Vancouver:
ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਦੀ ਘਰਾਂ ਵਿੱਚ ਲੁੱਟ-ਖੋਹ ਰੋਕਣ ਲਈ ਸਖ਼ਤ ਕਾਨੂੰਨਾਂ ਦੀ ਮੰਗ, ਲੋਕਾਂ ਨੂੰ ਸਵੈ-ਰੱਖਿਆ ਦੀ ਦਿੱਤੀ ਸਲਾਹ
ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਘਰਾਂ ਵਿੱਚ ਵਧ ਰਹੀਆਂ ਲੁੱਟ-ਖੋਹ ਅਤੇ ਹਿੰਸਕ ਵਾਰਦਾਤਾਂ ਨੂੰ ਰੋਕਣ ਲਈ ਕਾਨੂੰਨਾਂ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ ਤਾਂ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਜੋ ਵੀ ਸਾਧਨ ਮੌਜੂਦ ਹੋਵੇ, ਉਸ ਦੀ ਵਰਤੋਂ ਕਰੋ। ਕੁਈਨਜ਼ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਖੁਦ ਕਾਨੂੰਨੀ ਤੌਰ ’ਤੇ ਬੰਦੂਕ ਰੱਖਦੇ ਹਨ ਅਤੇ ਜੇਕਰ ਕੋਈ ਹਥਿਆਰ ਲੈ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉਸ ਨੂੰ ਰੋਕਣ ਲਈ ਬੰਦੂਕ ਵਰਤਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਬੰਦੂਕ ਨਹੀਂ ਹੈ, ਉਹ ਚਾਕੂ ਜਾਂ ਬੇਸਬਾਲ ਬੈਟ ਵਰਗੀਆਂ ਚੀਜ਼ਾਂ ਨਾਲ ਆਪਣੀ ਰੱਖਿਆ ਕਰ ਸਕਦੇ ਹਨ। ਉਨ੍ਹਾਂ ਦਾ ਇਹ ਬਿਆਨ ਟੋਰਾਂਟੋ ਦੇ ਇੱਕ ਅਮੀਰ ਇਲਾਕੇ ਵਿੱਚ ਬੁੱਧਵਾਰ ਰਾਤ ਨੂੰ ਹੋਈ ਘਰ ਵਿੱਚ ਦਾਖਲ ਹੋ ਕੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਆਇਆ ਹੈ। ਇਸ ਵਾਰਦਾਤ ਵਿੱਚ 39 ਸਾਲਾ ਸੰਗੀਤਕਾਰ ਦੀ ਮੌਤ ਹੋ ਗਈ ਸੀ। ਇਸ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਬ੍ਰਿਡਲ ਪਾਥ ਇਲਾਕੇ ਵਿੱਚ ਵੀ ਇੱਕ ਘਰ ਵਿੱਚ ਹਮਲਾ ਹੋਇਆ ਸੀ, ਜਿਸ ਵਿੱਚ ਇੱਕ ਪਰਿਵਾਰ ਦੇ ਚਾਰ ਬਾਲਗ ਮੈਂਬਰ ਜ਼ਖ਼ਮੀ ਹੋ ਗਏ ਸਨ। ਦੂਜੇ ਪਾਸੇ, ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਜਿਹੀ ਸਥਿਤੀ ਵਿੱਚ ਸਭ ਤੋਂ ਪਹਿਲਾਂ 911 ’ਤੇ ਫੋਨ ਕਰਨ ਦੀ ਸਲਾਹ ਦਿੱਤੀ ਹੈ। ਪੁਲਿਸ ਅਧਿਕਾਰੀ ਐਲਨ ਬਾਰਟਲੇਟ ਨੇ ਕਿਹਾ ਕਿ ਲੋਕਾਂ ਨੂੰ ਤੁਰੰਤ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਕੀ ਹੋ ਰਿਹਾ ਹੈ। ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰਾਈਨਰ ਨੇ ਫੋਰਡ ਦੇ ਬਿਆਨ ਨਾਲ ਅਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੁਲਿਸ ’ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਤੋਂ ਬਾਅਦ ਪੁਲਿਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਲੋਕਾਂ ਨੂੰ ਇੱਕ-ਦੂਜੇ ’ਤੇ ਗੋਲੀਆਂ ਚਲਾਉਣ ਦੀ ਸਲਾਹ ਦੇਣਾ ਖ਼ਤਰਨਾਕ ਹੈ। ਐਨਡੀਪੀ ਆਗੂ ਮੈਰਿਟ ਸਟਾਈਲਜ਼ ਨੇ ਵੀ ਫੋਰਡ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰੀਮੀਅਰ ਨੂੰ ਲੋਕਾਂ ਨੂੰ ਹਥਿਆਰ ਚੁੱਕਣ ਦੀ ਸਲਾਹ ਦੇਣ ਦੀ ਬਜਾਏ ਸੂਬੇ ਵਿੱਚ ਸੁਰੱਖਿਆ ਵਧਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਓਂਟਾਰੀਓ ਦੀਆਂ ਅਦਾਲਤਾਂ ਵਿੱਚ ਬਹੁਤ ਜ਼ਿਆਦਾ ਕੇਸ ਪੈਂਡਿੰਗ ਹਨ ਅਤੇ ਇਸ ਕਾਰਨ ਕਈ ਮੁਲਜ਼ਮਾਂ ਨੂੰ ਜਲਦੀ ਰਿਹਾਈ ਮਿਲ ਜਾਂਦੀ ਹੈ। ਉਨ੍ਹਾਂ ਮੁਤਾਬਕ ਸਰਕਾਰ ਇਸ ਸਮੱਸਿਆ ਨੂੰ ਹੱਲ ਕਰ ਸਕਦੀ ਹੈ। ਫੋਰਡ ਪਹਿਲਾਂ ਵੀ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਹਿੰਸਕ ਜਵਾਬ ਦੇਣ ਬਾਰੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਘਰੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਉਸ ਨਾਲ ਖੁਦ ਨਜਿੱਠਣਗੇ। ਇਸ ਸਾਲ ਵੀ ਉਨ੍ਹਾਂ ਨੇ ਇੱਕ ਅਜਿਹੇ ਵਿਅਕਤੀ ਦੀ ਹਮਾਇਤ ਕੀਤੀ ਸੀ, ਜਿਸ ਨੇ ਘਰ ਵਿੱਚ ਦਾਖਲ ਹੋਏ ਕਥਿਤ ਲੁਟੇਰੇ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਹੁਣ ਫੋਰਡ ਨੇ ਆਪਣੇ ਅਟਾਰਨੀ ਜਨਰਲ ਅਤੇ ਸੋਲਿਸਟਰ ਜਨਰਲ ਨੂੰ ਸਵੈ-ਰੱਖਿਆ ਨਾਲ ਜੁੜੇ ਕਾਨੂੰਨਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਟੋਰਾਂਟੋ ਪੁਲਿਸ ਦੇ ਅੰਕੜਿਆਂ ’ਤੇ ਆਧਾਰਿਤ ਇੱਕ ਰਿਪੋਰਟ ਮੁਤਾਬਕ, 2024 ਵਿੱਚ ਘਰਾਂ ਵਿੱਚ ਜਬਰੀ ਦਾਖਲ ਹੋਣ ਦੀਆਂ ਘਟਨਾਵਾਂ ਪਿਛਲੇ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਸਨ। 2025 ਵਿੱਚ ਇਨ੍ਹਾਂ ਵਿੱਚ ਕਮੀ ਆਈ, ਪਰ ਇਸ ਸਾਲ ਦੀ ਸ਼ੁਰੂਆਤ ਵਿੱਚ ਮੁੜ ਵਾਧਾ ਦਰਜ ਕੀਤਾ ਗਿਆ ਹੈ।
