ਚੰਡੀਗੜ੍ਹ- ਪੰਜਾਬ ਦੀ ਸੱਤਾ ‘ਤੇ ਕਾਬਿਜ਼ ਆਮ ਆਦਮੀ ਪਾਰਟੀ ਨੂੰ ਆਪਣੀ ਸਰਕਾਰ ਡਿੱਗਣ ਦਾ ਡਰ ਸਤਾਉਣ ਲੱਗ ਪਿਆ ਹੈ ।‘ਆਪ’ ਨੇਤਾ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੈ੍ਰਸ ਕਾਨਫਰੰਸ ਕਰਕੇ ਕੇਂਦਰੀ ਸਰਕਾਰ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਚ ਓਪਰੇਸ਼ਨ ਲੋਟਸ ਚਲਾਉਣ ਦੇ ਇਲਜ਼ਾਮ ਲਗਾਏ ਹਨ । ਚੀਮਾ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਪੰਜਾਬ ‘ਆਪ’ ਦੇ ਵਿਧਾਇਕਾਂ ਨੂੰ ਖਰੀਦਨ ਦੀ ਕੋਸ਼ਿਸ਼ ਕਰ ਰਹੀ ਹੈ ।ਹਰਪਾਲ ਚੀਮਾ ਦਾ ਕਹਿਣਾ ਹੈ ਕਿ ‘ਆਪ’ ਦੇ ਵਿਧਾਇਕਾਂ ਨੂੰ 25 ਕਰੋੜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ।
ਵਿੱਤ ਮੰਤਰੀ ਮੁਤਾਬਿਕ ਦਿੱਲੀ ਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ‘ਤੇ ਸੀ.ਬੀ.ਆਈ ਦਾ ਸ਼ਿਕੰਜਾ ਕੱਸਣ ਤੋਂ ਬਾਅਦ ਭਾਜਪਾ ਦੇ ਹੱਥ ਕੁੱਝ ਨਹੀਂ ਲੱਗਾ । ਹੁਣ ਭਾਜਪਾ ਦੀ ਨਜ਼ਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ‘ਤੇ ਹੈ ।ਭਾਰਤੀ ਜਨਤਾ ਪਾਰਟੀ 1375 ਕਰੋੜ ਦਾ ਬਜਟ ਬਣਾ ਕੇ ਪੰਜਾਬ ‘ਚ ਓਪਰੇਸ਼ਨ ‘ਲੋਟਸ’ ਚਲਾ ਰਹੀ ਹੈ ।ਹਰਪਾਲ ਚੀਮਾ ਮੁਤਾਬਿਕ ਵਿਧਾਇਕਾਂ ਨੂੰ ਇਕੱਲੇ ਆਉਣ ‘ਤੇ 25 ਕਰੋੜ ਅਤੇ ਸਾਥੀਆਂ ਅਹੁਦੇਦਾਰਾਂ ਸਮੇਤ ਆਉਣ ਵਾਲੇ ਨੂੰ 50 ਤੋਂ 75 ਕਰੋੜ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ ।
‘ਆਪ’ ਨੇਤਾ ਮੁਤਾਬਿਕ ਉਨ੍ਹਾਂ ਦੇ ਵਿਧਾਇਕਾਂ ਨੂੰ ਪਾਰਟੀ ਬਦਲਣ ਤੋਂ ਬਾਅਦ ਪੈਸੇ ਦੇ ਨਾਲ ਵੱਡਾ ਅਹੁਦਾ ਅਤੇ ਸਰਕਾਰ ਬਨਣ ‘ਤੇ ਮੰਤਰੀ ਬਨਾਉਣ ਦਾ ਵੀ ਭਰੋਸਾ ਦਿੱਤਾ ਜਾ ਰਿਹਾ ਹੈ । ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਉਨ੍ਹਾਂ ਦੇ ਦਲਾਲ ‘ਆਪ’ ਵਿਧਾਇਕਾਂ ਨਾਲ ਸੰਪਰਕ ਕਰ ਰਹੇ ਹਨ । ਵਿੱਤ ਮੰਤਰੀ ਨੇ ‘ਆਪ’ ਦੇ ਵਿਧਾਇਕਾਂ ਅਤੇ ਸੰਪਰਕ ਕਰਨ ਵਾਲੇ ਭਾਜਪਾ ਨੇਤਾਵਾਂ ਦੇ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ।ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਜਲਦ ਹੀ ਓਪਰੇਸ਼ਨ ਲੋਟਸ ਖਿਲਾਫ ਕਨੂੰਨੀ ਕਾਰਵਾਈ ਕਰੇਗੀ ।