● On air now · ਟੀਵੀ ਪੰਜਾਬ

Punjabi News · Since 2013

TOP News

  • Woman may never walk again after West Saanich Road crash: brother – Times Colonist
  • Toronto woman receives $40,000 bill from city after being injured by getaway driver – CTV News
  • Premier Says Province May Have to Consider Ending Twice-Yearly Time Change – VOCM
  • Canadians on permanent daylight time may face health risks, experts warn – CTV News
  • 'We've had enough': Condo owners rally at Queen's Park to call for change in how condo boards operate – CBC
  • 'You can't just get out': How 2 boys were recruited into the drug trade at the age of 12 – CBC
  • 'It's not me.' Accused sex predator disputes DNA link to Ontario crime scenes – CBC
  • ‘Bravest person I know’: Father’s pride as school shooting victim leaves hospital after 262 days – CNN
  • Carney, top EU official push Canada associate membership and wider alliance against Trump threats – AP News
  • ‘Almost $2 million for 1 person?’ Calgary councillors slam ‘outrageous’ independent water review panel compensation – CTV News
  • Quebec premier’s boycott of Canada-EU summit turns heads – Global News
  • Man sentenced in 2023 terrorist attack on Surrey bus – CTV News
  • Mysterious barrel marked ‘U.S. Army’ found in Quebec could contain dangerous neurotoxin – CTV News
  • Assembly of First Nations chief's comments on Métis identity 'racist': federation president – CBC
  • Woman may never walk again after West Saanich Road crash: brother – Times Colonist
  • Toronto woman receives $40,000 bill from city after being injured by getaway driver – CTV News
  • Premier Says Province May Have to Consider Ending Twice-Yearly Time Change – VOCM
  • Canadians on permanent daylight time may face health risks, experts warn – CTV News
  • 'We've had enough': Condo owners rally at Queen's Park to call for change in how condo boards operate – CBC
  • 'You can't just get out': How 2 boys were recruited into the drug trade at the age of 12 – CBC
  • 'It's not me.' Accused sex predator disputes DNA link to Ontario crime scenes – CBC
  • ‘Bravest person I know’: Father’s pride as school shooting victim leaves hospital after 262 days – CNN
  • Carney, top EU official push Canada associate membership and wider alliance against Trump threats – AP News
  • ‘Almost $2 million for 1 person?’ Calgary councillors slam ‘outrageous’ independent water review panel compensation – CTV News
  • Quebec premier’s boycott of Canada-EU summit turns heads – Global News
  • Man sentenced in 2023 terrorist attack on Surrey bus – CTV News
