ਬੀਬੀ ਜਗੀਰ ਕੌਰ ਨੂੰ ਐਤਵਾਰ 12 ਵਜੇ ਤਕ ਦਾ ਅਲਟੀਮੇਟਮ, ਬੀਬੀ ਨੇ ਵੀ ਅਨੁਸ਼ਾਸਨੀ ਕਮੇਟੀ ਦੀ ਹੋਂਦ ‘ਤੇ ਚੁੱਕੇ ਸਵਾਲ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲਈ ਅੜੀ ਬੀਬੀ ਜਗੀਰ ਕੌਰ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਇਕ ਹੋਰ ਮੌਕਾ ਦਿੱਤਾ ਹੈ। ਕਮੇਟੀ ਨੇ ਬੀਬੀ ਜਗੀਰ ਕੌਰ ਨੂੰ 6 ਨਵੰਬਰ ਨੂੰ 12 ਵਜੇ ਤਕ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਰਸਤੇ ‘ਚੋਂ ਹਟ ਜਾਣ। ਨਾਲ ਹੀ ਉਨ੍ਹਾਂ ਨੂੰ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦਿਉ।

ਉਧਰ, ਬੀਬੀ ਜਗੀਰ ਕੌਰ ਨੇ ਵੀ ਅਨੁਸ਼ਾਸਨੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ ਪਰ ਇਹ ਪੱਤਰ ਕਮੇਟੀ ਨੂੰ ਉਸ ਵੇਲੇ ਮਿਲਿਆ ਜਦੋਂ ਉਨ੍ਹਾਂ ਬੀਬੀ ਜਗੀਰ ਕੌਰ ਦਾ ਜਵਾਬ ਨਾ ਮਿਲਣ ਦੀ ਸੂਰਤ ‘ਚ ਐਤਵਾਰ ਤਕ ਦਾ ਹੋਰ ਸਮਾਂ ਦੇ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ (SGPC) ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅਨੁਸ਼ਾਸਨੀ ਕਮੇਟੀ ਵੱਲੋਂ ਦਿੱਤੇ ਨੋਟਿਸ ਦਾ ਜਵਾਬ ਦਿੰਦਿਆਂ ਉਲਟਾ ਕਮੇਟੀ ਦੀ ਹੋਂਦ ‘ਤੇ ਹੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ 6 ਸਵਾਲ ਕੀਤੇ ਹਨ।

ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਦਿੱਤੇ ਗਏ ਨੋਟਿਸ ਦਾ ਜਵਾਬ ਲਿਖ਼ਤੀ ਤੌਰ ‘ਤੇ ਦਿੰਦਿਆਂ ਕਿਹਾ ਕਿ ਮੇਰੇ ਵਲੋਂ ਪਾਰਟੀ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਦੌਰਾਨ ਕੋਈ ਵੀ ਮੇਰੇ ‘ਤੇ ਦੋਸ਼ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੀ ਧਾਰਾ ਦੀ ਕਿਸ ਮਦ ਅਨੁਸਾਰ ਮੈਨੂੰ ਮੁੱਅਤਲ ਕੀਤਾ ਗਿਆ ਹੈ। ਅਨੁਸ਼ਾਸਨੀ ਕਾਰਵਾਈ ਕਰਨ ਤਕ ਪਾਰਟੀ ਵਲੋਂ ਕੋਈ ਵੀ ਉਮੀਦਵਾਰ ਐਸਜੀਪੀਸੀ ਦੇ ਪ੍ਰਧਾਨ ਦੇ ਉਮੀਦਵਾਰ ਵਜੋਂ ਨਹੀਂ ਐਲਾਨਿਆ ਗਿਆ ਸੀ, ਫਿਰ ਵਿਰੋਧੀ ਗਤੀਵਿਧੀਆਂ ਕਿਸ ਸਬੰਧੀ ਸਨ। ਮੁੱਅਤਲੀ ਦਾ ਕਾਰਨ ਸਪੱਸ਼ਟ ਕੀਤਾ ਜਾਵੇ, ਮੇਰੇ ਖਿਲਾਫ਼ ਕਿਸੇ ਵਲੋਂ ਕੋਈ ਲਿਖਤੀ ਸ਼ਿਕਾਇਤ ਹੋਵੇ ਤਾਂ ਉਸ ਦਾ ਵੇਰਵਾ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਪ੍ਰਧਾਨ ਸਾਹਿਬ ਵਲੋਂ ਭੰਗ ਕੀਤਾ ਗਿਆ ਹੈ। ਕੇਵਲ ਵਰਕਿੰਗ ਕਮੇਟੀ ਹੀ ਹੋਂਦ ਵਿੱਚ ਹੈ, ਦੱਸਣ ਦੀ ਕਿਰਪਾਲਤਾ ਕੀਤੀ ਜਾਵੇ ਕਿ ਵਰਕਿੰਗ ਕਮੇਟੀ ਦੀ ਕਦੇ ਮੀੰਟਗ ਹੋਈ ਤੇ ਸੰਵਿਧਾਨ ਦੀ ਕਿਸ ਧਾਰਾ ਤਹਿਤ ਅਨੁਸ਼ਾਸਨੀ ਕਮੇਟੀ ਬਣਾਈ ਗਈ। ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਸਬੰਧੀ ਮੈਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਤੇ ਨਾ ਹੀ ਮੈਨੂੰ ਸੁਣਿਆ ਗਿਆ ਹੈ। ਬਿਨਾਂ ਨੋਟਿਸ ਤੇ ਬਿਨਾਂ ਸੁਣਵਾਈ ਮੁਅੱਤਲ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਜਾਪਦੀ ਹੈ।