ਕੈਨੇਡਾ ‘ਚ ਖਾਲਿਸਤਾਨੀ ਸਮਰਥਕਾਂ ਨੇ ਹਿੰਦੂ ਮੰਦਰ ਨੂੰ ਲੈ ਕੇ ਦਿੱਤੀ ਧਮਕੀ

ਡੈਸਕ- ਭਾਰਤੀ ਮੂਲ ਦੇ ਕੈਨੇਡਾ ਦੇ ਸਾਂਸਦ ਮੈਂਬਰ ਚੰਦਰ ਆਰੀਆ ਨੇ ਸੋਮਵਾਰ ਨੂੰ ਖਾਲਿਸਤਾਨੀ ਸਮਰਥਕਾਂ ਦੀ ਇੱਕ ਕਥਿਤ ਵੀਡੀਓ ਸਾਂਝੀ ਕੀਤੀ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਸਮਰਥਕ ਸਰੀ ਵਿਚ ਹਿੰਦੂ ਲਕਸ਼ਮੀ ਨਰਾਇਣ ਮੰਦਰ ਵਿਚ ਗੜਬੜ ਪੈਦਾ ਕਰਨਾ ਚਾਹੁੰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸ਼ੇਅਰ ਕੀਤੀ ਗਈ ਵੀਡੀਓ ਦੇ ਨਾਲ, ਕੈਨੇਡੀਅਨ ਸੰਸਦ ਮੈਂਬਰ ਆਰੀਆ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਕਾਰਵਾਈ ਕਰਨ ਅਤੇ ਕਦਮ ਚੁੱਕਣ ਲਈ ਕਿਹਾ।

ਉਨ੍ਹਾਂ ਲਿਖਿਆ ਕਿ ਪਿਛਲੇ ਹਫਤੇ ਕੁਝ ਰਿਪੋਰਟਾਂ ਮੁਤਾਬਕ ਸਮਰਥਕਾਂ ਨੇ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਇਕ ਸਿੱਖ ਪਰਿਵਾਰ ਨਾਲ ਬਦਸਲੂਕੀ ਕੀਤੀ ਸੀ। ਹੁਣ ਜਾਪਦਾ ਹੈ ਕਿ ਉਹੀ ਖਾਲਿਸਤਾਨੀ ਟੋਲਾ ਸਰੀ ਦੇ ਹਿੰਦੂ ਲਕਸ਼ਮੀ ਨਰਾਇਣ ਮੰਦਿਰ ‘ਚ ਗੜਬੜ ਪੈਦਾ ਕਰਨਾ ਚਾਹੁੰਦਾ ਹੈ।

ਸੰਸਦ ਮੈਂਬਰ ਆਰੀਆ ਨੇ ਕਿਹਾ ਕਿ ਇਹ ਸਭ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਫਿਰ ਤੋਂ ਕੈਨੇਡੀਅਨ ਅਧਿਕਾਰੀਆਂ ਨੂੰ ਅੱਗੇ ਆਉਣ ਅਤੇ ਕਾਰਵਾਈ ਕਰਨ ਲਈ ਕਹਿ ਰਿਹਾ ਹਾਂ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਾਲਾਂ ਤੋਂ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਿੰਦੂ-ਕੈਨੇਡੀਅਨਾਂ ਵਿਰੁੱਧ ਨਫ਼ਰਤੀ ਅਪਰਾਧ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਨੂੰ ਖੁੱਲ੍ਹੇਆਮ ਅਤੇ ਜਨਤਕ ਤੌਰ ‘ਤੇ ਜਾਰੀ ਰੱਖਣ ਦੇਣਾ ਮਨਜ਼ੂਰ ਨਹੀਂ ਹੈ। ਇਸ ਸਾਲ ਅਗਸਤ ਵਿੱਚ, ਕੈਨੇਡਾ ਵਿੱਚ ਕੱਟੜਪੰਥੀਆਂ ਦੁਆਰਾ ਖਾਲਿਸਤਾਨ ਰਾਏਸ਼ੁਮਾਰੀ ਦੇ ਪੋਸਟਰਾਂ ਨਾਲ ਇੱਕ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਸੀ। ਮੰਦਰ ਦੇ ਗੇਟ ‘ਤੇ ਲੱਗੇ ਪੋਸਟਰ ‘ਤੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਤੇ ਮਨੋਨੀਤ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਫੋਟੋ ਹੈ, ਜੋ ਇਸ ਸਾਲ ਜੂਨ ‘ਚ ਮਾਰਿਆ ਗਿਆ ਸੀ।

ਕੈਨੇਡਾ ‘ਚ ਕਿਸੇ ਹਿੰਦੂ ਮੰਦਰ ‘ਤੇ ਇਹ ਪਹਿਲਾ ਹਮਲਾ ਨਹੀਂ ਹੈ। ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸਾਲ ਕਈ ਘਟਨਾਵਾਂ ਵੀ ਦਰਜ ਕੀਤੀਆਂ ਗਈਆਂ। ਇਸ ਸਾਲ ਅਪ੍ਰੈਲ ਵਿੱਚ, ਕੈਨੇਡਾ ਦੇ ਓਨਟਾਰੀਓ ਦੇ ਵਿੰਡਸਰ ਵਿੱਚ BAPS ਸਵਾਮੀਨਾਰਾਇਣ ਮੰਦਰ ਵਿੱਚ ਭਾਰਤ ਵਿਰੋਧੀ ਤਸਵੀਰਾਂ ਨਾਲ ਭੰਨਤੋੜ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਫਰਵਰੀ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ ਰਾਮ ਮੰਦਿਰ ਵਿੱਚ ਭਾਰਤ ਵਿਰੋਧੀ ਤਸਵੀਰਾਂ ਨਾਲ ਭੰਨਤੋੜ ਕੀਤੀ ਗਈ ਸੀ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਮੰਦਿਰ ਦੀ ਭੰਨਤੋੜ ਦੀ ਨਿੰਦਾ ਕੀਤੀ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ। ਜਨਵਰੀ ਵਿੱਚ, ਬਰੈਂਪਟਨ ਵਿੱਚ ਇੱਕ ਹਿੰਦੂ ਮੰਦਿਰ ਉੱਤੇ ਹੋਏ ਹਮਲੇ ਨੇ ਭਾਰਤੀ ਭਾਈਚਾਰੇ ਵਿੱਚ ਗੁੱਸਾ ਭੜਕਾਇਆ ਸੀ।

ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਗੌਰੀ ਸ਼ੰਕਰ ਮੰਦਰ ਵਿੱਚ ਭੰਨਤੋੜ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਸੰਸਦ ਵਿੱਚ ਬਹਿਸ ਦੌਰਾਨ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ। ਉਨਾਂ ਨੇ ਦਾਅਵਾ ਕੀਤਾ ਸੀ ਕਿ ਉਸਦੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਕੋਲ ਇਹ ਮੰਨਣ ਦੇ ਕਾਰਨ ਹਨ ਕਿ ਕੈਨੇਡੀਅਨ ਨਾਗਰਿਕ ਨਿੱਝਰ ਦਾ ਕਤਲ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤਾ ਸੀ। ਜਿਨ੍ਹਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।