Vancouver:
ਹੈਮਿਲਟਨ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਧੜਿਆਂ ਵਿਚਾਲੇ ਝੜਪ, ਦਸਤਾਰਾਂ ਲੱਥੀਆਂ; ਸੰਗਤ ਵੱਲੋਂ ਸਖ਼ਤ ਨਿੰਦਾ
ਹੈਮਿਲਟਨ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਦੋ ਧੜਿਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਹੋਈ, ਥੱਪੜ ਚੱਲੇ ਅਤੇ ਕਈਆਂ ਦੀਆਂ ਦਸਤਾਰਾਂ ਤੱਕ ਲੱਥ ਗਈਆਂ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਲੋਕ ਇੱਕ-ਦੂਜੇ ਦਾ ਗਲਾ ਫੜਦੇ, ਥੱਪੜ ਮਾਰਦੇ ਅਤੇ ਧੱਕਾ-ਮੁੱਕੀ ਕਰਦੇ ਦਿਖਾਈ ਦੇ ਰਹੇ ਹਨ। ਹੈਮਿਲਟਨ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਦੇ ਬਾਬਾ ਤਜਿੰਦਰ ਸਿੰਘ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਘਰ ਦੇ ਅੰਦਰ ਜੁੱਤੀਆਂ-ਚੱਪਲਾਂ ਚੱਲਣ ਵਰਗੇ ਹਾਲਾਤ ਬਣ ਗਏ, ਜੋ ਬੇਹੱਦ ਸ਼ਰਮਨਾਕ ਹਨ।
ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਮੁਤਾਬਕ ਇਸ ਝਗੜੇ ਪਿੱਛੇ ਤਿੰਨ ਮੁੱਖ ਕਾਰਨ ਸਾਹਮਣੇ ਆ ਰਹੇ ਹਨ:
-
ਪ੍ਰਬੰਧਕੀ ਕਬਜ਼ਾ: ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਕਿਸ ਧੜੇ ਕੋਲ ਰਹੇਗੀ।
-
ਗੋਲਕ ਦਾ ਹਿਸਾਬ-ਕਿਤਾਬ: ਸੰਗਤ ਵੱਲੋਂ ਚੜ੍ਹਾਏ ਜਾਂਦੇ ਦਾਨ ਅਤੇ ਉਸ ਦੀ ਵਰਤੋਂ ਦੇ ਹਿਸਾਬ ਨੂੰ ਲੈ ਕੇ ਦੋਵੇਂ ਧੜੇ ਇੱਕ-ਦੂਜੇ ’ਤੇ ਸਵਾਲ ਚੁੱਕ ਰਹੇ ਹਨ।
-
ਚੌਧਰ ਦੀ ਲੜਾਈ: ਪ੍ਰਬੰਧਕੀ ਫੈਸਲਿਆਂ ਅਤੇ ਅਧਿਕਾਰਾਂ ’ਤੇ ਆਪਣਾ ਪ੍ਰਭਾਵ ਬਣਾਈ ਰੱਖਣ ਦੀ ਕੋਸ਼ਿਸ਼ ਕਾਰਨ ਤਣਾਅ ਵਧਿਆ।
ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਵੱਲੋਂ ਐੱਫਆਈਆਰ (FIR) ਦਰਜ ਕਰਨ, ਕਿਸੇ ਦੀ ਗ੍ਰਿਫ਼ਤਾਰੀ ਜਾਂ ਜ਼ਖ਼ਮੀ ਹੋਣ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੈਮਿਲਟਨ ਦੀ ਸਿੱਖ ਸੰਗਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਲੋਕ ਹੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਹਨ ਅਤੇ ਆਪਸੀ ਹੰਕਾਰ ਕਾਰਨ ਪੂਰੀ ਸਿੱਖ ਕੌਮ ਦਾ ਅਕਸ ਖ਼ਰਾਬ ਹੋ ਰਿਹਾ ਹੈ। ਸੰਗਤ ਨੇ ਪ੍ਰਬੰਧਕ ਕਮੇਟੀਆਂ ਨੂੰ ਧਾਰਮਿਕ ਸਥਾਨਾਂ ਨੂੰ ਲੜਾਈ ਦਾ ਅਖਾੜਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਅਕਤੂਬਰ 2026 ਨੂੰ ਮਿਸੀਸਾਗਾ ਦੇ ਇਤਿਹਾਸਕ ਗੁਰਦੁਆਰਾ ਮਾਲਟਨ ਸਾਹਿਬ ਵਿੱਚ ਵੀ ਚੌਪਹਿਰਾ ਸਾਹਿਬ ਦੇ ਪਾਠ ਦੌਰਾਨ ਇੱਕ ਔਰਤ ਵੱਲੋਂ ਹੰਗਾਮਾ ਕਰਨ ਅਤੇ ਕਿਚਨਰ ਦੇ ਇੱਕ ਗੁਰਦੁਆਰੇ ਵਿੱਚ ਪੁਲਿਸ ਬੁਲਾਉਣ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋਇਆ ਸੀ।
ਲੈਂਗਲੀ ਵਿੱਚ ਹੈਲੀਕਾਪਟਰ ਦੀ ਮਦਦ ਨਾਲ ਭੱਜ ਰਿਹਾ ਮੋਟਰਸਾਈਕਲ ਸਵਾਰ ਕਾਬੂ, 27 ਸਾਲਾ ਨੌਜਵਾਨ ਖ਼ਿਲਾਫ਼ ਦੋਸ਼ਾਂ ਦੀ ਸਿਫ਼ਾਰਸ਼
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਸ਼ਹਿਰ ਵਿੱਚ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਭੱਜ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਲਿਆ। ਇਹ ਘਟਨਾ 5 ਨਵੰਬਰ ਦੀ ਹੈ, ਜਿਸ ਦੀ ਪੂਰੀ ਵੀਡੀਓ ਵੀ ਪੁਲਿਸ ਵੱਲੋਂ ਰਿਕਾਰਡ ਕੀਤੀ ਗਈ ਹੈ। ਲੈਂਗਲੀ ਆਰਸੀਐਮਪੀ (RCMP) ਦੀ ਵਿਸ਼ੇਸ਼ ਟੀਮ ਨੇ 272 ਸਟਰੀਟ ਅਤੇ 32 ਐਵੇਨਿਊ ਦੇ ਇਲਾਕੇ ਵਿੱਚ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਦੇਖਿਆ। ਪੁਲਿਸ ਵੱਲੋਂ ਰੋਕਣ ਦਾ ਇਸ਼ਾਰਾ ਕਰਨ ’ਤੇ ਸਵਾਰ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ।
ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਜ਼ਮੀਨ ’ਤੇ ਪਿੱਛਾ ਕਰਨ ਦੀ ਬਜਾਏ ਨੇੜੇ ਮੌਜੂਦ ਆਰਸੀਐਮਪੀ ਦੇ ‘ਏਅਰ-1’ ਹੈਲੀਕਾਪਟਰ ਦੀ ਮਦਦ ਲਈ। ਹੈਲੀਕਾਪਟਰ ਨੇ ਉੱਪਰੋਂ ਬਾਈਕ ਸਵਾਰ ’ਤੇ ਨਜ਼ਰ ਰੱਖੀ। ਪੁਲਿਸ ਮੁਤਾਬਕ ਸਵਾਰ ਨੇ ਟ੍ਰੈਫਿਕ ਵਿਚਕਾਰ ਲਾਪਰਵਾਹੀ ਨਾਲ ਬਾਈਕ ਚਲਾਈ, ਫੁੱਟਪਾਥ ’ਤੇ ਚੜ੍ਹਾਈ ਅਤੇ ਹਾਈਵੇਅ-1 ’ਤੇ ਗਲਤ ਦਿਸ਼ਾ ਵਿੱਚ ਸੜਕ ਦੇ ਕਿਨਾਰੇ ਮੋਟਰਸਾਈਕਲ ਭਜਾਇਆ। ਅੰਤ ਵਿੱਚ ਮੁੜ ਲੈਂਗਲੀ ਇਲਾਕੇ ਵਿੱਚ ਪਹੁੰਚ ਕੇ ਉਸ ਨੇ ਬਾਈਕ ਰੋਕ ਦਿੱਤੀ, ਜਿੱਥੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਲੈਂਗਲੀ ਆਰਸੀਐਮਪੀ ਦੇ ਕਾਰਪੋਰਲ ਮਨਸੂਰ ਸਹਾਕ ਨੇ ਦੱਸਿਆ ਕਿ ਐਬਟਸਫੋਰਡ ਪੁਲਿਸ ਅਤੇ ਏਅਰ-1 ਦੇ ਸਾਂਝੇ ਤਾਲਮੇਲ ਨਾਲ ਇਹ ਕਾਰਵਾਈ ਸਫਲ ਰਹੀ। ਐਬਟਸਫੋਰਡ ਦੇ 27 ਸਾਲਾ ਵਿਅਕਤੀ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ ਅਤੇ ਪੁਲਿਸ ਤੋਂ ਭੱਜਣ ਦੇ ਦੋਸ਼ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਦੇ ਮੁੜ ਵਸੇਬੇ ਵਾਲਾ ਅਹਿਮ ‘BVOR’ ਪ੍ਰੋਗਰਾਮ ਕੀਤਾ ਬੰਦ
