ਕੈਨੇਡੀਅਨਾਂ ਲਈ ਵੱਡੀ ਖ਼ਬਰ, ਯੂਰਪ ਜਾਣ ਲਈ ਹੁਣ ਲੈਣਾ ਪਏਗਾ Permit

Ottawa- ਅਗਲੇ ਸਾਲ ਯੂਰਪ ਘੁੰਮਣ ਦੀ ਯੋਜਨਾ ਬਣਾ ਰਹੇ ਕੈਨੇਡੀਅਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਕੈਨੇਡੀਅਨ ਨਾਗਰਿਕਾਂ ਨੂੰ ਯੂਰਪ ਜਾਣ ਤੋਂ ਪਹਿਲਾਂ ਟਰੈਵਲ ਪਰਮਿਟ ਦੀ ਲੋੜ ਪਵੇਗੀ। ਯੂਰਪੀ ਯੂਨੀਅਨ ਨੇ ਆਪਣੀ ਸਰਹੱਦੀ ਸੁਰੱਖਿਆ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਸਾਲ 2024 ਦੇ ਸ਼ੁਰੂ ਤੋਂ ਜਿਹੜੇ ਵੀ ਕੈਨੇਡੀਅਨ ਪਾਸਪੋਰਟ ਧਾਰਕ ਯੂਰਪੀ ਯੂਨੀਅਨ ਦੇ 30 ਦੇਸ਼ਾਂ ’ਚੋਂ ਕਿਸੇ ਇੱਕ ਦੇਸ਼ ’ਚ ਵੀ 90 ਦਿਨਾਂ ਤੋਂ ਲੈ ਕੇ 180 ਦਿਨਾਂ ਤੱਕ ਰੁਕਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਯੂਰਪੀਅਨ ਟਰੈਵਲ ਇਨਫਰਮੇਸ਼ਨ ਐਂਡ ਆਥੋਰਾਈਜੇਸ਼ਨ ਸਿਸਟਮ (ETIAS) ਲਈ ਆਨਲਾਈਨ ਅਪਲਾਈ ਕਰਨ ਦੀ ਲੋੜ ਪਵੇਗੀ। ਮੌਜੂਦਾ ਸਮੇਂ ’ਚ ਕੈਨੇਡੀਅਨ ਨਾਗਰਿਕ ਬਿਨਾਂ ਕਿਸੇ ਯਾਤਰਾ ਪਰਮਿਟ ਜਾਂ ਵੀਜ਼ੇ ਤੋਂ ਯੂਰਪ ’ਚ ਦਾਖ਼ਲ ਹੋ ਸਕਦੇ ਹਨ ਅਤੇ ਤਿੰਨ ਮਹੀਨਿਆਂ ਤੱਕ ਉੱਥੇ ਰਹਿ ਸਕਦੇ ਹਨ। ਇੰਨਾ ਹੀ ਨਹੀਂ, ਜੇਕਰ ਉਹ 90 ਦਿਨਾਂ ਤੋਂ ਵੱਧ ਸਮੇਂ ਲਈ ਉੱਥੇ ਰੁਕਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀਜ਼ੇ ਦੀ ਲੋੜ ਪਵੇਗੀ।
ਹੁਣ ਆਉਂਦੇ ਸਾਲ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਯੂਰਪ ਜਾਣ ਤੋਂ ਪਹਿਲਾਂ ਇੱਕ ਫਾਰਮ ਭਰਨ ਦੀ ਲੋੜ ਪਵੇਗੀ, ਜਿਸ ’ਚ ਉਨ੍ਹਾਂ ਨੂੰ ਆਪਣੀ ਨਿੱਜੀ ਵੇਰਵਾ, ਯਾਤਰਾ ਦਸਤਾਵੇਜ਼ਾਂ ਦਾ ਵੇਰਵਾ, ਸਿੱਖਿਆ ਦਾ ਪੱਧਰ, ਮੌਜੂਦਾ ਪੇਸ਼ੇ ਤੋਂ ਇਲਾਵਾ ਆਪਣੇ ਅਪਰਾਧਿਕ ਰਿਕਾਰਡ ਬਾਰੇ ਪੂਰੀ ਜਾਣਕਾਰੀ ਦੇਣੀ ਪਏਗੀ।  ETIAS ਲਈ ਅਪਲਾਈ ਕਰਨ ਲਈ 10 ਕੈਨੇਡੀਅਨ ਡਾਲਰ ਫੀਸ ਦੇਣੀ ਪਏਗੀ । ਹਾਲਾਂਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਫਾਰਮ ਭਰਨ ਵੇਲੇ ਫੀਸ ਦੇ ਭੁਗਤਾਨ ਦੀ ਲੋੜ ਨਹੀਂ ਪਏਗੀ।