ਭਾਰੀ ਬਾਰਿਸ਼ ਦਾ ਅਲਰਟ, ਪੰਜਾਬ ‘ਤੇ ਵੀ ਹੋਵੇਗਾ ਤੂਫਾਨ ਮਿਚੌਂਗ ਦਾ ਅਸਰ

ਡੈਸਕ- ਚੱਕਰਵਾਤੀ ਤੂਫਾਨ ਮਿਚੌਂਗ ਅਤੇ ਪੱਛਮੀ ਗੜਬੜੀ ਨੇ ਦੇਸ਼ ਦੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਕੁਝ ਥਾਵਾਂ ‘ਤੇ ਤੇਜ਼ ਬਾਰਿਸ਼ ਹੋ ਰਹੀ ਹੈ ਅਤੇ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਦਾ ਅਸਰ ਹੈ। ਚੱਕਰਵਾਤੀ ਤੂਫ਼ਾਨ ਮਿਚੌਂਗ ਦਾ ਅਸਰ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੁਡੂਚੇਰੀ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਭਾਰੀ ਮੀਂਹ ਪਿਆ। ਇਸ ਸਮੇਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ।

ਰਾਂਚੀ ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਅਨੁਸਾਰ ਗੰਭੀਰ ਚੱਕਰਵਾਤ ‘ਮਿਚੌਂਗ’ ਦੇ ਪ੍ਰਭਾਵ ਕਾਰਨ ਝਾਰਖੰਡ ਵਿੱਚ 7 ​​ਦਸੰਬਰ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। 6 ਦਸੰਬਰ ਨੂੰ ਉੜੀਸਾ ਵਿੱਚ ਜ਼ਿਆਦਾਤਰ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਦੱਖਣੀ ਤੱਟਵਰਤੀ ਅਤੇ ਨਾਲ ਲੱਗਦੇ ਦੱਖਣੀ ਅੰਦਰੂਨੀ ਉੜੀਸਾ ਦੇ ਵੱਖ-ਵੱਖ ਸਥਾਨਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ਵਿਚ ਵੀ ਮੀਂਹ ਕਾਰਨ ਕਈ ਇਲਾਕੇ ਡੁੱਬ ਗਏ ਹਨ, ਸੜਕਾਂ ਟੁੱਟ ਗਈਆਂ ਹਨ, ਨਦੀਆਂ ਤੇ ਤਲਾਅ ਭਰੇ ਹੋਏ ਹਨ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ।

ਪੂਰਵ ਅਨੁਮਾਨ ਦੇ ਅਨੁਸਾਰ 6 ਦਸੰਬਰ ਨੂੰ ਉੱਤਰੀ ਤੱਟੀ ਆਂਧਰਾ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਤਰੀ ਭਾਰਤ ਉਤੇ ਇਸ ਤੂਫਾਨ ਦਾ ਜ਼ਿਆਦਾ ਅਸਰ ਦਿਖਾਈ ਨਹੀਂ ਦੇਵੇਗਾ। ਦਿੱਲੀ, ਹਰਿਆਣਾ ਅਤੇ ਪੰਜਾਬ ਵਿਚ ਆਉਂਦੇ ਦਿਨਾਂ ਵਿਚ ਸੰਘਣੀ ਧੁੰਦ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਠੰਢ ਵਿਚ ਇਕਦਮ ਵਾਧਾ ਹੋਣ ਦੀ ਵੀ ਸੰਭਾਵਨਾ ਹੈ। ਪੰਜਾਬ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਵਿਚਾਲੇ ਪੰਜਾਬ ਵਿੱਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕੋਈ ਵੱਡੀ ਵੈਸਟਰਨ ਡਿਸਟਰਬੈਂਸ ਆਉਣ ਵਾਲੀ ਨਹੀਂ ਹੈ। ਇਸ ਕਾਰਨ ਦਿੱਲੀ-ਐਨਸੀਆਰ ਦਾ ਮੌਸਮ ਸਾਫ਼ ਹੋਣ ਵਾਲਾ ਹੈ। ਦਿੱਲੀ-ਐਨਸੀਆਰ ਦਾ ਮੌਸਮ ਫਿਲਹਾਲ ਆਮ ਵਾਂਗ ਰਹੇਗਾ। ਹਵਾਵਾਂ ਦੀ ਰਫ਼ਤਾਰ ਯਕੀਨੀ ਤੌਰ ‘ਤੇ ਵਧਣ ਵਾਲੀ ਹੈ। ਇਸ ਨਾਲ ਪ੍ਰਦੂਸ਼ਣ ਦਾ ਪ੍ਰਭਾਵ ਵੀ ਘਟੇਗਾ। ਨਾਲ ਹੀ, ਹੌਲੀ-ਹੌਲੀ ਤਾਪਮਾਨ ਵਿੱਚ ਗਿਰਾਵਟ ਆਵੇਗੀ।