ਫੈਡਰਲ ਸਰਕਾਰ ਨੇ ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਵਸਾਉਣ ਵਿੱਚ ਮਦਦ ਕਰਨ ਵਾਲਾ ਅਹਿਮ ਪ੍ਰੋਗਰਾਮ ‘ਬਲੈਂਡਿਡ ਵੀਜ਼ਾ ਆਫਿਸ-ਰੈਫਰਡ’ (BVOR) ਫਿਲਹਾਲ ਬੰਦ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਸੰਯੁਕਤ ਰਾਸ਼ਟਰ ਵੱਲੋਂ ਚੁਣੇ ਗਏ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ ਲਈ ਇੱਕ ਸਾਲ ਦਾ ਖਰਚਾ ਨਿੱਜੀ ਸਮਾਜਿਕ ਸੰਸਥਾਵਾਂ ਅਤੇ ਫੈਡਰਲ ਸਰਕਾਰ ਮਿਲ ਕੇ ਚੁੱਕਦੀਆਂ ਸਨ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਮੁਤਾਬਕ ਪ੍ਰੋਗਰਾਮ ਬੰਦ ਹੋਣ ਦੇ ਬਾਵਜੂਦ ਪਹਿਲਾਂ ਤੋਂ ਪ੍ਰਾਪਤ ਹੋਈਆਂ ਅਰਜ਼ੀਆਂ ’ਤੇ ਕਾਰਵਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਦਸ ਸਾਲ ਪਹਿਲਾਂ ਇਸ ਪ੍ਰੋਗਰਾਮ ਦਾ ਟੀਚਾ 1,000 ਸ਼ਰਨਾਰਥੀ ਸੀ, ਜਿਸ ਨੂੰ ਘਟਾ ਕੇ 2026 ਵਿੱਚ ਸਿਰਫ਼ 50 ਕਰ ਦਿੱਤਾ ਗਿਆ ਸੀ।
ਇਸੇ ਪ੍ਰੋਗਰਾਮ ਰਾਹੀਂ 2015 ਵਿੱਚ ਸੀਰੀਆ ਤੋਂ ਆਏ ਤਾਰੇਕ ਹਦਾਦ ਦੇ ਪਰਿਵਾਰ ਨੇ ਕੈਨੇਡਾ ਵਿੱਚ ‘ਪੀਸ ਬਾਈ ਚਾਕਲੇਟ’ ਨਾਮ ਦੀ ਸਫਲ ਕੰਪਨੀ ਖੜ੍ਹੀ ਕੀਤੀ ਸੀ। ਤਾਰੇਕ ਨੇ ਇਸ ਫੈਸਲੇ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਉਨ੍ਹਾਂ ਵਰਗੇ ਕਈ ਪਰਿਵਾਰਾਂ ਦੀ ਜ਼ਿੰਦਗੀ ਬਦਲੀ ਹੈ ਅਤੇ ਸਰਕਾਰ ਨੂੰ ਇਸ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਦੂਜੇ ਪਾਸੇ, ਹੈਲੀਫੈਕਸ ਦੀ ‘ਓਪਨ ਹਾਰਬਰ ਰਫਿਊਜੀ ਐਸੋਸੀਏਸ਼ਨ’ ਦੀ ਵਲੰਟੀਅਰ ਡਾਇਰੈਕਟਰ ਮੈਰੀ ਥੌਮਸਨ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਸਪੱਸ਼ਟ ਐਲਾਨ ਦੇ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਹੈ, ਜਿਸ ਨਾਲ ਨਿੱਜੀ ਤੌਰ ’ਤੇ ਸ਼ਰਨਾਰਥੀਆਂ ਦੀ ਮਦਦ ਕਰਨ ਵਾਲੇ ਕੈਨੇਡੀਅਨਾਂ ਦੇ ਮੌਕੇ ਸੀਮਤ ਹੋ ਗਏ ਹਨ।
