ਵੱਡੀ ਖ਼ਬਰ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ 6 ਲੋਕਾਂ ‘ਤੇ ਜਬਰ-ਜਿਨਾਹ ਦਾ ਪਰਚਾ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ‘ਤੇ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਜ਼ਬਰ ਜਨਾਹ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਅਦਾਲਤ ਦੇ ਨਿਰਦੇਸ਼ ਦੇ ਬਾਵਜੂਦ ਪਰਚਾ ਦਰਜ ਨਾ ਕਰਨ ਦੇ ਵਿਰੋਧ ‘ਚ ਸੋਮਵਾਰ ਨੂੰ ਸ਼੍ਰੋਅਦ ਆਗੂ ਤੇ ਵਰਕਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਵਾਲੇ ਸਨ। ਹਾਲਾਂਕਿ, ਉਸ ਤੋਂ ਪਹਿਲਾਂ ਹੀ ਪੁਲਿਸ ਨੇ ਐੱਫਆਈਆਰ (FIR) ਦਰਜ ਕਰ ਦਿੱਤੀ ਗਈ। ਅਕਾਲੀ ਦਲ ਨੇ ਵਿਧਾਇਕ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਔਰਤ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਇਸ ‘ਤੇ ਪੁਲਿਸ ਕਮਿਸ਼ਨਰ ਨੇ ਔਰਤ ਦੀ ਰੱਖਿਆ ਲਈ ਉਸ ਨੂੰ ਸਕਿਓਰਿਟੀ ਪ੍ਰਦਾਨ ਕਰਵਾਈ ਪਰ ਇਨਵੈਸਟੀਗੇਸ਼ਨ ਦੇ ਨਾਂ ‘ਤੇ ਮਾਮਲੇ ਨੂੰ ਲਟਕਾ ਦਿੱਤਾ ਗਿਆ । ਇਸ ਦੇ ਚੱਲਦਿਆਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਚਾਰ ਦਿਨ ਪਹਿਲਾਂ ਅਦਾਲਤ ਨੇ ਪੁਲਿਸ ਨੂੰ ਵਿਧਾਇਕ ਬੈਂਸ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਪਰਚਾ ਦਰਜ ਕਰਵਾਉਣ ਲਈ ਉਕਤ ਔਰਤ ਕਰੀਬ 5 ਮਹੀਨਿਆਂ ਤੋਂ ਇਨਸਾਫ਼ ਲਈ ਲੜ ਰਹੀ ਸੀ।