ਬੀ.ਐੱਸ.ਐੱਫ ਨੇ ਢੇਰੀ ਕੀਤਾ ਪਾਕਿਸਤਾਨ ਤੋਂ ਆਇਆ ਡਰੋਨ

ਤਰਨਤਾਰਨ – ਜਿਵੇਂ ਹੀ ਧੁੰਦ ਸ਼ੁਰੂ ਹੋਈ, ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਬੁੱਧਵਾਰ ਰਾਤ ਨੂੰ ਸਰਹੱਦ ਪਾਰ ਤੋਂ ਡਰੋਨ ਭੇਜੇ। ਜਿਸ ਨੂੰ ਬੀਐਸਐਫ ਨੇ ਨਿਸ਼ਾਨਾ ਬਣਾ ਕੇ ਸੁੱਟ ਦਿੱਤਾ। ਫਿਲਹਾਲ ਸਥਾਨਕ ਪੁਲਸ ਦੀ ਮਦਦ ਨਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਖੇਮਕਰਨ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 101 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਹਰਭਜਨ ਵਿਖੇ ਸਥਿਤ ਬੁਰਜੀ ਨੰਬਰ-153-6 ਨੇੜੇ ਬੁੱਧਵਾਰ ਰਾਤ 7.46 ਮਿੰਟ ਉੱਤੇ ਪਾਕਿ ਪਾਸਿਓਂ ਹਰਕਤ ਮਹਿਸੂਸ ਕੀਤੀ ।

ਜਵਾਨਾਂ ਨੇ ਨਾਈਟ ਵਿਜ਼ਨ ਕੈਮਰਿਆਂ ਦੀ ਮਦਦ ਨਾਲ ਦੇਖਿਆ ਕਿ ਕਾਲੇ ਰੰਗ ਦਾ ਇੱਕ ਵੱਡਾ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਹੋ ਰਿਹਾ ਹੈ। ਜਵਾਨਾਂ ਨੇ ਡ੍ਰੋਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਇਲੂਮੀਨੇਟਰ ਇਲੂਮੀਨੇਟਰ ਬੰਬ ਸੁੱਟਿਆ ਅਤੇ 44 ਰਾਉਂਡ ਫਾਇਰ ਕੀਤੇ। ਵੀਰਵਾਰ ਸਵੇਰੇ ਸਰਚ ਆਪਰੇਸ਼ਨ ਦੌਰਾਨ ਖੇਤ ‘ਚੋਂ ਡਰੋਨ ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਥਾਣਾ ਖੇਮਕਰਨ ਅਤੇ ਵਲਟੋਹਾ ਦੀ ਪੁਲਸ ਨੂੰ ਨਾਲ ਲੈ ਕੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਡਰੋਨ ਦੀ ਬਰਾਮਦਗੀ ਦੇ ਮੱਦੇਨਜ਼ਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।