ਕੈਨੇਡਾ ’ਚ ਮੁੜ ਫੈਲਣ ਲੱਗਾ ਕੋਰੋਨਾ, ਦੇਸ਼ ’ਚ ਨਵੇਂ ਵੈਰੀਐਂਟ 2.86 ਦਾ ਪਹਿਲਾ ਮਾਮਲਾ ਆਇਆ ਸਾਹਮਣੇ

Vancouver- ਬੀ. ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕੈਨੇਡਾ ’ਚ ਨਵੇਂ ਕੋਵਿਡ-19 ਦੇ ਪਹਿਲੇ ਜਾਣੇ-ਪਛਾਣੇ ਕੇਸ ਦਾ ਪਤਾ ਲਗਾਇਆ ਹੈ ਜੋ ਤੇਜ਼ੀ ਨਾਲ ਪੂਰੀ ਦੁਨੀਆ ’ਚ ਫੈਲ ਰਿਹਾ ਹੈ ਅਤੇ ਜਿਸ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਯਾਦ ਦਿਵਾਉਂਦਾ ਹੈ ਕਿ ਵਾਇਰਸ ਕਦੇ ਨਹੀਂ ਗਿਆ।
ਕੇਂਦਰ ਨੇ ਕਿਹਾ ਕਿ ਬੀ.ਏ. ਓਮਿਕਰੋਨ ਸਟ੍ਰੇਨ ਦੇ 2.86 ਰੂਪ ਦੀ ਪਹਿਚਾਣ ਫਰੇਜ਼ਰ ਹੈਲਥ ਖੇਤਰ ਦੇ ਇੱਕ ਵਿਅਕਤੀ ’ਚ ਕੀਤੀ ਗਈ ਹੈ, ਜਿਹੜਾ ਕਿ ਹਾਲ ਹੀ ’ਚ ਸੂਬੇ ਤੋਂ ਬਾਹਰ ਨਹੀਂ ਗਿਆ ਸੀ।
ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਸਾਂਝੇ ਬਿਆਨ ’ਚ ਕਿਹਾ ਕਿ ਹੁਣ ਤੱਕ ਕੋਵਿਡ ਦੇ ਇਸ ਪ੍ਰਕਾਰ ਦੀ ਗੰਭੀਰਤਾ ’ਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਸੰਕਰਮਿਤ ਵਿਅਕਤੀ ਹਸਪਤਾਲ ’ਚ ਨਹੀਂ ਹੈ। ਯੂ.ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਪਿਛਲੀਆਂ ਸਟ੍ਰੇਨਾਂ ਦੇ ਮੁਕਾਬਲੇ ਨਵੀਂ ਸਟ੍ਰੇਨ ਉਨ੍ਹਾਂ ਲੋਕਾਂ ਨੂੰ ਸੰਕਰਮਿਤ ਕਰਨ ਦੇ ਜ਼ਿਆਦਾ ਸਮਰੱਥ ਹੋ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਕੋਵਿਡ-19 ਸੀ ਜਾਂ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਲਗਾਈ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਉਹ ਵੱਡੀ ਗਿਣਤੀ ’ਚ ਮਿਊਟੇਸ਼ਨ ਦੇ ਕਾਰਨ ਇਸ ਵੈਰੀਏਂਟ ਦੀ ਨਿਗਰਾਨੀ ਕਰ ਰਿਹਾ ਹੈ। ਇਹ ਪਹਿਲੀ ਵਾਰ 24 ਜੁਲਾਈ ਨੂੰ ਡੈਨਮਾਰਕ ’ਚ ਮਿਲਿਆ ਸੀ ਅਤੇ ਇਸ ਤੋਂ ਬਾਅਦ ਇਹ ਇਜ਼ਰਾਈਲ, ਦੱਖਣੀ ਅਫਰੀਕਾ, ਬ੍ਰਿਟੇਨ ਅਤੇ ਅਮਰੀਕਾ ’ਚ ਸਾਹਮਣੇ ਆਇਆ ਹੈ।
