨਾਲ ਗੱਲ ਕਰਕੇ ਆਪਣੀ ਗੰਭੀਰ ਚਿੰਤਾ ਪ੍ਰਗਟਾਈ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਹੈ। ਇਸ ਤੋਂ ਇਲਾਵਾ, ਓਪਨਏਆਈ ਨੇ ਪਿਛਲੇ ਮਹੀਨੇ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੇ ਕੁਝ ਏਆਈ ਏਜੰਟਾਂ ਨੇ ਸੁਰੱਖਿਅਤ ਜਾਂਚ ਦੇ ਘੇਰੇ ਤੋਂ ਬਾਹਰ ਨਿਕਲ ਕੇ ‘ਹਗਿੰਗ ਫੇਸ’ ਨਾਮਕ ਕੰਪਨੀ ‘ਤੇ ਮਿਲ ਕੇ ਹਮਲਾ ਕੀਤਾ ਸੀ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਏਆਈ ਦੀਆਂ ਗਤੀਵਿਧੀਆਂ ‘ਤੇ ਸਖ਼ਤ ਨਜ਼ਰ ਰੱਖਣਾ ਅਤੇ ਅੰਤਰਰਾਸ਼ਟਰੀ ਨਿਯਮ ਬਣਾਉਣਾ ਕਿੰਨਾ ਜ਼ਰੂਰੀ ਹੋ ਗਿਆ ਹੈ।

ਰਾਜਧਾਨੀ ਓਟਾਵਾ ਦੀ ਸਿਟੀ ਕੌਂਸਲ ਵੱਲੋਂ ਇੱਕ ਸਥਾਨਕ ਰਿਹਾਇਸ਼ੀ ਸੜਕ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਹਟਾਉਣ ਦੇ ਫੈਸਲੇ ਤੋਂ ਪਹਿਲਾਂ ਹੀ, ਉੱਥੋਂ ‘ਟਰੰਪ ਐਵੇਨਿਊ’ ਦਾ ਸਾਈਨ ਬੋਰਡ ਗਾਇਬ ਹੋ ਗਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਓਟਾਵਾ ਦੇ ਸੈਂਟਰਲ ਪਾਰਕ ਇਲਾਕੇ ਵਿੱਚ ਲੱਗਿਆ ਇਹ ਨੀਲੇ ਅਤੇ ਚਿੱਟੇ ਰੰਗ ਦਾ ਸਾਈਨ ਬੋਰਡ ਆਪਣੀ ਜਗ੍ਹਾ ਤੋਂ ਗਾਇਬ ਪਾਇਆ ਗਿਆ। ਓਟਾਵਾ ਸ਼ਹਿਰ ਦੇ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਕਿ ਇਹ ਬੋਰਡ ਚੋਰੀ ਹੋਇਆ ਹੈ ਜਾਂ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਹਟਾਇਆ ਗਿਆ ਹੈ। ਪ੍ਰਸ਼ਾਸਨ ਮੁਤਾਬਕ ਸਥਿਤੀ ਸਪੱਸ਼ਟ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਇਲਾਕੇ ਵਿੱਚ ਨਿਊਯਾਰਕ ਦੇ ਸ਼ਹਿਰਾਂ ਦੇ ਨਾਮ ‘ਤੇ ਹੋਰ ਵੀ ਸੜਕਾਂ ਦੇ ਨਾਮ ਰੱਖੇ ਗਏ ਹਨ। ਲਗਭਗ 20 ਸਾਲ ਪਹਿਲਾਂ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਨਾਮ ‘ਤੇ ਇਸ ਸੜਕ ਦਾ ਨਾਂ ਰਖਿਆ ਗਿਆ ਸੀ। ਇਹ ਬੋਰਡ ਗਾਇਬ ਹੋਣ ਦੀ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਓਟਾਵਾ ਸਿਟੀ ਕੌਂਸਲ ਨੇ ਇਸ ਸੜਕ ਦਾ ਨਾਮ ਬਦਲਣ ਦੇ ਪੱਖ ਵਿੱਚ ਵੋਟ ਪਾਈ ਸੀ। ਕੌਂਸਲਰ ਰਾਈਲੀ ਬ੍ਰੋਕਿੰਗਟਨ ਨੇ ਇਸ ਮਤੇ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਵਿਰੁੱਧ ਲਗਾਤਾਰ ਧਮਕੀਆਂ ਅਤੇ ਕੈਨੇਡੀਅਨ ਵਸਤੂਆਂ ‘ਤੇ ਟੈਰਿਫ ਲਗਾਉਣ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਇਸ ਸਨਮਾਨ ਦੇ ਹੱਕਦਾਰ ਨਹੀਂ ਹਨ। ਹੁਣ ਇੱਕ ਕਾਰਜਕਾਰੀ ਸਮੂਹ ਬਣਾਇਆ ਜਾਵੇਗਾ ਜੋ ਆਮ ਜਨਤਾ ਨਾਲ ਸਲਾਹ-ਮਸ਼ਵਰਾ ਕਰਕੇ ਨਵੇਂ ਨਾਮ ਦੀ ਚੋਣ ਕਰੇਗਾ ਅਤੇ ਆਉਂਦੀ ਬਸੰਤ ਰੁੱਤ ਵਿੱਚ ਨਵੇਂ ਨਾਮ ‘ਤੇ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 2021 ਵਿੱਚ ਵੀ ਇਸ ਸੜਕ ਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਰਿਹਾਇਸ਼ੀ ਲੋਕਾਂ ਨੇ ਆਪਣਾ ਘਰ ਦਾ ਪਤਾ ਬਦਲਣ ਦੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਇਸਦਾ ਵਿਰੋਧ ਕੀਤਾ ਸੀ। ਓਟਾਵਾ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੜਕਾਂ ਦੇ ਸਾਈਨ ਬੋਰਡ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ, ਇਸ ਲਈ ਇਹਨਾਂ ਨੂੰ ਨੁਕਸਾਨ ਪਹੁੰਚਾਉਣਾ, ਹਟਾਉਣਾ ਜਾਂ ਚੋਰੀ ਕਰਨਾ ਗੈਰ-ਕਾਨੂੰਨੀ ਹੈ।


Filed under