● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬੀ ਟਰੱਕ ਡਰਾਈਵਰਾਂ ਨੇ ਵੈਨਕੂਵਰ ਦੇ ਰਾਹ ਕੀਤੇ ਜਾਮ! CANADA NEWS BULLETIN

VANCOUVER: ਕੈਨੇਡਾ ਦੀਆਂ ਮੁੱਖ ਖ਼ਬਰਾਂ 1. ਮਿਸੀਸਾਗਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ ਮਿਸੀਸਾਗਾ (ਓਨਟਾਰੀਓ): ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਵਿੱਚ ਹੋਏ ਇੱਕ ਝਗੜੇ ਦੌਰਾਨ ਪੰਜਾਬੀ ਨੌਜਵਾਨ ਜਗਜੀਤ ਸਿੰਘ ਸੰਧੂ ਦੇ ਕਤਲ ਦੇ ਦੋਸ਼ ਵਿੱਚ 42…


VANCOUVER:

ਕੈਨੇਡਾ ਦੀਆਂ ਮੁੱਖ ਖ਼ਬਰਾਂ

1. ਮਿਸੀਸਾਗਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਮੁਲਜ਼ਮ ਔਰਤ ਖ਼ਿਲਾਫ਼ ਮਾਮਲਾ ਦਰਜ

ਮਿਸੀਸਾਗਾ (ਓਨਟਾਰੀਓ): ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਵਿੱਚ ਹੋਏ ਇੱਕ ਝਗੜੇ ਦੌਰਾਨ ਪੰਜਾਬੀ ਨੌਜਵਾਨ ਜਗਜੀਤ ਸਿੰਘ ਸੰਧੂ ਦੇ ਕਤਲ ਦੇ ਦੋਸ਼ ਵਿੱਚ 42 ਸਾਲਾ ਔਰਤ ਲੋਵੇਰੇਨਾ ਸਾਂਸ਼ੇ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸੈਕੰਡ-ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਸਤੰਬਰ ਨੂੰ ਇੱਕ ਸਥਾਨਕ ਸ਼ੈਲਟਰ ਦੇ ਬਾਹਰ ਹੋਈ ਝੜਪ ਦੌਰਾਨ ਜਗਜੀਤ ਸਿੰਘ ਸੰਧੂ ਇੱਕ ਹੋਰ ਵਿਅਕਤੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਹੋਏ ਚਾਕੂ ਦੇ ਵਾਰ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਸੋਸ਼ਲ ਮੀਡੀਆ ਰਾਹੀਂ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਪਰਿਵਾਰ ਨੂੰ ਸਮੇਂ ਸਿਰ ਸੂਚਨਾ ਨਹੀਂ ਦਿੱਤੀ ਗਈ। ਮਾਮਲੇ ਦੀ ਅਦਾਲਤੀ ਕਾਰਵਾਈ ਜਾਰੀ ਹੈ।

2. ਲੰਡਨ (ਓਨਟਾਰੀਓ) ਵਿੱਚ ਮਹਿਲਾ ਦੀ ਮੌਤ, ਪਤੀ ਖ਼ਿਲਾਫ਼ ਕਤਲ ਦਾ ਕੇਸ ਦਰਜ

ਲੰਡਨ (ਓਨਟਾਰੀਓ): ਲੰਡਨ ਪੁਲਿਸ ਨੇ 30 ਸਾਲਾ ਰਮਨ ਦੇਵੀ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੇ 41 ਸਾਲਾ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸੈਕੰਡ-ਡਿਗਰੀ ਮਰਡਰ ਦਾ ਦੋਸ਼ ਲਗਾਇਆ ਹੈ। ਪੁਲਿਸ ਅਨੁਸਾਰ ਘਟਨਾ ਦੱਖਣ-ਪੂਰਬੀ ਲੰਡਨ ਦੇ ਚੇਲਟਨ ਰੋਡ ‘ਤੇ ਸਥਿਤ ਇੱਕ ਘਰ ਵਿੱਚ ਵਾਪਰੀ। ਦੋ ਬੱਚਿਆਂ ਦੀ ਮਾਂ ਰਮਨ ਦੇਵੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ 15 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਫੈਮੀਸਾਈਡ (ਇਸਤਰੀ-ਹੱਤਿਆ) ਦੇ ਕੋਣ ਤੋਂ ਕਰ ਰਹੀ ਹੈ ਅਤੇ ਪਰਿਵਾਰਕ ਰਿਸ਼ਤੇ ਦੇ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

