Vancouver – ਚੋਣਾਂ ਤੋਂ ਪਹਿਲਾਂ ਲੀਡਰ ਕੈਨੇਡਾ ਵਾਸੀਆਂ ਨਾਲ ਕਈ ਵੱਡੇ ਵਾਅਦੇ ਕਰਦੇ ਨਜ਼ਰ ਆ ਰਹੇ ਹਨ। ਐਨਡੀਪੀ ਲੀਡਰ ਜਗਮੀਤ ਸਿੰਘ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਟੋਰਾਂਟੋ ‘ਚ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਵੱਡਾ ਵਾਅਦਾ ਕੀਤਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਵੱਲੋਂ ਮਿਉਨਿਸਪੈਲਟੀਜ਼ ਨੂੰ ਪਬਲਿਕ ਟ੍ਰਾਂਜ਼ਿਟ ਦੇ ਪ੍ਰਾਜੈਕਟਾਂ ਲਈ ਦਿੱਤੀ ਜਾਣ ਵਾਲੀ ਫ਼ੰਡਿੰਗ ਨੂੰ ਦੁਗਣਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ 2030 ਤੱਕ ਪਬਲਿਕ ਟ੍ਰਾਂਜ਼ਿਟ ਨੂੰ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਕੀਤਾ ਜਾਵੇਗਾ ।
ਜਗਮੀਤ ਸਿੰਘ ਨੇ ਪਬਲਿਕ ਟ੍ਰਾਂਜ਼ਿਟ ਨੂੰ ਇਲੈਕਟ੍ਰਿਕ ਕਰਨ ਲਈ ਮਿਉਨਿਸਪੈਲਟੀਜ਼ ਨੂੰ ਦਿੱਤੀ ਜਾਣ ਵਾਲੀ 2.2 ਬਿਲੀਅਨ ਦੀ ਫ਼ੰਡਿੰਗ ਨੂੰ 4.4 ਬਿਲੀਅਨ ਡਾਲਰ ਕਰਨ ਦਾ ਵਾਅਦਾ ਕੀਤਾ ਹੈ।
ਇਸ ਦੌਰਾਨ ਜਗਮੀਤ ਸਿੰਘ ਵੱਲੋਂ ਜਸਟਿਨ ਟਰੂਡੋ ‘ਤੇ ਕਲਾਇਮੇਟ ਚੇਂਜ ਸੰਬੰਧੀ ਨਿਸ਼ਾਨਾ ਸਾਧਿਆ ਗਿਆ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਹਮੇਸ਼ਾ ਆਪਣੇ ਵਾਅਦੇ ਤੋੜਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਕੈਨੇਡਾ ਅੰਦਰ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਕਾਫੀ ਤੇਜ਼ ਹੋ ਰਹੀਆਂ ਹਨ। ਲੀਡਰ ਇਕ ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ।