ਅੰਮ੍ਰਿਤਪਾਲ ਦੇ 114 ਸਾਥੀ-ਸਮਰਥਕ ਗ੍ਰਿਫਤਾਰ, ਤੀਜੇ ਦਿਨ ਵੀ ਜਾਰੀ ਹੈ ਅੰਮ੍ਰਿਤਪਾਲ ਲਈ ਸਰਚ

ਜਲੰਧਰ- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਲ ਪੰਜਾਬ ਪੁਲਿਸ ਵਲੋਂ ਜਾਰੀ ਹੈ । ਅੱਜ ਤੀਜੇ ਦਿਨ ਵੀ ਪੁਲਿਸ ਵਲੋਂ ਜਿਲ੍ਹਾ ਜਲੰਧਰ ਦੀਆਂ ਵੱਖ ਵੱਖ ਥਾਂਵਾਂ ‘ਤੇ ਰੇਡ-ਸਰਚ ਕੀਤੀ ਜਾ ਰਹੀ ਹੈ । ਪੁਲਿਸ ਨੂੰ ਅੰਮ੍ਰਿਤਪਾਲ ਦੇ ਜਲੰਧਰ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਇਹ ਵੀ ਚਰਚਾ ਹੈ ਕਿ ਪੁਲਿਸ ਨੇ ਲੋਕੇਸ਼ਨ ਟ੍ਰੇਸ ਕਰ ਲਈ ਹੈ। ਇਸ ਲਈ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ।

ਉਧਰ ਜਲੰਧਰ ਜ਼ਿਲ੍ਹੇ ਦੇ ਸਾਰੇ ਐਂਟਰੀ ਤੇ ਨਿਕਾਸ ਮਾਰਗਾਂ ‘ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਪਿੰਡ ਜੱਲੂਖੇੜਾ ਵਿੱਚ ਵੀ ਫੋਰਸ ਤਾਇਨਾਤ ਹੈ। ਪੰਜਾਬ ਦੀਆਂ ਜੰਮੂ-ਕਸ਼ਮੀਰ ਤੇ ਹਿਮਾਚਲ ਨਾਲ ਲੱਗਦੀਆਂ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ । ਅੰਮ੍ਰਿਤਪਾਲ ਸਿੰਘ ਦੇ ਚਾਚਾ ਤੇ ਡਰਾਈਵਰ ਨੇ ਐਤਵਾਰ ਦੇਰ ਰਾਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਦੋਵਾਂ ਨੇ ਚਿੱਟੇ ਰੰਗ ਦੀ ਮਰਸੀਡੀਜ਼ ਕਾਰ ਸਮੇਤ ਆਤਮ ਸਮਰਪਣ ਕਰ ਦਿੱਤਾ ਹੈ। ਇਸ ਮਰਸੀਡੀਜ਼ ਕਾਰ ਦੀ ਵਰਤੋਂ ਅੰਮ੍ਰਿਤਪਾਲ ਕਰਦਾ ਸੀ।

ਪੁਲਿਸ ਸੂਤਰਾਂ ਮੁਤਾਬਕ ਹੁਣ ਤੱਕ 114 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਆਸਾਮ ਦੇ ਡਿਬਰੂਗੜ੍ਹ ਲਿਜਾਇਆ ਗਿਆ ਹੈ। ਇਸ ਵਿੱਚ ਉਸ ਦਾ ਫਾਈਨਾਂਸਰ ਦਲਜੀਤ ਸਿੰਘ ਕਲਸੀ ਵੀ ਸ਼ਾਮਲ ਹੈ। ਉਧਰ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਇਮਾਨ ਸਿੰਘ ਨੇ ਐਤਵਾਰ ਨੂੰ ਹਾਈਕੋਰਟ ਵਿੱਚ ਅਪੀਲ ਕੀਤੀ ਕਿ ਅੰਮ੍ਰਿਤਪਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਜਸਟਿਸ ਐਨਐਸ ਸ਼ਿਖਾਵਤ ਦੀ ਰਿਹਾਇਸ਼ ‘ਤੇ ਹੋਈ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਤੋਂ 21 ਮਾਰਚ ਤੱਕ ਜਵਾਬ ਮੰਗਿਆ ਗਿਆ ਹੈ।