ਕੋਰੋਨਾ ਟੀਕੇ ਤੋਂ ਬਾਅਦ ਕੰਪਨੀ ਨੇ ਬਣਾਈ ਦਵਾਈ

Vancouver – ਹੁਣ ਕੋਰੋਨਾ ਖ਼ਿਲਾਫ਼ ਤਿਆਰ ਕੀਤੇ ਟੀਕੇ ਤੋਂ ਬਾਅਦ ਕੰਪਨੀ ਵੱਲੋਂ ਕੋਰੋਨਾ ਦੇ ਖ਼ਿਲਾਫ਼ ਦਵਾਈ ਵੀ ਤਿਆਰ ਕੀਤੀ ਗਈ ਹੈ। ਉਮੀਦ ਹੈ ਕਿ ਕੈਨੇਡਾ ‘ਚ ਵੀ ਇਸ ਨੂੰ ਜਲਦ ਮਾਨਤਾ ਮਿਲ ਜਾਵੇ।
ਹੁਣ ਖ਼ਬਰ ਸਾਹਮਣੇ ਆਈ ਹੈ ਕਿ ਇਸ ਦਵਾਈ ਨੂੰ ਕੈਨੇਡਾ ‘ਚ ਤਿਆਰ ਕੀਤਾ ਜਾਵੇਗਾ। ਦਵਾਈ ਬਣਾਉਣ ਵਾਲੀ ਕੰਪਨੀ ਮਰਕ ਕੈਨੇਡਾ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਵਿੱਚ ਆਪਣੀ ਓਰਲ ਐਂਟੀਵਾਇਰਲ ਕੋਵਿਡ ਦਵਾਈ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ।ਇਹ ਦਵਾਈ ਉਨਟੇਰਿਉ ਦੇ ਵਿਟਬੀ ਸ਼ਹਿਰ ਸਥਿਤ ਥਰਮੋ ਫ਼ਿਸ਼ਰ ਸਾਇੰਟਿਫ਼ਿਕ ਫ਼ੈਸਿਲਟੀ ਵਿਚ ਬਣਾਈ ਜਾਵੇਗੀ। ਹੁਣ ਇਸ ਦੇ ਸੰਬੰਧ ‘ਚ 19 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਦਵਾਈ ਵਾਸਤੇ ਹੈਲਥ ਕੈਨੇਡਾ ਨੂੰ ਅਰਜ਼ੀ ਭੇਜੀ ਗਈ ਹੈ। ਹੁਣ ਉਮੀਦ ਹੈ ਕਿ ਜਲਦ ਹੀ ਇਸ ਦਵਾਈ ਨੂੰ ਕੈਨੇਡਾ ‘ਚ ਮਾਨਤਾ ਮਿਲ ਜਾਵੇਗੀ। ਕੰਪਨੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਇਹ ਐਂਟੀਵਾਇਰਲ ਦਵਾਈ, ਵਾਇਰਸ ਨੂੰ ਵਧਾਉਣ ਵਾਲੇ ਜ਼ਰੂਰੀ ਐਨਜ਼ਾਈਮ ਨੂੰ ਰੋਕਣ ਦਾ ਕੰਮ ਕਰਦੀ ਹੈ।ਸ਼ੁਰੂਆਤੀ ਟ੍ਰਾਇਲ ਦੇ ਨਤੀਜਿਆਂ ਦੌਰਾਨ, ਪਲੇਸੀਬੋ ਟੈਬਲੇਟ ਪ੍ਰਾਪਤ ਕਰਨ ਵਾਲਿਆਂ ਦੀ ਤੁਲਨਾ ਵਿਚ, ਮਰਕ ਵੱਲੋਂ ਤਿਆਰ ਕੋਵਿਡ ਦੇ ਇਲਾਜ ਵਾਲੀ ਗੋਲੀ ਨਾਲ, ਹਸਪਤਾਲ ਦਾਖ਼ਲਿਆਂ ਵਿਚ 50 ਫ਼ੀਸਦੀ ਦੀ ਕਮੀ ਦਰਜ ਹੋਈ ਸੀ। ਇਹ ਨਤੀਜੇ ਉਹਨਾਂ ਮਰੀਜ਼ਾਂ ਵਿੱਚੋਂ ਸਨ ਜਿਨ੍ਹਾਂ ਨੇ ਕੋਵਿਡ ਲੱਛਣਾਂ ਦੀ ਸ਼ੁਰੂਆਤ ਦੇ ਪੰਜ ਦਿਨਾਂ ਦੇ ਅੰਦਰ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਸੀ।