ਨਸ਼ੇ ਦੀ ਸਰਹੱਦ : ਖੇਮਕਰਨ ‘ਚ ਚਿੱਟੇ ਦੀ ਭੇਂਟ ਚੜ੍ਹਿਆ ਨੌਜਵਾਨ

ਖੇਮਕਰਨ – ਪੰਜਾਬ ਚ ਸਰਕਾਰਾਂ ਚਾਹੇ ਬਦਲ ਰਹੀਆਂ ਹਨ , ਪਰ ਸੂਬਾ ਅਜੇ ਵੀ ਨਸ਼ੇ ਦੀ ਗ੍ਰਿਫਤ ਤੋ ਬਾਹਰ ਨਿਕਲ ਨਹੀਂ ਸਕਿਆ ਹੈ ।ਖੇਮਕਰਨ ਹਲਕੇ ਵਿਚ ਨਸ਼ੇ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਰੱਖੇ ਹਨ ਜਿਸ ਦਾ ਨਤੀਜਾ ਅੱਜ ਇਕ ਹੋਰ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਮਿ੍ਤਕ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ (33) ਵਾਸੀ ਪਿੰਡ ਭਾਈ ਲੱਧੂ ਵਜੋਂ ਹੋਈ ਹੈ।

ਮਿ੍ਤਕ ਨੌਜਵਾਨ ਮਜ਼ਦੂਰੀ ਕਰਦਾ ਸੀ। ਰੋਜ਼ਾਨਾ ਵਾਂਗ ਉਹ ਘਰੋਂ ਕੰਮ ‘ਤੇ ਗਿਆ ਸੀ ਕਿ ਪਿੰਡ ਦਾ ਹੀ ਇਕ ਵਿਅਕਤੀ ਗੁਰਸਾਹਿਬ ਸਿੰਘ ਨੂੰ ਮਿ੍ਤਕ ਹਾਲਤ ਵਿਚ ਘਰ ਦੇ ਦਰਵਾਜ਼ੇ ਅੱਗੇ ਸੁੱਟ ਗਿਆ। ਮਿ੍ਤਕ ਦੀ ਪਤਨੀ ਗੁਰਵਿੰਦਰ ਕੌਰ, ਭੈਣ ਹਰਜਿੰਦਰ ਕੌਰ ਅਤੇ ਜੀਜਾ ਕੁਲਬੀਰ ਸਿੰਘ ਨੇ ਦੱਸਿਆ ਕਿ ਪਿੰਡ ‘ਚ ਨਸ਼ਾ ਸ਼ਰੇਆਮ ਵਿਕਦਾ ਹੈ। ਗੁਰਸਾਹਿਬ ਸਿੰਘ ਨੂੰ ਵੀ ਉਨ੍ਹਾਂ ਦੇ ਪਿੰਡ ਦੇ ਹੀ ਨੌਜਵਾਨ ਨੇ ਨਸ਼ੇ ਦਾ ਟੀਕਾ ਦਿੱਤਾ ਸੀ ਅਤੇ ਟੀਕੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋਈ ਹੈ ਅਤੇ ਉਸ ਦੀ ਬਾਂਹ ‘ਤੇ ਟੀਕੇ ਦਾ ਨਿਸ਼ਾਨ ਵੀ ਹੈ।

ਇਸ ਸਬੰਧੀ ਚੌਂਕੀ ਘਰਿਆਲਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਦੋਂ ਕਿ ਮੌਕੇ ‘ਤੇ ਪੁੱਜੇ ਚੌਕੀ ਘਰਿਆਲਾ ਦੇ ਇੰਚਾਰਜ ਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਪਿੰਡ ਦੇ ਨੌਜਵਾਨ ਵੱਲੋਂ ਉਨ੍ਹਾਂ ਦੇ ਲੜਕੇ ਨੂੰ ਨਸ਼ਾ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।