ਯੂਕਰੇਨ ’ਚ ਰੂਸੀ ਮਿਜ਼ਾਈਲ ਹਮਲੇ ’ਚ ਕੈਨੇਡੀਅਨ ਵਲੰਟੀਅਰ ਸਣੇ ਦੋ ਦੀ ਮੌਤ

Kyiv- ਯੂਕਰੇਨ ’ਚ ਰੂਸ ਵਲੋਂ ਕੀਤੇ ਗਏ ਇੱਕ ਮਿਜ਼ਾਈਲ ਹਮਲੇ ’ਚ ਇੱਕ ਕੈਨੇਡੀਅਨ ਸਹਾਇਤਾ ਵਲੰਟੀਅਰ ਸਣੇ ਦੋ ਵਲੰਟੀਅਰਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਮਲੇ ’ਚ ਦੋ ਹੋਰ ਸਹਾਇਤਾ ਵਲੰਟੀਅਰ ਜ਼ਖ਼ਮੀ ਵੀ ਹੋਏ ਹਨ। ਇਹ ਦੋਵੇਂ ਵਲੰਟੀਅਰ ਮਾਨਵਵਾਦੀ ਸਮੂਹ ਰੋਡ ਟੂ ਰਿਲੀਫ਼ ਨਾਲ ਸਬੰਧਿਤ ਸਨ।
ਰੋਡ ਟੂ ਰਿਲੀਫ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਮੂਹ ਦੀ ਸਪੈਨਿਸ਼ ਡਾਇਰੈਕਟਰ ਐਮਾ ਇਗੁਅਲ ਅਤੇ ਕੈਨੇਡੀਅਨ ਸਹਿਕਰਮੀ ਐਂਥਨੀ ਇਹਾਨਾਟ ਦੀ ਸ਼ਨੀਵਾਰ ਨੂੰ ਉਸ ਵੇਲੇ ਮੌਤ ਹੋ ਗਈ ਜਦੋਂ ਉਨ੍ਹਾਂ ਦਾ ਵਾਹਨ ਬਖਮੁਤ ਵੱਲ ਨੂੰ ਜਾ ਰਿਹਾ ਸੀ। ਸਮੂਹ ਦਾ ਕਹਿਣਾ ਹੈ ਕਿ ਉਹ ਬਖਮੁਤ ਖੇਤਰ ਦੇ ਇਵਾਨੀਵਸਕੇ ਕਸਬੇ ’ਚ ਨਾਗਰਿਕਾਂ ਦੀ ਜਾਂਚ ਕਰਨ ਜਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੇ ਵਾਹਨ ’ਤੇ ਰੂਸੀ ਮਿਜ਼ਾਈਲ ਵਲੋਂ ਹਮਲਾ ਕੀਤਾ ਗਿਆ। ਸਮੂਹ ਵਲੋਂ ਅੱਗੇ ਹਮਲੇ ਤੋਂ ਮਗਰੋਂ ਉਨ੍ਹਾਂ ਦਾ ਵਾਹਨ ਪਲਟ ਗਿਆ ਅਤੇ ਉਸ ’ਚ ਅੱਗ ਲੱਗ ਗਈ। ਇਸ ਹਮਲੇ ’ਚ ਸਪੈਨਿਸ਼ ਅਤੇ ਕੈਨੇਡੀਅਨ ਨਾਗਰਿਕ ਤੋਂ ਇਲਾਵਾ ਜਰਮਨ ਵਾਲੰਟੀਅਰ ਰੂਬੇਨ ਮਾਵਿਕ ਅਤੇ ਸਵੀਡਨ ਦੇ ਜੋਹਾਨ ਮੈਥਿਆਸ ਥਾਈਰ, ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਦੱਸਣਯੋਗ ਹੈ ਕਿ ਰੋਡ ਟੂ ਰਿਲੀਫ ਸੰਗਠਨ ਦੀ ਸਥਾਪਨਾ ਪਿਛਲੇ ਸਾਲ ਮਾਰਚ ’ਚ ਯੂਕਰੇਨ ਦੇ ਲੋਕਾਂ ਨੂੰ ਯੁੱਧ ਪ੍ਰਭਾਵਿਤ ਇਲਾਕੇ ਤੋਂ ਭੱਜਣ ’ਚ ਮਦਦ ਕਰਨ ਲਈ ਕੀਤੀ ਗਈ ਸੀ। ਉੱਧਰ ਇਸ ਹਮਲੇ ਲਈ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ‘ਰੂਸੀ ਅੱਤਵਾਦੀਆਂ’ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਰੋਡ ਟੂ ਰਿਲੀਫ ਪੂਰੀ ਤਰ੍ਹਾਂ ਨਾਲ ਨਾਗਰਿਕ ਪ੍ਰਾਜੈਕਟਾਂ ’ਤੇ ਕੇਂਦਰਿਤ ਸੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਮੌਤਾਂ ਇੱਕ ਦਰਦਨਾਕ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਐਮਾ ਅਤੇ ਐਂਥਨੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ।
ਦੱਸਣਯੋਗ ਹੈ ਕਿ ਪੂਰਬੀ ਯੂਕਰੇਨ ਯੂਕਰੇਨੀ ਅਤੇ ਅੰਤਰਰਾਸ਼ਟਰੀ ਦੋਹਾਂ ਤਰ੍ਹਾਂ ਦੇ ਸਹਾਇਤਾ ਕਰਮਚਾਰੀਆਂ ਲਈ ਖਤਰਨਾਕ ਬਣ ਗਿਆ ਹੈ। ਪਿਛਲੇ ਹਫ਼ਤੇ ਪ੍ਰਕਾਸ਼ਿਤ ਆਪਣੀ ਤਾਜ਼ਾ ਰਿਪੋਰਟ ਵਿੱਚ, ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫ਼ਤਰ ਨੇ ਕਿਹਾ ਕਿ ਇਸ ਸਾਲ ਸਹਾਇਤਾ ਕਾਰਜਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ 100 ਸੁਰੱਖਿਆ ਘਟਨਾਵਾਂ ਵਾਪਰੀਆਂ ਹਨ।