ਫੈਮਿਲੀ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਕੈਨੇਡਾ ਦੇ ਸੂਬਿਆਂ ਵੱਲੋਂ ਵਿਦੇਸ਼ੀ ਡਾਕਟਰਾਂ ਦੀ ਭਰਤੀ ਤੇਜ਼
ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਫੈਮਿਲੀ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਡਾਕਟਰਾਂ ਨੂੰ ਰੁਜ਼ਗਾਰ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਮੈਨੀਟੋਬਾ, ਓਂਟਾਰੀਓ ਅਤੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਨੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਸੁਧਾਰਨ ਲਈ ਆਪਣੇ ‘ਪ੍ਰੈਕਟਿਸ ਰੈਡੀ’ ਪ੍ਰੋਗਰਾਮਾਂ ਦਾ ਵਿਸਥਾਰ ਕੀਤਾ ਹੈ।
-
ਨਿਊਫਾਊਂਡਲੈਂਡ ਐਂਡ ਲੈਬਰਾਡੋਰ: 12 ਲੱਖ ਡਾਲਰ ਦੇ ਸਾਲਾਨਾ ਖਰਚੇ ਨਾਲ ਸ਼ਰਤਾਂ ਅਧੀਨ ਕਲੀਨਿਕਾਂ ਵਿੱਚ ਕੰਮ ਕਰਨ ਲਈ ਹਰ ਸਾਲ 8 ਵਾਧੂ ਡਾਕਟਰਾਂ ਨੂੰ ਲਾਇਸੈਂਸ ਮਿਲੇਗਾ।
-
ਮੈਨੀਟੋਬਾ: 20 ਲੱਖ ਡਾਲਰ ਦੇ ਫੰਡ ਨਾਲ ਹਰ ਸਾਲ 30 ਹੋਰ ਵਿਦੇਸ਼ੀ ਡਾਕਟਰਾਂ ਦੀ ਯੋਗਤਾ ਦੀ ਜਾਂਚ ਕੀਤੀ ਜਾਵੇਗੀ।
-
ਓਂਟਾਰੀਓ: ਸੂਬੇ ਵਿੱਚ ਹਰ ਸਾਲ 50 ਵਾਧੂ ਡਾਕਟਰਾਂ ਲਈ ਸੀਟਾਂ ਵਧਾਈਆਂ ਗਈਆਂ ਹਨ।
ਫੈਡਰਲ ਸਰਕਾਰ ਇਨ੍ਹਾਂ ਪ੍ਰੋਗਰਾਮਾਂ ਸਮੇਤ ਪੰਜ ਹੋਰ ਪ੍ਰੋਜੈਕਟਾਂ ਨੂੰ ਫੰਡ ਦੇ ਰਹੀ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਡਾਕਟਰਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਸੁਖਾਲੀ ਬਣਾਉਣ ਲਈ ਆਨਲਾਈਨ ਪਲੇਟਫਾਰਮ ਤਿਆਰ ਕਰਨਾ ਵੀ ਸ਼ਾਮਲ ਹੈ। ਹਾਲਾਂਕਿ, ਮੈਕਗਿੱਲ ਯੂਨੀਵਰਸਿਟੀ ਦੇ ਇਤਿਹਾਸਕਾਰ ਡੇਵਿਡ ਰਾਈਟ ਅਤੇ ਰੈਜ਼ੀਡੈਂਟ ਡਾਕਟਰਾਂ ਦੀ ਜਥੇਬੰਦੀ ਦਾ ਮੰਨਣਾ ਹੈ ਕਿ ਸਿਰਫ਼ ਡਾਕਟਰਾਂ ਦੀ ਗਿਣਤੀ ਵਧਾਉਣਾ ਕਾਫ਼ੀ ਨਹੀਂ ਹੈ, ਸਗੋਂ ਹਸਪਤਾਲਾਂ ਦੀਆਂ ਉਡੀਕ ਸੂਚੀਆਂ ਘਟਾਉਣ ਅਤੇ ਡਾਕਟਰਾਂ ਨੂੰ ਬਿਹਤਰ ਸਹਾਇਕ ਸਟਾਫ਼ ਤੇ ਪ੍ਰਬੰਧਕੀ ਸਹੂਲਤਾਂ ਦੇਣ ਦੀ ਵੀ ਸਖ਼ਤ ਲੋੜ ਹੈ।
ਓਟਾਵਾ ਦੇ ਸਾਲਾਨਾ ‘ਰੋਸਟ ਡਿਨਰ’ ਵਿੱਚ ਪੀਐੱਮ ਮਾਰਕ ਕਾਰਨੀ ਦੀ ਮੌਜੂਦਗੀ ‘ਚ ਡੋਨਾਲਡ ਟਰੰਪ ਦਾ ਉੱਡਿਆ ਮਜ਼ਾਕ
ਰਾਜਧਾਨੀ ਓਟਾਵਾ ਵਿੱਚ ਪੱਤਰਕਾਰਾਂ ਦੇ ਸਾਲਾਨਾ ‘ਰੋਸਟ ਡਿਨਰ’ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੌਜੂਦਗੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਖ਼ਸੀਅਤ ਅਤੇ ਨੀਤੀਆਂ ਦਾ ਖੂਬ ਮਜ਼ਾਕ ਉਡਾਇਆ ਗਿਆ। ਸਮਾਗਮ ਵਿੱਚ ਇੱਕ ਕਾਮੇਡੀਅਨ ਡੋਨਾਲਡ ਟਰੰਪ ਅਤੇ ਦੂਜਾ ਮਾਰਕ ਕਾਰਨੀ ਦਾ ਰੂਪ ਧਾਰ ਕੇ ਮੰਚ ’ਤੇ ਪਹੁੰਚਿਆ।
ਟਰੰਪ ਬਣੇ ਕਾਮੇਡੀਅਨ ਨੇ ਉਨ੍ਹਾਂ ਦੇ ਬੋਲਣ, ਤੁਰਨ ਅਤੇ ਡਾਂਸ ਕਰਨ ਦੇ ਅੰਦਾਜ਼ ਦੀ ਹੂ-ਬ-ਹੂ ਨਕਲ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨਾਲ ਲੰਬੇ ਸਮੇਂ ਤੱਕ ਹੱਥ ਮਿਲਾਇਆ। ਕਾਮੇਡੀਅਨ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਟਰੰਪ ਦੀ ਮੰਗ ਅਤੇ ਕਾਰਨੀ ਨੂੰ ‘ਗਵਰਨਰ’ ਕਹਿਣ ਵਾਲੀ ਆਦਤ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਕਾਰਨੀ ਦੇ ਸਾਹਮਣੇ ਅਜਿਹਾ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ। ਇਸ ਮੌਕੇ ਇਹ ਵੀ ਮਜ਼ਾਕ ਕੀਤਾ ਗਿਆ ਕਿ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਖੁਦ ਟਰੰਪ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 5 ਅਗਸਤ ਨੂੰ ਟੋਰਾਂਟੋ ਵਿੱਚ ਟੈਲੀਪ੍ਰੋਮਪਟਰ ਖਰਾਬ ਹੋਣ ’ਤੇ ਵੀ ਕਾਰਨੀ ਨੇ ਅਸਿੱਧੇ ਤੌਰ ’ਤੇ ਟਰੰਪ ’ਤੇ ਨਿਸ਼ਾਨਾ ਸਾਧਿਆ ਸੀ।
ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਅੰਤਿਮ ਪੜਾਅ ਦੇ ਨੇੜੇ: ਅਮਰੀਕੀ ਵਪਾਰ ਪ੍ਰਤੀਨਿਧੀ
ਕੈਨੇਡਾ ਅਤੇ ਅਮਰੀਕਾ ਵਿਚਾਲੇ ਰੁਕੀ ਹੋਈ ਵਪਾਰਕ ਗੱਲਬਾਤ ਮੁੜ ਲੀਹ ’ਤੇ ਆ ਗਈ ਹੈ ਅਤੇ ਦੋਵੇਂ ਦੇਸ਼ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਕਾਫ਼ੀ ਨੇੜੇ ਪਹੁੰਚ ਗਏ ਹਨ। ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਹਨਾਂ, ਸਟੀਲ ਅਤੇ ਐਲੂਮੀਨੀਅਮ ਦੇ ਵਪਾਰ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਸਕਾਰਾਤਮਕ ਗੱਲਬਾਤ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਅਗਸਤ ਵਿੱਚ ਅਮਰੀਕਾ ਵੱਲੋਂ ਆਖਰੀ ਸਮੇਂ ’ਤੇ ਰੱਖੀਆਂ ਗਈਆਂ ਕੁਝ ਸ਼ਰਤਾਂ ਕਾਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਰੋਕ ਦਿੱਤੀ ਸੀ। ਹਾਲਾਂਕਿ, ਅਮਰੀਕੀ ਮੱਧਕਾਲੀ ਚੋਣਾਂ ਵਿੱਚ ਮਹਿੰਗਾਈ ਦੇ ਮੁੱਦੇ ’ਤੇ ਰਿਪਬਲਿਕਨ ਪਾਰਟੀ ਨੂੰ ਲੱਗੇ ਝਟਕੇ ਤੋਂ ਬਾਅਦ ਗੱਲਬਾਤ ਮੁੜ ਤੇਜ਼ ਹੋਈ ਹੈ। ਗਰੀਅਰ ਨੇ ਕੈਨੇਡਾ ਵੱਲੋਂ ਹਰ ਸਾਲ 49 ਹਜ਼ਾਰ ਚੀਨੀ ਇਲੈਕਟ੍ਰਿਕ ਕਾਰਾਂ ਨੂੰ ਘੱਟ ਟੈਰਿਫ ’ਤੇ ਬਾਜ਼ਾਰ ਵਿੱਚ ਆਉਣ ਦੀ ਇਜਾਜ਼ਤ ਦੇਣ ’ਤੇ ਅਮਰੀਕਾ ਦੀ ਚਿੰਤਾ ਜ਼ਾਹਰ ਕੀਤੀ। ਦੂਜੇ ਪਾਸੇ, ਪਿਛਲੇ ਹਫ਼ਤੇ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਮਾਰਕ ਕਾਰਨੀ ਅਤੇ ਡੋਨਾਲਡ ਟਰੰਪ ਵਿਚਾਲੇ ਹੋਈ ਮੁਲਾਕਾਤ ਦੌਰਾਨ ਵੀ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰਦਿਆਂ ਨਵੀਆਂ ਨੌਕਰੀਆਂ ਪੈਦਾ ਕਰਨ ਵਾਲੇ ਵਪਾਰਕ ਸਮਝੌਤੇ ’ਤੇ ਸਹਿਮਤੀ ਬਣੀ ਸੀ।
ਬਲੈਕ ਫਰਾਈਡੇ ਤੋਂ ਪਹਿਲਾਂ AI ਦੀ ਮਦਦ ਨਾਲ ਨਕਲੀ ਵੈੱਬਸਾਈਟਾਂ ਰਾਹੀਂ ਸਾਈਬਰ ਠੱਗੀ ਦਾ ਖ਼ਤਰਾ ਵਧਿਆ: RBC
27 ਨਵੰਬਰ ਨੂੰ ਆਉਣ ਵਾਲੇ ਬਲੈਕ ਫਰਾਈਡੇ (Black Friday) ਦੀ ਖਰੀਦਦਾਰੀ ਤੋਂ ਪਹਿਲਾਂ ਸਾਈਬਰ ਠੱਗ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਅਸਲੀ ਦਿਖਣ ਵਾਲੀਆਂ ਨਕਲੀ ਵੈੱਬਸਾਈਟਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਰਾਇਲ ਬੈਂਕ ਆਫ ਕੈਨੇਡਾ (RBC) ਦੇ ਸੀਨੀਅਰ ਅਧਿਕਾਰੀ ਅਮਿਤ ਸਾਧੂ ਨੇ ਚਿਤਾਵਨੀ ਦਿੱਤੀ ਹੈ ਕਿ ਬੈਂਕ ਦੇ ਸਰਵੇਖਣ ਵਿੱਚ 72 ਫੀਸਦੀ ਕੈਨੇਡੀਅਨਾਂ ਨੇ ਮੰਨਿਆ ਹੈ ਕਿ AI ਕਾਰਨ ਆਨਲਾਈਨ ਧੋਖਾਧੜੀ ਦੀ ਪਛਾਣ ਕਰਨਾ ਲਗਭਗ ਅਸੰਭਵ ਹੋ ਗਿਆ ਹੈ।
ਠੱਗ ਸੋਸ਼ਲ ਮੀਡੀਆ ਇਸ਼ਤਿਹਾਰਾਂ ਅਤੇ ਮੋਬਾਈਲ ਮੈਸੇਜਾਂ ਰਾਹੀਂ ਭਾਰੀ ਛੋਟ ਦਾ ਲਾਲਚ ਦੇ ਕੇ ਗਾਹਕਾਂ ਨੂੰ ਫਰਜ਼ੀ ਸਟੋਰਾਂ ਤੱਕ ਲੈ ਜਾਂਦੇ ਹਨ। ਠੱਗੀ ਤੋਂ ਬਚਣ ਲਈ RBC ਵੱਲੋਂ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ:
-
ਸੋਸ਼ਲ ਮੀਡੀਆ ਲਿੰਕਾਂ ’ਤੇ ਕਲਿੱਕ ਕਰਨ ਦੀ ਬਜਾਏ ਸਿੱਧਾ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਪੇਸ਼ਕਸ਼ ਦੀ ਜਾਂਚ ਕਰੋ।
-
ਅਣਜਾਣ ਕੰਪਨੀਆਂ ਤੋਂ ਖਰੀਦਦਾਰੀ ਕਰਨ ਤੋਂ ਪਹਿਲਾਂ ਗਾਹਕਾਂ ਦੀਆਂ ਸਮੀਖਿਆਵਾਂ (Reviews) ਅਤੇ ਰੇਟਿੰਗਾਂ ਜ਼ਰੂਰ ਦੇਖੋ।
