ਆਬੂਧਾਬੀ ’ਚ ਫਸੇ ਪੰਜਾਬੀਆਂ ਨੂੰ ਕੱਢਣ ਲਈ ਮਦਦ ਕਰੇ ਕੇਂਦਰ ਸਰਕਾਰ- ਰਾਘਵ ਚੱਢਾ

ਨਵੀਂ ਦਿੱਲੀ – ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਬੂਧਾਬੀ ਵਿਚ ਫਸੇ ਲਗਭਗ 100 ਪ੍ਰਵਾਸੀ ਪੰਜਾਬੀ ਮਜ਼ਦੂਰਾਂ ਦੀ ਸੁਰੱਖਿਅਤ ਅਤੇ ਜਲਦ ਘਰ ਵਾਪਸੀ ਲਈ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੇ ਤੁਰੰਤ ਦਖਲ ਦੀ ਮੰਗ ਕੀਤੀ ਹੈ।

ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿਚ ਰਾਘਵ ਚੱਢਾ ਨੇ ਕਿਹਾ ਕਿ ਆਬੂਧਾਬੀ ਵਿਚ ਇਕ ਪ੍ਰਾਈਵੇਟ ਫਰਮ ਨੇ ਉਥੇ ਕੰਮ ਕਰਦੇ ਪੰਜਾਬ ਦੇ 100 ਦੇ ਕਰੀਬ ਮੂਲ ਨਿਵਾਸੀਆਂ ਦੇ ਕੰਟ੍ਰੈਕਟ ਖਤਮ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਪਾਸਪੋਰਟ ਵਾਪਿਸ ਕਰਨ ਤੋਂ ਵੀ ਮਨ੍ਹਾ ਕਰ ਰਹੇ ਹਨ ਜਿਸ ਕਰਕੇ ਇਹ ਪੰਜਾਬੀ ਬਿਨਾਂ ਪਾਸਪੋਰਟ ਆਬੂਧਾਬੀ ਵਿਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਆਨਲਾਈਨ ਅਰਜ਼ੀਆਂ ਦੇਣ ਅਤੇ ਪਰਿਵਾਰ ਵੱਲੋਂ ਟਿਕਟਾਂ ਦੇ ਪ੍ਰਬੰਧ ਲਈ ਤਿਆਰ ਰਹਿਣ ਦੇ ਬਾਵਜੂਦ ਵੀ ਉਹ ਕਾਮੇ ਭਾਰਤ ਪਰਤਣ ਤੋਂ ਅਸਮਰੱਥ ਹਨ।