ਖੇਤ ਕਾਮਿਆਂ ਲਈ ਸਿਖਲਾਈ ਕੋਰਸ ਲਾਇਆ

ਲੁਧਿਆਣਾ : ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਦ ਉੱਨਤ ਹੋਏ ਫਾਰਮ ਵਰਕਰਾਂ ਵਾਸਤੇ ਤਿੰਨ ਮਹੀਨੇ ਦਾ ਸਿਖਲਾਈ ਕੋਰਸ ਲਗਾਇਆ ਗਿਆ।

ਜਿਸ ਵਿਚ ਵੱਖ ਵੱਖ ਵਿਭਾਗਾਂ ਤੋਂ ਆਏ ਹੋਏ 22 ਫਾਰਮ ਵਰਕਰਾਂ ਨੇ ਭਾਗ ਲਿਆ। ਇਸ ਕੋਰਸ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪਦ ਉੱਨਤ ਹੋਏ ਫਾਰਮ ਵਰਕਰਾਂ ਦੇ ਲਈ ਤਿੰਨ ਮਹੀਨਿਆਂ ਦਾ ਇਹ ਕੋਰਸ ਸਿਖਿਆਰਥੀਆਂ ਦੀ ਕਾਬਲੀਅਤ ਨੂੰ ਨਿਖਾਰਨ ਵਿਚ ਸਹਾਈ ਹੋਵੇਗਾ।

ਕੋਰਸ ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿਚ ਫਸਲ ਉਤਪਾਦਨ, ਬਾਗਬਾਨੀ, ਸਬਜ਼ੀਆਂ, ਉਨਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ, ਖੇਤੀ ਇੰਜਨੀਅਰਿੰਗ, ਪਸ਼ੂ-ਪਾਲਣ, ਮੱਖੀਆਂ ਪਾਲਣਾ, ਖੁੰਬਾਂ ਉਗਾਉਣਾ ਅਤੇ ਹੋਰ ਖੇਤੀਬਾੜੀ ਨਾਲ ਸੰਬੰਧਿਤ ਵਿਸ਼ਿਆ ਤੇ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਸ ਕੋਰਸ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਡਾ. ਤੇਜਿੰਦਰ ਸਿੰਘ ਰਿਆੜ, ਅਡੀਸ਼ਨਲ ਡਾਇਰੈਕਟਰ ਸੰਚਾਰ ਸ਼ਾਮਲ ਹੋਏ ਅਤੇ ਉਹਨਾਂ ਸਾਰੇ ਸਿਖਿਆਰਥੀਆਂ ਨੂੰ ਇਸ ਮੌਕੇ ਕੋਰਸ ਦਾ ਲਾਭ ਉਠਾਉਣ ਬਾਰੇ ਕਿਹਾ ਅਤੇ ਯੁਨੀਵਰਸਿਟੀ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਮੈਡਮ ਕੰਵਲਜੀਤ ਕੌਰ ਅਤੇ ਮੈਡਮ ਭੁਪਿੰਦਰ ਕੌਰ ਵੀ ਸ਼ਾਮਲ ਹੋਏ। ਇਸ ਸਮੇਂ ਜਗਦੇਵ ਸਿੰਘ ਨੇ ਯੁਨੀਵਰਸਿਟੀ ਦੀ ਸ਼ਲਾਘਾ ਵਿਚ ਕਵਿਤਾ ਪੜੀ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਕੋਰਸ ਦੇ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਟੀਵੀ ਪੰਜਾਬ ਬਿਊਰੋ