ਜੰਗਲੀ ਅੱਗ ਨਾਲ ਪ੍ਰਭਾਵਿਤ ਬ੍ਰਿਟਿਸ਼ ਕੋਲੰਬੀਆ ’ਚ ਸੰਕਟਕਾਲ ਲਾਗੂ, ਟਰੂਡੋ ਨੇ ਦਿੱਤੇ ਫੌਜ ਦੀ ਤਾਇਨਾਤੀ ਦੇ ਹੁਕਮ

Victoria- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਬ੍ਰਿਟਿਸ਼ ਕੋਲੰਬੀਆ ’ਚ ਤੇਜ਼ੀ ਨਾਲ ਫੈਲ ਰਹੀ ਜੰਗਲੀ ਅੱਗ ਨੂੰ ਕਾਬੂ ਹੇਠ ਕਰਨ ਲਈ ਇੱਥੇ ਫੌਜ ਤਾਇਨਾਤ ਕਰਨ ਬਾਰੇ ਯੋਜਨਾ ਬਣਾਈ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ’ਚ ਇਸ ਸਮੇਂ 400 ਤੋਂ ਵੱਧ ਥਾਵਾਂ ’ਤੇ ਜੰਗਲੀ ਅੱਗ ਲੱਗੀ ਹੋਈ ਹੈ ਅਤੇ ਇਸ ਕਾਰਨ 35000 ਤੋਂ ਵੱਧ ਲੋਕ ਆਪਣੇ ਘਰ ਖ਼ਾਲੀ ਕਰ ਚੱਕੇ ਹਨ।
ਐਤਵਾਰ ਨੂੰ X (ਟਵਿੱਟਰ) ਰਾਹੀਂ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਬਿ੍ਰਟਿਸ਼ ਕੋਲੰਬੀਆ ਸਰਕਾਰ ਦੀ ਅਪੀਲ ਦੇ ਜਵਾਬ ’ਚ ਨਿਕਾਸੀ, ਸਟੇਜਿੰਗ ਅਤੇ ਲਾਜੀਸਟਿਕ ਸੰਚਾਲਨ ’ਚ ਕੈਨੇਡੀਅਨ ਫੌਜ ਵਲੋਂ ਮਦਦ ਕੀਤੀ ਜਾਵੇਗੀ।
ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਜੰਗਲੀ ਅੱਗ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਇੱਥੇ ਸੰਕਟਕਾਲ ਦੀ ਸਥਿਤੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵਲੋਂ ਇੱਥੇੇ ਬਚਾਏ ਗਏ ਲੋਕਾਂ ਅਤੇ ਫਾਇਰਫਾਈਟਰਾਂ ਨੂੰ ਰਿਹਾਇਸ਼ ਦੇਣ ਲਈ ਅੱਗ ਨਾਲ ਪ੍ਰਭਾਵਿਤ ਥਾਵਾਂ ’ਤੇ ਗ਼ੈਰ-ਜ਼ਰੂਰੀ ਯਾਤਰਾ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਅੱਗ ਦੀਆਂ ਤਸਵੀਰਾਂ ਲੈਣ ਲਈ ਡਰੋਨ ਉਡਾਉਣ ਤੋਂ ਵੀ ਮਨ੍ਹਾ ਕਰ ਦਿੱਤਾ ਹੈ, ਕਿਉਂਕਿ ਇਸ ਨਾਲ ਫਾਈਰਫਾਈਟਰਜ਼ਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ। ਬ੍ਰਿਟਿਸ਼ ਕੋਲੰਬੀਆ ’ਚ ਹੁਣ ਤੱਕ ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸਣਯੋਗ ਹੈ ਕਿ ਅੱਗ ਦੇ ਚੱਲਦਿਆਂ ਸੂਬੇ ਦੇ ਕੁਝ ਸ਼ਹਿਰਾਂ ’ਚ ਤਾਂ ਹਵਾ ਦੀ ਗੁਣਵੱਤਾ ਵੀ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਹੈ। IQAir ਮੁਤਾਬਕ ਵਾਯੂ ਗੁਣਵੱਤਾ ਕੰਟਰੋਲ 350 ਤੋਂ ਵੱਧ ਗਿਆ ਹੈ, ਜਿਹੜਾ ਕਿ ਖ਼ਤਰਨਾਕ ਸਥਿਤੀ ਦਾ ਸੰਕੇਤ ਹੈ। ਸਲੈਮਨ ਆਰਮ ’ਚ ਤਾਂ ਇਹ ਅੰਕੜਾ 470 ਤੱਕ ਪਹੁੰਚ ਗਿਆ ਸੀ। ਇੰਨਾ ਹੀ ਨਹੀਂ, ਕੇਲੋਨਾ ਅਤੇ ਸਿਕੈਮਸ ’ਚ ਇਹ ਅੰਕੜਾ 423 ਹੈ।