ਕਿਊਬਿਕ ਦੇ ਵਿਵਾਦਤ ਧਰਮ ਨਿਰਪੱਖਤਾ ਕਾਨੂੰਨ (ਬਿੱਲ-21) ’ਤੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ ਅੱਜ
ਸੁਪਰੀਮ ਕੋਰਟ ਅੱਜ ਕਿਊਬਿਕ ਦੇ ਵਿਵਾਦਤ ਧਰਮ ਨਿਰਪੱਖਤਾ ਕਾਨੂੰਨ ਬਾਰੇ ਆਪਣਾ ਅਹਿਮ ਫ਼ੈਸਲਾ ਸੁਣਾਉਣ ਜਾ ਰਹੀ ਹੈ। ਇਸ ਫ਼ੈਸਲੇ ਨਾਲ ਇਹ ਵੀ ਤੈਅ ਹੋ ਸਕਦਾ ਹੈ ਕਿ ਸੂਬਾ ਸਰਕਾਰਾਂ ਸੰਵਿਧਾਨ ਦੀ ‘ਨੌਟਵਿਦਸਟੈਂਡਿੰਗ ਕਲਾਜ਼’ ਦੀ ਵਰਤੋਂ ਕਰਕੇ ਨਾਗਰਿਕਾਂ ਦੇ ਚਾਰਟਰ ਅਧੀਨ ਮਿਲੇ ਅਧਿਕਾਰਾਂ ਨੂੰ ਕਿਸ ਹੱਦ ਤੱਕ ਰੋਕ ਸਕਦੀਆਂ ਹਨ। ਕਿਊਬਿਕ ਦੀ ਤਤਕਾਲੀ ਪ੍ਰੀਮੀਅਰ ਫ੍ਰਾਂਸਵਾ ਲੇਗੋ ਦੀ ਸਰਕਾਰ ਨੇ 16 ਜੂਨ 2019 ਨੂੰ ਬਿੱਲ-21 ਪਾਸ ਕੀਤਾ ਸੀ। ਇਸ ਕਾਨੂੰਨ ਦਾ ਮਕਸਦ ਸਰਕਾਰੀ ਕੰਮਕਾਜ ਨੂੰ ਧਰਮ ਤੋਂ ਵੱਖ ਰੱਖਣਾ ਦੱਸਿਆ ਗਿਆ ਸੀ। ਇਸ ਕਾਨੂੰਨ ਤਹਿਤ ਅਧਿਆਪਕਾਂ, ਪੁਲਿਸ ਅਧਿਕਾਰੀਆਂ, ਸਰਕਾਰੀ ਵਕੀਲਾਂ ਅਤੇ ਹੋਰ ਅਜਿਹੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ ਦੀ ਮਨਾਹੀ ਹੈ, ਜਿਨ੍ਹਾਂ ਦੇ ਅਹੁਦੇ ਅਧਿਕਾਰ ਨਾਲ ਜੁੜੇ ਹਨ। ਇਸ ਵਿੱਚ ਮੁਸਲਿਮ ਔਰਤਾਂ ਦਾ ਹਿਜਾਬ, ਸਿੱਖਾਂ ਦੀ ਦਸਤਾਰ ਅਤੇ ਯਹੂਦੀਆਂ ਦੀ ਕਿੱਪਾ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਸੇਵਾਵਾਂ ਦੇਣ ਅਤੇ ਲੈਣ ਵਾਲੇ ਲੋਕਾਂ ਲਈ ਵੀ ਆਪਣਾ ਚਿਹਰਾ ਖੁੱਲ੍ਹਾ ਰੱਖਣਾ ਲਾਜ਼ਮੀ ਕੀਤਾ ਗਿਆ ਹੈ। ਹਾਲਾਂਕਿ, ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਨੌਕਰੀ ਕਰ ਰਹੇ ਮੁਲਾਜ਼ਮਾਂ ਨੂੰ ਕੁਝ ਸ਼ਰਤਾਂ ਨਾਲ ਛੋਟ ਦਿੱਤੀ ਗਈ ਹੈ। ਇਸ ਕਾਨੂੰਨ ਦਾ ਸ਼ੁਰੂ ਤੋਂ ਹੀ ਕਾਫ਼ੀ ਵਿਰੋਧ ਹੋ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਖ਼ਾਸ ਤੌਰ ’ਤੇ ਧਾਰਮਿਕ ਘੱਟ ਗਿਣਤੀਆਂ ਅਤੇ ਹਿਜਾਬ ਪਹਿਨਣ ਵਾਲੀਆਂ ਮੁਸਲਿਮ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਮੁਤਾਬਕ ਔਰਤਾਂ ਨੂੰ ਆਪਣੀ ਧਾਰਮਿਕ ਪਛਾਣ ਅਤੇ ਸਰਕਾਰੀ ਨੌਕਰੀ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਦੂਜੇ ਪਾਸੇ, ਸਾਬਕਾ ਪ੍ਰੀਮੀਅਰ ਲੇਗੋ ਨੇ ਇਸ ਕਾਨੂੰਨ ਨੂੰ ਕਿਊਬਿਕ ਵਿੱਚ ਧਰਮ ਨਿਰਪੱਖਤਾ ਬਾਰੇ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਦਾ ਹੱਲ ਦੱਸਿਆ ਸੀ। ਇਸ ਮਾਮਲੇ ਵਿੱਚ ਸਭ ਤੋਂ ਅਹਿਮ ਸਵਾਲ ਸੰਵਿਧਾਨ ਦੀ ਧਾਰਾ 33 ਨਾਲ ਜੁੜਿਆ ਹੈ। ਇਸ ਨੂੰ ‘ਨੌਟਵਿਦਸਟੈਂਡਿੰਗ ਕਲਾਜ਼’ ਕਿਹਾ ਜਾਂਦਾ ਹੈ। ਇਸ ਤਹਿਤ ਸਰਕਾਰਾਂ ਕੁਝ ਖ਼ਾਸ ਹਾਲਾਤਾਂ ਵਿੱਚ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਦੇ ਕੁਝ ਅਧਿਕਾਰਾਂ ਨੂੰ ਪੰਜ ਸਾਲਾਂ ਲਈ ਲਾਗੂ ਹੋਣ ਤੋਂ ਰੋਕ ਸਕਦੀਆਂ ਹਨ। 2019 ਤੋਂ ਬਾਅਦ ਕਿਊਬਿਕ, ਓਂਟਾਰੀਓ, ਸਸਕੈਚਵਨ ਅਤੇ ਅਲਬਰਟਾ ਸਰਕਾਰਾਂ ਵੀ ਵਿਵਾਦਤ ਕਾਨੂੰਨਾਂ ਨੂੰ ਅਦਾਲਤੀ ਚੁਣੌਤੀਆਂ ਤੋਂ ਬਚਾਉਣ ਲਈ ਇਸ ਧਾਰਾ ਦੀ ਵਰਤੋਂ ਕਰ ਚੁੱਕੀਆਂ ਹਨ। ਇਨ੍ਹਾਂ ਵਿੱਚ ਟਰਾਂਸਜੈਂਡਰ ਲੋਕਾਂ ਦੇ ਅਧਿਕਾਰਾਂ ਅਤੇ ਕਿਊਬਿਕ ਦੇ ਭਾਸ਼ਾ ਕਾਨੂੰਨਾਂ ਨਾਲ ਜੁੜੇ ਮਾਮਲੇ ਵੀ ਸ਼ਾਮਲ ਹਨ। ਸੁਪਰੀਮ ਕੋਰਟ ਨੇ ਪਿਛਲੇ ਸਾਲ ਮਾਰਚ ਵਿੱਚ ਇਸ ਮਾਮਲੇ ਦੀ ਚਾਰ ਦਿਨ ਸੁਣਵਾਈ ਕੀਤੀ ਸੀ। ਇਸ ਵਿੱਚ ਕੁੱਲ 61 ਧਿਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 51 ਹੋਰ ਸੰਸਥਾਵਾਂ ਅਤੇ ਧਿਰਾਂ ਸ਼ਾਮਲ ਸਨ। ਇਹ ਅਦਾਲਤ ਦੇ ਇਤਿਹਾਸ ਵਿੱਚ ਰਿਕਾਰਡ ਗਿਣਤੀ ਹੈ। ਫੈਡਰਲ ਸਰਕਾਰ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦਿੰਦਿਆਂ ਮੰਗ ਕੀਤੀ ਹੈ ਕਿ ਸੂਬਾ ਸਰਕਾਰਾਂ ਵੱਲੋਂ ਨਾਗਰਿਕਾਂ ਦੇ ਅਧਿਕਾਰਾਂ ਨੂੰ ਰੋਕਣ ਦੀਆਂ ਸ਼ਕਤੀਆਂ ’ਤੇ ਹੱਦਾਂ ਤੈਅ ਕੀਤੀਆਂ ਜਾਣ। ਉੱਧਰ, ਕਿਊਬਿਕ ਦੇ ਨਵੇਂ ਚੁਣੇ ਪ੍ਰੀਮੀਅਰ ਅਤੇ ਪਾਰਟੀ ਕਿਊਬੇਕਵਾ ਦੇ ਆਗੂ ਪੌਲ ਸੇਂਟ-ਪੀਅਰ ਪਲਾਮੋਂਦੋਂ ਨੇ ਧਰਮ ਨਿਰਪੱਖਤਾ ਕਾਨੂੰਨਾਂ ਦਾ ਬਚਾਅ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਸਕੂਲੀ ਬੱਚਿਆਂ ’ਤੇ ਵੀ ਧਾਰਮਿਕ ਚਿੰਨ੍ਹ ਪਹਿਨਣ ਦੀ ਪਾਬੰਦੀ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਕਿਊਬਿਕ ਤੋਂ ਇਲਾਵਾ ਕੈਨੇਡਾ ਦੇ ਹੋਰ ਸੂਬਿਆਂ ਵਿੱਚ ਵੀ ਸਰਕਾਰਾਂ ਦੀਆਂ ਸੰਵਿਧਾਨਕ ਸ਼ਕਤੀਆਂ ਅਤੇ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕੈਨੇਡੀਅਨਾਂ ਸਿਰ ਕੁੱਲ ਕਰਜ਼ਾ ਰਿਕਾਰਡ 2.66 ਟ੍ਰਿਲੀਅਨ ਡਾਲਰ ’ਤੇ ਪਹੁੰਚਿਆ, 2027 ਦੇ ਮੌਰਗੇਜ ਰਿਨਿਊਅਲ ਬਣੇ ਚਿੰਤਾ ਦਾ ਵਿਸ਼ਾ
