ਡਰੋਨ ਰਾਹੀਂ ਪਾਕਿਸਤਾਨ ‘ਚ ਬੈਠਾ ਰਿੰਦਾ ਭਾਰਤ ‘ਚ ਭੇਜ ਰਿਹਾ ਹਥਿਆਰ

ਤਰਨਤਾਰਨ – ਹਰਿਆਣਾ, ਪੰਜਾਬ, ਚੰਡੀਗਡ਼੍ਹ ਤੇ ਮਹਾਰਾਸ਼ਟਰ ਪੁਲਿਸ ਦਾ ਵਾਂਟੇਡ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨੈੱਟਵਰਕ ਪਾਕਿਸਤਾਨ ਤੋਂ ਅਮਰੀਕਾ ਤਕ ਫੈਲਿਆ ਹੈ। ਅਮਰੀਕਾ ’ਚ ਰਹਿ ਰਹੇ ਵਰਿੰਦਰ ਤੇ ਦਮਨਜੋਤ ਜ਼ਰੀਏ ਹੀ ਵਿਦੇਸ਼ੀ ਪਿਸਤੌਲ ਦੀ ਤਸਕਰੀ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਭਾਰਤ ’ਚ ਹੋਈ ਹੈ। ਇਕ ਪਿਸਤੌਲ ਦੀ ਕੀਮਤ ਕਰੀਬ ਸੱਤ ਤੋਂ ਅੱਠ ਲੱਖ ਰੁਪਏ ਦੱਸੀ ਜਾ ਰਹੀ ਹੈ। ਹੁਣ ਤਕ ਰਿੰਦਾ ਦਾ ਨਾਂ ਭਾਰਤ ’ਚ ਆਰਡੀਐੱਕਸ ਦੀ ਤਸਕਰੀ ’ਚ ਹੀ ਸਾਹਮਣੇ ਆਇਆ ਸੀ। ਹੁਣ ਵਿਦੇਸ਼ੀ ਪਿਸਤੌਲ ਦੀ ਤਸਕਰੀ ਵੀ ਰਿੰਦਾ ਕਰ ਰਿਹਾ ਹੈ। ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਹਰਿਆਣੇ ਨੇ ਰਿੰਦਾ ਦਾ ਨੈੱਟਵਰਕ ਭਾਰਤ ਹੀ ਨਹੀਂ, ਹੋਰ ਕਿਸ ਦੇਸ਼ ’ਚ ਫੈਲਿਆ ਹੈ, ਇਸ ਨੂੰ ਤੋੜਨ ਲਈ ਯੋਜਨਾ ਬਣਾ ਲਈ ਹੈ। ਹੁਣ ਤਕ ਆਰਡੀਐੱਕਸ ਦੇ ਮਾਮਲੇ ’ਚ ਜੋ ਵੀ ਫੜਿਆ ਗਿਆ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਰਿੰਦਾ ਦਾ ਨੈੱਟਵਰਕ ਕਿੱਥੇ-ਕਿੱਥੇ ਤਕ ਫੈਲਿਆ ਹੈ।

ਲਾਰੈਂਸ ਬਿਸ਼ਨੋਈ ਗੈਂਗ ਦੇ ਇਨਾਮੀ ਗੈਂਗਸਟਰ ਮੁਕੇਸ਼ ਨੂੰ ਲੈ ਕੇ ਐੱਸਟੀਐੱਫ ਤਰਨਤਾਰਨ ਗਈ ਹੈ ਤੇ ਡ੍ਰੋਨ ਜ਼ਰੀਏ ਕਿੱਥੇ ਤਸਕਰੀ ਹੋਈ ਹੈ, ਉਸ ਦੀ ਨਿਸ਼ਾਨਦੇਹੀ ਕਰਵਾ ਰਹੀ ਹੈ। ਇਸ ਕੜੀ ’ਚ ਹੋਰ ਕੌਣ-ਕੌਣ ਸ਼ਾਮਲ ਹਨ, ਇਸ ਬਾਰੇ ਵੀ ਮੁਕੇਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ 10 ਅਕਤੂਬਰ ਤਕ ਰਿਮਾਂਡ ’ਤੇ ਹੈ। ਮੁਕੇਸ਼ ਖ਼ਿਲਾਫ਼ ਹਰਿਆਣੇ ਤੇ ਪੰਜਾਬ ’ਚ ਸੱਤ ਤੋਂ ਅੱਠ ਮੁਕੱਦਮੇ ਦਰਜ ਹਨ। ਇਸ ਦਾ ਰਿਕਾਰਡ ਖੰਗਾਲਣ ’ਤੇ ਪਤਾ ਲੱਗਾ ਕਿ ਇਹ ਮਾਮਲੇ ਫਿਰੌਤੀ ਮੰਗਣ ਤੇ ਹੱਤਿਆ ਦੀ ਕੋਸ਼ਿਸ਼ ਦੇ ਹਨ।

ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਉਰਫ ਰਿੰਦਾ ’ਤੇ 31 ਮੁਕੱਦਮੇ ਦਰਜ ਹਨ ਜਿਸ ਦਾ ਨਾਂ ਹਾਲ ਹੀ ’ਚ ਹਰਿਆਣੇ ’ਚ ਅੰਬਾਲਾ, ਸ਼ਾਹਬਾਦ, ਕਰਨਾਲ ਤੇ ਕੈਥਲ ’ਚ ਆਰਡੀਐੱਕਸ ਦੀ ਤਸਕਰੀ ’ਚ ਸਾਹਮਣੇ ਆ ਚੁੱਕਾ ਹੈ। ਰਿੰਦਾ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਹੱਥਾਂ ’ਚ ਖੇਡ ਚੁੱਕਾ ਹੈ। ਉਹ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਾਅਦ ’ਚ ਨਾਂਦੇੜ ਸਾਹਿਬ ਚਲਾ ਗਿਆ ਸੀ। ਐੱਸਟੀਐੱਫ ਨੇ ਰਿੰਦਾ ’ਤੇ ਦਰਜ ਮੁਕੱਦਮਿਆਂ ਦਾ ਵੇਰਵਾ ਲੈ ਲਿਆ ਹੈ।