ਸੋਨੂੰ ਸੂਦ ਦਾ ਵੱਡਾ ਫੈਸਲਾ, ਪੰਜਾਬ ਕਾਂਗਰਸ ‘ਚ ਸ਼ਾਮਲ ਹੋਈ ਭੈਣ ਮਾਲਵਿਕਾ ਲਈ ਪ੍ਰਚਾਰ ਨਹੀਂ ਕਰਨਗੇ

ਸੋਨੂੰ ਸੂਦ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਿਛਲੇ 2 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ। ਦੂਜੀ ਲਹਿਰ ਦੌਰਾਨ, ਪ੍ਰਵਾਸੀ ਮਜ਼ਦੂਰਾਂ ਨੂੰ ਘਰ ਲਿਆਉਣ ਤੋਂ ਲੈ ਕੇ ਡਾਕਟਰੀ ਸਹੂਲਤਾਂ ਤੱਕ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਗਈ ਹੈ। ਹਾਲ ਹੀ ‘ਚ ਸੋਨੂੰ ਸੂਦ ਉਸ ਸਮੇਂ ਫਿਰ ਸੁਰਖੀਆਂ ‘ਚ ਆਏ ਜਦੋਂ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਸ਼ਾਮਲ ਹੋ ਗਈ। ਭੈਣ ਮਾਲਵਿਕਾ ਦੇ ਪੰਜਾਬ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੋਨੂੰ ਸੂਦ ਵੀ ਆਪਣੀ ਸਿਆਸੀ ਪਾਰੀ ਜਲਦ ਸ਼ੁਰੂ ਕਰ ਸਕਦੇ ਹਨ ਜਾਂ ਫਿਰ ਆਪਣੀ ਭੈਣ ਲਈ ਚੋਣ ਪ੍ਰਚਾਰ ਕਰਨਗੇ। ਇਨ੍ਹਾਂ ਅਟਕਲਾਂ ਦੇ ਚੱਲਦਿਆਂ ਸੋਨੂੰ ਸੂਦ ਨੇ ਵੱਡਾ ਫੈਸਲਾ ਲਿਆ ਹੈ।

ਭੈਣ ਲਈ ਪ੍ਰਚਾਰ ਨਹੀਂ ਕਰਨਗੇ
ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਜਿਸ ਲਈ ਤਿਆਰੀਆਂ ਜ਼ੋਰਾਂ ‘ਤੇ ਹਨ। ਭੈਣ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਲੋਕ ਅੰਦਾਜ਼ਾ ਲਗਾ ਰਹੇ ਸਨ ਕਿ ਸੋਨੂੰ ਸੂਦ ਹੁਣ ਪੰਜਾਬ ‘ਚ ਭੈਣ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਪਰ ਉਸ ਨੇ ਇਨ੍ਹਾਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਦਿੱਤੇ ਇੰਟਰਵਿਊ ‘ਚ ਸੋਨੂੰ ਸੂਦ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਭੈਣ ਮਾਲਵਿਕਾ ਦੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਹੋਣਗੇ।

ਭੈਣ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਸੋਨੂੰ ਸੂਦ ਨੇ ਕੀ ਕਿਹਾ?
ਭੈਣ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਉਨ੍ਹਾਂ ਨੇ ਇਹ ਕਦਮ ਚੁੱਕਿਆ। ਉਹ ਪਿਛਲੇ ਕੁਝ ਸਾਲਾਂ ਤੋਂ ਉੱਥੇ ਰਹਿ ਰਹੀ ਹੈ ਅਤੇ ਲੋਕਾਂ ਲਈ ਮਹੱਤਵਪੂਰਨ ਮੁੱਦਿਆਂ ਨੂੰ ਜਾਣਦੀ ਹੈ। ਸੋਨੂੰ ਸੂਦ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਹ ਲੋਕਾਂ ਦੇ ਸੰਪਰਕ ‘ਚ ਰਹਿ ਕੇ ਉਨ੍ਹਾਂ ਦੀ ਸਿੱਧੀ ਮਦਦ ਕਰ ਸਕੇਗੀ।

ਮੇਰਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ : ਸੋਨੂੰ ਸੂਦ
ਜਦੋਂ ਸੋਨੂੰ ਸੂਦ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੀ ਭੈਣ ਲਈ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਹੇ ਹਨ? ਤਾਂ ਜਵਾਬ ‘ਚ ਉਨ੍ਹਾਂ ਕਿਹਾ, ‘ਇਹ ਉਨ੍ਹਾਂ ਦੀ ਯਾਤਰਾ ਹੈ ਅਤੇ ਮੇਰਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਉਹੀ ਕਰਦਾ ਰਹਾਂਗਾ ਜੋ ਮੈਂ ਕਰਦਾ ਰਿਹਾ ਹਾਂ। ਮੈਂ ਚੋਣਾਂ ਵਿੱਚ ਉਸ ਲਈ ਪ੍ਰਚਾਰ ਨਹੀਂ ਕਰਾਂਗਾ। ਕਿਉਂਕਿ ਮੈਂ ਚਾਹੁੰਦਾ ਹਾਂ ਕਿ ਉਹ ਸਖ਼ਤ ਮਿਹਨਤ ਕਰੇ ਅਤੇ ਆਪਣਾ ਕੰਮ ਕਰੇ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਹਮੇਸ਼ਾ ਰਾਜਨੀਤੀ ਜਾਂ ਕਿਸੇ ਵੀ ਸਿਆਸੀ ਸਬੰਧਾਂ ਤੋਂ ਦੂਰ ਰਹਾਂਗਾ।