3. “ਬਿਸ਼ਨੋਈ” ਉਪਨਾਮ ਵਾਲੀਆਂ ਨੰਬਰ ਪਲੇਟਾਂ ਨੂੰ ਲੈ ਕੇ ਵਿਵਾਦ

ਵੈਨਕੂਵਰ (ਬ੍ਰਿਟਿਸ਼ ਕੋਲੰਬੀਆ): ਬ੍ਰਿਟਿਸ਼ ਕੋਲੰਬੀਆ ਦੀ ਸਰਕਾਰੀ ਆਟੋ ਬੀਮਾ ਏਜੰਸੀ (ICBC) ਨੇ ਭਾਰਤੀ ਮੂਲ ਦੀ ਨਾਗਰਿਕ ਮੰਜੂ ਬਿਸ਼ਨੋਈ ਨੂੰ ਆਪਣੀ ਗੱਡੀ ਦੀ “ਬਿਸ਼ਨੋਈ” ਉਪਨਾਮ ਵਾਲੀ ਨਿੱਜੀ ਲਾਇਸੈਂਸ ਪਲੇਟ ਹਟਾਉਣ ਜਾਂ ਬਦਲਣ ਦੀ ਸਿਫਾਰਸ਼ ਕੀਤੀ ਹੈ। ਏਜੰਸੀ ਅਨੁਸਾਰ ਇਸ ਨਾਮ ਕਾਰਨ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਗਲਤਫਹਿਮੀ ਹੋਣ ਕਰਕੇ ਸੁਰੱਖਿਆ ਖ਼ਤਰਾ ਪੈਦਾ ਹੋ ਸਕਦਾ ਹੈ। ਮੰਜੂ ਬਿਸ਼ਨੋਈ ਅਨੁਸਾਰ ਇਹ ਉਨ੍ਹਾਂ ਦਾ ਪਰਿਵਾਰਕ ਉਪਨਾਮ ਹੈ ਅਤੇ ਉਨ੍ਹਾਂ ਦਾ ਕਿਸੇ ਅਪਰਾਧਿਕ ਗਿਰੋਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਹਾਲ ਹੀ ਵਿੱਚ ਹੋਈਆਂ ਬਹਿਸਾਂ ਅਤੇ ਪਰੇਸ਼ਾਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।

4. ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਟਰੱਕ ਡਰਾਈਵਰਾਂ ਦਾ ਰੋਸ ਮਾਰਚ

ਵੈਨਕੂਵਰ: ਲੋਅਰ ਮੇਨਲੈਂਡ ਵਿੱਚ ਡੀਜ਼ਲ ਦੀਆਂ ਕੀਮਤਾਂ $2.84 ਪ੍ਰਤੀ ਲੀਟਰ ਤੱਕ ਪਹੁੰਚਣ ਤੋਂ ਬਾਅਦ ਸੈਂਕੜੇ ਡੰਪ ਟਰੱਕ ਡਰਾਈਵਰਾਂ ਨੇ ਰੋਸ ਮਾਰਚ ਕੱਢਿਆ। ਸਰੀ ਅਤੇ ਐਬਟਸਫੋਰਡ ਤੋਂ ਸ਼ੁਰੂ ਹੋਏ ਇਸ ਕਾਫਲੇ ਰਾਹੀਂ ਡਰਾਈਵਰਾਂ ਨੇ ਤੇਲ ਟੈਕਸਾਂ ਵਿੱਚ ਰਾਹਤ ਦੀ ਮੰਗ ਕੀਤੀ। ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਤਣਾਅ ਕਾਰਨ ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸਥਾਨਕ ਸਿਆਸੀ ਆਗੂਆਂ ਨੇ ਸਰਕਾਰ ਤੋਂ ਟੈਕਸ ਘਟਾਉਣ ਦੀ ਮੰਗ ਕੀਤੀ ਹੈ, ਜਦਕਿ ਮਾਹਰਾਂ ਦਾ ਮੰਨਣਾ ਹੈ ਕਿ ਗਲੋਬਲ ਸਪਲਾਈ ਚੇਨ ਵਿੱਚ ਆਈ ਰੁਕਾਵਟ ਦਾ ਅਸਰ ਆਮ ਉਪਭੋਗਤਾਵਾਂ ‘ਤੇ ਵੀ ਪੈ ਰਿਹਾ ਹੈ।