ਕੈਨੇਡਾ ਵਿੱਚ ਸਾਲ 2027 ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਮੌਰਗੇਜ ਰਿਨਿਊ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਸਾਹਮਣੇ ਆਈ ਇੱਕ ਨਵੀਂ ਰਿਪੋਰਟ ਨੇ ਲੋਕਾਂ ਦੇ ਵੱਧ ਰਹੇ ਕਰਜ਼ੇ ਦੀ ਸਮੱਸਿਆ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਰਿਪੋਰਟ ਮੁਤਾਬਕ ਕੈਨੇਡੀਅਨਾਂ ਸਿਰ ਕੁੱਲ ਕਰਜ਼ਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਘਰਾਂ ਦੇ ਕਰਜ਼ੇ ਤੋਂ ਇਲਾਵਾ ਹੋਰ ਕਰਜ਼ਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਟ੍ਰਾਂਸਯੂਨੀਅਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ, ਇਸ ਸਾਲ ਤੀਜੀ ਤਿਮਾਹੀ ਤੱਕ ਕੈਨੇਡੀਅਨਾਂ ਦਾ ਕੁੱਲ ਬਕਾਇਆ ਕਰਜ਼ਾ 2.66 ਟ੍ਰਿਲੀਅਨ ਡਾਲਰ ਹੋ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 3.8 ਫ਼ੀਸਦੀ ਵੱਧ ਹੈ। ਇਸ ਵਿੱਚੋਂ ਲਗਭਗ 74 ਫ਼ੀਸਦੀ ਕਰਜ਼ਾ ਮੌਰਗੇਜ ਨਾਲ ਸਬੰਧਤ ਹੈ। ਕ੍ਰੈਡਿਟ ਕਾਰਡਾਂ, ਕਾਰਾਂ ਦੀਆਂ ਕਿਸ਼ਤਾਂ, ਨਿੱਜੀ ਕਰਜ਼ਿਆਂ ਅਤੇ ਹੋਰ ਲੋਨ ਨੂੰ ਮਿਲਾ ਕੇ ਗੈਰ-ਮੌਰਗੇਜ ਕਰਜ਼ੇ ਵਿੱਚ ਸਾਲਾਨਾ 3.6 ਫ਼ੀਸਦੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਹਰ ਕੈਨੇਡੀਅਨ ’ਤੇ ਔਸਤਨ 1,36,024 ਡਾਲਰ ਦਾ ਕਰਜ਼ਾ ਹੈ, ਜੋ ਪਿਛਲੇ ਸਾਲ ਨਾਲੋਂ 2.9 ਫ਼ੀਸਦੀ ਵੱਧ ਹੈ। ਇਸ ਵਿੱਚੋਂ ਗੈਰ-ਮੌਰਗੇਜ ਕਰਜ਼ਾ ਔਸਤਨ 28,083 ਡਾਲਰ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਵਿੱਚ ਗੈਰ-ਮੌਰਗੇਜ ਕਰਜ਼ੇ ਵਿੱਚ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਬੀ.ਸੀ. ਵਿੱਚ ਪ੍ਰਤੀ ਵਿਅਕਤੀ ਔਸਤ ਕਰਜ਼ਾ 30,492 ਡਾਲਰ ਅਤੇ ਓਂਟਾਰੀਓ ਵਿੱਚ 29,197 ਡਾਲਰ ਹੈ। ਰਿਪੋਰਟ ਮੁਤਾਬਕ ਕੈਨੇਡਾ ਵਿੱਚ 3.28 ਕਰੋੜ ਲੋਕ ਕ੍ਰੈਡਿਟ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ। ਇਸ ਦੌਰਾਨ ਸਭ ਤੋਂ ਵਧੀਆ ਕ੍ਰੈਡਿਟ ਸਕੋਰ ਵਾਲੇ ਲੋਕਾਂ ਦੀ ਗਿਣਤੀ ਵਿੱਚ 4 ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਘੱਟ ਕ੍ਰੈਡਿਟ ਸਕੋਰ ਵਾਲੇ ਲੋਕਾਂ ਦੀ ਗਿਣਤੀ ਵੀ 1.5 ਫ਼ੀਸਦੀ ਵਧੀ ਹੈ। ਮਾਹਿਰਾਂ ਮੁਤਾਬਕ ਇਹ ਸਥਿਤੀ ਅਰਥਚਾਰੇ ਵਿੱਚ ਵਧ ਰਹੇ ਆਰਥਿਕ ਪਾੜੇ ਨੂੰ ਦਰਸਾਉਂਦੀ ਹੈ। ਵੱਧ ਆਮਦਨ ਵਾਲੇ ਪਰਿਵਾਰਾਂ ਦੀ ਵਿੱਤੀ ਹਾਲਤ ਸੁਧਰ ਰਹੀ ਹੈ, ਜਦਕਿ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਖਰਚੇ ਪੂਰੇ ਕਰਨੇ ਔਖੇ ਹੋ ਰਹੇ ਹਨ। ਇਸ ਤੋਂ ਪਹਿਲਾਂ ਇਕੁਇਫੈਕਸ ਦੀ ਰਿਪੋਰਟ ਵਿੱਚ ਵੀ ਚਿੰਤਾ ਜ਼ਾਹਰ ਕੀਤੀ ਗਈ ਸੀ। ਇਸ ਮੁਤਾਬਕ ਲਗਾਤਾਰ ਤਿੰਨ ਮਹੀਨੇ ਮੌਰਗੇਜ ਦੀ ਕਿਸ਼ਤ ਨਾ ਭਰਨ ਵਾਲਿਆਂ ਦੀ ਦਰ 0.32 ਫ਼ੀਸਦੀ ਹੋ ਗਈ ਹੈ, ਜੋ 2013 ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ 31.1 ਫ਼ੀਸਦੀ ਵਾਧਾ ਹੋਇਆ ਹੈ। ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਅਜਿਹੇ ਮਾਮਲੇ ਵਧੇ ਹਨ। ਜੁਲਾਈ ਤੋਂ ਸਤੰਬਰ ਦਰਮਿਆਨ 36,797 ਕੈਨੇਡੀਅਨਾਂ ਨੇ ਦੀਵਾਲੀਆਪਨ ਜਾਂ ਕਰਜ਼ੇ ਤੋਂ ਰਾਹਤ ਲੈਣ ਲਈ ਅਰਜ਼ੀਆਂ ਦਿੱਤੀਆਂ। ਮਾਹਿਰਾਂ ਮੁਤਾਬਕ 2027 ਵਿੱਚ ਮੌਰਗੇਜ ਨਵਿਆਉਣ ਵਾਲੇ ਕਈ ਲੋਕਾਂ ਨੂੰ ਵੱਧ ਵਿਆਜ ਦਰਾਂ ਕਾਰਨ ਭਾਰੀ ਕਿਸ਼ਤਾਂ ਦੇਣੀਆਂ ਪੈ ਸਕਦੀਆਂ ਹਨ। ਕੋਵਿਡ ਮਹਾਮਾਰੀ ਦੌਰਾਨ ਕਈ ਲੋਕਾਂ ਨੇ ਘੱਟ ਵਿਆਜ ਦਰਾਂ ’ਤੇ ਘਰ ਖਰੀਦੇ ਸਨ। ਹੁਣ ਵਿਆਜ ਦਰਾਂ ਵਧਣ ਅਤੇ ਘਰਾਂ ਦੀਆਂ ਕੀਮਤਾਂ ਘਟਣ ਕਾਰਨ ਉਨ੍ਹਾਂ ਲਈ ਨਵੀਆਂ ਸ਼ਰਤਾਂ ’ਤੇ ਕਰਜ਼ਾ ਲੈਣਾ ਔਖਾ ਹੋ ਸਕਦਾ ਹੈ। ਟ੍ਰਾਂਸਯੂਨੀਅਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ 2027 ਵਿੱਚ ਵੀ ਆਪਣੀਆਂ ਕਿਸ਼ਤਾਂ ਸਮੇਂ ਸਿਰ ਭਰ ਸਕਣਗੇ, ਪਰ ਕਈ ਪਰਿਵਾਰਾਂ ਨੂੰ ਵਧੀਆਂ ਕਿਸ਼ਤਾਂ ਦੇਣ ਲਈ ਆਪਣੇ ਹੋਰ ਖਰਚਿਆਂ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ।
ਕੈਨੇਡਾ ਵਿੱਚ ਪੁਰਾਣੀਆਂ ਕਾਰਾਂ ਸਸਤੀਆਂ ਹੋਣ ਦੇ ਬਾਵਜੂਦ ਖਰੀਦਦਾਰਾਂ ਦੀ ਗਿਣਤੀ ਘਟੀ
