Vancouver – ਓਂਟਾਰੀਓ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਜੁਰਮਾਨਾ ਕੀਤਾ ਗਿਆ ਹੈ। ਜਿਸ ਨੌਜਵਾਨ ਨੂੰ ਪੁਲਿਸ ਵੱਲੋਂ ਜੁਰਮਾਨਾ ਕੀਤਾ ਗਿਆ ਉਹ ਗੱਡੀ ‘ਤੇ ਗੱਦੇ ਰੱਖ ਕੇ ਜਾ ਰਿਹਾ ਸੀ। ਇਸ ਮਾਮਲੇ ਬਾਰੇ ਉਨਟੇਰਿਉ ਪ੍ਰੋਵਿੰਸ਼ੀਅਲ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਬੈਡ ਦੇ ਗੱਦੇ ਕਾਰ ਉੱਪਰ ਰੱਖਕੇ ਲਿਜਾਣ ਦੇ ਮਾਮਲੇ ਵਿਚ ਇੱਕ ਨੌਜਵਾਨ ਡਰਾਈਵਰ ਨੂੰ ਜੁਰਮਾਨਾ ਕੀਤਾ ਹੈ।ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਮ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਕਾਰ ਵਿਚ ਅਜਿਹਾ ਸਾਮਾਨ ਲੈ ਕੇ ਜਾਨ ਤੋਂ ਪਹਿਲਾਂ ਸੋਚਿਆ ਜਾਵੇ।
ਪੁਲਿਸ ਵੱਲੋਂ ਇਸ ਮਾਮਲੇ ਬਾਰੇ ਟਵੀਟ ਕੀਤਾ ਗਿਆ।ਪੁਲਿਸ ਦੇ ਦੱਸਣ ਮੁਤਾਬਿਕ ਇਹ ਮਾਮਲਾ 7.15 ਵਜੇ ਹਾਈਵੇ 410 ਦੇ ਪੂਰਬ ਵੱਲ ਮੇਫ਼ੀਅਲਡ ਰੋਡ ਤੋਂ ਸਾਹਮਣੇ ਆਇਆ। ਇਥੇ ਪੁਲਿਸ ਨੇ ਇੱਕ ਕਾਲੇ ਰੰਗ ਦੀ ਕਾਰ ਨੂੰ ਰੋਕਿਆ ਸੀ। ਇਸ ਕਾਰ ਦੀ ਛੱਤ ਉੱਪਰ ਬੈਡ ਦੇ ਦੋ ਗੱਦਿਆਂ ਨੂੰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਡਰਾਈਵਰ ਦੇ ਦੋ ਸਾਥੀ ਵੀ ਕਾਰ ਵਿਚ ਸਨ।
ਆਪਣੇ ਵੱਲੋਂ ਗੱਦੇ ਨੂੰ ਸੁਰੱਖਿਅਤ ਕਰਨ ਲਈ, ਗੱਦਿਆਂ ਉੱਪਰ ਚਾਦਰ ਪਾਕੇ, ਡਰਾਈਵਰ ਦੇ ਸਾਥੀਆਂ ਨੇ ਚਾਦਰ ਦੇ ਲੜ ਫੜੇ ਹੋਏ ਸਨ। ਇੱਕ ਸਾਥੀ ਨੇ ਕਾਰ ਦੀ ਅਗਲੀ ਸੀਟ ਤੋਂ ਅਤੇ ਦੂਸਰੇ ਨੇ ਪਿੱਛਲੀ ਸੀਟ ਤੋਂ ਚਾਦਰ ਦਾ ਲੜ ਕੱਸ ਕੇ ਫੜਿਆ ਸੀ।
ਪੁਲਿਸ ਨੇ ਦੱਸਿਆ ਹੈ ਕਿ ਕਾਰ ਡਰਾਈਵਰ ਬਰੈਪਟਨ ਦਾ ਰਹਿਣ ਵਾਲਾ ਹੈ ਅਤੇ ਉਸਦੀ ਉਮਰ 25 ਸਾਲ ਹੈ। ਪੁਲਿਸ ਅਨੁਸਾਰ ਕਾਰ ਡਰਾਈਵਰ ਨੂੰ 160 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।