ਅਮਰੀਕਾ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਸਮੂਹਿਕ ਛੁਰੇਬਾਜ਼ੀ, ਇੱਕ ਕੈਦੀ ਦੀ ਮੌਤ

Atlanta- ਅਮਰੀਕਾ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਸਮੂਹਿਕ ਛੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਕੈਦੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਫੁਲਟਨ ਕਾਊਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਨਤਾਲੀ ਅਮੋਨਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
ਅਮੋਨਸ ਨੇ ਕਿਹਾ ਕਿ ਵੀਰਵਾਰ ਫਿਲਹਾਲ ਹਾਲਾਤ ਕਾਬੂ ਹੇਠ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀ ਲੋਕ ਜੇਲ੍ਹ ’ਚ ਨਜ਼ਰਬੰਦ ਹਨ। ਜੁਲਾਈ ਦੇ ਅਖ਼ੀਰ ਤੋਂ ਲੈ ਕੇ ਹੁਣ ਤੱਕ ਫੁਲਟਨ ਕਾਉਂਟੀ ਜੇਲ੍ਹ ’ਚ ਇਹ ਕਿਸੇ ਕੈਦੀ ਦੀ ਇਹ ਪੰਜਵੀਂ ਮੌਤ ਹੈ।
ਇਸ ਮਹੀਨੇ ਦੀ ਸ਼ੁਰੂਆਤ ’ਚ ਸ਼ੈਰਿਫ ਦੇ ਦਫਤਰ ਨੇ ਕਿਹਾ ਸੀ ਕਿ 40 ਸਾਲਾ ਮੋਂਟੇ ਸਟਿੰਸਨ 31 ਜੁਲਾਈ ਦੀ ਰਾਤ ਨੂੰ ਆਪਣੇ ਸੈੱਲ ’ਚ ਮਿ੍ਰਤਕ ਹਾਲਤ ’ਚ ਮਿਲਿਆ ਸੀ। ਸ਼ੈਰਿਫ ਦੇ ਦਫਤਰ ਮੁਤਾਬਕ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਕਿ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਉਸ ਦੇ ਸਰੀਰ ’ਤੇ ਜ਼ਖ਼ਮਾਂ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲੇ ਸਨ। ਜੁਲਾਈ ’ਚ ਫੈਡਰਲ ਨਿਆਂ ਵਿਭਾਗ ਨੇ ਇਹ ਐਲਾਨ ਕੀਤਾ ਸੀ ਕਿ ਉਹ ਜੇਲ੍ਹ ਦੀਆਂ ਸਥਿਤੀਆਂ ਦੀ ਜਾਂਚ ਕਰ ਰਿਹਾ ਹੈ। ਵਿਭਾਗ ਨੇ ਕਿਹਾ ਕਿ ਅਸੁਰੱਖਿਤ ਸਥਿਤੀਆਂ, ਹਿੰਸਾ ਅਤੇ ਵਧੇਰੇ ਬਲ ਦਾ ਪ੍ਰਯੋਗ ‘ਵਿਸ਼ਵਾਸਯੋਗ ਦੋਸ਼’ ਸਨ।
ਦੱਸਣਯੋਗ ਹੈ ਕਿ ਫੁਲਟਨ ਕਾਊਂਟੀ ਜੇਲ੍ਹ, ਉਹੀ ਜੇਲ੍ਹ ਹੈ, ਜਿੱਥੇ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਚੋਣ ਧੋਖਾਧੜੀ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਆਤਮ ਸਮਰਪਣ ਕੀਤਾ ਸੀ। 24 ਅਗਸਤ ਨੂੰ ਆਤਮ ਸਮਰਪਣ ਕਰਨ ਮਗਰੋਂ ਟਰੰਪ ਕਰੀਬ 20 ਮਿੰਟ ਤੱਕ ਜੇਲ੍ਹ ’ਚ ਰੁਕੇ ਸਨ।