PAU ਲਾਈਵ ਪ੍ਰੋਗਰਾਮ ਵਿਚ ਚਲੰਤ ਖੇਤੀ ਮਸਲਿਆਂ ਬਾਰੇ ਵਿਚਾਰ ਹੋਈ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਵੀਰਵਾਰ ਸ਼ੋਸ਼ਲ ਮੀਡੀਆ ‘ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਚਾਲੂ ਮੌਸਮ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਕੀਟ ਵਿਗਿਆਨੀ ਡਾ. ਕੰਵਲਜੀਤ ਸਿੰਘ ਸੂਰੀ ਨੇ ਝੋਨੇ ਦੇ ਕੀੜੇ-ਮਕੌੜਿਆਂ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਇਹਨਾਂ ਦੀ ਰੋਕਥਾਮ ਦੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ।

ਡਾ. ਸੂਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੀੜਿਆਂ ਦੀ ਰੋਕਥਾਮ ਸਮੇਂ ਸਿਰ ਕੀਤੀ ਜਾ ਸਕੇ । ਖੇਤੀ ਮਾਹਿਰ ਡਾ. ਹਰਪ੍ਰੀਤ ਕੌਰ ਨੇ ਚਾਰੇ ਵਾਲੀ ਮੱਕੀ ਵਿਚ ਫਾਲ ਆਰਮੀਵਰਮ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਦੱਸਿਆ ਕਿ ਫਾਲ ਆਰਮੀਵਰਮ ਇਕ ਖਤਰਨਾਕ ਕੀੜਾ ਹੈ ਜੋ ਚਾਰੇ ਵਾਲੀ ਅਤੇ ਪਕਾਵੀਂ ਮੱਕੀ ਉੱਤੇ ਫਰਵਰੀ ਤੋਂ ਹਮਲਾ ਆਰੰਭ ਕਰ ਦਿੰਦਾ ਹੈ।

ਇਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਕੁੱਝ ਸਾਵਧਾਨੀਆਂ ਰੱਖਣ ਦੇ ਨਾਲ-ਨਾਲ ਉਹਨਾਂ ਨੇ ਕੀਟ ਨਾਸ਼ਕਾਂ ਰਾਹੀਂ ਰੋਕਥਾਮ ਦੇ ਤਰੀਕੇ ਵੀ ਦੱਸੇ। ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੇ ਖੇਤੀ ਰੁਝੇਵਿਆਂ ਬਾਰੇ ਡਾ. ਇੰਦਰਪ੍ਰੀਤ ਬੋਪਾਰਾਏ ਨੇ ਨੁਕਤੇ ਸਾਂਝੇ ਕੀਤੇ।

ਟੀਵੀ ਪੰਜਾਬ ਬਿਊਰੋ