  • Mysterious barrel marked ‘U.S. Army’ found in Quebec could contain dangerous neurotoxin – CTV News
  • Assembly of First Nations chief's comments on Métis identity 'racist': federation president – CBC

ਵੈਨਕੂਵਰ ਦੇ ਕਾਲਜ ‘ਚ ਗੁੰਡਾਗਰਦੀ! ਪੁਲਿਸ ਅਫਸਰਾਂ ‘ਤੇ ਦੋਸ਼! Canada News Bulletin


VANCOUVER: ਕੋਮੋਕਸ ਵੈਲੀ ਪੁਲਿਸ ਅਨੁਸਾਰ ‘ਨੌਰਥ ਆਈਲੈਂਡ ਕਾਲਜ’ ਦੇ ਹੋਸਟਲ ਵਿੱਚ ਹੋਏ ਚਾਕੂਬਾਜ਼ੀ ਦੇ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਖਤਰਨਾਕ ਹਮਲੇ ਦੇ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਬਰਨਬੀ ਦੇ ਰਹਿਣ ਵਾਲੇ 21 ਸਾਲਾ ਜੂਲੀਅਨ ਨੇਥਨ ਸਮਿਥ ਦੀ ਪਛਾਣ ਇਸ ਹਮਲੇ ਦੇ ਮੁਲਜ਼ਮ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਸ ਹਿੰਸਕ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਇਹ ਸਖ਼ਤ ਧਾਰਾਵਾਂ ਲਗਾਈਆਂ ਗਈਆਂ ਹਨ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਸਮਿਥ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਘਟਨਾ 16 ਸਤੰਬਰ ਦੀ ਰਾਤ ਨੂੰ ਲਗਭਗ 1 ਵਜੇ ਦੇ ਕਰੀਬ ਕਾਲਜ ਦੇ ਸਟੂਡੈਂਟ ਹੋਸਟਲ ਵਿੱਚ ਵਾਪਰੀ। ਕੋਮੋਕਸ ਵੈਲੀ ਪੁਲਿਸ ਦੀ ਅਧਿਕਾਰੀ ਮੋਨਿਕਾ ਟੇਰਾਗਨੀ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਤੁਰੰਤ ਦੋ ਪੀੜਤਾਂ ਦੀ ਮਦਦ ਕੀਤੀ ਅਤੇ ਜਲਦ ਹੀ ਮੁਲਜ਼ਮ ਨੂੰ ਘਟਨਾ ਸਥਾਨ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਠੀਕ ਹੋਣ ਦੀ ਉਮੀਦ ਹੈ। ਪੁਲਿਸ ਦੀਆਂ ਵਿਸ਼ੇਸ਼ ਜਾਂਚ ਟੀਮਾਂ ਅਤੇ ਫੋਰੈਂਸਿਕ ਮਾਹਰਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲਿਸ ਅਨੁਸਾਰ ਇਹ ਇੱਕ ਵੱਖਰੀ ਘਟਨਾ ਲੱਗਦੀ ਹੈ ਅਤੇ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਦੋਸ਼ ਆਇਦ ਕਰ ਦਿੱਤੇ ਗਏ ਹਨ, ਪਰ ਜਾਂਚਕਰਤਾ ਅਜੇ ਵੀ ਘਟਨਾ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਮਲਾ ਕਿਸ ਵਜ੍ਹਾ ਕਰਕੇ ਹੋਇਆ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਕੋਮੋਕਸ ਵੈਲੀ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਮਾਮਲਾ ਅਦਾਲਤ ਵਿੱਚ ਹੋਣ ਕਰਕੇ ਪੁਲਿਸ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਹਨ।

ਵੀਰਵਾਰ ਸਵੇਰੇ ਨੈੱਟਵਰਕ ਵਿੱਚ ਆਈ ਇੱਕ ਤਕਨੀਕੀ ਖਰਾਬੀ ਕਾਰਨ ਕੈਨੇਡਾ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ 911 ਐਮਰਜੈਂਸੀ ਨੰਬਰ ‘ਤੇ ਕਾਲ ਕਰਨ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਬੈੱਲ ਕੈਨੇਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ‘ਨੈਕਸਟ-ਜਨਰੇਸ਼ਨ 911 ਨੈੱਟਵਰਕ’ ਵਿੱਚ ਸਵੇਰੇ ਲਗਭਗ 3:13 ਵਜੇ ਖਰਾਬੀ ਦਰਜ ਕੀਤੀ ਗਈ ਸੀ। ਇਸ ਸਮੱਸਿਆ ਦੇ ਸਾਹਮਣੇ ਆਉਂਦੇ ਹੀ ਕਈ ਪੁਲਿਸ ਵਿਭਾਗਾਂ ਨੇ ਤੁਰੰਤ ਚੇਤਾਵਨੀ ਅਤੇ ਨਿਰਦੇਸ਼ ਜਾਰੀ ਕੀਤੇ। ਬੁਲਾਰੇ ਅਨੁਸਾਰ, ਸਵੇਰੇ 4:40 ਵਜੇ ਤੱਕ ਇਸ ਸਮੱਸਿਆ ਨੂੰ ਠੀਕ ਕਰਕੇ ਸੇਵਾਵਾਂ ਦੋਬਾਰਾ ਚਾਲੂ ਕਰ ਦਿੱਤੀਆਂ ਗਈਆਂ ਸਨ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੋਂ ਇਲਾਵਾ ਟੋਰਾਂਟੋ, ਯੌਰਕ, ਪੀਲ, ਡਰਹਮ, ਕਿੰਗਸਟਨ ਅਤੇ ਨਿਆਗਰਾ ਖੇਤਰਾਂ ਦੀ ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ 911 ਦੀ ਬਜਾਏ ਗੈਰ-ਐਮਰਜੈਂਸੀ ਨੰਬਰਾਂ ‘ਤੇ ਸੰਪਰਕ ਕੀਤਾ ਜਾਵੇ, ਕਿਉਂਕਿ ਉਹ ਲਾਈਨਾਂ ਚਾਲੂ ਸਨ। ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਕਿਊਬੈਕ ਅਤੇ ਮੈਨੀਟੋਬਾ ਦੀ ਪੁਲਿਸ ਨੇ ਵੀ ਆਪਣੇ ਇਲਾਕਿਆਂ ਵਿੱਚ 911 ਸੇਵਾ ਵਿੱਚ ਸਮੱਸਿਆ ਆਉਣ ਦੀ ਪੁਸ਼ਟੀ ਕੀਤੀ। ਬੈੱਲ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜਦੋਂ ਤਕਨੀਸ਼ੀਅਨ ਇਸ ਖਰਾਬੀ ਦਾ ਪਤਾ ਲਗਾ ਰਹੇ ਸਨ, ਉਦੋਂ ਤੱਕ ਐਮਰਜੈਂਸੀ ਕਾਲਾਂ ਨੂੰ ਚਾਲੂ ਰੱਖਣ ਲਈ ਬੈਕਅੱਪ ਸਿਸਟਮ ਦੀ ਵਰਤੋਂ ਕੀਤੀ ਗਈ ਸੀ। ਨੈੱਟਵਰਕ ਵਿੱਚ ਇਹ ਖਰਾਬੀ ਕਿਸ ਵਜ੍ਹਾ ਕਰਕੇ ਆਈ, ਇਸ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ। ਬੈੱਲ ਦੀ ਵੈੱਬਸਾਈਟ ਅਨੁਸਾਰ, ਉਨ੍ਹਾਂ ਦਾ ਇਹ ਨਵਾਂ ‘ਨੈਕਸਟ-ਜਨਰੇਸ਼ਨ ਸਿਸਟਮ’ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਤੱਕ ਸਿੱਧੇ ਮੈਸੇਜ, ਫੋਟੋਆਂ ਅਤੇ ਵੀਡੀਓਜ਼ ਭੇਜਣ ਦੀ ਸਹੂਲਤ ਦਿੰਦਾ ਹੈ। ਬੈੱਲ ਕੰਪਨੀ ਮੈਨੀਟੋਬਾ, ਓਨਟਾਰੀਓ, ਕਿਊਬੈਕ ਅਤੇ ਮੈਰੀਟਾਈਮਜ਼ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਲਈ ਟੈਲੀਫੋਨ ਸੇਵਾਵਾਂ ਪ੍ਰਦਾਨ ਕਰਦੀ ਹੈ।

ਮੈਨੀਟੋਬਾ ਸੂਬਾ ਹੁਣ ਪੱਕੇ ਤੌਰ ‘ਤੇ ‘ਡੇਅਲਾਈਟ ਸੇਵਿੰਗ ਟਾਈਮ’ ‘ਤੇ ਹੀ ਰਹੇਗਾ। ਇਸ ਨਾਲ ਮੈਨੀਟੋਬਾ ਵੀ ਸਸਕੈਚਵਨ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਯੂਕੋਨ ਵਰਗੇ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਸਾਲ ਵਿੱਚ ਦੋ ਵਾਰ ਘੜੀਆਂ ਦੇ ਸਮੇਂ ਨੂੰ ਬਦਲਣ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ 1 ਨਵੰਬਰ ਤੋਂ ਘੜੀਆਂ ਨੂੰ ਪੁਰਾਣੇ ਸਮੇਂ ‘ਤੇ ਵਾਪਸ ਨਹੀਂ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਂ ਬਦਲਣ ਦੇ ਦਿਨ ਹੁਣ ਖਤਮ ਹੋ ਚੁੱਕੇ ਹਨ। ਇਹ ਫੈਸਲਾ ਮਈ ਮਹੀਨੇ ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਲੋਕਾਂ ਤੋਂ ਉਨ੍ਹਾਂ ਦੀ ਪਸੰਦ ਪੁੱਛੀ ਗਈ ਸੀ। ਸਰਵੇਖਣ ਵਿੱਚ 92 ਪ੍ਰਤੀਸ਼ਤ ਲੋਕਾਂ ਨੇ ਵਾਰ-ਵਾਰ ਸਮਾਂ ਬਦਲਣ ਦੀ ਬਜਾਏ ਇੱਕ ਪੱਕਾ ਸਮਾਂ ਰੱਖਣ ਦੀ ਹਮਾਇਤ ਕੀਤੀ। ਇਸ ਵਿੱਚੋਂ 58 ਪ੍ਰਤੀਸ਼ਤ ਲੋਕਾਂ ਨੇ ਪੱਕੇ ਤੌਰ ‘ਤੇ ‘ਡੇਅਲਾਈਟ ਸੇਵਿੰਗ ਟਾਈਮ’ ਨਾਲ ਜਾਣ ਦੇ ਪੱਖ ਵਿੱਚ ਵੋਟ ਪਾਈ, ਜਦਕਿ 34 ਪ੍ਰਤੀਸ਼ਤ ਲੋਕਾਂ ਨੇ ‘ਸਟੈਂਡਰਡ ਟਾਈਮ’ ਦੀ ਚੋਣ ਕੀਤੀ। ਡਾਕਟਰੀ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸਾਲ ਵਿੱਚ ਦੋ ਵਾਰ ਸਮਾਂ ਬਦਲਣ ਨਾਲ ਸਰੀਰ ਦੇ ਸਲੀਪ ਸਾਈਕਲ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਹਾਦਸਿਆਂ ਦਾ ਖਤਰਾ ਵਧਦਾ ਹੈ ਅਤੇ ਮਾਨਸਿਕ ਤੇ ਸਰੀਰਕ ਸਿਹਤ ‘ਤੇ ਵੀ ਅਸਰ ਪੈਂਦਾ ਹੈ। ਯੂਨੀਵਰਸਿਟੀ ਆਫ਼ ਮੈਨੀਟੋਬਾ ਦੀ ਨਰਸਿੰਗ ਪ੍ਰੋਫੈਸਰ ਡਾਇਨਾ ਮੈਕਮਿਲਨ ਨੇ ਕਿਹਾ ਕਿ ਸਮਾਂ ਨਾ ਬਦਲਣਾ ਇੱਕ ਚੰਗਾ ਕਦਮ ਹੈ, ਪਰ ਸਰਦੀਆਂ ਵਿੱਚ ਸਵੇਰ ਦੀ ਧੁੱਪ ਦੇਰ ਨਾਲ ਮਿਲਣ ਕਰਕੇ ਲੋਕਾਂ ਨੂੰ ਆਪਣੀ ਸਿਹਤ ਅਤੇ ਨੀਂਦ ਦਾ ਧਿਆਨ ਰੱਖਣਾ ਪਵੇਗਾ। ਨਵੇਂ ਸਮੇਂ ਦੇ ਹਿਸਾਬ ਨਾਲ, 21 ਦਸੰਬਰ ਨੂੰ ਵਿਨੀਪੈਗ ਵਿੱਚ ਸੂਰਜ ਸਵੇਰੇ 9:24 ਵਜੇ ਚੜ੍ਹੇਗਾ ਅਤੇ ਸ਼ਾਮ 5:30 ਵਜੇ ਛਿਪੇਗਾ। ਹੁਣ ਸਾਰੇ ਪੱਛਮੀ ਸੂਬਿਆਂ ਵਿੱਚ ਸਮਾਂ ਬਦਲਣ ਦੀ ਪ੍ਰਥਾ ਖਤਮ ਹੋਣ ਨਾਲ, ਮੈਨੀਟੋਬਾ ਪੂਰਾ ਸਾਲ ਸਸਕੈਚਵਨ ਅਤੇ ਅਲਬਰਟਾ ਤੋਂ ਇੱਕ ਘੰਟਾ ਅੱਗੇ ਰਹੇਗਾ। ਗਰਮੀਆਂ ਵਿੱਚ ਓਨਟਾਰੀਓ ਅਤੇ ਕਿਊਬੈਕ ਮੈਨੀਟੋਬਾ ਤੋਂ ਇੱਕ ਘੰਟਾ ਅੱਗੇ ਹੋਣਗੇ, ਪਰ ਨਵੰਬਰ ਵਿੱਚ ਜਦੋਂ ਉਹ ਆਪਣੀ ਘੜੀ ਪਿੱਛੇ ਕਰਨਗੇ, ਤਾਂ ਇਹਨਾਂ ਤਿੰਨਾਂ ਸੂਬਿਆਂ ਦਾ ਸਮਾਂ ਇੱਕੋ ਜਿਹਾ ਹੋ ਜਾਵੇਗਾ।

ਦੇਸ਼ ਵਿੱਚ ਡੀਜ਼ਲ ਦੀਆਂ ਕੀਮਤਾਂ $2.751 ਪ੍ਰਤੀ ਲੀਟਰ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਸਿਰਫ਼ ਡੀਜ਼ਲ ਵਾਲੀਆਂ ਗੱਡੀਆਂ ਚਲਾਉਣ ਵਾਲਿਆਂ ‘ਤੇ ਹੀ ਨਹੀਂ, ਸਗੋਂ ਹਰ ਆਮ ਨਾਗਰਿਕ ਦੀ ਜੇਬ ‘ਤੇ ਪਵੇਗਾ। ਦੇਸ਼ ਵਿੱਚ ਖਾਣ-ਪੀਣ ਦੀਆਂ ਚੀਜ਼ਾਂ, ਕੱਪੜੇ, ਫਰਨੀਚਰ ਅਤੇ ਇਲੈਕਟ੍ਰਾਨਿਕਸ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਟਰੱਕਾਂ ਅਤੇ ਰੇਲਗੱਡੀਆਂ ਦੀ ਵਰਤੋਂ ਹੁੰਦੀ ਹੈ, ਜੋ ਡੀਜ਼ਲ ਨਾਲ ਚੱਲਦੀਆਂ ਹਨ। ਜਦੋਂ ਡੀਜ਼ਲ ਮਹਿੰਗਾ ਹੁੰਦਾ ਹੈ, ਤਾਂ ਸਮਾਨ ਦੀ ਢੋਆ-ਢੁਆਈ ਦਾ ਖਰਚਾ ਵਧ ਜਾਂਦਾ ਹੈ। ‘ਕੈਨੇਡੀਅਨਜ਼ ਫੌਰ ਅਫੋਰਡੇਬਲ ਐਨਰਜੀ’ ਦੇ ਮੁਖੀ ਡੈਨ ਮੈਕਟੀਗ ਅਨੁਸਾਰ, ਕੰਪਨੀਆਂ ਵਧੇ ਹੋਏ ਟ੍ਰਾਂਸਪੋਰਟ ਖਰਚਿਆਂ ਦਾ ਬੋਝ ਗਾਹਕਾਂ ‘ਤੇ ਪਾ ਰਹੀਆਂ ਹਨ। ਇਸ ਨਾਲ ਆਉਣ ਵਾਲੇ 30 ਤੋਂ 60 ਦਿਨਾਂ ਵਿੱਚ ਮਹਿੰਗਾਈ ਹੋਰ ਵਧੇਗੀ ਅਤੇ ਰਹਿਣ-ਸਹਿਣ ਦਾ ਖਰਚਾ ਵਧ ਜਾਵੇਗਾ। ਦੁਨੀਆ ਭਰ ਵਿੱਚ ਡੀਜ਼ਲ ਮਹਿੰਗਾ ਹੋਣ ਦੇ ਦੋ ਮੁੱਖ ਕਾਰਨ ਹਨ। ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਡੀਜ਼ਲ ਦੀ ਭਾਰੀ ਕਮੀ। ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਹਮਲਿਆਂ ਕਾਰਨ ਕੱਚਾ ਤੇਲ $100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਯੂਕ੍ਰੇਨ ਵੱਲੋਂ ਰੂਸ ਦੀਆਂ ਰਿਫਾਇਨਰੀਆਂ ‘ਤੇ ਕੀਤੇ ਹਮਲਿਆਂ ਅਤੇ ਰੂਸੀ ਬਾਲਣ ‘ਤੇ ਲੱਗੀਆਂ ਰੋਕਾਂ ਕਾਰਨ ਵਿਸ਼ਵ ਪੱਧਰ ‘ਤੇ ਡੀਜ਼ਲ ਦੀ ਸਪਲਾਈ ਬਹੁਤ ਘੱਟ ਗਈ ਹੈ। ਕੱਚੇ ਤੇਲ ਨੂੰ ਡੀਜ਼ਲ ਵਿੱਚ ਬਦਲਣ ਦਾ ਖਰਚਾ ਵੀ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਕਾਰਨ ਖੇਤੀਬਾੜੀ, ਨਿਰਮਾਣ ਅਤੇ ਹੋਰ ਸਾਰੇ ਕਾਰੋਬਾਰਾਂ ਦੀ ਲਾਗਤ ਵਧ ਰਹੀ ਹੈ। ਅਲਬਰਟਾ ਪੈਟਰੋਲੀਅਮ ਮਾਰਕੀਟਿੰਗ ਕਮਿਸ਼ਨ ਦੇ ਸਾਬਕਾ ਸੀ.ਈ.ਓ. ਰਿਚਰਡ ਮੈਸਨ ਅਨੁਸਾਰ, ਇਸ ਸਮੱਸਿਆ ਦਾ ਜਲਦੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਦੁਨੀਆ ਦੇ ਕਈ ਹਿੱਸਿਆਂ ਵਿੱਚ ਰਿਫਾਇਨਰੀਆਂ ਨੂੰ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਨੂੰ ਠੀਕ ਕਰਨ ਵਿੱਚ ਮਹੀਨੇ ਲੱਗਣਗੇ। ਹਾਲਾਂਕਿ ਕੈਨੇਡਾ ਕੋਲ ਆਪਣੀਆਂ ਰਿਫਾਇਨਰੀਆਂ ਹਨ, ਪਰ ਵਿਸ਼ਵ ਪੱਧਰ ‘ਤੇ ਸਪਲਾਈ ਘੱਟਣ ਕਰਕੇ ਇੱਥੇ ਵੀ ਕੀਮਤਾਂ ਵਧ ਰਹੀਆਂ ਹਨ। ਮੈਸਨ ਨੇ ਕਿਹਾ ਕਿ ਜੇਕਰ ਇਹ ਕੁਝ ਦਿਨਾਂ ਦੀ ਸਮੱਸਿਆ ਹੁੰਦੀ ਤਾਂ ਕੰਪਨੀਆਂ ਖੁਦ ਖਰਚਾ ਚੁੱਕ ਲੈਂਦੀਆਂ, ਪਰ ਹੁਣ ਇਹ ਸਮੱਸਿਆ ਲੰਬੀ ਚੱਲਣ ਦੀ ਉਮੀਦ ਹੈ। ਇਸ ਲਈ ਕਾਰੋਬਾਰੀ ਨੁਕਸਾਨ ਤੋਂ ਬਚਣ ਲਈ ਵਧੇ ਹੋਏ ਖਰਚੇ ਦਾ ਬੋਝ ਗਾਹਕਾਂ ‘ਤੇ ਪਾਉਣ ਲਈ ਮਜਬੂਰ ਹਨ।

ਪ੍ਰੋਜੈਕਟ ਸਾਊਥ ਜਾਂਚ ਨਾਲ ਜੁੜੇ ਨਵੇਂ ਅਦਾਲਤੀ ਦਸਤਾਵੇਜ਼ ਜਨਤਕ ਕੀਤੇ ਗਏ ਹਨ। ਇਹ ਦਸਤਾਵੇਜ਼ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਪੁਲਿਸ ਅਫ਼ਸਰਾਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ‘ਤੇ ਹੋਰ ਚਾਨਣਾ ਪਾਉਂਦੇ ਹਨ। ਯੌਰਕ ਰੀਜਨਲ ਪੁਲਿਸ ਵੱਲੋਂ 2025 ਦੀਆਂ ਗਰਮੀਆਂ ਵਿੱਚ ਸ਼ੁਰੂ ਕੀਤੀ ਗਈ ਇਸ ਜਾਂਚ ਤੋਂ ਬਾਅਦ ਟੋਰਾਂਟੋ ਪੁਲਿਸ ਦੇ 7 ਮੌਜੂਦਾ ਅਫ਼ਸਰ, ਪੀਲ ਰੀਜਨਲ ਪੁਲਿਸ ਦੇ 2 ਮੌਜੂਦਾ ਅਫ਼ਸਰ ਅਤੇ 1 ਸੇਵਾਮੁਕਤ ਅਫ਼ਸਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 12 ਤੋਂ ਵੱਧ ਹੋਰ ਲੋਕਾਂ ‘ਤੇ ਵੀ ਕਤਲ ਦੀ ਸਾਜ਼ਿਸ਼, ਨਸ਼ਾ ਤਸਕਰੀ, ਰਿਸ਼ਵਤਖੋਰੀ ਅਤੇ ਧਮਕਾ ਕੇ ਵਸੂਲੀ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਨਵੇ ਖੁਲਾਸੇ ਅਦਾਲਤ ਵੱਲੋਂ ਖੋਲ੍ਹੇ ਗਏ ‘ਇਨਫਾਰਮੇਸ਼ਨ-ਟੂ-ਓਬਟੇਨ’ ਨਾਮਕ ਦਸਤਾਵੇਜ਼ ਤੋਂ ਹੋਏ ਹਨ। ਇਹ ਦਸਤਾਵੇਜ਼ ਜਾਂਚਕਰਤਾਵਾਂ ਵੱਲੋਂ ਤਲਾਸ਼ੀ ਦੇ ਵਾਰੰਟ ਲੈਣ ਲਈ ਅਦਾਲਤ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ। ਕਈ ਮੀਡੀਆ ਅਦਾਰਿਆਂ ਨੇ ਇਸ ਦਸਤਾਵੇਜ਼ ‘ਤੇ ਲੱਗੀ ਰੋਕ ਹਟਾਉਣ ਲਈ ਕਾਨੂੰਨੀ ਲੜਾਈ ਲੜੀ ਸੀ। ਸੁਪੀਰੀਅਰ ਕੋਰਟ ਦੀ ਜੱਜ ਲੌਰਾ ਬਰਡ ਨੇ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਦੇ ਵੇਰਵੇ ਜਨਤਕ ਕਰਨ ਦੀ ਇਜਾਜ਼ਤ ਦਿੱਤੀ ਹੈ। 274 ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਲਗਾਏ ਗਏ ਦੋਸ਼ਾਂ ਦੀ ਅਜੇ ਅਦਾਲਤ ਵਿੱਚ ਪਰਖ ਹੋਣੀ ਬਾਕੀ ਹੈ। ਜੱਜ ਬਰਡ ਨੇ ਅਨੁਸਾਰ  ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪੁਲਿਸ ਨੂੰ ਇਸ ਵੱਡੇ ਭ੍ਰਿਸ਼ਟਾਚਾਰ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਇੱਕ ਜੇਲ੍ਹ ਅਫ਼ਸਰ ਦੇ ਕਤਲ ਦੀ ਸਾਜ਼ਿਸ਼ ਦੀ ਜਾਂਚ ਕਰ ਰਹੇ ਸਨ। 18 ਜੂਨ 2025 ਨੂੰ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਦੇ ਇੱਕ ਸੀਨੀਅਰ ਜੇਲ੍ਹ ਅਫ਼ਸਰ ਦੇ ਘਰ ਇੱਕ ਹਥਿਆਰਬੰਦ ਵਿਅਕਤੀ ਆਇਆ। ਅਫ਼ਸਰ ਘਰ ਨਹੀਂ ਸੀ, ਪਰ ਉਸ ਦੇ ਦਾਦਾ ਜੀ ਨਾਲ ਬਹਿਸ ਤੋਂ ਬਾਅਦ ਹਮਲਾਵਰ ਭੱਜ ਗਿਆ। ਮੰਨਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਇੱਕ ਕੈਦੀ ਨਾਲ ਕੀਤੇ ਗਏ ਵਿਵਹਾਰ ਦੇ ਬਦਲੇ ਇਹ ਹਮਲਾ ਕਰਵਾਇਆ ਗਿਆ ਸੀ। ਇਸ ਜਾਂਚ ਦੌਰਾਨ ਪਤਾ ਲੱਗਿਆ ਕਿ ਟੋਰਾਂਟੋ ਪੁਲਿਸ ਦੇ ਕਾਂਸਟੇਬਲ ਟਿਮੋਥੀ ਬਾਰਨਹਾਰਟ ਨੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਜੇਲ੍ਹ ਅਫ਼ਸਰ ਦੀ ਗੱਡੀ ਦੀ ਤਲਾਸ਼ੀ ਲਈ ਸੀ। ਇਸ ਤੋਂ ਬਾਅਦ ਮਹੀਨਿਆਂ ਤੱਕ ਚੱਲੀ ਗੁਪਤ ਨਿਗਰਾਨੀ ਨੇ ਇਸ ਵੱਡੇ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਦਸਤਾਵੇਜ਼ਾਂ ਮੁਤਾਬਕ ਬਾਰਨਹਾਰਟ ਪੁਲਿਸ ਦੇ ਡਾਟਾਬੇਸ ਤੋਂ ਜਾਣਕਾਰੀ ਚੋਰੀ ਕਰਕੇ ਬ੍ਰਾਇਨ ਡਾ ਕੋਸਟਾ ਨਾਮ ਦੇ ਸ਼ੱਕੀ ਨਸ਼ਾ ਤਸਕਰ ਅਤੇ ਹੋਰ ਅਪਰਾਧੀਆਂ ਨੂੰ ਦਿੰਦਾ ਸੀ। ਪੁਲਿਸ ਅਨੁਸਾਰ ਉਸ ਨੇ ਬਿਨਾਂ ਡਿਊਟੀ ਤੋਂ 17 ਵਾਰ ਸਰਕਾਰੀ ਡਾਟਾਬੇਸ ਦੀ ਵਰਤੋਂ ਕੀਤੀ। ਜਿਨ੍ਹਾਂ ਲੋਕਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ, ਉਨ੍ਹਾਂ ਵਿੱਚੋਂ ਕੁੱਝ ਦੇ ਘਰਾਂ ‘ਤੇ ਬਾਅਦ ਵਿੱਚ ਗੋਲੀਬਾਰੀ ਵੀ ਹੋਈ। ਇਸ ਤੋਂ ਇਲਾਵਾ, ਬਾਰਨਹਾਰਟ ਅਤੇ ਉਸ ਦੇ ਸਾਥੀਆਂ ‘ਤੇ ਆਪਣੀਆਂ ਨਿੱਜੀ ਗੱਡੀਆਂ ਰਾਹੀਂ ਨਸ਼ਾ ਤਸਕਰੀ ਕਰਨ ਅਤੇ ਕੋਕੀਨ ਵੇਚਣ ਦੇ ਦੋਸ਼ ਹਨ। ਫੋਨ ‘ਤੇ ਰਿਕਾਰਡ ਹੋਈਆਂ ਗੱਲਾਂ ਵਿੱਚ ਅਫ਼ਸਰ ਕੋਕੀਨ ਦੀ ਖਰੀਦ-ਵੇਚ ਅਤੇ ਗੁਣਵੱਤਾ ਬਾਰੇ ਗੱਲ ਕਰਦੇ ਸੁਣੇ ਗਏ। ਇਹ ਵੀ ਦੋਸ਼ ਹੈ ਕਿ ਬਾਰਨਹਾਰਟ ਅਤੇ ਡਾ ਕੋਸਟਾ ਨੇ ਗੈਰ-ਕਾਨੂੰਨੀ ਡਿਸਪੈਂਸਰੀਆਂ ਅਤੇ ਮਸਾਜ ਪਾਰਲਰ ਚਲਾਉਣ ਦੀ ਸਾਜ਼ਿਸ਼ ਰਚੀ। ਉਹ ਭ੍ਰਿਸ਼ਟ ਪੁਲਿਸ ਅਤੇ ਸਰਕਾਰੀ ਅਫ਼ਸਰਾਂ ਨੂੰ ਮਹੀਨਾਵਾਰ ਨਕਦ ਰਿਸ਼ਵਤ ਦਿੰਦੇ ਸਨ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਛਾਪਿਆਂ ਦੀ ਪਹਿਲਾਂ ਹੀ ਜਾਣਕਾਰੀ ਮਿਲ ਸਕੇ ਅਤੇ ਉਨ੍ਹਾਂ ਦੇ ਗੈਰ-ਕਾਨੂੰਨੀ ਕਾਰੋਬਾਰ ‘ਤੇ ਕੋਈ ਕਾਰਵਾਈ ਨਾ ਹੋਵੇ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਯੂਰਪੀ ਸੰਘ ਵਿਚਕਾਰ ਡੂੰਘਾ ਸਹਿਯੋਗ ਅਤੇ ਵਪਾਰ ਦੋਵਾਂ ਪਾਸਿਆਂ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰ ਸਕਦਾ ਹੈ। ਇਹ ਸਾਂਝ ਦੁਨੀਆ ਵਿੱਚ ਇੱਕ ਨਵਾਂ, ਸਥਿਰ ਅਤੇ ਖੁਸ਼ਹਾਲ ਮਾਹੌਲ ਬਣਾਉਣ ਵਿੱਚ ਮਦਦ ਕਰੇਗੀ। ਫਰਾਂਸ ਦੇ ਸਟ੍ਰਾਸਬਰਗ ਵਿੱਚ ਯੂਰਪੀ ਸੰਸਦ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਮਹੱਤਵਪੂਰਨ ਖਣਿਜਾਂ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਯੂਰਪ ਨਾਲ ਮਜ਼ਬੂਤ ਆਰਥਿਕ ਸੰਬੰਧ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਕਿਸੇ ‘ਤੇ ਦਬਦਬਾ ਬਣਾਉਣ ਲਈ ਤਾਕਤ ਨਹੀਂ ਚਾਹੁੰਦੇ, ਸਗੋਂ ਅਸੀਂ ਆਪਣੀ ਸੁਰੱਖਿਆ ਚਾਹੁੰਦੇ ਹਾਂ ਤਾਂ ਜੋ ਕੋਈ ਸਾਡੇ ਖੁੱਲ੍ਹੇ ਬਾਜ਼ਾਰਾਂ, ਆਜ਼ਾਦੀ ਅਤੇ ਲੋਕਤੰਤਰ ਨੂੰ ਨੁਕਸਾਨ ਨਾ ਪਹੁੰਚਾ ਸਕੇ। ਯੂਰਪੀ ਸੰਸਦ ਦੇ ਮੈਂਬਰਾਂ ਨੇ ਕਾਰਨੀ ਦੇ ਭਾਸ਼ਣ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਵੱਈਏ ਦਾ ਜ਼ਿਕਰ ਵੀ ਅਸਿੱਧੇ ਤੌਰ ‘ਤੇ ਭਾਸ਼ਣ ਵਿੱਚ ਦੇਖਣ ਨੂੰ ਮਿਲਿਆ। ਕਾਰਨੀ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਆਪਣੇ ਆਪ ‘ਤੇ ਨਿਰਭਰ ਹੋਣਾ ਨਹੀਂ, ਸਗੋਂ ਮਿਲ ਕੇ ਮਜ਼ਬੂਤ ਹੋਣਾ ਹੈ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਨੇ ਕੈਨੇਡਾ ਨੂੰ ਯੂਰਪੀ ਸੰਘ ਦਾ ਪਹਿਲਾ “ਐਸੋਸੀਏਟ ਮੈਂਬਰ” ਬਣਨ ਦਾ ਸੱਦਾ ਦਿੱਤਾ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਯੂਰਪੀ ਸੰਘ ਦਾ ਐਸੋਸੀਏਟ ਮੈਂਬਰ ਬਣਦਾ ਹੈ, ਤਾਂ ਅਮਰੀਕਾ ਇਸ ਨੂੰ ਇੱਕ “ਮਾੜਾ ਕਦਮ” ਮੰਨੇਗਾ ਅਤੇ ਯੂਰਪ ‘ਤੇ ਭਾਰੀ ਟੈਕਸ ਲਗਾ ਦੇਵੇਗਾ। ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਸਮਾਨ ‘ਤੇ ਵੀ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਹਨਾਂ ਧਮਕੀਆਂ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਯੂਰਪ ਨਾਲ “ਭਵਿੱਖ ਲਈ ਗੱਠਜੋੜ” ਬਣਾਉਣਾ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਨਹੀਂ ਹੈ, ਸਗੋਂ ਇਹ ਦੋਵਾਂ ਦੇਸ਼ਾਂ ਦੇ ਭਲੇ ਲਈ ਇੱਕ ਆਕਰਸ਼ਕ ਅਤੇ ਮਜ਼ਬੂਤ ਯੋਜਨਾ ਹੈ। ਇਸ ਨਾਲ ਕੈਨੇਡਾ ਅਤੇ ਯੂਰਪ ਦੋਵੇਂ ਆਰਥਿਕ ਤੌਰ ‘ਤੇ ਹੋਰ ਸੁਰੱਖਿਅਤ ਹੋਣਗੇ। ਕੈਨੇਡੀਅਨ ਅਧਿਕਾਰੀਆਂ ਅਨੁਸਾਰ, ਸਰਕਾਰ ਦਾ ਮੁੱਖ ਧਿਆਨ ਊਰਜਾ, ਕੁਦਰਤੀ ਸਰੋਤਾਂ, ਖਣਿਜਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੱਖਿਆ ਖੇਤਰ ਵਿੱਚ ਸਾਂਝੇਦਾਰੀ ਵਧਾਉਣ ‘ਤੇ ਹੈ। ਕਾਰਨੀ ਨੇ ਭਰੋਸਾ ਦਿਵਾਇਆ ਕਿ ਯੂਰਪ ਨਾਲ ਹੋਣ ਵਾਲੇ ਕਿਸੇ ਵੀ ਨਵੇਂ ਸਮਝੌਤੇ ਜਾਂ ਗੱਠਜੋੜ ‘ਤੇ ਕੈਨੇਡਾ ਦੀ ਸੰਸਦ ਵਿੱਚ ਪੂਰੀ ਬਹਿਸ ਹੋਵੇਗੀ ਅਤੇ ਵੋਟਿੰਗ ਤੋਂ ਬਾਅਦ ਹੀ ਆਖਰੀ ਫੈਸਲਾ ਲਿਆ ਜਾਵੇਗਾ। ਇਸ ਸਬੰਧੀ ਅਗਲੀ ਅਹਿਮ ਬੈਠਕ 29 ਅਤੇ 30 ਅਕਤੂਬਰ ਨੂੰ ਮਾਂਟਰੀਅਲ ਵਿੱਚ ਹੋਣ ਵਾਲੇ ਕੈਨੇਡਾ-ਯੂਰਪੀ ਸੰਘ ਸੰਮੇਲਨ ਵਿੱਚ ਹੋਵੇਗੀ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪੀਅਨ ਕੌਂਸਲ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਏਨ ਦੇ ਉਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ, ਜਿਸ ਵਿੱਚ ਕੈਨੇਡਾ ਨੂੰ ਯੂਰਪੀ ਸੰਘ ਦਾ ਪਹਿਲਾ “ਐਸੋਸੀਏਟ ਮੈਂਬਰ” ਬਣਨ ਦਾ ਸੱਦਾ ਦਿੱਤਾ ਗਿਆ ਹੈ। ਇਸ ਇਤਿਹਾਸਕ ਪ੍ਰਸਤਾਵ ‘ਤੇ ਯੂਰਪੀ ਸੰਘ ਦੇ ਕਈ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਆਪਣੀ ਖੁਸ਼ੀ ਜਤਾਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੰਚੇਜ਼ ਨੇ ਸੋਸ਼ਲ ਮੀਡੀਆ ‘ਤੇ ਯੂਰਪੀ ਸੰਘ ਦੇ ਝੰਡੇ ‘ਤੇ ਕੈਨੇਡਾ ਦਾ ਲਾਲ ਮੈਪਲ ਪੱਤਾ ਲਗਾ ਕੇ ਇਸ ਸਾਂਝ ਦਾ ਸਮਰਥਨ ਕੀਤਾ। ਯੂਰਪੀ ਸੰਸਦ ਦੀ ਪ੍ਰਧਾਨ ਰੋਬਰਟਾ ਮੇਤਸੋਲਾ ਨੇ ਵੀ ਕੈਨੇਡਾ ਨੂੰ ਇੱਕ ਸੱਚਾ ਦੋਸਤ ਦੱਸਦਿਆਂ ਕਿਹਾ ਕਿ ਬਦਲਦੀ ਦੁਨੀਆ ਵਿੱਚ ਦੋਵੇਂ ਮਿਲ ਕੇ ਇੱਕ ਨਵਾਂ ਅਧਿਆਏ ਲਿਖ ਸਕਦੇ ਹਨ। ਸੰਸਦ ਵਿੱਚ ਬਹਿਸ ਦੌਰਾਨ ਜਰਮਨ ਸੰਸਦ ਮੈਂਬਰ ਡੈਮੀਅਨ ਬੋਏਸਲੇਗਰ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕੈਨੇਡਾ ਦੇ ਸੱਭਿਆਚਾਰ, ਮੈਪਲ ਸੀਰਪ ਅਤੇ ਮਸ਼ਹੂਰ ਹਸਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ‘ਤੇ ਚੋਟ ਕਰਦਿਆਂ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ। ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਬ੍ਰਿਟੇਨ ਨਾਲ ਸਾਡਾ ਰਿਸ਼ਤਾ ਟੁੱਟ ਚੁੱਕਾ ਹੈ ਅਤੇ ਕੈਨੇਡਾ ਦੇ ਰਿਸ਼ਤੇ ਅਮਰੀਕਾ ਨਾਲ ਠੀਕ ਨਹੀਂ ਚੱਲ ਰਹੇ, ਇਸ ਲਈ ਅਸੀਂ ਦੋਵੇਂ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹਾਂ। ਗ੍ਰੀਨ ਪਾਰਟੀ ਦੀ ਸਹਿ-ਪ੍ਰਧਾਨ ਟੈਰੀ ਰੇਨਟਕੇ ਨੇ ਸੰਸਦ ਵਿੱਚ ਕੈਨੇਡੀਅਨ ਹਾਕੀ ਟੀਮ ਦੀ ਜਰਸੀ ਪਹਿਨ ਕੇ ਪ੍ਰਧਾਨ ਮੰਤਰੀ ਕਾਰਨੀ ਦਾ ਸਵਾਗਤ ਕੀਤਾ। ਇੱਕ ਹੋਰ ਜਰਮਨ ਨੇਤਾ ਬ੍ਰੈਂਡ ਲਾਂਗੇ ਨੇ ਸੁਝਾਅ ਦਿੱਤਾ ਕਿ ਕੈਨੇਡਾ ਨੂੰ ਯੂਰਪੀ ਸੰਘ ਦੇ ਬਾਜ਼ਾਰ ਅਤੇ ਫੈਸਲਿਆਂ ਵਿੱਚ ਸਵਿਟਜ਼ਰਲੈਂਡ ਦੀ ਤਰ੍ਹਾਂ ਖਾਸ ਹਿੱਸੇਦਾਰੀ ਮਿਲਣੀ ਚਾਹੀਦੀ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਅਤੇ ਯੂਰਪ ਵਿਚਾਲੇ ਵਪਾਰ 75 ਪ੍ਰਤੀਸ਼ਤ ਵਧਿਆ ਹੈ। ਹਾਲਾਂਕਿ, ਕੁਝ ਯੂਰਪੀ ਦੇਸ਼ਾਂ ਨੇ ਹਾਲੇ ਪੂਰੇ ਵਪਾਰਕ ਸਮਝੌਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਆਇਰਲੈਂਡ ਦੀ ਨੇਤਾ ਰੇਜੀਨਾ ਡੋਹਰਟੀ ਨੇ ਆਪਣੀ ਸਰਕਾਰ ਨੂੰ ਇਸ ਨੂੰ ਜਲਦ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਚੈੱਕ ਗਣਰਾਜ ਦੇ ਸੰਸਦ ਮੈਂਬਰ ਤੋਮਾਸ ਜ਼ਦੇਚੋਵਸਕੀ ਨੇ ਟਰੰਪ ਦੀਆਂ ਨੀਤੀਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਟਰੰਪ ਦੇ ਗੁੱਸੇ ਦੇ ਬਾਵਜੂਦ ਕੈਨੇਡਾ ਅਤੇ ਯੂਰਪ ਦੀ ਦੋਸਤੀ ਹੋਰ ਮਜ਼ਬੂਤ ਹੋ ਰਹੀ ਹੈ, ਜੋ ਕਿ ਦੋਵਾਂ ਦੇ ਭਵਿੱਖ ਲਈ ਇੱਕ ਬਹੁਤ ਵਧੀਆ ਕਦਮ ਹੈ।

ਅਲਬਰਟਾ ਵਿੱਚ ਹੋਣ ਵਾਲੇ ਰੈਫਰੈਂਡਮ ਲਈ 5 ਲੱਖ ਤੋਂ ਵੱਧ ਲੋਕਾਂ ਨੇ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀਆਂ ਦਿੱਤੀਆਂ ਹਨ। ‘ਇਲੈਕਸ਼ਨਜ਼ ਅਲਬਰਟਾ’ ਦੇ ਇੱਕ ਬੁਲਾਰੇ ਅਨੁਸਾਰ, ਅਰਜ਼ੀ ਦੇਣ ਲਈ ਅਜੇ ਵੀ ਅੱਠ ਦਿਨ ਬਾਕੀ ਹਨ ਅਤੇ ਹੁਣ ਤੱਕ 5,09,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। 19 ਅਕਤੂਬਰ ਨੂੰ ਹੋਣ ਵਾਲੀ ਇਸ ਵੋਟਿੰਗ ਲਈ ਡਾਕ ਰਾਹੀਂ ਵੋਟ ਪਾਉਣ ਦੀ ਮੰਗ ਪਿਛਲੀਆਂ ਚੋਣਾਂ ਨਾਲੋਂ ਬਹੁਤ ਜ਼ਿਆਦਾ ਹੈ। ਸਾਲ 2023 ਦੀਆਂ ਸੂਬਾਈ ਚੋਣਾਂ ਵਿੱਚ ਸਿਰਫ਼ 60,000 ਲੋਕਾਂ ਨੇ ਡਾਕ ਵੋਟ ਦੀ ਮੰਗ ਕੀਤੀ ਸੀ, ਜਦੋਂ ਕਿ ਇਸ ਵਾਰ ਇਹ ਗਿਣਤੀ ਅੱਠ ਗੁਣਾ ਤੋਂ ਵੀ ਵੱਧ ਹੋ ਗਈ ਹੈ। ਇਸ ਵਾਰ ਦੇ ਰੈਫਰੈਂਡਮ ਵਿੱਚ 10 ਵੱਖ-ਵੱਖ ਮੁੱਦਿਆਂ ‘ਤੇ ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਫਿਰ ਸੂਬਾ ਸਰਕਾਰ ਨੂੰ ਕੈਨੇਡਾ ਤੋਂ ਵੱਖ ਹੋਣ ਲਈ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਇਲੈਕਸ਼ਨਜ਼ ਅਲਬਰਟਾ ਨੇ ਇਹ ਵੀ ਦੱਸਿਆ ਕਿ ਉਹ ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ ਵੀ ਵੋਟ ਪਾਉਣ ਦਾ ਇੰਤਜ਼ਾਮ ਕਰ ਰਹੇ ਹਨ। ਕੈਦੀ ਵੀ ਡਾਕ ਰਾਹੀਂ ਹੀ ਆਪਣੀ ਵੋਟ ਪਾਉਣਗੇ। ਜੇਲ੍ਹ ਪ੍ਰਸ਼ਾਸਨ ਅਨੁਸਾਰ ਕੈਦੀਆਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੇਲ੍ਹਾਂ ਵਿੱਚ ਇਸ ਸਬੰਧੀ ਪੋਸਟਰ ਵੀ ਲਗਾਏ ਗਏ ਹਨ। ਸੂਬੇ ਵਿੱਚ ਲਗਭਗ 30 ਲੱਖ ਯੋਗ ਵੋਟਰ ਹਨ, ਜਿਨ੍ਹਾਂ ਵਿੱਚੋਂ ਲਗਭਗ 17 ਪ੍ਰਤੀਸ਼ਤ ਲੋਕਾਂ ਨੇ ਡਾਕ ਰਾਹੀਂ ਵੋਟ ਪਾਉਣ ਦੀ ਇੱਛਾ ਜਤਾਈ ਹੈ। ਇਸ ਤੋਂ ਪਹਿਲਾਂ 2021 ਵਿੱਚ ਹੋਏ ਰੈਫਰੈਂਡਮ ਵਿੱਚ ਕੁੱਲ 39 ਪ੍ਰਤੀਸ਼ਤ ਵੋਟਿੰਗ ਹੋਈ ਸੀ। ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਇਲੈਕਸ਼ਨਜ਼ ਅਲਬਰਟਾ ਨੂੰ 60,000 ਚੋਣ ਕਰਮਚਾਰੀਆਂ ਦੀ ਲੋੜ ਹੈ। ਹੁਣ ਤੱਕ 48,000 ਦੇ ਲਗਭਗ ਲੋਕਾਂ ਨੇ ਚੋਣ ਅਧਿਕਾਰੀ ਬਣਨ ਲਈ ਅਰਜ਼ੀਆਂ ਦਿੱਤੀਆਂ ਹਨ। ਵਿਭਾਗ ਅਜੇ ਵੀ ਕਈ ਇਲਾਕਿਆਂ ਵਿੱਚ ਹੋਰ ਅਮਲੇ ਦੀ ਭਰਤੀ ਕਰ ਰਿਹਾ ਹੈ ਅਤੇ ਵੋਟਿੰਗ ਵਾਲੇ ਦਿਨ ਤੱਕ ਕਰਮਚਾਰੀਆਂ ਦੀ ਭਰਤੀ ਜਾਰੀ ਰਹੇਗੀ।

ਬ੍ਰਿਟਿਸ਼ ਕੋਲੰਬੀਆ ਵਿੱਚ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੀ ਦੋ ਦਿਨਾਂ ਖਾਸ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਤੋਂ ਬਾਅਦ ਪਾਰਟੀ ਦੇ ਨੇਤਾ ਪੀਅਰੇ ਪੋਇਲਿਵਰੇ ਮੀਡੀਆ ਅਤੇ ਕੈਮਰਿਆਂ ਦੀ ਨਜ਼ਰ ਤੋਂ ਬਚ ਕੇ ਨਿਕਲਦੇ ਹੋਏ ਦੇਖੇ ਗਏ। ਪੋਇਲਿਵਰੇ ਨੇ ਬੁੱਧਵਾਰ ਨੂੰ ਪੈਂਟਿਕਟਨ ਵਿੱਚ 20 ਮਿੰਟ ਦਾ ਭਾਸ਼ਣ ਦਿੱਤਾ, ਜਿਸ ਨੂੰ ਕਵਰ ਕਰਨ ਦੀ ਮੀਡੀਆ ਨੂੰ ਇਜਾਜ਼ਤ ਸੀ। ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਨਾ ਤਾਂ ਕੋਈ ਫੋਟੋ ਖਿਚਵਾਈ ਅਤੇ ਨਾ ਹੀ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦਿੱਤਾ। ਉਨ੍ਹਾਂ ਨੇ ਇਸ ਮੀਟਿੰਗ ਦੇ ਨਤੀਜਿਆਂ ਬਾਰੇ ਵੀ ਕੋਈ ਚਰਚਾ ਨਹੀਂ ਕੀਤੀ। ਵੀਰਵਾਰ ਦੁਪਹਿਰ ਨੂੰ ਜਦੋਂ ਪਾਰਟੀ ਦੇ ਬਾਕੀ ਸੰਸਦ ਮੈਂਬਰ ਮੁੱਖ ਅਤੇ ਸਾਈਡ ਦੇ ਦਰਵਾਜ਼ਿਆਂ ਤੋਂ ਬਾਹਰ ਆ ਰਹੇ ਸਨ, ਤਾਂ ਪੋਇਲਿਵਰੇ ਲਈ ਇਮਾਰਤ ਦੇ ਪਿਛਲੇ ਦਰਵਾਜ਼ੇ ‘ਤੇ ਪੁਲਿਸ ਦੀ ਇੱਕ ਗੱਡੀ ਖੜ੍ਹੀ ਸੀ। ਮੀਡੀਆ ਵਾਲੇ ਉੱਥੇ ਉਨ੍ਹਾਂ ਤੋਂ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ। ਇਸੇ ਦੌਰਾਨ ਪਾਰਟੀ ਦੇ ਇੱਕ ਪ੍ਰੈਸ ਸਕੱਤਰ ਵੀ ਉੱਥੇ ਪਹੁੰਚ ਗਏ। ਪਰ ਅਚਾਨਕ ਪੁਲਿਸ ਦੀ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਉੱਥੋਂ ਚਲੀ ਗਈ। ਜਦੋਂ ਮੀਡੀਆ ਨੇ ਪ੍ਰੈਸ ਸਕੱਤਰ ਤੋਂ ਪੁੱਛਿਆ ਕਿ ਪੋਇਲਿਵਰੇ ਨੂੰ ਇਸ ਤਰ੍ਹਾਂ ਕਿਉਂ ਛੁਪਾਇਆ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਹੱਸ ਕੇ ਗੱਲ ਟਾਲ ਦਿੱਤੀ। ਬਾਅਦ ਵਿੱਚ ਸਕੱਤਰ ਨੇ ਪੁਸ਼ਟੀ ਕੀਤੀ ਕਿ ਨੇਤਾ ਇਮਾਰਤ ਤੋਂ ਜਾ ਚੁੱਕੇ ਹਨ। ਮੀਡਿਆ ਨੇ ਪਾਰਟੀ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਪੋਇਲਿਵਰੇ ਨੂੰ ਇਸ ਤਰੀਕੇ ਨਾਲ ਕਿਉਂ ਬਾਹਰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਪਾਰਟੀ ਦੇ ਕਈ ਅੰਦਰੂਨੀ ਸਰੋਤਾਂ ਨੇ ਪੋਇਲਿਵਰੇ ਦੀ ਅਗਵਾਈ ‘ਤੇ ਚਿੰਤਾਵਾਂ ਜਤਾਈਆਂ ਹਨ। ਜਦੋਂ ਹੋਰ ਸੰਸਦ ਮੈਂਬਰਾਂ ਤੋਂ ਪਾਰਟੀ ਦੇ ਅੰਦਰੂਨੀ ਮਤਭੇਦਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਵਿੱਚ ਪੂਰੀ ਏਕਤਾ ਹੈ। ਪਾਰਟੀ ਦੀ ਡਿਪਟੀ ਨੇਤਾ ਮੈਲਿਸਾ ਲੈਂਟਸਮੈਨ ਨੇ ਮੰਨਿਆ ਕਿ ਸਥਿਤੀ ਚੁਣੌਤੀਪੂਰਨ ਹੈ, ਪਰ ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਪਾਰਟੀ ਵਿੱਚ ਕੁਝ ਜ਼ਰੂਰੀ ਬਦਲਾਅ ਦੇਖਣ ਨੂੰ ਮਿਲਣਗੇ।

ਕੈਨੇਡੀਅਨ ਰੇਡੀਓ-ਟੈਲੀਵਿਜ਼ਨ ਅਤੇ ਟੈਲੀਕਾਮ ਕਮਿਸ਼ਨ ਨੇ ਮੀਡੀਆ ਕੰਪਨੀ ‘ਕੋਰਸ ਐਂਟਰਟੇਨਮੈਂਟ’ ਦੇ ਪੁਨਰਗਠਨ ਨਾਲ ਜੁੜੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਓਨਟਾਰੀਓ ਦੀ ਸੁਪਰੀਮ ਕੋਰਟ ਨੇ ਵੀ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਸੀ, ਪਰ ਮਾਲਕੀ ਦੇ ਤਬਾਦਲੇ ਲਈ CRTC ਦੀ ਅੰਤਿਮ ਮਨਜ਼ੂਰੀ ਬਾਕੀ ਸੀ। ‘ਗਲੋਬਲ ਨਿਊਜ਼’ ਦੀ ਪੇਰੈਂਟ ਕੰਪਨੀ ਕੋਰਸ ਐਂਟਰਟੇਨਮੈਂਟ ਨੇ ਆਪਣੇ $1.1 ਬਿਲੀਅਨ ਦੇ ਕਰਜ਼ੇ ਦੇ ਮੁੜ-ਨਿਰਮਾਣ ਲਈ ਨਵੰਬਰ 2025 ਵਿੱਚ ਆਪਣੇ ਕਰਜ਼ਦਾਤਾਵਾਂ ਨਾਲ ਇਹ ਸਮਝੌਤਾ ਕੀਤਾ ਸੀ। ਆਪਣੇ ਫੈਸਲੇ ਵਿੱਚ CRTC ਨੇ ਦੱਸਿਆ ਕਿ ਇਸ ਮਾਮਲੇ ‘ਤੇ ਆਮ ਲੋਕਾਂ ਅਤੇ ਖੇਤਰ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ। ਕਮਿਸ਼ਨ ਨੇ ਮੰਨਿਆ ਕਿ ਕੋਰਸ ਕੈਨੇਡਾ ਦਾ ਸਭ ਤੋਂ ਵੱਡਾ ਆਜ਼ਾਦ ਪ੍ਰਸਾਰਕ ਹੈ, ਜੋ ਦੇਸ਼ ਦੀਆਂ ਸਥਾਨਕ, ਖੇਤਰੀ ਅਤੇ ਰਾਸ਼ਟਰੀ ਖ਼ਬਰਾਂ ਦੇ ਨਾਲ-ਨਾਲ ਸੁਤੰਤਰ ਪ੍ਰੋਡਿਊਸਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਮਿਸ਼ਨ ਨੇ ਕੋਰਸ ਦੀ ਮਾੜੀ ਵਿੱਤੀ ਹਾਲਤ ਅਤੇ ਖ਼ਬਰਾਂ ਪ੍ਰਸਾਰਿਤ ਕਰਨ ਵਿੱਚ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਯੋਜਨਾ ਨੂੰ ਖਾਸ ਛੋਟ ਦੇ ਕੇ ਮਨਜ਼ੂਰੀ ਦਿੱਤੀ ਹੈ। ਆਮ ਤੌਰ ‘ਤੇ ਅਜਿਹੇ ਸਮਝੌਤਿਆਂ ਵਿੱਚ ਖਰੀਦਦਾਰ ਨੂੰ ਕੈਨੇਡੀਅਨ ਕੰਟੈਂਟ ਤਿਆਰ ਕਰਨ ਲਈ CRTC ਦੇ ਫੰਡ ਵਿੱਚ ਕੁਝ ਹਿੱਸਾ ਦੇਣਾ ਪੈਂਦਾ ਹੈ, ਪਰ ਕੋਰਸ ਦੀ ਮੌਜੂਦਾ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਸ਼ਰਤ ਹਟਾ ਦਿੱਤੀ ਗਈ ਹੈ। ਕੋਰਸ ਐਂਟਰਟੇਨਮੈਂਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਨਵੀਂ ਯੋਜਨਾ ਨਾਲ ਕੰਪਨੀ ਦੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਇਹ ਲੰਬੇ ਸਮੇਂ ਲਈ ਕਾਰੋਬਾਰ ਨੂੰ ਸਥਿਰ ਰੱਖਣ ਵਿੱਚ ਮਦਦ ਕਰੇਗੀ। ਇਸ ਸਮਝੌਤੇ ਨਾਲ ਕੰਪਨੀ ਦਾ ਕੁੱਲ ਕਰਜ਼ਾ $500 ਮਿਲੀਅਨ ਤੱਕ ਘੱਟ ਜਾਵੇਗਾ ਅਤੇ ਸਾਲਾਨਾ ਵਿਆਜ ਦਾ ਬੋਝ ਵੀ $40 ਮਿਲੀਅਨ ਤੱਕ ਘਟੇਗਾ। ਨਾਲ ਹੀ, ਕਰਜ਼ਾ ਮੋੜਨ ਲਈ 5 ਸਾਲ ਦਾ ਵਾਧੂ ਸਮਾਂ ਵੀ ਮਿਲੇਗਾ। ਪਿਛਲੇ ਕੁਝ ਸਮੇਂ ਤੋਂ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਵਿੱਚ ਗਿਰਾਵਟ, ਆਨਲਾਈਨ ਸਟ੍ਰੀਮਿੰਗ ਸੇਵਾਵਾਂ ਨਾਲ ਵਧੇ ਮੁਕਾਬਲੇ ਅਤੇ ਸਖ਼ਤ ਸਰਕਾਰੀ ਨਿਯਮਾਂ ਕਰਕੇ ਕੋਰਸ ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ। ਕੰਪਨੀ ਅਨੁਸਾਰ, ਬਾਕੀ ਰਹਿੰਦੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਇਹ ਸਮਝੌਤਾ ਆਉਣ ਵਾਲੇ ਹਫ਼ਤਿਆਂ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।