San Francisco- ਵਪਾਰ ਮੰਤਰੀ ਮੈਰੀ ਐਨਜੀ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਭਾਰਤ ਨਾਲ ਉਦੋਂ ਤੱਕ ਵਪਾਰਕ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗਾ ਜਦੋਂ ਤੱਕ ਨਰਿੰਦਰ ਮੋਦੀ ਦੀ ਸਰਕਾਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ’ਚ ਸਹਿਯੋਗ ਨਹੀਂ ਕਰਦੀ। ਸਾਨ ਫਰਾਂਸਿਸਕੋ ’ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਮੀਡੀਆ ਬ੍ਰੀਫਿੰਗ ਦੌਰਾਨ ਜਦੋਂ ਇੱਕ ਰਿਪੋਰਟਰ ਨੇ ਐਨਜੀ ਨੂੰ ਪੁੱਛਿਆ ਕਿ ਕੀ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦਾ ਕੋਈ ਰਸਤਾ ਹੈ?
ਜਵਾਬ ’ਚ ਮੰਤਰੀ ਨੇ ਕਿਹਾ, ‘‘ਇਸ ਸਮੇਂ, ਕੈਨੇਡਾ ਦਾ ਧਿਆਨ ਜਾਂਚ ਦੇ ਕੰਮ ਨੂੰ ਅੱਗੇ ਵਧਾਉਣਾ ਹੈ।’’ ਉਨ੍ਹਾਂ ਅੱਗੇ ਆਖਿਆ, ‘‘ਤੁਸੀਂ ਮੈਨੂੰ ਅਤੇ ਸਰਕਾਰ ਨੂੰ ਇਸ ਬਾਰੇ ਗੱਲ ਕਰਦੇ ਸੁਣਿਆ ਹੈ ਕਿ ਜਾਂਚ ਕਿੰਨੀ ਮਹੱਤਵਪੂਰਨ ਹੈ, ਕੈਨੇਡੀਅਨ ਧਰਤੀ ’ਤੇ ਸਾਡੇ ਇੱਕ ਕੈਨੇਡੀਅਨ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਲਈ ਅਸੀਂ ਅਜਿਹਾ ਹੋਣ ਦੇਵਾਂਗੇ।’’ ਐਨਜੀ ਨੇ ਕਿਹਾ ਕਿ ਕੈਨੇਡੀਅਨ ਕਾਰੋਬਾਰ ਭਾਰਤ ’ਚ ਵਪਾਰ ਕਰਨਾ ਜਾਰੀ ਰੱਖਣਗੇ ਅਤੇ ਵਪਾਰ ਮੰਤਰੀ ਵਜੋਂ ਉਨ੍ਹਾਂ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਕੋਲ ਲੋੜੀਂਦੇ ਸਮਰਥਨ ਅਤੇ ਸਾਧਨ ਹਨ।
ਜਦੋਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਕਿ ਕੀ ਉਹ ਇਸ ਜਾਂਚ ’ਤੇ ਸਹਿਯੋਗ ਦੀ ਲੋੜ ਅਤੇ ਵਪਾਰਕ ਗੱਲਬਾਤ ਦੀ ਦੀ ਬਹਾਲੀ ਵਿਚਾਲੇ ਸਿੱਧਾ ਸਬੰਧ ਬਣਾ ਰਹੇ ਹਨ, ਤਾਂ ਐਨਜੀ ਨੇ ਜਵਾਬ ’ਚ ਨਹੀਂ ਕਿਹਾ। ਉਨ੍ਹਾਂ ਆਖਿਆ, ‘‘ਬੇਸ਼ੱਕ ਸਾਡਾ ਧਿਆਨ ਇਸ ਜਾਂਚ ’ਤੇ ਹੈ, ਇਹ ਕੰਮ ਹੋਣਾ ਹੈ।’’