ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ : ਨਵਜੋਤ ਸਿੰਘ ਸਿੱਧੂ

ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ ਅਤੇ ਅਸੀਂ ਪੰਜਾਬ ਮਾਡਲ ਨਾਲ ਵਿਸ਼ਵਾਸ ਪੈਦਾ ਕਰਾਂਗੇ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਿੰਗਲ ਵਿੰਡੋ ਸਿਸਟਮ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਂਗਰਸ ਪੰਜਾਬ ਮਾਡਲ ‘ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਸਾਕਾਰਾਤਮਕ ਨਤੀਜੇ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਉਣ ਲੱਗ ਪੈਣਗੇ।

ਉਨ੍ਹਾਂ ਦੱਸਿਆ ਕਿ ਸਨਅਤਕਾਰਾਂ ਨੂੰ ਕਿਸੇ ਵੀ ਕੰਮ ਲਈ ਦਫ਼ਤਰਾਂ ਵਿਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਸਿੱਧੂ ਅੱਜ ਇੱਥੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕਰਨ ਲਈ ਪੁੱਜੇ ਸਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਨਿਵੇਸ਼ ਲਿਆਉਣ ਵਿਚ ਨਾਕਾਮ ਰਹੀ ਹੈ।

ਰਾਘਵ ਚੱਢਾ ਨੇ ਸਾਧਿਆ ਚੰਨੀ ਸਰਕਾਰ ‘ਤੇ ਨਿਸ਼ਾਨਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਕੇਜਰੀਵਾਲ ਦੀ ਨਕਲ ਕਰਨਾ ਸੌਖਾ ਹੈ, ਉਨ੍ਹਾਂ ਵਾਂਗ ਕੰਮ ‘ਤੇ ਵੀ ਅਮਲ ਕਰੋ ਅਤੇ ਦਲਿਤਾਂ ਦੇ ਨਾਂਅ ‘ਤੇ ਸਿਰਫ਼ ਵੋਟ ਬੈਂਕ ਦੀ ਸਿਆਸਤ ਨਾ ਕਰੋ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਕਰਕੇ ਜਾਨ ਗੁਆਉਣ ਵਾਲਿਆਂ ਨੂੰ ਇਕ ਕਰੋੜ ਰੁਪਏ ਦਿੱਤੇ ਜਾਣ।

ਠੇਕਾ ਮੁਲਾਜ਼ਮਾਂ ਵੱਲੋਂ ਨੈਸ਼ਨਲ ਹਾਈਵੇ ਜਾਮ
ਬਠਿੰਡਾ : ਵੱਖ-ਵੱਖ ਵਿਭਾਗਾਂ ਦੇ ਆਊਟ ਸੋਰਸ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਠਿੰਡਾ ਦੇ ਬੀਬੀ ਵਾਲਾ ਚੌਕ ‘ਚ ਇਕੱਠੇ ਹੋਣ ਉਪਰੰਤ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ 07 ਨੂੰ ਮੁਕੰਮਲ ਜਾਮ ਕਰ ਦਿੱਤਾ।

ਪ੍ਰਦਰਸ਼ਨਕਾਰੀ ਦੋਸ਼ ਲਾ ਰਹੇ ਹਨ ਕਿ ਪੰਜਾਬ ਸਰਕਾਰ ਨੇ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਨਾਲ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਦਿਨੀਂ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਸਰਕਾਰੀ ਐਲਾਨ ਦੀ ਉਹ ਕਿਸੇ ਮਦ ’ਚ ਸ਼ਾਮਲ ਨਹੀਂ ਕੀਤੇ ਗਏ।

ਵਿਖਾਵਾਕਾਰੀਆਂ ਦੀ ਮੰਗ ਹੈ ਕਿ ਸਰਕਾਰ ਬਗ਼ੈਰ ਦੇਰੀ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰੇ। ਇਸ ਜਾਮ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਪੰਜਾਬ ਸਰਕਾਰ ਨੂੰ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਨਿੱਤ ਲਗਦੇ ਧਰਨਿਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ
ਮੁਹਾਲੀ : ਚੰਡੀਗੜ੍ਹ-ਲੁਧਿਆਣਾ ਹਾਈਵੇਅ ‘ਤੇ ਪਿੰਡ ਘੜੂੰਆਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਇਸ ਹਾਦਸੇ ਦੀ ਦਰਦਨਾਕ ਸੀਸੀਟੀਵੀ ਸਾਹਮਣੇ ਆਈ ਹੈ।

ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਤੇਜ਼ ਰਫ਼ਤਾਰ ਕਾਰ ਅਪਣੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਨੂੰ ਨਾਲ ਉਡਾ ਲੈ ਗਈ ਤੇ ਵਿਅਕਤੀਆਂ ਦੇ ਚੀਥੜੇ ਹੋ ਗਏ ਤੇ ਕਾਰ ਦੇ ਵੀ ਪਰਖੱਚੇ ਉੱਡ ਗਏ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਅਤੇ ਘੱਟੋ ਘੱਟ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਟੀਵੀ ਪੰਜਾਬ ਬਿਊਰੋ