ਕੋਰੋਨਾ ਦੇ ਮਰੀਜ਼ ਨੂੰ ਸੌਂਪਿਆ 1 ਕਰੋੜ 80 ਲੱਖ ਦਾ ਬਿੱਲ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿੱਜੀ ਹਸਪਤਾਲਾਂ ਦੀ ਮਨਮਾਨੀ ਦੇ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ ਦਿੱਲੀ ਦੇ ਮੈਕਸ ਹਸਪਤਾਲ ਨੇ ਕੋਰੋਨਾ ਦੇ ਇਲਾਜ ਲਈ ਦਾਖਲ ਮਰੀਜ਼ ਨੂੰ 1 ਕਰੋੜ 80 ਲੱਖ ਰੁਪਏ ਦਾ ਬਿੱਲ ਸੌਂਪਿਆ। ਜਿਸ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਵਾਲ ਉਠਾਏ ਅਤੇ ਸਿਹਤ ਮੰਤਰੀ ਮਨਸੁਖ ਮੰਡਵੀਆ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ।

ਕੋਰੋਨਾ ਦੀ ਲਾਗ ਤੋਂ ਪੀੜਤ ਇਕ ਮਰੀਜ਼ ਨੂੰ 28 ਅਪ੍ਰੈਲ ਨੂੰ ਦਿੱਲੀ ਸਥਿਤ ਮੈਕਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। 6 ਸਤੰਬਰ ਨੂੰ ਛੁੱਟੀ ਮਿਲਣ ‘ਤੇ ਹਸਪਤਾਲ ਨੇ 1 ਕਰੋੜ 80 ਲੱਖ ਰੁਪਏ ਦਾ ਬਿੱਲ ਸੌਂਪ ਦਿੱਤਾ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਸਪਤਾਲ ਨਾਲ ਗੱਲ ਕੀਤੀ ਅਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਇਕ ਦਿਨ ਪਹਿਲਾਂ ਸੋਮਨਾਥ ਭਾਰਤੀ ਕੋਲ ਆਈ ਸੀ। ਜਿਸਨੇ ਮੈਕਸ ਹਸਪਤਾਲ ਵਿਚ ਕੋਰੋਨਾ ਨਾਲ ਪੀੜਤ ਪਤੀ ਦੇ ਇਲਾਜ ਦਾ ਬਿੱਲ ਦਿਖਾਇਆ, ਜੋ 1 ਕਰੋੜ 80 ਲੱਖ ਰੁਪਏ ਸੀ। ਇਹ ਦੇਖ ਕੇ ਸੋਮਨਾਥ ਭਾਰਤੀ ਹੈਰਾਨ ਰਹਿ ਗਏ। ਜਿਸਦੇ ਬਾਅਦ ਉਸਨੇ ਕਿਹਾ ਕਿ ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਸ ਬਾਰੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੂੰ ਸ਼ਿਕਾਇਤ ਕੀਤੀ। ਇਸ ਦੇ ਨਾਲ ਹੀ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਮਰੀਜ਼ ਦੀ ਹਾਲਤ ਬਹੁਤ ਗੰਭੀਰ ਹੈ। ਉਸ ਨੂੰ ਸ਼ੂਗਰ ਅਤੇ ਹਾਈਪਰਟੈਨਸ਼ਨ ਸੀ। ਮਰੀਜ਼ ਦੇ ਪਿੱਤੇ ਵਿਚ ਸਮੱਸਿਆ ਵੀ ਸੀ। ਹਸਪਤਾਲ ਨੇ ਕਿਹਾ ਕਿ ਜਦੋਂ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਤਾਂ ਉਸ ਨੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਉਹ ਇਲਾਜ ਤੋਂ ਖੁਸ਼ ਸਨ।

ਟੀਵੀ ਪੰਜਾਬ ਬਿਊਰੋ