ਪਟਿਆਲਾ- ਪਟਿਆਲਾ-ਸਰਹਿੰਦ ਰੋਡ ‘ਤੇ ਸਵੇਰੇ ਸਵੱਖਤੇ ਹੀ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਟੱਕਰ ਦੌਰਾਨ ਕਾਰ ਮੋਟਰਸਾਈਕਲ ਸਵਾਰਾਂ ਨੂੰ ਕਾਫ਼ੀ ਦੂਰ ਤਕ ਘੜੀਸਦੀ ਹੋਈ ਲੈ ਗਈ। ਇਸ ਟੱਕਰ ਕਾਰਨ 2 ਪਿਓ ਪੁੱਤਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਟੱਕਰ ਐਨੀ ਭਿਆਨਕ ਸੀ ਕਿ ਪਿਤਾ ਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਨੂੰ ਪੁਲਿਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਪਰ ਉਹ ਵੀ ਉੱਥੇ ਪਹੁੰਚ ਕੇ ਦਮ ਤੋੜ ਗਿਆ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਮਨਜੀਤ ਸਿੰਘ (45) ਤੇ ਜਸਮੀਤ ਸਿੰਘ (15) ਵਾਸੀ ਸ਼ੇਰ-ਏ-ਪੰਜਾਬ ਮਾਰਕੀਟ ਦੇ ਤੌਰ ‘ਤੇ ਕਰਵਾਈ ਹੈ ਤੇ ਕਾਰ ਸਵਾਰ ਨੂੰ ਵੀ ਮੌਕੇ ‘ਤੇ ਕਾਬੂ ਕਰ ਲਿਆ ਹੈ।
ਮ੍ਰਿਤਕ ਦੇ ਚਚੇਰੇ ਭਰਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਦਵਾਈਆਂ ਦੀ ਦੁਕਾਨਾਂ ‘ਤੇ ਸਪਲਾਈ ਕਰਨ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਅਤੇ ਉਸ ਦਾ ਪੁੱਤਰ ਜਸਮੀਤ ਸਿੰਘ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਸਨ। ਰਾਤ ਕਾਫ਼ੀ ਹੋਣ ਕਾਰਨ ਉਹ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹੀ ਠਹਿਰ ਗਏ। ਇਥੋਂ ਹੀ ਉਹ ਸਵੇਰੇ ਇਕ ਹੋਰ ਵਿਅਕਤੀ ਨੂੰ ਸਰਹਿੰਦ ਰੋਡ ਵਿਖੇ ਉਸ ਦੇ ਘਰ ਛੱਡਣ ਗਏ ਸਨ। ਇਸ ਤੋਂ ਬਾਅਦ ਉਹ 6 ਵੱਜੇ ਉਥੋਂ ਵਾਪਸ ਆ ਰਹੇ ਸਨ ਤਾਂ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸ ਦੇ ਭਰਾ ਮਨਜੀਤ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਭਤੀਜੇ ਜਸਮੀਤ ਸਿੰਘ ਦੀ ਐਬੂਲੈਂਸ ‘ਚ ਹਸਪਤਾਲ ਲਿਜਾਉਣ ਵੇਲੇ ਰਾਹ ‘ਚ ਮੌਤ ਹੋ ਗਈ। ਉਨ੍ਹਾਂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਸ ਦਾ ਭਰਾ ਇਕੱਲਾ ਹੀ ਘਰ ਵਿਚ ਕਮਾਉਣ ਵਾਲਾ ਸੀ ਤੇ ਉਸ ਦਾ ਭਤੀਜਾ ਘਰ ਦਾ ਇੱਕਲੌਤਾ ਚਿਰਾਗ ਸੀ। ਉਨ੍ਹਾਂ ਦੇ ਜਾਣ ਪਿੱਛੋਂ ਘਰ ਵਿਚ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਉਸ ਦੀ ਪਤਨੀ ਤੇ 17 ਸਾਲਾ ਦੀ ਧੀ ਰਹਿ ਗਈ ਹੈ। ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਾਰ ਚਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਦਿਲਾਇਆ ਜਾਵੇ।
ਥਾਣਾ ਤ੍ਰਿਪੜੀ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਵਲੋਂ ਕਾਰ ਚਾਲਕ ਪਰਵਦੀਪ ਸਿੰਘ ਵਾਸੀ ਮਾਡਲ ਟਾਊਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ ਜਿਸ ਦੇ ਖਿਲਾਫ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।