ਕੈਨੇਡਾ ‘ਚ ਵੱਧ ਰਹੇ ਕੋਰੋਨਾ ਮਾਮਲੇ

Vancouver- ਕੈਨੇਡਾ ‘ਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਦੇ ਮਾਮਲੇ ਵੱਧ ਹੁੰਦੇ ਦਿਖਾਈ ਦੇ ਰਹੇ ਹਨ। ਇਸ ਨੂੰ ਲੈ ਕੇ ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਹੁਣ ਜੋ ਨਵੀਂ ਕੋਵਿਡ ਮੌਡਲਿੰਗ ਸਾਹਮਣੇ ਆਈ ਹੈ ਉਸ ਮੁਤਾਬਿਕ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਰੁਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ ਕੇਸਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਸਕਦੀ ਹੈ।ਅਜੇ ਇਹ ਸਪਸ਼ਟ ਨਹੀਂ ਹੈ ਕਿ ਭਵਿੱਖ ਵਿਚ ਕਿੰਨੇ ਕੇਸ ਰਿਪੋਰਟ ਹੋ ਸਕਦੇ ਹਨ, ਪਰ ਹੈਲਥ ਏਜੰਸੀ ਅਨੁਸਾਰ ਮੌਜੂਦਾ ਰੁਜ਼ਾਨਾ 3,300 ਕੇਸ ਤੋਂ ਵੱਧ ਕੇਸ ਸਾਹਮਣੇ ਆ ਸਕਦੇ ਹਨ।
ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਅਨੁਸਾਰ, ਓਮੀਕਰੌਨ ਵਾਇਰਸ ਦੀ ‘ਵਧੇਰੇ ਤੇਜ਼ੀ ਨਾਲ ਫ਼ੈਲਣ ਦੀ ਸੰਭਾਵਨਾ’ ਅਤੇ ਵੈਕਸੀਨਾਂ ਦੇ ਅਸਰ ਵਿਚ ਘਾਟ ਹੋ ਸਕਣ ਦੀ ਸੰਭਾਵਨਾ ਕਾਰਨ ਨਵੇਂ ਕੇਸਾਂ ਵਿਚ ਵਾਧਾ ਹੋ ਸਕਦਾ ਹੈ। 9 ਦਸੰਬਰ ਤੱਕ ਕੈਨੇਡਾ ਵਿਚ ਓਮੀਕਰੌਨ ਦੇ 87 ਮਾਮਲਿਆਂ ਦਿ ਪੁਸ਼ਟੀ ਹੋ ਚੁੱਕੀ ਹੈ। ਸਾਰੇ ਮਾਮਲਿਆਂ ਵਿਚ ਮਰੀਜ਼ਾਂ ਨੂੰ ਜਾਂ ਤਾਂ ਕੋਈ ਲੱਛਣ ਨਹੀਂ ਸਨ ਜਾਂ ਮਾਮੂਲੀ ਲੱਛਣ ਸਨ।
ਓਮੀਕਰੌਨ ਤੋਂ ਇਲਾਵਾ ਵੀ, ਹੈਲਥ ਏਜੰਸੀ ਅਨੁਸਾਰ, ਨਵੇਂ ਸਾਲ ਵਿਚ ਡੈਲਟਾ ਵੇਰੀਐਂਟ ਦੀ ਨਵੀਂ ਲਹਿਰ ਆ ਸਕਦੀ ਹੈ।
ਮੌਜੂਦਾ ਹਾਲਾਤਾਂ ਨੂੰ ਧਿਆਨ ‘ਚ ਰੱਖਦਿਆਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਕੋਰੋਨਾ ਟੀਕਾ ਹਾਸਿਲ ਨਹੀਂ ਕੀਤਾ, ਉਹ ਵੀ ਜਲਦ ਹੀ ਇਹ ਵੈਕਸੀਨ ਹਾਸਿਲ ਕਰ ਲੈਣ। ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਹੀ ਕੈਨੇਡਾਅੰਦਰ ਕਈ ਸਕੂਲਾਂ ਵਿਚ ਕੋਵਿਡ ਆਊਟਬ੍ਰੇਕਸ ਰਿਪੋਰਟ ਹੋ ਚੁੱਕੀਆਂ ਹਨ, ਜਿਸ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਕੋਵਿਡ ਇਨਫ਼ੈਕਸ਼ਨ ਰੇਟ ਬਹੁਤ ਵਧ ਗਿਆ ਹੈ।