‘ਆਪ’ ਸਰਕਾਰ ਆਉਣ ਨਾਲ ਪੰਜਾਬ ‘ਚ ਵਿਗੜੀ ਕਨੂੰਨ ਵਿਵਸਥਾ- ਅਮਿਤ ਸ਼ਾਹ

ਨਵੀਂ ਦਿੱਲੀ- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਸ਼ਾਹ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ‘ਆਪ’ ਦੀ ਸਰਕਾਰ ਬਣੀ ਹੈ ,ਉਦੋਂ ਤੋਂ ਹੀ ਸੂਬੇ ਚ ਅਪਰਾਧ ਵੱਧ ਗਿਆ ਹੈ । ਕਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ ਹੈ । ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਬੱਡੀ ਖਿਡਾਰੀਆਂ ਦੇ ਸ਼ਰੇਆਮ ਕਤਲ, ਪੁਲਿਸ ਹੈਡਕਵਾਟਰ ‘ਤੇ ਹਮਲਾ ਅਤੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਕਤਲ ਮੁੱਖ ਘਟਨਾਵਾਂ ਹਨ ।

ਇਸਦੇ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਨਾ ਕੁੱਝ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਸੂਬਾ ਸਰਕਾਰ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੀ ਹੈ ।ਅਪਰਾਧ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ ।ਕੇਂਦਰੀ ਏਜੰਸੀਆਂ ਵਲੋਂ ਪੰਜਾਬ ਦੀਆਂ ਘਟਨਾਵਾਂ ‘ਤੇ ਪੂਰੀ ਨਜ਼ਰ ਬਣਾਈ ਹੋਈ ਹੈ ।ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਸਮੇਤ ਹੋਰ ਬਾਕੀ ਘਟਨਾਵਾਂ ਚ ਦਿੱਲੀ ਪੁਲਿਸ ਵਲੋਂ ਹੀ ਸੱਭ ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ । ਭਾਵੇਂ ਦਿੱਲੀ ਚ ‘ਆਪ’ ਦੀ ਹੀ ਸਰਕਾਰ ਹੈ ਪਰ ਉਤੌਨ ਦੀ ਪੁਲਿਸ ਕੇਂਦਰ ਸਰਕਾਰ ਦੇ ਅੰਦਰ ਆਉਂਦੀ ਹੈ ।

ਗੁਜਰਾਤ ਚੋਣਾਂ ਦੇ ਵਿੱਚ ਭਾਜਪਾ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਇਸ ਸਵਾਲ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਸਾਡਾ ਵੋਟ ਸ਼ੇਅਰ ਜ਼ਰੂਰ ਵਧੇਗਾ। ਸੀਟਾਂ ਵੀ ਵਧਣਗੀਆਂ, ਭਾਰੀ ਬਹੁਮਤ ਨਾਲ ਸਰਕਾਰ ਬਣੇਗੀ। ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੋਵੇਗਾ।ਅਮਿਤ ਸ਼ਾਹ ਨੇ ਕਿਹਾ, ‘ਦੇਸ਼ ਦੇ ਸਾਧਨਾਂ ‘ਤੇ ਗਰੀਬ ਦਲਿਤ ਆਦਿਵਾਸੀਆਂ ਦਾ ਪਹਿਲਾ ਹੱਕ ਹੋਣਾ ਚਾਹੀਦਾ ਹੈ। ਦੇਸ਼ ਦੇ ਵਸੀਲਿਆਂ ‘ਤੇ ਧਾਰਮਿਕ ਆਸਥਾ ਦੇ ਆਧਾਰ ‘ਤੇ ਕਿਸੇ ਦਾ ਹੱਕ ਨਹੀਂ ਹੋਣਾ ਚਾਹੀਦਾ। ਕਿਸੇ ਵੀ ਧਰਮ ਦੇ ਗਰੀਬ ਦਾ ਹੱਕ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਕਾਂਗਰਸ ਦੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦਾ ਨਾਂ ਸਰਦਾਰ ਪਟੇਲ ਦੇ ਨਾਂ ‘ਤੇ ਰੱਖਣ ਦੇ ਚੋਣ ਵਾਅਦੇ ‘ਤੇ ਅਮਿਤ ਸ਼ਾਹ ਨੇ ਸਾਫ ਤੌਰ ‘ਤੇ ਕਿਹਾ ਕਿ ‘ਕਾਂਗਰਸ ਝੂਠ ਦਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਿੱਚ ਇੱਕ ਸਪੋਰਟਸ ਕੰਪਲੈਕਸ ਬਣਾਇਆ ਗਿਆ ਹੈ, ਜਿਸ ਦਾ ਨਾਂ ਸਰਦਾਰ ਪਟੇਲ ਸਪੋਰਟਸ ਸਟੇਡੀਅਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਥੇ 18 ਸਟੇਡੀਅਮ ਬਣਨ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਸਟੇਡੀਅਮ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਜਿਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ, ਉਹ ਅਜਿਹੇ ਮੁੱਦੇ ਉਠਾਉਂਦੇ ਹਨ। ਪਰ ਗੁਜਰਾਤ ਦੇ ਲੋਕ ਤੁਹਾਡੇ ਝੂਠ ਦੇ ਝਾਂਸੇ ਵਿੱਚ ਨਹੀਂ ਆਉਣਗੇ।