ਅੰਮ੍ਰਿਤਸਰ : ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਹਾਜ਼ਰ ਸਨ।
ਇਸ ਦੌਰਾਨ ਉਨ੍ਹਾਂ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਉੱਥੇ ਹੀ ਚਲ ਰਹੀ ਇਲਾਹੀ ਬਾਣੀ ਦੇ ਰਸ ਭਿੰਨੇ ਕੀਰਤਨ ਦਾ ਆਨੰਦ ਵੀ ਮਾਣਿਆ। ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਰ ਵਿਖੇ ਵੀ ਨਤਮਸਤਕ ਹੋਏ। ਉਨ੍ਹਾਂ ਵਲੋਂ ਭਗਵਾਨ ਵਾਲਮੀਕੀ ਰਾਮ ਤੀਰਥ ਸਥਲ ਵਿਖੇ ਵੀ ਮੱਥਾ ਟੇਕਿਆ ਗਿਆ ਅਤੇ ਉਹ ਜਲ੍ਹਿਆਂਵਾਲਾ ਬਾਗ ਵੀ ਗਏ।
ਮੁੱਖ ਮੰਤਰੀ ਖਟਕੜ ਕਲਾਂ ਵੀ ਜਾਣਗੇ
ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਚਰਨਜੀਤ ਸਿੰਘ ਚੰਨੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ‘ਤੇ ਸਿਜਦਾ ਕਰਨ ਲਈ ਅੱਜ ਖਟਕੜ ਕਲਾਂ ਵੀ ਜਾਣਗੇ। ਇਹ ਜਾਣਕਾਰੀ ਹਲਕਾ ਇੰਚਾਰਜ ਸਤਬੀਰ ਸਿੰਘ ਪੱਲੀ ਝਿੱਕੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਖਟਕੜ ਕਲਾਂ ਵਿਖੇ 2 ਵਜੇ ਆ ਰਹੇ ਹਨ। ਉਹ ਸ਼ਹੀਦਾਂ ਦੇ ਸਮਾਰਕ ‘ਤੇ ਫੁੱਲ ਮਾਲਾਵਾਂ ਭੇਟ ਕਰਨਗੇ।
ਟੀਵੀ ਪੰਜਾਬ ਬਿਊਰੋ