ਫ੍ਰੀਸਟਾਈਲ ਪਹਿਲਵਾਨ ਅਮਨ ਸ਼ਹਿਰਾਵਤ ਨੇ ਜਿੱਤਿਆ ਗੋਲਡ ਮੈਡਲ,ਕਜਾਕਿਸਤਾਨ ਦੇ ਪਹਿਲਵਾਨ ਨੂੰ ਕੀਤਾ ਢੇਰ

ਡੈਸਕ- ਫ੍ਰੀਸਟਾਈਲ ਪਹਿਲਵਾਨ ਅਮਨ ਸ਼ਹਿਰਾਵਤ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਜਾਰੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 2023 ਵਿਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਪਿਛਲੇ ਸਾਲ ਸਪੇਨ ਵਿਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਅਮਨ ਸ਼ਹਿਰਾਵਤ ਪ੍ਰਤੀਯੋਗਤਾ ਦੇ ਅੰਤਿਮ ਦਿਨ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਵਿਚ ਪੋਡੀਅਮ ਵਿਚ ਚੋਟੀ ‘ਤੇ ਰਿਹਾ। ਫਾਈਨਲ ਵਿਚ ਅਮਨ ਸ਼ਹਿਰਾਵਤ ਨੇ ਪਿਛਲੇ ਸਾਲ ਦੇ ਕਾਂਸੀ ਦਾ ਤਮਗਾ ਜੇਤੂ ਕਿਰਗਿਸਤਾਨ ਦੇ ਅਲਮਾਜ਼ ਸਮਾਨਬੇਕੋਵ ਨੂੰ 9-4 ਤੋਂ ਹਰਾ ਕੇ ਸੋਨ ਤਮਗੇ ‘ਤੇ ਕਬਜ਼ਾ ਕੀਤਾ।

ਅਮਨ ਸ਼ਹਿਰਾਵਤ ਨੇ ਜਿੱਤ ਦੇ ਬਾਅਦ ਕਿਹਾ ਮੈਂ ਇਥੇ ਕੋਈ ਹੋਰ ਰੈਂਕਿੰਗ ਲਈ ਸਮਝੌਤਾ ਕਰਨ ਲਈ ਨਹੀਂ ਸਗੋਂ ਸੋਨ ਤਮਗਾ ਜਿੱਤਣ ਲਈ ਆਇਆ ਸੀ। ਮੈਂ ਫਾਈਨਲ ਵਿਚ ਦੋ ਗਲਤੀਆਂ ਕੀਤੀਆਂ। ਮੈਂ ਫਾਈਨਲ ਤੋਂ ਪਹਿਲਾਂ ਅਲਮਾਜ਼ ਦੇ ਮੁਕਾਬਲੇ ਦੇਖੇ ਤੇ ਮੈਨੂੰ ਲੱਗਾ ਕਿ ਉਹ ਕਾਊਂਟਰਸ ‘ਤੇ ਕਾਫੀ ਨਿਰਭਰ ਕਰਦਾ ਹੈ ਪਰ ਮੈਂ ਸਕੋਰ ਕਰਨ ਲਈ ਦੌੜ ਪਿਆ। ਮੈਂ ਮਨ ਹੀ ਮਨ ਸੋਚਿਆ ਕਿ ਮੈਂ ਆਸਾਨੀ ਨਾਲ ਨਹੀਂ ਥੱਕਦਾ ਹਾਂ ਇਸ ਲਈ ਮੈਂ ਸਕੋਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।

ਇਹ ਅਮਨ ਸ਼ਹਿਰਾਵਤ ਦਾ ਸਾਲ ਦਾ ਦੂਜਾ ਪੋਡੀਅਮ ਫਿਨਿਸ਼ ਸੀ। ਉਨ੍ਹਾਂ ਨੇ ਜਨਵਰੀ ਵਿਚ ਜ਼ਾਗ੍ਰੇਬ ਓਪਨ ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ। ਅਸਤਾਨਾ ਵਿਚ ਅਮਨ ਸ਼ਹਿਰਾਵਤ ਦੀ ਜਿੱਤ ਨੇ ਇਹ ਨਿਸ਼ਚਿਤ ਕੀਤਾ ਕਿ ਪੁਰਸ਼ਾਂ ਦੀ ਫ੍ਰੀਸਟਾਈਲ 57 ਕਿਲੋਗ੍ਰਾਮ ਭਾਰਤ ਵਰਗ ਵਿਚ ਸੋਨ ਤਮਗਾ ਲਗਾਤਾਰ ਚੌਥੇ ਸਾਲ ਭਾਰਤ ਕੋਲ ਰਿਹਾ। ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਰਵੀ ਕੁਮਾਰ ਦਹੀਆ ਨੇ 2020, 2021 ਤੇ 2022 ਵਿਚ ਇਸ ਸ਼੍ਰੇਣੀ ਵਿਚ ਸੋਨ ਤਮਗਾ ਹਾਸਲ ਕੀਤਾ ਸੀ।