-
ਆਨਲਾਈਨ ਖਾਤਿਆਂ ਲਈ ਮਜ਼ਬੂਤ ਪਾਸਵਰਡ, ਟੂ-ਫੈਕਟਰ ਆਥੈਂਟੀਕੇਸ਼ਨ (2FA) ਅਤੇ ਬੈਂਕਿੰਗ ਟ੍ਰਾਂਜ਼ੈਕਸ਼ਨ ਅਲਰਟ ਚਾਲੂ ਰੱਖੋ।
‘ਸਟੇਪਲਜ਼’ ਦੀ ਵੈੱਬਸਾਈਟ ’ਤੇ ਸਾਈਬਰ ਹਮਲੇ ਕਾਰਨ ਗਾਹਕਾਂ ਦਾ ਡਾਟਾ ਲੀਕ; ਮਾਹਿਰਾਂ ਨੇ ਕੰਪਨੀ ਦੀ ਕਾਰਵਾਈ ਨੂੰ ਦੱਸਿਆ ਨਾਕਾਫ਼ੀ
ਕੈਨੇਡਾ ਦੀ ਪ੍ਰਮੁੱਖ ਕੰਪਨੀ ਸਟੇਪਲਜ਼ (Staples) ਦੀ ‘ਸਟੇਪਲਜ਼ ਪ੍ਰਿੰਟ’ ਵੈੱਬਸਾਈਟ ’ਤੇ ਹੋਏ ਸਾਈਬਰ ਹਮਲੇ ਕਾਰਨ ਗਾਹਕਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ। ਕੰਪਨੀ ਮੁਤਾਬਕ ਨਵੰਬਰ ਦੇ ਪਹਿਲੇ ਹਫ਼ਤੇ ਹੈਕਰਾਂ ਨੇ ਗਾਹਕਾਂ ਦੀ ਸੰਪਰਕ ਜਾਣਕਾਰੀ, ਆਰਡਰਾਂ ਦੇ ਵੇਰਵੇ ਅਤੇ ਇਨਕ੍ਰਿਪਟ ਕੀਤੇ ਪਾਸਵਰਡਾਂ ਤੱਕ ਪਹੁੰਚ ਬਣਾ ਲਈ ਸੀ, ਹਾਲਾਂਕਿ ਵਿੱਤੀ ਜਾਣਕਾਰੀ ਸੁਰੱਖਿਅਤ ਦੱਸੀ ਜਾ ਰਹੀ ਹੈ।
ਇਸ ਘਟਨਾ ਤੋਂ ਪ੍ਰਭਾਵਿਤ ਟੈਕਨਾਲੋਜੀ ਮਾਹਿਰ ਕਾਰਮੀ ਲੇਵੀ ਨੇ ਕੰਪਨੀ ਵੱਲੋਂ 1 ਤੋਂ 5 ਨਵੰਬਰ ਵਿਚਕਾਰ ਹੋਏ ਹਮਲੇ ਦੀ ਜਾਣਕਾਰੀ 20 ਨਵੰਬਰ ਨੂੰ ਦੇਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਸਿਰਫ਼ ਪਾਸਵਰਡ ਬਦਲਣ ਦੀ ਸਲਾਹ ਦਿੱਤੀ ਹੈ, ਪਰ ਪਛਾਣ ਦੀ ਚੋਰੀ ਤੋਂ ਬਚਾਅ ਜਾਂ ਕ੍ਰੈਡਿਟ ਨਿਗਰਾਨੀ ਵਰਗੀ ਕੋਈ ਠੋਸ ਸਹੂਲਤ ਨਹੀਂ ਦਿੱਤੀ। ਲੇਵੀ ਨੇ ਖਦਸ਼ਾ ਜਤਾਇਆ ਕਿ ਚੋਰੀ ਹੋਇਆ ਡਾਟਾ ਡਾਰਕ ਵੈੱਬ ’ਤੇ ਵੇਚਿਆ ਜਾ ਸਕਦਾ ਹੈ। ਸਟੇਪਲਜ਼ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਬਾਹਰੀ ਸਾਈਬਰ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
30 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਦੀ ਤਨਖਾਹ ਬੰਦ
ਵੈਨਕੂਵਰ ਪੁਲਿਸ ਵਿਭਾਗ ਵਿੱਚ 26 ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਪੰਜਾਬੀ ਮੂਲ ਦੇ ਪੁਲਿਸ ਕਾਂਸਟੇਬਲ ਕਲਵਿੰਦਰ ਦੋਸਾਂਝ ਦੀ ਮੁਅੱਤਲੀ ਦੌਰਾਨ ਤਨਖਾਹ ਅਤੇ ਭੱਤੇ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਗਏ ਹਨ। ਵੈਨਕੂਵਰ ਪੁਲਿਸ ਬੋਰਡ ਵੱਲੋਂ ਲਏ ਗਏ ਇਸ ਫੈਸਲੇ ਤਹਿਤ ਉਨ੍ਹਾਂ ਨੂੰ ਸਿਰਫ਼ ਰੁਜ਼ਗਾਰ ਨਾਲ ਸਬੰਧਤ ਹੋਰ ਸਹੂਲਤਾਂ ਹੀ ਮਿਲਦੀਆਂ ਰਹਿਣਗੀਆਂ।
