ਅੰਮ੍ਰਿਤਪਾਲ ਦੀ ਗ੍ਰਿਫਤਾਰੀ ਖਿਲਾਫ ਗੁਰਦੁਆਰਾ ਸੋਹਾਣਾ ਸਾਹਿਬ ਬਾਹਰ ਚੱਲ ਰਿਹਾ ਧਰਨਾ ਪੁਲਿਸ ਨੇ ਚੁਕਾਇਆ, ਕਈ ਗ੍ਰਿਫਤਾਰ

ਮੁਹਾਲੀ- ਭਗੌੜੇ ਅੰਮ੍ਰਿਤਪਾਲ ਦੇ ਸਮਰਥਕਾਂ ਖਿਲਾਫ ਪੁਲਿਸ ਦਾ ਐਕਸ਼ਨ ਮੰਗਲਵਾਰ ਨੂੰ ਵੀ ਜਾਰੀ ਰਿਹਾ । ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਚੱਲ ਰਿਹਾ ਧਰਨਾ ਪੁਲਿਸ ਨੇ ਖਤਮ ਕਰਵਾ ਦਿੱਤਾ ਹੈ। ਪੁਲਿਸ ਨੇ ਧਰਨਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਲੋਕ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਸਨ।

ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖਿਲਾਫ ਕਾਰਵਾਈ ਮਗਰੋਂ ਪਿਛਲੇ ਦਿਨਾਂ ਤੋਂ ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਧਰਨਾ ਲਾਇਆ ਗਿਆ ਸੀ। ਇਸ ਕਰਕੇ ਮੋਹਾਲੀ ਦੀ ਏਅਰਪੋਰਟ ਰੋਡ ‘ਤੇ ਟ੍ਰੈਫਿਕ ਦਾ ਬੁਰਾ ਹਾਲ ਸੀ। ਅੱਜ ਪੁਲਿਸ ਨੇ ਸਖਤੀ ਕਰਦਿਆਂ ਇਹ ਧਰਨਾ ਹਟਾ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਕਿਹਾ, ਵਿਦੇਸ਼ੀ ਫੰਡਿੰਗ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ‘ਤੇ ਪਾਕਿਸਤਾਨ ਦੀ ਆਈਐਸਆਈ ਦੀ ਸ਼ਮੂਲੀਅਤ ਦਾ ਸ਼ੱਕ ਹੈ। ਮੁਲਜ਼ਮ ਹਵਾਲਾ ਚੈਨਲਾਂ ਦਾ ਵੀ ਇਸਤੇਮਾਲ ਕਰ ਰਿਹਾ ਸੀ। ਸਾਡੇ ਕੋਲ ਸਬੂਤ ਹਨ ਕਿ ਦੋਸ਼ੀ ਅੰਮ੍ਰਿਤਪਾਲ ਦੇ ਕਰੀਬੀ ਸਾਥੀਆਂ ਨਾਲ ‘ਆਨੰਦਪੁਰ ਖਾਲਸਾ ਫੌਜ’ (ਏ.ਕੇ.ਐੱਫ.) ਬਣਾ ਰਹੇ ਸਨ। ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖਿਲਾਫ਼ ਦਰਜ 6 ਐੱਫ.ਆਈ.ਆਰਜ਼ ਵਿਚ ਗੈਰ-ਕਾਨੂੰਨੀ ਹਥਿਆਰ ਰੱਖਣ, ਪੁਲਿਸ ਦੇ ਕੰਮ ਵਿਚ ਰੁਕਾਵਟ ਪਾਉਣਾ ਅਤੇ ਪੁਲਿਸ ‘ਤੇ ਹਮਲਾ ਕਰਨਾ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਅਜੇ ਵੀ ਵੀ ਜਾਰੀ ਹੈ। ਪੁਲਿਸ ਨੂੰ ਅੰਮ੍ਰਿਤਪਾਲ ਦੇ ਜਲੰਧਰ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਇਹ ਵੀ ਚਰਚਾ ਹੈ ਕਿ ਪੁਲਿਸ ਨੇ ਲੋਕੇਸ਼ਨ ਟ੍ਰੇਸ ਕਰ ਲਈ ਹੈ। ਇਸ ਲਈ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ।