ਗਲੀ ਦੇ ਨੇਤਾਵਾਂ ਵਾਂਗ ਵਿਧਾਨ ਸਭਾ ‘ਚ ਭੀੜੇ ਸੀ.ਐੱਮ ਮਾਨ ਅਤੇ ਬਾਜਵਾ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਜੋ ਹੋਇਆ ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ ਦੇ ਸਵਾਲਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਭੜਕ ਗਏ ।ਦੋਹਾਂ ਨੇਤਾਵਾਂ ਨੇ ਚਾਹੇ ਮਰਿਆਦਾ ਚ ਰਹਿ ਕੇ ਗੱਲਬਾਤ ਕੀਤੀ ਪਰ ਮੁੱਖ ਮੰਤਰੀ ਦੇ ਚਿਹਰੇ ‘ਤੇ ਗੁੱਸਾ ਸਾਫ ਵੇਖਿਆ ਗਿਆ । ਪ੍ਰਤਾਪ ਬਾਜਵਾ ਦੀ ਹਰੇਕ ਗੱਲ ‘ਤੇ ਸੀ.ਐੱਮ ਮਾਨ ਤਲਖੀ ਨਾਲ ਜਵਾਬ ਦਿੰਦੇ ਵੇਖੇ ਗਏ। ਸੁਖਪਾਲ ਖਹਿਰਾ ਦਾ ਨਾਂਅ ਆਉਂਦਿਆਂ ਹੀ ਜਿੱਥੇ ‘ਆਪ’ ਦੇ ਸਾਰੇ ਵਿਧਾਇਕ ਸੀਟਾਂ ‘ਤੇ ਖੜੇ ਹੋ ਗਏ ਉੱਥੇ ਮੁੱਖ ਮੰਤਰੀ ਮਾਨ ਨੂੰ ਬੇਹਦ ਹੀ ਸਖਤ ਅੰਦਾਜ਼ ਚ ਵੇਖਿਆ ਗਿਆ ।

ਪੰਜਾਬ ਦੀ ਸਿਆਸਤ ਦੇ ਇਤਿਹਾਸ ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਮੁੱਖ ਮੰਤਰੀ ਇਕ ਆਮ ਨੇਤਾਵਾਂ ਵਾਂਗ ਵਿਧਾਨ ਸਭਾ ਚ ਬੋਲੇ ਹੋਣ। ਟੀ.ਵੀ ‘ਤੇ ਡਿਬੇਟ ਵੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਚੋਣਾਂ ਦੌਰਾਨ ਚੈਨਲਾਂ ਦੀਆਂ ਡਿਬੇਟਾਂ ‘ਤੇ ਨੇਤਾ ਭੀੜਦੇ ਹੋਣ । ਭ੍ਰਿਸ਼ਟਾਚਾਰ ਦੀ ਗੱਲ ‘ਤੇ ਸੀ.ਅੇੱਮ ਮਾਨ ਭੜਕ ਗਏ । ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਕਈ ਕਾਂਗਰਸੀ ਨੇਤਾਵਾਂ ਦੇ ਕਾਰਨਾਮੇ ਉਨ੍ਹਾਂ ਕੋਲ ਹਨ, ਸੱਭ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ ।

ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਸਾਂਸਦ ਰਵਨੀਤ ਬਿੱਟੂ ਵਲੋਂ ਬੀਤੇ ਦਿਨ ਜੀ 20 ਸੰਮਲੇਨ ਨੂੰ ਲੈ ਕੇ ਕੀਤੀ ਗਈ ਝੂਠੀ ਪੈ੍ਰਸ ਕਾਨਫਰੰਸ ਦਾ ਮੁੱਦਾ ਚੁੱਕਿਆ । ਮਾਨ ਨੇ ਕਿਹਾ ਕਿ ਸਾਰੀ ਕਾਂਗਰਸ ਹਰ ਵੇਲੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦਾ ਮੌਕਾ ਲੱਭਦੀ ਰਹਿੰਦੀ ਹੈ । ਜਿਸਦੇ ਚਲਦਿਆਂ ਤੁਹਾਡੇ ਸਾਂਸਦ ਨੇ ਗਲਤ ਜਾਣਕਾਰੀ ਲੋਕਾਂ ਚ ਫੈਲਾਈ ।ਜਵਾਬ ਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਾਡਾ ਸਾਂਸਦ ਤੁਹਾਡਾ ਕਰੀਬੀ ਦੋਸਤ ਹੈ । ਉਸਦੇ ਕਹਿਣ ‘ਤੇ ਹੀ ਤੁਹਾਡੇ ਵਲੋਂ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਪੁਲਿਸ ਚ ਅਹਿਮ ਅਹੁਦਾ ਦਿੱਤਾ ਗਿਆ ਹੈ । ਆਮ ਬੰਦਿਆਂ ਵਾਂਗ ਪੰਜਾਬ ਦੇ ਇਹ ਦੋਹੇਂ ਮੁੱਖ ਲੋਕ ਆਪਸ ਚ ਬਹਿਸਦੇ ਰਹੇ । ਗੱਲ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮਨੀਸ਼ ਸਿਸੋਦੀਆ ਤਕ ਚਲੀ ਗਈ ।ਗੁੱਸਾ ਚੜਿਆ ਤਾਂ ਦੋਹੇਂ ਇਕ ਦੂਜੇ ਦੇ ਭੇਤ ਖੋਲਦੇ ਰਹੇ ।ਅੰਬਾਨੀ-ਅਡਾਨੀ ਤੋਂ ਲੈ ਕੇ ਕਾਂਗਰਸ ਦੇ ਕੌਮੀ ਬੁਲਾਰੇ ਸੁਰਜੇਵਾਲਾ ਅਤੇ ਰਾਹੁਲ ਗਾਧੀ ਦੇ ਕਿੱਸੇ ਵੀ ਸੀ.ਐੱਮ ਮਾਨ ਨੇ ਸੁਣਾ ਦਿੱਤੇ ।