ਵੈਨਕੂਵਰ ’ਚ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਅਤੇ ਮੈਡੀਕਲ ਡਾਇਰੈਕਟਰ ਡਾ. ਬ੍ਰਾਇਨ ਕੋਨਵੇ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਇਹ ਰੂਪ ਸੰਭਾਵਤ ਤੌਰ ’ਤੇ ਮਹੀਨਿਆਂ ਤੋਂ ਤਾਂ ਨਹੀਂ ਪਰ ਹਫ਼ਤਿਆਂ ਤੋਂ ਪ੍ਰਚਲਿਤ ਹੈ। ਉਨ੍ਹਾਂ ਕਿਹਾ,“ਇਹ ਕੋਵਿਡ ਦਾ ਵਿਕਾਸ ਹੈ। ਇਹ ਮੈਨੂੰ ਹੈਰਾਨ ਨਹੀਂ ਕਰਦਾ।’’ਕੋਨਵੇ ਨੇ ਕਿਹਾ ਕਿ ਬੀ.ਏ. 2.86 ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਨਹੀਂ ਬਣ ਸਕਦਾ ਪਰ ਬਿਮਾਰੀ ਦੇ ਹੋਰ ਪ੍ਰਕਾਰਾਂ ਨਾਲੋਂ ਵਧੇਰੇ ਆਸਾਨੀ ਨਾਲ ਫੈਲਦਾ ਹੈ। ਉਨ੍ਹਾਂ ਕਿਹਾ, ‘‘ਇਸੇ ਕਰਕੇ ਨਵੇਂ ਰੂਪ ਉਭਰਦੇ ਹਨ ਅਤੇ ਹਾਵੀ ਹੁੰਦੇ ਹਨ, ਉਹ ਸਿਰਫ਼ ਪੁਰਾਣੇ ਵੇਰੀਐਂਟ ਨੂੰ ਖ਼ਤਮ ਕਰ ਦਿੰਦੇ ਹਨ।’’ ਉਨ੍ਹਾਂ ਕਿਹਾ ਕਿ ਇੱਕ ਨਵਾਂ ਟੀਕਾ, ਨਵੇਂ ਵੈਰੀਐਂਟ ਤੋਂ ਬਚਾਅ ਲਈ ਸਭ ਤੋਂ ਮਹੱਤਵਪੂਰਨ ਤਰੀਕਾ ਹੋਵੇਗਾ।
ਕਾਨਵੇ ਨੇ ਸਿਹਤ ਕੈਨੇਡਾ ਦੇ ਅੰਕੜਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੈਨੇਡਾ ’ਚ ਅਜੇ ਤੱਕ ਕੋਵਿਡ-19 ਇੱਕ ਦਿਨ ’ਚ ਲਗਭਗ ਚਾਰ ਲੋਕਾਂ ਦੀ ਜਾਨ ਲੈ ਰਿਹਾ ਹੈ, ਜਿਨ੍ਹਾਂ ’ਚ ਪਿਛਲੇ ਹਫ਼ਤੇ ’ਚ ਕੋਰੋਨਾ ਨਾਲ ਸੰਬੰਧਿਤ 30 ਮੌਤਾਂ ਦੇਖੀਆਂ ਗਈਆਂ ਹਨ। ਕਾਨਵੇ ਨੇ ਕਿਹਾ ਕਿ ਜਿਵੇਂ-ਜਿਵੇਂ ਪਤਝੜ ਦਾ ਮੌਸਮ ਆ ਰਿਹਾ ਹੈ, ਲੋਕ ਵਧੇਰੇ ਕਰਕੇ ਘਰਾਂ ਅੰਦਰ ਸਮਾਂ ਬਿਤਾ ਰਹੇ ਹਨ ਅਤੇ ਇਸੇ ਕਾਰਨ ਵਾਇਰਸ ਹੋਰ ਆਸਾਨੀ ਨਾਲ ਫੈਲ ਰਿਹਾ ਹੈ।