5. ਕਿਊਬਿਕ ਵਿੱਚ ਹੈਲੀਕਾਪਟਰ ਹਾਦਸਾ, 4 ਵਿਅਕਤੀਆਂ ਦੀ ਮੌਤ

ਮਾਂਟਰੀਅਲ (ਕਿਊਬਿਕ): ਮਾਂਟਰੀਅਲ ਸਾਊਥ ਸ਼ੋਰ ਦੇ ਹਾਈਵੇਅ 10 ਨੇੜੇ ਇੱਕ ਖੇਤ ਵਿੱਚ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 50 ਸਾਲਾ ਪਾਇਲਟ ਸੁਜ਼ੈਨ ਜੁਟਰਾਸ, ਗੈਬਰੀਅਲ ਜੈਸਮਿਨ, ਚੈਂਟਲ ਰੇਮੰਡ ਅਤੇ ਲੂਕਾਸ ਪੇਰੋਲਟ ਵਜੋਂ ਹੋਈ ਹੈ। ਕੈਨੇਡਾ ਦਾ ਟਰਾਂਸਪੋਰਟੇਸ਼ਨ ਸੇਫਟੀ ਬੋਰਡ (TSB) ਹਾਦਸੇ ਦੇ ਤਕਨੀਕੀ ਅਤੇ ਹੋਰ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਇਹ ਹਵਾਈ ਸਫਰ ਜਨਮਦਿਨ ਦੇ ਜਸ਼ਨ ਦਾ ਹਿੱਸਾ ਸੀ।

6. ਅਮਰੀਕੀ ਬੰਦਿਸ਼ਾਂ ਦਰਮਿਆਨ ਕੈਨੇਡੀਅਨ ਕਾਰੋਬਾਰੀਆਂ ਦਾ ਯੂਰਪ ਵੱਲ ਰੁਖ਼

ਓਟਾਵਾ: ਅਮਰੀਕਾ ਵੱਲੋਂ ਲਗਾਈਆਂ ਗਈਆਂ ਨਵੀਂਆਂ ਆਯਾਤ ਬੰਦਿਸ਼ਾਂ ਤੋਂ ਬਾਅਦ ਕੈਨੇਡਾ ਦੀਆਂ ਕਈ ਕੰਪਨੀਆਂ ਨੇ ਯੂਰਪੀਅਨ ਯੂਨੀਅਨ (EU) ਨਾਲ ਵਪਾਰਕ ਸਬੰਧ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਓਟਾਵਾ ਦੀ ‘ਐਸ.ਐਫ.ਆਰ. ਡਿਸਟਿਲਰੀ’ ਸਮੇਤ ਹੋਰ ਸਥਾਨਕ ਉਤਪਾਦਕ ਹੁਣ ਅਮਰੀਕੀ ਬਾਜ਼ਾਰ ਦੀ ਥਾਂ ਯੂਰਪੀਅਨ ਵਪਾਰਕ ਮੇਲਿਆਂ ਵਿੱਚ ਹਿੱਸਾ ਲੈ ਰਹੇ ਹਨ ਤਾਂ ਜੋ ਆਪਣੇ ਉਤਪਾਦਾਂ ਦਾ ਨਿਰਯਾਤ ਜਾਰੀ ਰੱਖਿਆ ਜਾ ਸਕੇ।

7. ਅਲਬਰਟਾ ਹਾਈਵੇਅ ‘ਤੇ 120 km/h ਰਫ਼ਤਾਰ ਸੀਮਾ ‘ਤੇ ਸਰਵੇਖਣ

ਐਡਮੰਟਨ (ਅਲਬਰਟਾ): ਅਲਬਰਟਾ ਸਰਕਾਰ ਦੁਆਰਾ ਕਰਵਾਏ ਗਏ ਇੱਕ ਆਨਲਾਈਨ ਸਰਵੇਖਣ ਵਿੱਚ ਲਗਭਗ 60,000 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਹਿੱਸੇਦਾਰਾਂ ਨੇ ਹਾਈਵੇਅ ‘ਤੇ ਰਫ਼ਤਾਰ ਸੀਮਾ 120 km/h ਕਰਨ ਦਾ ਸਮਰਥਨ ਕੀਤਾ। ਹਾਂਲਾਕਿ, ਅੰਕੜਿਆਂ ਮੁਤਾਬਕ 35 ਸਾਲ ਤੋਂ ਘੱਟ ਉਮਰ ਦੇ 87% ਨੌਜਵਾਨਾਂ ਨੇ ਇਸ ਦਾ ਸਮਰਥਨ ਕੀਤਾ, ਜਦਕਿ 55 ਸਾਲ ਤੋਂ ਵੱਧ ਉਮਰ ਦੇ 50% ਡਰਾਈਵਰ ਹੀ ਇਸ ਦੇ ਹੱਕ ਵਿੱਚ ਸਨ। ਰੋਡ ਇੰਜੀਨੀਅਰਾਂ ਅਤੇ ਸੁਰੱਖਿਆ ਮਾਹਰਾਂ ਨੇ ਸੜਕੀ ਬੁਨਿਆਦੀ ਢਾਂਚੇ ਅਤੇ ਹਾਦਸਿਆਂ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

8. ਆਰਕਟਿਕ ਦੀ ਸੁਰੱਖਿਆ ਅਤੇ ਬਦਲਦੇ ਕੂਟਨੀਤਕ ਸਮੀਕਰਨ

ਓਟਾਵਾ: ਵਿਦੇਸ਼ ਮੰਤਰੀ ਅਨੀਤਾ ਆਨੰਦ ਅਨੁਸਾਰ ਅੰਤਰਰਾਸ਼ਟਰੀ ਤਣਾਅ ਕਾਰਨ ਕੈਨੇਡੀਅਨ ਆਰਕਟਿਕ ਖੇਤਰ ਲਈ ਸੁਰੱਖਿਆ ਚੁਣੌਤੀਆਂ ਬਦਲ ਗਈਆਂ ਹਨ। ਕੈਨੇਡਾ ਅਤੇ ਅਮਰੀਕਾ ਨਾਟੋ (NATO) ਦੇ ਦਾਇਰੇ ਵਿੱਚ ਰਹਿ ਕੇ ਇਸ ਖੇਤਰ ਦੀ ਸੁਰੱਖਿਆ ਲਈ ਸਾਂਝੀ ਰਣਨੀਤੀ ‘ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ, ਸਰਕਾਰ ਨੇ ਉੱਤਰੀ ਸਰਹੱਦਾਂ ਦੀ ਸੁਰੱਖਿਆ ਲਈ ਨਵੀਆਂ ਪਣਡੁੱਬੀਆਂ ਅਤੇ ਲੜਾਕੂ ਜਹਾਜ਼ਾਂ ਦੀ ਖਰੀਦ ਸਮੇਤ ਰੱਖਿਆ ਬਜਟ ਵਧਾਉਣ ਦੀ ਯੋਜਨਾ ਬਣਾਈ ਹੈ।

9. ਅਲਬਰਟਾ ਦੇ ਸੰਵਿਧਾਨਕ ਸੁਧਾਰਾਂ ਦੇ ਪ੍ਰਸਤਾਵ ‘ਤੇ ਸਿਆਸੀ ਚਰਚਾ

ਐਡਮੰਟਨ: ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਵੱਲੋਂ ਕੈਨੇਡਾ ਦੇ ਸੰਵਿਧਾਨ ਨਾਲ ਜੁੜੇ ਕੁੱਝ ਮੁੱਦਿਆਂ ‘ਤੇ ਜਨਮਤ ਸੰਗ੍ਰਹਿ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਵਿੱਚ ਸੈਨੇਟ ਨੂੰ ਖ਼ਤਮ ਕਰਨ ਅਤੇ ਸੂਬਾਈ ਅਧਿਕਾਰਾਂ ਨੂੰ ਵਧਾਉਣ ਵਰਗੀਆਂ ਮੰਗਾਂ ਸ਼ਾਮਲ ਹਨ। ਕਾਨੂੰਨੀ ਮਾਹਰਾਂ ਅਨੁਸਾਰ ਸੰਵਿਧਾਨਕ ਤਬਦੀਲੀਆਂ ਲਈ ਪੂਰੇ ਦੇਸ਼ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਦੂਜੇ ਪਾਸੇ, ਵਿਰੋਧੀ ਧਿਰਾਂ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੂੰ ਸੰਵਿਧਾਨਕ ਬਹਿਸਾਂ ਦੀ ਬਜਾਏ ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ‘ਤੇ ਧਿਆਨ ਦੇਣਾ ਚਾਹੀਦਾ ਹੈ।


Filed under