ਡੈਸਕ- ਕੈਨੇਡਾ ਦੇ ਓਂਟਾਰੀਓ ਦੇ ਸ਼ਹਿਰ ਨੈਸ਼ਿਵਲੇ ਕੋਲ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪਾਇਲਟ ਵੱਲੋਂ ਏਅਰ ਟਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਹੋਈ ਆਖਰੀ ਗੱਲਬਾਤ ਮੁਤਾਬਕ ਹਾਦਸਾ ਜਹਾਜ਼ ਦਾ ਇੰਜਣ ਬੰਦ ਹੋਣ ਕਾਰਨ ਵਾਪਰਿਆ।
ਹਾਦਸੇ ਵਿਚ ਮਾਰਿਆ ਗਿਆ ਪਰਿਵਾਰ ਕਿੰਗ ਸ਼ਹਿਰ ਦਾ ਵਸਨੀਕ ਸੀ। ਮ੍ਰਿਤਕਾਂ ਦੀ ਪਛਾਣ ਵਿਕਟਰ (43), ਉਸ ਦੀ ਪਤਨੀ ਰੀਮਾ (39) ਤੇ ਤਿੰਨ ਬੱਚਿਆਂ ਡੇਵਿਡ (12), ਐਡਮ (10) ਤੇ ਐਮਾ (7) ਵਜੋਂ ਦੱਸੀ ਗਈ ਹੈ। ਮੇਅਰ ਸਟੀਵ ਪਿਲਗਰਿਨੀ ਨੇ ਪਰਿਵਾਰ ਦੀ ਮੌਤ ਉਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਨੂੰ ਵਿਕਟਰ ਚਲਾ ਰਿਹਾ ਸੀ।
ਜਹਾਜ਼ ਬਰੈਂਪਟਨ ਫਲਾਇੰਗ ਕਲੱਬ ਤੋਂ ਕਿਰਾਏ ਉਤੇ ਲਿਆ ਗਿਆ ਸੀ ਤੇ ਇੰਜਣ ਬੰਦ ਹੋਣ ਮੌਕੇ 2500 ਫੁੱਟ ਦੀ ਉਚਾਈ ’ਤੇ ਉਡਾਣ ਭਰ ਰਿਹਾ ਸੀ। ਨੈਸ਼ਿਵਲੇ ਹਵਾਈ ਅੱਡੇ ਉਤੇ ਸੂਚਨਾ ਮਿਲਣ ਤੋਂ ਮਗਰੋਂ ਜਹਾਜ਼ ਦੇ ਉਤਰਨ ਲਈ ਹੰਗਾਮੀ ਪ੍ਰਬੰਧ ਕਰ ਲਏ ਗਏ ਸਨ ਪਰ ਏਟੀਸੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਜਹਾਜ਼ ਉਥੋਂ ਤੱਕ ਨਾ ਪਹੁੰਚ ਸਕਿਆ ਤੇ ਰਸਤੇ ਵਿੱਚ ਡਿੱਗ ਕੇ ਤਬਾਹ ਹੋ ਗਿਆ। ਟਰਾਂਸਪੋਰਟ ਸੇਫਟੀ ਬੋਰਡ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।