ਕੈਨੇਡਾ ਵਿੱਚ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਕਮੀ ਆ ਰਹੀ ਹੈ, ਪਰ ਇਸ ਦੇ ਬਾਵਜੂਦ ਲੋਕ ਕਾਰ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ। ਮਹਿੰਗਾਈ, ਪੈਟਰੋਲ ਦੀਆਂ ਕੀਮਤਾਂ ਅਤੇ ਕਰਜ਼ੇ ’ਤੇ ਵਧਦੇ ਵਿਆਜ ਕਾਰਨ ਲੋਕਾਂ ਲਈ ਕਾਰ ਖਰੀਦਣਾ ਔਖਾ ਹੋ ਰਿਹਾ ਹੈ। ਪੁਰਾਣੀਆਂ ਕਾਰਾਂ ਦੀ ਖਰੀਦ-ਵੇਚ ਕਰਨ ਵਾਲੇ ਪਲੇਟਫਾਰਮ ‘ਕਲੱਚ’ ਵੱਲੋਂ ਜਾਰੀ ਰਿਪੋਰਟ ਮੁਤਾਬਕ, ਅਕਤੂਬਰ ਵਿੱਚ ਦੇਸ਼ ਭਰ ਵਿੱਚ ਪੁਰਾਣੀਆਂ ਕਾਰਾਂ ਦੀ ਔਸਤ ਕੀਮਤ 33,920 ਡਾਲਰ ਰਹੀ। ਇਹ ਪਿਛਲੇ ਸਾਲ ਦੇ ਮੁਕਾਬਲੇ 0.3 ਫੀਸਦੀ ਘੱਟ ਹੈ। ਜੇਕਰ ਇੱਕੋ ਮਾਡਲ, ਇੱਕੋ ਸਾਲ ਅਤੇ ਲਗਭਗ ਇੱਕੋ ਜਿਹੀ ਚੱਲੀ ਹੋਈ ਕਾਰ ਦੀ ਕੀਮਤ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਕਮੀ ਔਸਤਨ 2 ਫੀਸਦੀ, ਭਾਵ ਲਗਭਗ 630 ਡਾਲਰ ਬਣਦੀ ਹੈ। ਕੈਨੇਡਾ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ 12 ਪੁਰਾਣੀਆਂ ਕਾਰਾਂ ਵਿੱਚੋਂ 11 ਦੀ ਕੀਮਤ ਪਿਛਲੇ ਸਾਲ ਨਾਲੋਂ ਘੱਟ ਹੈ। ਕੁਝ ਕਾਰਾਂ ਦੀ ਕੀਮਤ ਵਿੱਚ ਹਜ਼ਾਰਾਂ ਡਾਲਰਾਂ ਦੀ ਕਮੀ ਆਈ ਹੈ। ਨਿਸਾਨ ਰੋਗ ਦੀ ਕੀਮਤ ਲਗਭਗ 2,600 ਡਾਲਰ ਘਟੀ ਹੈ, ਜਦਕਿ ਜੀਐੱਮਸੀ ਸੀਏਰਾ 1500 ਦੀ ਕੀਮਤ 2,200 ਡਾਲਰ ਅਤੇ ਸ਼ੈਵਰਲੇਟ ਸਿਲਵੇਰਾਡੋ 1500 ਦੀ ਕੀਮਤ ਕਰੀਬ 1,900 ਡਾਲਰ ਘੱਟ ਹੋਈ ਹੈ। ‘ਕਲੱਚ’ ਦੇ ਸੀਈਓ ਡੈਨ ਪਾਰਕ ਮੁਤਾਬਕ, ਪੁਰਾਣੀਆਂ ਕਾਰਾਂ ਦੀ ਸਪਲਾਈ ਵਧਣ ਕਾਰਨ ਕੀਮਤਾਂ ਵਿੱਚ ਕਮੀ ਆਈ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਨਵੀਆਂ ਕਾਰਾਂ ਦਾ ਉਤਪਾਦਨ ਮੁੜ ਵਧਿਆ ਸੀ ਅਤੇ ਹੁਣ ਉਹ ਕਾਰਾਂ ਪੁਰਾਣੀਆਂ ਹੋ ਕੇ ਬਾਜ਼ਾਰ ਵਿੱਚ ਆ ਰਹੀਆਂ ਹਨ। ਦੂਜੇ ਪਾਸੇ, ਆਟੋਟਰੇਡਰ ਦੀ ਰਿਪੋਰਟ ਮੁਤਾਬਕ, ਸਤੰਬਰ ਵਿੱਚ ਕੀਤੇ ਗਏ ਸਰਵੇਖਣ ਦੌਰਾਨ 48 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਾਰ ਖਰੀਦਣ ਜਾਂ ਲੀਜ਼ ’ਤੇ ਲੈਣ ਦਾ ਫੈਸਲਾ ਟਾਲ ਰਹੇ ਹਨ। ਹਾਲਾਂਕਿ, 65 ਫੀਸਦੀ ਲੋਕਾਂ ਨੇ ਅਗਲੇ 12 ਮਹੀਨਿਆਂ ਵਿੱਚ ਕਾਰ ਖਰੀਦਣ ਦੀ ਯੋਜਨਾ ਬਣਾਈ ਹੋਈ ਹੈ। ਕਾਰਫੈਕਸ ਦੀ ਰਿਪੋਰਟ ਅਨੁਸਾਰ, ਅਗਸਤ ਵਿੱਚ ਪੁਰਾਣੀਆਂ ਕਾਰਾਂ ਦੀ ਗਿਣਤੀ ਵਧ ਕੇ 2,28,788 ਹੋ ਗਈ, ਜੋ ਇਸ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਪਰ ਇਸੇ ਮਹੀਨੇ ਕਾਰਾਂ ਦੀ ਖਰੀਦ-ਵੇਚ ਵਿੱਚ ਜੁਲਾਈ ਦੇ ਮੁਕਾਬਲੇ ਲਗਭਗ 7 ਫੀਸਦੀ ਕਮੀ ਆਈ। ਕਾਰ ਖਰੀਦਣ ਲਈ ਕਰਜ਼ਾ ਲੈਣਾ ਵੀ ਮਹਿੰਗਾ ਹੋ ਰਿਹਾ ਹੈ। ਕਲੱਚ ਮੁਤਾਬਕ, 29,500 ਡਾਲਰ ਦੇ ਕਾਰ ਲੋਨ ’ਤੇ ਛੇ ਸਾਲਾਂ ਦੌਰਾਨ ਵਿਆਜ ਵਧਣ ਕਾਰਨ ਲਗਭਗ 255 ਡਾਲਰ ਵਾਧੂ ਦੇਣੇ ਪੈ ਸਕਦੇ ਹਨ। ਜੇ ਬੈਂਕ ਆਫ ਕੈਨੇਡਾ ਵਿਆਜ ਦਰ ਵਿੱਚ ਹੋਰ 0.25 ਫੀਸਦੀ ਵਾਧਾ ਕਰਦਾ ਹੈ ਤਾਂ ਇਹ ਖਰਚਾ ਹੋਰ ਵਧ ਸਕਦਾ ਹੈ। ਆਟੋਟਰੇਡਰ ਅਨੁਸਾਰ, ਪੁਰਾਣੀ ਕਾਰ ਦੀ ਔਸਤ ਮਹੀਨਾਵਾਰ ਕਿਸ਼ਤ 638 ਡਾਲਰ ਹੋ ਗਈ ਹੈ, ਜੋ ਪਿਛਲੇ ਸਾਲ ਨਾਲੋਂ 1.8 ਫੀਸਦੀ ਵੱਧ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਪੁਰਾਣੀਆਂ ਕਾਰਾਂ ਦੀ ਮਾਰਕੀਟ ਸਥਿਰ ਹੋ ਰਹੀ ਹੈ। ਪਰ ਅਮਰੀਕਾ ਨਾਲ ਵਪਾਰਕ ਤਣਾਅ ਅਤੇ ਨਵੀਆਂ ਕਾਰਾਂ ’ਤੇ ਟੈਰਿਫ ਲੱਗਣ ਦੀ ਸੰਭਾਵਨਾ ਕਾਰਨ ਭਵਿੱਖ ਵਿੱਚ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਕੈਨੇਡਾ ਵਿੱਚ 60 ਲੱਖ ਲੋਕ ਪਰਿਵਾਰਕ ਡਾਕਟਰ ਤੋਂ ਵਾਂਝੇ, ਸਮੇਂ ਸਿਰ ਅਪੁਆਇੰਟਮੈਂਟ ਮਿਲਣੀ ਹੋਈ ਮੁਸ਼ਕਲ
ਕੈਨੇਡਾ ਵਿੱਚ ਜ਼ਿਆਦਾਤਰ ਲੋਕਾਂ ਕੋਲ ਪਰਿਵਾਰਕ ਡਾਕਟਰ ਜਾਂ ਸਿਹਤ ਸੇਵਾਵਾਂ ਦੇਣ ਵਾਲਾ ਮਾਹਿਰ ਤਾਂ ਮੌਜੂਦ ਹੈ, ਪਰ ਲੋੜ ਪੈਣ ’ਤੇ ਜਲਦੀ ਅਪੁਆਇੰਟਮੈਂਟ ਮਿਲਣੀ ਮੁਸ਼ਕਲ ਹੋ ਰਹੀ ਹੈ। ਇੱਕ ਨਵੀਂ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਮੁਤਾਬਕ, ਸਾਲ 2025 ਵਿੱਚ 83 ਫ਼ੀਸਦੀ ਬਾਲਗਾਂ ਅਤੇ 89 ਫ਼ੀਸਦੀ ਬੱਚਿਆਂ ਕੋਲ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਵਾਲਾ ਡਾਕਟਰ ਜਾਂ ਸਿਹਤ ਮਾਹਿਰ ਸੀ। ਇਸ ਦਾ ਮਤਲਬ ਹੈ ਕਿ ਕੈਨੇਡਾ ਵਿੱਚ ਲਗਭਗ 60 ਲੱਖ ਲੋਕਾਂ ਕੋਲ ਨਿਯਮਤ ਇਲਾਜ ਲਈ ਕੋਈ ਪੱਕਾ ਸਿਹਤ ਸੇਵਾ ਪ੍ਰਦਾਤਾ ਨਹੀਂ ਹੈ। ਜਿਨ੍ਹਾਂ ਲੋਕਾਂ ਕੋਲ ਪਰਿਵਾਰਕ ਡਾਕਟਰ ਹਨ, ਉਨ੍ਹਾਂ ਨੂੰ ਵੀ ਸਮੇਂ ਸਿਰ ਅਪੁਆਇੰਟਮੈਂਟ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਰਿਪੋਰਟ ਮੁਤਾਬਕ, ਆਖਰੀ ਵਾਰ ਲੋੜ ਪੈਣ ’ਤੇ ਸਿਰਫ਼ 26 ਫ਼ੀਸਦੀ ਬਾਲਗਾਂ ਅਤੇ 41 ਫ਼ੀਸਦੀ ਬੱਚਿਆਂ ਨੂੰ ਉਸੇ ਦਿਨ ਜਾਂ ਅਗਲੇ ਦਿਨ ਡਾਕਟਰ ਦੀ ਅਪੁਆਇੰਟਮੈਂਟ ਮਿਲ ਸਕੀ। ਹਾਲਾਂਕਿ, 68 ਫ਼ੀਸਦੀ ਬਾਲਗਾਂ ਅਤੇ 69 ਫ਼ੀਸਦੀ ਬੱਚਿਆਂ ਤੇ ਨੌਜਵਾਨਾਂ ਨੇ ਇਲਾਜ ਲਈ ਉਡੀਕ ਦੇ ਸਮੇਂ ’ਤੇ ਸੰਤੁਸ਼ਟੀ ਜ਼ਾਹਰ ਕੀਤੀ। ਇਸ ਤੋਂ ਇਲਾਵਾ 80 ਫ਼ੀਸਦੀ ਬਾਲਗਾਂ ਅਤੇ 82 ਫ਼ੀਸਦੀ ਬੱਚਿਆਂ ਤੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਪਛਾਣ ਦਾ ਸਤਿਕਾਰ ਕਰਦੇ ਹਨ। ਰਿਪੋਰਟ ਵਿੱਚ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ। 75 ਸਾਲ ਤੋਂ ਘੱਟ ਉਮਰ ਦੇ ਹਰ ਇੱਕ ਲੱਖ ਕੈਨੇਡੀਅਨਾਂ ਪਿੱਛੇ 329 ਲੋਕ ਅਜਿਹੀਆਂ ਬਿਮਾਰੀਆਂ ਕਾਰਨ ਹਸਪਤਾਲ ਵਿੱਚ ਦਾਖਲ ਹੋਏ, ਜਿਨ੍ਹਾਂ ਦਾ ਸਹੀ ਮੁੱਢਲੇ ਸਮੇਂ ‘ਚ ਇਲਾਜ ਕੀਤਾ ਜਾ ਸਕਦਾ ਸੀ। ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਇਹ ਦਰ ਅਜੇ ਘੱਟ ਹੈ, ਪਰ 2021 ਤੋਂ ਲਗਾਤਾਰ ਵਧ ਰਹੀ ਹੈ। ਰਿਪੋਰਟ ਮੁਤਾਬਕ, ਘੱਟ ਆਮਦਨ ਵਾਲੇ ਲੋਕਾਂ ਨੂੰ ਸਿਹਤ ਸੇਵਾਵਾਂ ਹਾਸਲ ਕਰਨ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਘੱਟ ਆਮਦਨ ਵਾਲੇ 78 ਫ਼ੀਸਦੀ ਬਾਲਗਾਂ ਕੋਲ ਪੱਕਾ ਸਿਹਤ ਸੇਵਾ ਪ੍ਰਦਾਤਾ ਸੀ, ਜਦਕਿ ਵੱਧ ਆਮਦਨ ਵਾਲਿਆਂ ਵਿੱਚ ਇਹ ਅੰਕੜਾ 84 ਫ਼ੀਸਦੀ ਸੀ। ਇਸੇ ਤਰ੍ਹਾਂ ਘੱਟ ਆਮਦਨ ਵਾਲੇ ਇਲਾਕਿਆਂ ਵਿੱਚ ਹਰ ਇੱਕ ਲੱਖ ਲੋਕਾਂ ਪਿੱਛੇ 535 ਹਸਪਤਾਲ ਦਾਖਲੇ ਦਰਜ ਕੀਤੇ ਗਏ, ਜਦਕਿ ਵੱਧ ਆਮਦਨ ਵਾਲੇ ਇਲਾਕਿਆਂ ਵਿੱਚ ਇਹ ਗਿਣਤੀ 192 ਸੀ। ਰਿਪੋਰਟ ਅਨੁਸਾਰ, 18 ਤੋਂ 34 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਵੀ ਡਾਕਟਰੀ ਸਹੂਲਤਾਂ ਹਾਸਲ ਕਰਨ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਬੱਚਿਆਂ ਤੋਂ ਬਾਲਗਾਂ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਜਾਣ ਸਮੇਂ ਉਨ੍ਹਾਂ ਨੂੰ ਨਵਾਂ ਡਾਕਟਰ ਲੱਭਣਾ ਪੈਂਦਾ ਹੈ। ਪੜ੍ਹਾਈ ਜਾਂ ਨੌਕਰੀ ਲਈ ਦੂਜੇ ਸ਼ਹਿਰ ਜਾਣ ਕਾਰਨ ਵੀ ਇਹ ਸਮੱਸਿਆ ਵਧ ਜਾਂਦੀ ਹੈ।
ਮਾਈਕ੍ਰੋਸਾਫਟ ਵੱਲੋਂ ‘ਕੋਡ ਰੈੱਡ’ ਐਲਾਨਣ ਨੂੰ ਸਾਈਬਰ ਮਾਹਿਰ ਨੇ ਦੱਸਿਆ ਸਿਰਫ਼ ਪ੍ਰਚਾਰ ਰਣਨੀਤੀ
ਮਾਈਕ੍ਰੋਸਾਫਟ ਵੱਲੋਂ ਆਪਣੀਆਂ ਸੇਵਾਵਾਂ ਵਿੱਚ ਆਈ ਵੱਡੀ ਖ਼ਰਾਬੀ ਤੋਂ ਬਾਅਦ ‘ਕੋਡ ਰੈੱਡ’ ਐਲਾਨਣ ਨੂੰ ਸਾਈਬਰ ਸੁਰੱਖਿਆ ਮਾਹਿਰ ਨੇ ਸਿਰਫ਼ ਪ੍ਰਚਾਰ ਰਣਨੀਤੀ ਕਰਾਰ ਦਿੱਤਾ ਹੈ। ਮਾਹਿਰ ਦਾ ਕਹਿਣਾ ਹੈ ਕਿ ਇਸ ਖ਼ਰਾਬੀ ਕਾਰਨ ਲੱਖਾਂ ਲੋਕ ਕਰੀਬ 24 ਘੰਟਿਆਂ ਤੱਕ ਈਮੇਲ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕੇ। ਅਜਿਹੀ ਸਮੱਸਿਆ ਪੈਦਾ ਹੀ ਨਹੀਂ ਹੋਣੀ ਚਾਹੀਦੀ ਸੀ। ਟੋਰਾਂਟੋ ਯੂਨੀਵਰਸਿਟੀ ਦੇ ਕ੍ਰਿਟੀਕਲ ਇਨਫਰਮੇਸ਼ਨ ਪਾਲਿਸੀ ਸਟੱਡੀਜ਼ ਦੇ ਕੋਆਰਡੀਨੇਟਰ ਇਵਾਨ ਲਾਈਟ ਨੇ ਕਿਹਾ ਕਿ ‘ਕੋਡ ਰੈੱਡ’ ਐਲਾਨ ਨਾਲ ਕੰਪਨੀ ਦੇ ਅੰਦਰ ਤਕਨੀਕੀ ਪ੍ਰਬੰਧਨ ਵਿੱਚ ਸੁਧਾਰ ਹੋ ਸਕਦਾ ਹੈ, ਪਰ ਇਸ ਨਾਲ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਨਹੀਂ ਆਉਣਗੀਆਂ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਉਨ੍ਹਾਂ ਸਵਾਲ ਉਠਾਇਆ ਕਿ ਹੁਣ ਕੰਪਨੀ ਸਾਈਬਰ ਸੁਰੱਖਿਆ ਨੂੰ ਲੈ ਕੇ ਇੰਨੀ ਗੰਭੀਰ ਹੋ ਰਹੀ ਹੈ ਤਾਂ ਪਹਿਲਾਂ ਅਜਿਹੇ ਕਦਮ ਕਿਉਂ ਨਹੀਂ ਚੁੱਕੇ ਗਏ? ਮਾਈਕ੍ਰੋਸਾਫਟ ਦੇ ਬੁਲਾਰੇ ਨੇ ਕਿਹਾ ਕਿ ‘ਕੋਡ ਰੈੱਡ’ ਦਾ ਐਲਾਨ ਇਸ ਲਈ ਕੀਤਾ ਗਿਆ ਹੈ ਤਾਂ ਜੋ ਹਾਲ ਹੀ ਵਿੱਚ ਆਈ ਖ਼ਰਾਬੀ ਤੋਂ ਸਬਕ ਲੈ ਕੇ ਜਲਦੀ ਸੁਧਾਰ ਕੀਤੇ ਜਾ ਸਕਣ। ਕੰਪਨੀ ਮੁਤਾਬਕ ਉਸ ਦੇ ਗਾਹਕ ਅਤੇ ਭਾਈਵਾਲ ਸੇਵਾਵਾਂ ’ਤੇ ਨਿਰਭਰ ਕਰਦੇ ਹਨ, ਇਸ ਲਈ ਸਿਰਫ਼ ਸਮੱਸਿਆ ਹੱਲ ਕਰਨਾ ਹੀ ਨਹੀਂ, ਸਗੋਂ ਉਸ ਨੂੰ ਦੁਬਾਰਾ ਹੋਣ ਤੋਂ ਰੋਕਣਾ ਵੀ ਜ਼ਰੂਰੀ ਹੈ। ਮਾਈਕ੍ਰੋਸਾਫਟ ਦੀ ਇਸ ਖ਼ਰਾਬੀ ਦਾ ਅਸਰ ਦੁਨੀਆ ਦੇ 70 ਦੇਸ਼ਾਂ ਵਿੱਚ ਦੇਖਣ ਨੂੰ ਮਿਲਿਆ। ਸਰਕਾਰੀ ਵਿਭਾਗਾਂ, ਹਸਪਤਾਲਾਂ, ਕਾਰੋਬਾਰਾਂ ਅਤੇ ਹਵਾਈ ਸੇਵਾਵਾਂ ਦਾ ਕੰਮ ਪ੍ਰਭਾਵਿਤ ਹੋਇਆ। ਹਾਲਾਂਕਿ, ਕਿੰਨੇ ਲੋਕ ਇਸ ਨਾਲ ਪ੍ਰਭਾਵਿਤ ਹੋਏ, ਇਸ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ। ਮਾਈਕ੍ਰੋਸਾਫਟ ਦੇ ਅੰਕੜਿਆਂ ਮੁਤਾਬਕ ਉਸ ਦੀਆਂ 365 ਸੇਵਾਵਾਂ ਦੇ 45 ਕਰੋੜ ਤੋਂ ਵੱਧ ਭੁਗਤਾਨ ਕਰਨ ਵਾਲੇ ਵਪਾਰਕ ਗਾਹਕ ਹਨ। ਇਸ ਤੋਂ ਅਗਲੇ ਹੀ ਦਿਨ ਉੱਤਰੀ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਫਸ ਗਏ ਸਨ। ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਸੰਚਾਰ ਸਿਗਨਲ ਪ੍ਰਭਾਵਿਤ ਹੋਣ ਕਾਰਨ ਉਡਾਣਾਂ ਰੋਕਣੀਆਂ ਪਈਆਂ। ਫਲਾਈਟਅਵੇਅਰ ਮੁਤਾਬਕ ਇੱਕ ਹਫ਼ਤੇ ਦੇ ਅੰਤ ਵਿੱਚ ਕਰੀਬ 15 ਹਜ਼ਾਰ ਉਡਾਣਾਂ ਰੱਦ ਹੋਈਆਂ। ਇਸ ਤੋਂ ਇਲਾਵਾ ਕੈਨੇਡਾ ਵਿੱਚ ਵੀ ਸਾਈਬਰ ਸੁਰੱਖਿਆ ਨਾਲ ਜੁੜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸਟੇਪਲਜ਼ ਕੈਨੇਡਾ ਨੇ ਦੱਸਿਆ ਕਿ 1 ਤੋਂ 5 ਨਵੰਬਰ ਦਰਮਿਆਨ ਉਸ ਦੀ ਪ੍ਰਿੰਟ ਵੈੱਬਸਾਈਟ ’ਤੇ ਸੁਰੱਖਿਆ ਸੰਬੰਧੀ ਘਟਨਾ ਵਾਪਰੀ, ਜਿਸ ਦੌਰਾਨ ਇੱਕ ਬਾਹਰੀ ਵਿਅਕਤੀ ਨੇ ਗਾਹਕਾਂ ਦੇ ਡੇਟਾ ਤੱਕ ਪਹੁੰਚ ਹਾਸਲ ਕਰ ਲਈ। ਇਸੇ ਤਰ੍ਹਾਂ 17 ਨਵੰਬਰ ਨੂੰ ਬੈੱਲ ਕੈਨੇਡਾ ਦੇ ਅੰਦਰੂਨੀ ਸਿਸਟਮ ’ਤੇ ਵੀ ਸਾਈਬਰ ਹਮਲਾ ਹੋਇਆ। ਇਵਾਨ ਲਾਈਟ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਇਨ੍ਹਾਂ ਘਟਨਾਵਾਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਫੈਡਰਲ ਸਰਕਾਰ ਨੂੰ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਜੇਕਰ ਇੰਟਰਨੈੱਟ, ਮੋਬਾਈਲ ਜਾਂ ਈਮੇਲ ਸੇਵਾਵਾਂ ਬੰਦ ਹੋ ਜਾਣ ਤਾਂ ਉਹ ਕਿਵੇਂ ਸੰਪਰਕ ਬਣਾਈ ਰੱਖਣ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਐਮਰਜੈਂਸੀ ਲਈ ਤਿੰਨ ਦਿਨਾਂ ਦਾ ਖਾਣਾ, ਪਾਣੀ ਅਤੇ ਹੋਰ ਜ਼ਰੂਰੀ ਸਾਮਾਨ ਰੱਖਣ ਦੀ ਸਲਾਹ ਦੇਣਾ ਚੰਗੀ ਗੱਲ ਹੈ, ਪਰ ਡਿਜੀਟਲ ਸੁਰੱਖਿਆ ਬਾਰੇ ਵੀ ਜਾਗਰੂਕ ਕਰਨਾ ਚਾਹੀਦਾ ਹੈ। ਮਾਹਿਰ ਨੇ ਇਹ ਵੀ ਕਿਹਾ ਕਿ ਜਦੋਂ ਲੋਕ ਵੈੱਬਸਾਈਟਾਂ ਅਤੇ ਐਪਸ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਲਗਾਤਾਰ ਇਕੱਠੀ ਹੁੰਦੀ ਰਹਿੰਦੀ ਹੈ। ਜ਼ਿਆਦਾਤਰ ਲੋਕ ਕਿਸੇ ਸੇਵਾ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀਆਂ ਸ਼ਰਤਾਂ ਅਤੇ ਨਿੱਜਤਾ ਨੀਤੀ ਪੜ੍ਹਦੇ ਵੀ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਸਾਰੀਆਂ ਕੰਪਨੀਆਂ ਲਈ ਡੇਟਾ ਸੁਰੱਖਿਆ ਦੇ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ।
ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਮੀਂਹ ਅਤੇ ਸਮੁੰਦਰੀ ਲਹਿਰਾਂ ਕਾਰਨ ਹੜ੍ਹਾਂ ਦਾ ਖ਼ਤਰਾ, ਕਈ ਇਲਾਕਿਆਂ ਵਿੱਚ ਘਰ ਖਾਲੀ ਕਰਨ ਦੇ ਹੁਕਮ
ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਭਾਰੀ ਮੀਂਹ ਅਤੇ ਸਮੁੰਦਰ ਵਿੱਚ ਉੱਠੀਆਂ ਉੱਚੀਆਂ ਲਹਿਰਾਂ ਕਾਰਨ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਵੈਨਕੂਵਰ ਆਈਲੈਂਡ ਦੇ ਨਾਨਾਈਮੋ ਦਰਿਆ ਦਾ ਪਾਣੀ ਵਧਣ ਕਾਰਨ ਇੱਕ ਦਰਜਨ ਤੋਂ ਵੱਧ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ। ਇਸ ਤੋਂ ਬਾਅਦ ਬਚਾਅ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ। ਨਾਨਾਈਮੋ ਦੇ ਦੱਖਣ ਵਿੱਚ ਇੱਕ ਸੜਕ ’ਤੇ ਪਾਣੀ ਲਗਭਗ ਗੋਡਿਆਂ ਤੱਕ ਪਹੁੰਚ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਰੇਤ ਨਾਲ ਭਰੀਆਂ ਬੋਰੀਆਂ ਵੀ ਇਸ ਨੂੰ ਰੋਕਣ ਵਿੱਚ ਨਾਕਾਮ ਰਹੀਆਂ। ਰੀਜਨਲ ਡਿਸਟ੍ਰਿਕਟ ਆਫ ਨਾਨਾਈਮੋ ਨੇ ਸੀਡਰ ਇਲਾਕੇ ਵਿੱਚ ਵਿਲਕਿਨਸਨ ਰੋਡ ਅਤੇ ਰੇਨਜ਼ ਰੋਡ ਨੇੜੇ ਰਹਿਣ ਵਾਲੇ ਲੋਕਾਂ ਲਈ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ। ਨਾਨਾਈਮੋ ਸਰਚ ਐਂਡ ਰੈਸਕਿਊ ਦੇ ਸਰਚ ਮੈਨੇਜਰ ਡੇਵ ਸਟੀਵਰਟ ਨੇ ਦੱਸਿਆ ਕਿ ਬਚਾਅ ਟੀਮਾਂ ਨੇ ਖ਼ਤਰੇ ਵਾਲੇ ਇਲਾਕੇ ਦੇ ਸਾਰੇ ਘਰਾਂ ਤੱਕ ਸੂਚਨਾ ਪਹੁੰਚਾਈ। ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੀ ਰਹੇ, ਪਰ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ, ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਵਾਤਾਵਰਨ ਵਿਭਾਗ ਦੀ ਮੌਸਮ ਵਿਗਿਆਨੀ ਜੈਨੀਫਰ ਕੋਵਲ ਮੁਤਾਬਕ, ਪਿਛਲੇ 48 ਘੰਟਿਆਂ ਦੌਰਾਨ ਵੈਨਕੂਵਰ ਆਈਲੈਂਡ ਦੇ ਕੁਝ ਇਲਾਕਿਆਂ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਪੋਰਟ ਐਲਬਰਨੀ ਨੇੜੇ 100 ਮਿਲੀਮੀਟਰ ਤੋਂ ਵੱਧ ਅਤੇ ਨਾਨਾਈਮੋ ਵਿੱਚ ਲਗਭਗ 70 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸਨਸ਼ਾਈਨ ਕੋਸਟ ਦੇ ਪੋਰਟ ਮੇਲਨ ਨੇੜੇ 200 ਮਿਲੀਮੀਟਰ ਤੋਂ ਵੱਧ ਮੀਂਹ ਪਿਆ, ਜਦਕਿ ਸਕੁਐਮਿਸ਼ ਅਤੇ ਟੈਂਟਲਸ ਇਲਾਕੇ ਵਿੱਚ ਲਗਭਗ 120 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮਾਹਿਰਾਂ ਅਨੁਸਾਰ, ਭਾਰੀ ਮੀਂਹ ਦੇ ਨਾਲ ਸਮੁੰਦਰ ਵਿੱਚ ਸਾਲ ਦੀਆਂ ਸਭ ਤੋਂ ਉੱਚੀਆਂ ਕੁਦਰਤੀ ਲਹਿਰਾਂ ਅਤੇ ਤੂਫ਼ਾਨੀ ਲਹਿਰਾਂ ਵੀ ਆਈਆਂ। ਇਸ ਕਾਰਨ ਜ਼ਮੀਨ ਤੋਂ ਆਉਣ ਵਾਲੇ ਮੀਂਹ ਦੇ ਪਾਣੀ ਨੂੰ ਸਮੁੰਦਰ ਵਿੱਚ ਜਾਣ ਲਈ ਘੱਟ ਥਾਂ ਮਿਲੀ ਅਤੇ ਹੜ੍ਹਾਂ ਦਾ ਖ਼ਤਰਾ ਵਧ ਗਿਆ। ਸਕੁਐਮਿਸ਼ ਵਿੱਚ ਵੀ ਅਧਿਕਾਰੀਆਂ ਨੇ ਸਮੁੰਦਰੀ ਹੜ੍ਹਾਂ ਤੋਂ ਬਚਾਅ ਲਈ ਐਮਰਜੈਂਸੀ ਐਲਾਨੀ। ਉੱਥੇ ਰੇਤ ਦੀਆਂ ਬੋਰੀਆਂ ਅਤੇ ਅਸਥਾਈ ਬੰਨ੍ਹ ਬਣਾਏ ਗਏ। ਮੇਅਰ ਸੀਨ ਈਸਟਨ ਨੇ ਕਿਹਾ ਕਿ ਤਿਆਰੀਆਂ ਕਾਰਨ ਡਾਊਨਟਾਊਨ ਇਲਾਕੇ ਵਿੱਚ ਪਾਣੀ ਦਾਖ਼ਲ ਹੋਣ ਤੋਂ ਰੋਕਿਆ ਗਿਆ। ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹਿ ਸਕਦਾ ਹੈ। ਹਾਲਾਂਕਿ, ਕਿੰਗ ਟਾਈਡਜ਼ ਸੋਮਵਾਰ ਤੱਕ ਜਾਰੀ ਰਹਿਣਗੀਆਂ, ਇਸ ਲਈ ਹਫ਼ਤੇ ਦੇ ਅੰਤ ਤੱਕ ਹੜ੍ਹਾਂ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ। ਸੋਮਵਾਰ ਨੂੰ ਇੱਕ ਹੋਰ ਤੂਫ਼ਾਨ ਆਉਣ ਦੀ ਸੰਭਾਵਨਾ ਵੀ ਹੈ।
ਕਿਊਬਿਕ ਹਾਈਵੇਅ-20 ਹਾਦਸੇ ਵਿੱਚ ਮਾਰੇ ਗਏ ਪੰਜਾਬੀ ਟਰੱਕ ਡਰਾਈਵਰ ਦੀ ਯਾਦਵਿੰਦਰ ਸਿੰਘ ਵਜੋਂ ਹੋਈ ਪਛਾਣ
ਕਿਊਬੈਕ ਸੂਬੇ ਵਿੱਚੋਂ ਲੰਘਦੇ ਹਾਈਵੇਅ-20 ’ਤੇ ਚਾਰ ਦਿਨ ਪਹਿਲਾਂ ਦੋ ਟਰਾਲਿਆਂ ਵਿਚਾਲੇ ਹੋਈ ਭਿਆਨਕ ਸਿੱਧੀ ਟੱਕਰ ਵਿੱਚ ਮਾਰੇ ਗਏ ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਮੌਂਟਰੀਅਲ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੂਜੇ ਪਾਸਿਓਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ, ਜਿਸ ਨੂੰ 60-62 ਸਾਲ ਦਾ ਡਰਾਈਵਰ ਚਲਾ ਰਿਹਾ ਸੀ, ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਉਲੰਘਦਾ ਹੋਇਆ ਆਪਣੀ ਸਾਈਡ ’ਤੇ ਆ ਰਹੇ ਯਾਦਵਿੰਦਰ ਸਿੰਘ ਦੇ ਟਰੱਕ ਨਾਲ ਸਿੱਧਾ ਜਾ ਟਕਰਾਇਆ। ਦੋਵੇਂ ਟਰਾਲੇ ਭਾਰੀ ਸਾਮਾਨ ਨਾਲ ਲੱਦੇ ਹੋਣ ਕਾਰਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕ ਬੁਰੀ ਤਰ੍ਹਾਂ ਇੱਕ-ਦੂਜੇ ਵਿੱਚ ਧਸ ਗਏ। ਹਾਦਸੇ ਕਾਰਨ ਯਾਦਵਿੰਦਰ ਸਿੰਘ ਦਾ ਟਰੱਕ ਅਗਲੇ ਪਾਸਿਓਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਹ ਕੈਬਿਨ ਦੇ ਅੰਦਰ ਹੀ ਫਸ ਗਿਆ। ਮੌਕੇ ’ਤੇ ਪਹੁੰਚੇ ਬਚਾਅ ਦਲ ਨੂੰ ਕੈਬਿਨ ਕੱਟ ਕੇ ਉਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਣਾ ਪਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਹਾਦਸੇ ਵਿੱਚ ਮਾਰੇ ਗਏ ਯਾਦਵਿੰਦਰ ਸਿੰਘ ਦੀ ਪਛਾਣ ਜਨਤਕ ਕਰ ਦਿੱਤੀ ਹੈ, ਹਾਲਾਂਕਿ ਦੂਜੇ ਟਰੱਕ ਦੇ ਡਰਾਈਵਰ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਪੋਇਲੀਵਰ ਨਾਲ ਤਸਵੀਰ ਖਿਚਵਾਉਣ ਤੋਂ ਬਾਅਦ ਨਰਸ ਦੀ ਨੌਕਰੀ ’ਤੇ ਖ਼ਤਰਾ, ਰੱਖਿਆ ਮੰਤਰੀ ਨੇ ਕੰਪਨੀ ਕੋਲ ਉਠਾਇਆ ਮਾਮਲਾ
ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਅਨੁਸਾਰ ਉਨ੍ਹਾਂ ਨੇ ਆਪਣੇ ਡਿਪਟੀ ਨੂੰ ਅਲਬਰਟਾ ਦੇ ਵੇਨਰਾਈਟ ਵਿੱਚ ਇੱਕ ਨਰਸ ਦੀ ਨੌਕਰੀ ਨੂੰ ਲੈ ਕੇ ਪੈਦਾ ਹੋਈ ਚਿੰਤਾ ਸਬੰਧਤ ਕੰਪਨੀ ਕੋਲ ਉਠਾਉਣ ਲਈ ਕਿਹਾ ਸੀ। ਇਸ ਨਰਸ ਦੀ ਨੌਕਰੀ ’ਤੇ ਕਥਿਤ ਤੌਰ ’ਤੇ ਇਸ ਲਈ ਖ਼ਤਰਾ ਪੈਦਾ ਹੋ ਗਿਆ ਕਿਉਂਕਿ ਉਸ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਵਰ ਨਾਲ ਤਸਵੀਰ ਖਿਚਵਾਈ ਸੀ। ਸੰਸਦ ਦੀ ਰੱਖਿਆ ਕਮੇਟੀ ਸਾਹਮਣੇ ਪੇਸ਼ ਹੋਏ ਮੈਕਗਿੰਟੀ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਲਈ ਕੰਮ ਕਰਨ ਵਾਲੀ ਕੰਪਨੀ ਨਾਲ ਇਹ ਮਾਮਲਾ ਉਠਾਇਆ ਹੈ। ਹਾਲਾਂਕਿ, ਉਨ੍ਹਾਂ ਮੁਤਾਬਕ ਨਰਸ ਦਾ ਕੰਪਨੀ ਨਾਲ ਨਿੱਜੀ ਰੁਜ਼ਗਾਰ ਸਮਝੌਤਾ ਹੈ, ਜਿਸ ਵਿੱਚ ਉਹ ਸਿੱਧਾ ਦਖ਼ਲ ਨਹੀਂ ਦੇ ਸਕਦੇ। ਦਰਅਸਲ, ਪਿਛਲੇ ਮਹੀਨੇ 17 ਅਕਤੂਬਰ ਨੂੰ ਅਲਬਰਟਾ ਦੇ ਸੀਐੱਫਬੀ ਵੇਨਰਾਈਟ ਫੌਜੀ ਅੱਡੇ ’ਤੇ ਅੱਗ ਲੱਗਣ ਦੀ ਦਰਦਨਾਕ ਘਟਨਾ ਵਾਪਰੀ ਸੀ। ਇਸ ਹਾਦਸੇ ਵਿੱਚ ਪੰਜ ਫੌਜੀ ਜਵਾਨਾਂ ਦੀ ਮੌਤ ਹੋ ਗਈ ਸੀ, ਜਦਕਿ 38 ਜ਼ਖ਼ਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਜ਼ਖ਼ਮੀ ਜਵਾਨਾਂ ਦਾ ਇਲਾਜ ਕਰਨ ਵਾਲੀ ਨਰਸ ਮੌਰੀਨ ਕਾਰਪੈਂਟਰ ਦੀ ਪੀਅਰੇ ਪੋਇਲੀਵਰ ਨਾਲ ਗੱਲਬਾਤ ਕਰਦਿਆਂ ਤਸਵੀਰ ਸਾਹਮਣੇ ਆਈ ਸੀ। ਪੋਇਲੀਵਰ ਮੁਤਾਬਕ, ਕਾਰਪੈਂਟਰ ਨੇ ਉਨ੍ਹਾਂ ਨਾਲ ਫੌਜੀ ਅੱਡੇ ’ਤੇ ਮੁਲਾਕਾਤ ਕੀਤੀ ਸੀ ਅਤੇ ਇਸ ਲਈ ਯੂਨਿਟ ਕਮਾਂਡਰ ਤੋਂ ਇਜਾਜ਼ਤ ਵੀ ਲਈ ਗਈ ਸੀ। ਉਨ੍ਹਾਂ ਕਿਹਾ ਕਿ ਨਰਸ ਨੇ ਉਸ ਰਾਤ ਜ਼ਖ਼ਮੀ ਫੌਜੀਆਂ ਦੀ ਦੇਖਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਪੋਇਲੀਵਰ ਨੇ ਦੱਸਿਆ ਕਿ ਕਾਰਪੈਂਟਰ ਕੈਲੀਅਨ ਹੈਲਥ ਨਾਮ ਦੀ ਕੰਪਨੀ ਨਾਲ ਠੇਕੇ ’ਤੇ ਕੰਮ ਕਰਦੀ ਹੈ। ਇਹ ਕੰਪਨੀ ਫੈਡਰਲ ਸਰਕਾਰ ਲਈ ਸੇਵਾਵਾਂ ਦਿੰਦੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮੁਲਾਕਾਤ ਤੋਂ ਬਾਅਦ ਨਰਸ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਅਤੇ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ। ਉਸ ਦੇ ਬੌਸ ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਉਸ ਦਾ ਠੇਕਾ ਪਹਿਲਾਂ ਹੀ ਖ਼ਤਮ ਹੋਣ ਵਾਲਾ ਨਾ ਹੁੰਦਾ ਤਾਂ ਕੰਪਨੀ ਦਾ ਕਾਨੂੰਨੀ ਵਿਭਾਗ ਉਸ ਦੇ ਕੰਮ ਦੀ ਜਾਂਚ ਕਰਦਾ। ਪੋਇਲੀਵਰ ਨੇ ਬੁੱਧਵਾਰ ਸ਼ਾਮ ਹਾਊਸ ਆਫ ਕਾਮਨਜ਼ ਵਿੱਚ ਇਸ ਮਾਮਲੇ ਨੂੰ ਉਠਾਉਂਦਿਆਂ ਕਿਹਾ ਸੀ ਕਿ ਇਸ ਨਾਲ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਮੈਕਗਿੰਟੀ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਸੰਸਦ ਮੈਂਬਰਾਂ ਨੂੰ ਆਪਣੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਦ ਮੈਂਬਰ ਨੂੰ ਆਪਣੇ ਹਲਕੇ ਦੇ ਲੋਕਾਂ ਨਾਲ ਗੱਲ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਹਾਲਾਂਕਿ, ਪੋਇਲੀਵਰ ਵੱਲੋਂ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਉਠਾਏ ਜਾਣ ਤੋਂ ਬਾਅਦ ਹੁਣ ਸਪੀਕਰ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।
ਹੈਲੀਫੈਕਸ ਕੋਸਟਕੋ ਸਟੋਰ ਵਿੱਚ ਨਸਲੀ ਟਿੱਪਣੀਆਂ ਅਤੇ ਹੰਗਾਮਾ ਕਰਨ ਦੇ ਮੁਲਜ਼ਮ ਨੇ ਅਦਾਲਤ ਵਿੱਚ ਖੁਦ ਨੂੰ ਦੱਸਿਆ ਬੇਕਸੂਰ
ਹੈਲੀਫੈਕਸ ਵਿੱਚ ਕੋਸਟਕੋ ਸਟੋਰ ਦੇ ਅੰਦਰ ਨਸਲੀ ਟਿੱਪਣੀਆਂ ਕਰਨ ਅਤੇ ਹੰਗਾਮਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। 37 ਸਾਲਾ ਰੈਂਡਲ ਪਬਲੀਕਵਰ ਵੱਲੋਂ ਉਸ ਦੇ ਵਕੀਲ ਨੇ ਅੱਜ ਹੈਲੀਫੈਕਸ ਦੀ ਸੂਬਾਈ ਅਦਾਲਤ ਵਿੱਚ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਬੇਕਸੂਰ ਹੋਣ ਦੀ ਦਲੀਲ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਹਫ਼ਤੇ ਹੋਵੇਗੀ, ਜਿਸ ਦੌਰਾਨ ਮੁਕੱਦਮੇ ਦੀ ਤਰੀਕ ਤੈਅ ਕੀਤੀ ਜਾਵੇਗੀ। ਹੈਲੀਫੈਕਸ ਖੇਤਰੀ ਪੁਲਿਸ ਨੇ ਜੁਲਾਈ ਵਿੱਚ ਪਬਲੀਕਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਮਜ਼ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਨ ਤੋਂ ਕੁਝ ਦਿਨ ਬਾਅਦ ਹੋਈ ਸੀ। ਇਸ ਵੀਡੀਓ ਵਿੱਚ ਕਥਿਤ ਤੌਰ ‘ਤੇ ਇੱਕ ਵਿਅਕਤੀ ਕੋਸਟਕੋ ਸਟੋਰ ਦੇ ਅੰਦਰ ਕਿਸੇ ਨਾਲ ਬਹਿਸ ਅਤੇ ਝਗੜਾ ਕਰਦਾ ਦਿਖਾਈ ਦੇ ਰਿਹਾ ਸੀ। ਕੋਸਟਕੋ ਵਾਲੀ ਘਟਨਾ ਦੇ ਸਬੰਧ ਵਿੱਚ ਪਬਲੀਕਵਰ ਖ਼ਿਲਾਫ਼ ਕੁੱਲ ਅੱਠ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ ਕਿਸੇ ਪਛਾਣਯੋਗ ਭਾਈਚਾਰੇ ਵਿਰੁੱਧ ਨਫ਼ਰਤ ਭੜਕਾਉਣ ਦਾ ਦੋਸ਼ ਅਤੇ ਕੁੱਟਮਾਰ ਦੇ ਦੋ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ, ਉਸ ਦੀ ਗ੍ਰਿਫ਼ਤਾਰੀ ਨਾਲ ਜੁੜੇ ਪੰਜ ਹੋਰ ਵੱਖਰੇ ਦੋਸ਼ ਵੀ ਲਗਾਏ ਗਏ ਹਨ। ਇਹ ਘਟਨਾ ਹੈਲੀਫੈਕਸ ਤੋਂ ਕਰੀਬ 100 ਕਿਲੋਮੀਟਰ ਪੂਰਬ ਵੱਲ ਪੋਰਟ ਡਫਰਿਨ ਸਥਿਤ ਇੱਕ ਘਰ ਵਿੱਚ ਵਾਪਰੀ ਸੀ। ਪੁਲਿਸ ਦਾ ਦੋਸ਼ ਹੈ ਕਿ ਪਬਲੀਕਵਰ ਨੇ ਉੱਥੇ ਪੁਲਿਸ ਮੁਲਾਜ਼ਮਾਂ ਵੱਲ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਨ ਲਈ ਸਟਨ ਗਨ ਦੀ ਵਰਤੋਂ ਕੀਤੀ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਪੁਲਿਸ ਅਧਿਕਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ, ਜਨਤਕ ਸ਼ਾਂਤੀ ਲਈ ਖ਼ਤਰਨਾਕ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਜਾਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਤਿੰਨ ਦੋਸ਼ ਵੀ ਲਗਾਏ ਗਏ ਹਨ।