50 ਸਾਲਾ ਦੋਸਾਂਝ, ਜੋ ਸਤੰਬਰ ਤੋਂ ਮੁਅੱਤਲ ਹਨ, ਖ਼ਿਲਾਫ਼ ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਵਕੀਲਾਂ ਨੇ 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਅਤੇ ਅਹੁਦੇ ਦੀ ਦੁਰਵਰਤੋਂ ਦੇ ਇੱਕ ਮਾਮਲੇ ਵਿੱਚ ਦੋਸ਼ ਆਇਦ ਕਰਨ ਦੀ ਮਨਜ਼ੂਰੀ ਦਿੱਤੀ ਹੈ। ਪੁਲਿਸ ਮੁਖੀ ਸਟੀਵ ਰਾਏ ਮੁਤਾਬਕ 2017 ਤੋਂ 2025 ਦਰਮਿਆਨ 19 ਨਿਵੇਸ਼ਕਾਂ ਨਾਲ 30 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਹੋਣ ਦੀ ਗੱਲ ਸਾਹਮਣੇ ਆਈ ਹੈ। ਦੂਜੇ ਪਾਸੇ, ਵਿੱਤੀ ਅਪਰਾਧ ਯੂਨਿਟ ਵਿੱਚ ਕੰਮ ਕਰ ਚੁੱਕੇ ਅਤੇ ‘ਕਿਡਜ਼ਪਲੇ ਫਾਊਂਡੇਸ਼ਨ’ ਦੇ ਸੰਸਥਾਪਕ ਕਲਵਿੰਦਰ ਦੋਸਾਂਝ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਉਨ੍ਹਾਂ ਦੇ ਵਕੀਲ ਨੇ ਵਿਭਾਗੀ ਜਾਂਚ ਦੀ ਨਿਰਪੱਖਤਾ ’ਤੇ ਸਵਾਲ ਚੁੱਕੇ ਹਨ। ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਹੋਵੇਗੀ।
ਸਾਬਕਾ ਫੈਡਰਲ ਮੰਤਰੀ ਨਵਦੀਪ ਬੈਂਸ ਬਣੇ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਨੇਤਾ
ਭਾਰਤੀ ਮੂਲ ਦੇ ਸਾਬਕਾ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੂੰ ਓਨਟਾਰੀਓ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਹੈ। ਪਾਰਟੀ ਦੇ ਲੀਡਰਸ਼ਿਪ ਸੰਮੇਲਨ ਦੌਰਾਨ ਤੀਜੇ ਅਤੇ ਆਖਰੀ ਦੌਰ ਦੀ ਵੋਟਿੰਗ ਵਿੱਚ 49 ਸਾਲਾ ਬੈਂਸ ਨੇ 50.3 ਫੀਸਦੀ ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਜਨਵਰੀ ਵਿੱਚ ਬੋਨੀ ਕਰੌਂਬੀ ਦੇ ਅਸਤੀਫੇ ਤੋਂ ਬਾਅਦ ਪਾਰਟੀ ਲੀਡਰਸ਼ਿਪ ਤੋਂ ਸੱਖਣੀ ਸੀ।
ਆਪਣੀ ਜਿੱਤ ਤੋਂ ਬਾਅਦ ਬੈਂਸ ਨੇ 2018 ਤੋਂ ਸੱਤਾ ਵਿੱਚ ਕਾਬਜ਼ ਕੰਜ਼ਰਵੇਟਿਵ ਪਾਰਟੀ ਨੂੰ ਟੱਕਰ ਦੇਣ ਅਤੇ ਅਗਲੀਆਂ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਵਿਧਾਨ ਸਭਾ ਵਿੱਚ ਸੀਟ ਨਾ ਹੋਣਾ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਫੋਰਡ ਮੋਟਰ ਕੰਪਨੀ ਵਿੱਚ ਸੀਨੀਅਰ ਵਿੱਤੀ ਵਿਸ਼ਲੇਸ਼ਕ ਰਹੇ ਬੈਂਸ ਦਾ ਪਰਿਵਾਰ 50 ਸਾਲ ਪਹਿਲਾਂ ਰਾਜਸਥਾਨ ਤੋਂ ਓਨਟਾਰੀਓ ਆ ਕੇ ਵਸਿਆ ਸੀ।