ਵਾਹਨ ਨਾਲ ਟਕਰਾਉਣ ਕਾਰਨ ਸਾਈਕਲ ਸਵਾਰ ਦੀ ਮੌਤ

Surrey- ਸਰੀ ’ਚ ਮੰਗਲਵਾਰ ਸਵੇਰੇ ਇੱਕ ਸਾਈਕਲ ਦੇ ਇੱਕ ਵਾਹਨ ਨਾਲ ਟਕਰਾਉਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ।
ਸਰੀ ਆਰਸੀਐਮਪੀ ਨੇ ਇੱਕ ਬਿਆਨ ’ਚ ਦੱਸਆ ਕਿ ਇਹ ਹਾਦਸਾ ਸਵੇਰੇ ਕਰੀਬ 7.30 ਵਜੇ 120 ਸਟਰੀਟ ਅਤੇ 104 ਐਵੇਨਿਊ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਵਲੋਂ ਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਗੰਭੀਰ ਸੱਟਾਂ ਦੇ ਚੱਲਦਿਆਂ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਹਾਦਸੇ ਮਗਰੋਂ ਪੁਲਿਸ ਨੇ ਕਈ ਘੰਟਿਆਂ ਤੱਕ 122 ਸਟਰੀਟ ਅਤੇ ਸਕਾਟ ਰੋਡ ਵਿਚਾਲੇ 104 ਐਵੇਨਿਊ ਨੂੰ ਬੰਦ ਕਰੀ ਰੱਖਿਆ। ਜਾਂਚ ਦੇ ਇਸ ਪੜਾਅ ’ਤੇ, ਮਾਉਂਟੀਜ਼ ਦਾ ਮੰਨਣਾ ਹੈ ਕਿ 104 ਐਵੇਨਿਊ ’ਤੇ ਪੱਛਮ ਵਲੋਂ ਆ ਰਹੇ ਸਾਈਕਲ ਸਵਾਰ ਵਲੋਂ ਨਿਯੰਤਰਣ ਗੁਆਉਣ ਕਾਰਨ ਉਸ ਦਾ ਸਾਈਕਲ ਇੱਕ ਸੈਮੀ ਟਰੇਲਰ ਨਾਲ ਟਕਰਾਅ ਗਿਆ। ਉਨ੍ਹਾਂ ਦੱਸਿਆ ਕਿ ਟਰੇਲਰ ਡਰਾਈਵਰ ਵਲੋਂ ਇਸ ਜਾਂਚ ’ਚ ਸਹਿਯੋਗ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵਲੋਂ ਪੀੜਤ ਦੀ ਪਹਿਚਾਣ ਨਹੀ ਦੱਸੀ ਗਈ ਹੈ।