ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਹੋਈ ਖ਼ੂਨੀ ਟੱਕਰ, ਇਕ ਔਰਤ ਸਮੇਤ 9 ਜ਼ਖ਼ਮੀ

ਕਲਾਨੌਰ- ਕਸਬਾ ਕਲਾਨੌਰ ਵਿਖੇ ਸਾਲੇ ਚੱਕ ਰੋਡ ਨਜ਼ਦੀਕ ਪਾਣੀ ਦੀ ਨਿਕਾਸੀ ਵਾਲੇ ਖ਼ਾਲ ਤੋਂ ਦੋਵਾਂ ਧਿਰਾਂ ਵਿਚ ਖੂਨੀਂ ਟੱਕਰ ਹੋਈ। ਇਸ ਕੱਕਰ ਵਿਚ ਇਕ ਔਰਤ ਸਮੇਤ 9 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਦੋਵਾਂ ਧਿਰਾਂ ਦੀ ਲੜਾਈ ਤੋਂ ਬਾਅਦ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਚ ਦੋ ਥਾਣਿਆਂ ਦੀ ਪੁਲਿਸ ਤਾਇਨਾਤ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਜ਼ੇਰੇ ਇਲਾਜ ਰਜਿੰਦਰ ਸਿੰਘ ਭੰਗੂ ਪ੍ਰਧਾਨ ਖ਼ਾਲਸਾ ਪੰਚਾਇਤ ਕਲਾਨੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਪ੍ਰਸ਼ਾਸਨ ਅਤੇ ਮੋਹਤਬਰਾਂ ਵਿਅਕਤੀਆਂ ਵੱਲੋਂ ਉਸ ਦੀ ਮਾਲਕੀ ਜ਼ਮੀਨ ਵਿਚੋਂ ਲੰਘਦੇ ਨਿਕਾਸੀ ਵਾਲੇ ਖ਼ਾਲ ਸੰਬੰਧੀ ਰਾਜ਼ੀਨਾਮਾ ਕਰਵਾਇਆ ਗਿਆ ਸੀ। ਅੱਜ ਜਦੋਂ ਉਹ ਆਪਣੇ ਖੇਤਾਂ ਵਿਚ ਸਨ ਕਿ ਦੂਸਰੀ ਧਿਰ ਵੱਲੋਂ ਪੰਜ ਗੱਡੀਆਂ ‘ ਤੇ ਸਵਾਰ ਦਰਜਨਾਂ ਨੌਜਵਾਨਾਂ ਸਮੇਤ ਉਨ੍ਹਾਂ ਦੀ ਮਾਲਕੀ ਜ਼ਮੀਨ ਵਿਚ ਖ਼ਾਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਖਾਲ ਪਾਉਣ ਤੋਂ ਰੋਕਿਆ ਤਾਂ ਓਨਾ ਤੇਜ਼ ਹਥਿਆਰਾਂ ਅਤੇ ਡਾਂਗਾਂ ਨਾਲ ਹਮਲਾ ਕਰਕੇ ਉਸਦੇ ਪਿਤਾ ਪਿਆਰਾ ਸਿੰਘ, ਮਾਤਾ ਪਿਆਰ ਕੌਰ, ਭਰਾ ਸੁਰਿੰਦਰ ਸਿੰਘ ਭੰਗੂ, ਪੁੱਤਰ ਅੰਮ੍ਰਿਤਪਾਲ ਸਿੰਘ ਭਤੀਜਾ ਅੰਗਰੇਜ਼ ਸਿੰਘ ਨੂੰ ਗੰਭੀਰ ਫੱਟੜ ਕਰ ਦਿੱਤਾ। ਰਜਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਪੁੱਤਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ।

ਇਸ ਲੜਾਈ ਵਿਚ ਸ਼ਾਮਲ ਦੂਜੀ ਧਿਰ ਦੇ ਜ਼ਖ਼ਮੀ ਹੋਏ, ਹਰਜੀਤ ਸਿੰਘ ਗੱਜਣ ਨੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਅਧੀਨ ਦੱਸਿਆ ਕਿ ਪਿਛਲੇ ਦਿਨਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਉਕਤ ਕਿਸਾਨ ਵੱਲੋਂ ਬੰਦ ਕੀਤੇ ਜਾਣ ਕਾਰਨ ਦਰਜਨਾਂ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਸਾਤੀ ਪਾਣੀ ਕਾਰਨ ਖਰਾਬ ਹੋ ਗਈ ਸੀ। ਉਸ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਉਹ ਆਪਣੇ ਭਤੀਜੇ ਗੁਰਿੰਦਰਪਾਲ ਸੋਨੂ, ਪਰਮਿੰਦਰ ਸਿੰਘ ਮੰਨਾਂ ਸਮੇਤ ਉਕਤ ਕਿਸਾਨ ਵੱਲੋਂ ਬੰਦ ਕੀਤੇ ਖ਼ਾਲ ਦੀ ਵੀਡੀਓ ਬਣਾਉਣ ਵਾਸਤੇ ਗਏ ਸਨ ਤਾਂ ਉਕਤ ਕਿਸਾਨ ਰਜਿੰਦਰ ਸਿੰਘ ਨੇ ਆਪਣੇ ਪਰਿਵਾਰ ਅਤੇ ਹੋਰ ਸਾਥੀਆਂ ਸਮੇਤ ਉਨ੍ਹਾਂ ‘ਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਉਸ ਦੇ ਸਿਰ ਅਤੇ ਹੱਥ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਇਲਾਵਾ ਗੁਰਿੰਦਰਪਾਲ ਸਿੰਘ ਸੋਨੂੰ ਤੇ ਪਰਮਿੰਦਰ ਸਿੰਘ ਮੰਨਾ ਵੀ ਗੰਭੀਰ ਜ਼ਖ਼ਮੀ ਹੋ ਗਏ।
ਉਸ ਨੇ ਕਿਹਾ ਕਿ ਪਰਮਿੰਦਰ ਸਿੰਘ ਮੰਨਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਤੇ ਮੈਡੀਕਲ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।