ਜਲੰਧਰ : ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਡੀ.ਏ.ਪੀ.ਖਾਦ ਦੀ ਕਾਲਾਬਾਜ਼ਾਰੀ ਕਰਕੇ ਮੁਨਾਫ਼ਾਖੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਮੈਸ. ਰਣਜੀਤ ਪੈਸਟੀਸਾਈਡਜ਼ ਪਿੰਡ ਸੰਗੋਵਾਲ ਬਲਾਕ ਨਕੋਦਰ ਦਾ ਖਾਦ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ,ਜਲੰਧਰ ਡਾ.ਜਸਵੰਤ ਰਾਏ ਨੇ ਦੱਸਿਆ ਕਿ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਸ੍ਰ.ਰਣਦੀਪ ਸਿੰਘ ਨਾਭਾ ਵਲੋਂ ਕਿਸਾਨਾਂ ਨੂੰ ਖਾਦਾਂ ਦੀ ਵਿਕਰੀ ਕੁਆਲਟੀ ਕੰਟਰੋਲ ਐਕਟ ਅਨੁਸਾਰ ਕਰਵਾਉਣ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿਚ ਜ਼ਿਲ੍ਹਾ ਖੇਤੀਬਾੜੀ ਵਿਭਾਗ ਵਲੋਂ ਪੂਰੀ ਚੌਕਸੀ ਵਰਤਦਿਆਂ ਅਜਿਹੇ ਗੈਰ ਸਮਾਜਿਕ ਅਨਸਰਾਂ ’ਤੇ ਨਕੇਲ ਕੱਸਣ ਲਈ ਕੁਆਲਟੀ ਕੰਟਰੋਲ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਡਾ.ਰਾਏ ਨੇ ਅੱਗੇ ਦੱਸਿਆ ਕਿ ਇਕ ਲਿਖਤੀ ਸ਼ਿਕਾਇਤ ਮਿਲਣ ’ਤੇ ਵਿਭਾਗ ਵਲੋਂ ਤਿੰਨ ਮੈਂਬਰੀ ਕਮੇਟੀ, ਜਿਸ ਵਿੱਚ ਡਾ.ਅਰੁਣ ਕੋਹਲੀ ਖੇਤੀਬਾੜੀ ਅਫ਼ਸਰ ਜਲੰਧਰ ਪੱਛਮੀ, ਡਾ.ਸੁਰਜੀਤ ਸਿੰਘ ਏ.ਪੀ.ਪੀ.ਓ. ਜਲੰਧਰ ਅਤੇ ਡਾ.ਗੁਰਚਰਨ ਸਿੰਘ ਏ.ਡੀ.ਓ.(ਇੰਨਫੋ) ਨੂੰ ਸ਼ਾਮਿਲ ਕਰਕੇ ਟੀਮ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਟੀਮ ਵਲੋਂ ਮੈਸ.ਰਣਜੀਤ ਪੈਸਟੀਸਾਈਡਜ਼ ਪਿੰਡ ਸੰਗੋਵਾਲ ਬਲਾਕ ਨਕੋਦਰ ਦੀ ਸ਼ਿਕਾਇਤਾਕਰਤਾ ਦੀ ਮੌਜੂਦਗੀ ਵਿੰਚ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਇਹ ਪਾਇਆ ਕਿ ਇਸ ਖਾਦ ਵਿਕਰੇਤਾ ਵਲੋਂ ਡੀ.ਏ.ਪੀ. ਖਾਦ 1500/ ਰੁਪਏ ਪ੍ਰਤੀ ਥੈਲਾ ਦੇ ਹਿਸਾਬ ਨਾਲ ਵਿਕਰੀ ਕੀਤੀ ਜਾ ਰਹੀ ਸੀ ਜਦਕਿ ਇਸ ਖਾਦ ਦਾ ਪ੍ਰਤੀ ਬੈਗ ਰੇਟ 1200/ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਸ਼ਿਕਾਇਤਕਰਤਾ ਵਲੋਂ ਵੀ ਲਿਖਤੀ ਰੂਪ ਵਿਚ ਦੱਸਿਆ ਕਿ ਡੀਲਰ ਨੇ ਉਨਾਂ ਕੋਲੋਂ ਡੀ.ਏ.ਪੀ. ਦੇ ਦੋ ਥੈਲਿਆਂ ਦੀ ਕੀਮਤ 3000/ ਰੁਪਏ ਵਸੂਲੀ ਹੈ, ਜੋ ਕਿ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਬਲਾਕ ਖੇਤੀਬਾੜੀ ਅਫ਼ਸਰ ਨਕੋਦਰ ਡਾ.ਭੁਪਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਮੈਡਮ ਕੰਚਨ ਯਾਦਵ ਵਲੋਂ ਵੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਪਾਇਆ ਕਿ ਵਿਕਰੀ ਕੀਤੀ ਜਾ ਰਹੀ ਡੀ.ਏ.ਪੀ. ਖਾਦ ਦੀ ਸਬੰਧਿਤ ਡੀਲਰ ਦੇ ਕੋਲ ਖਾਦ ਦੇ ਲਾਇਸੈਂਸ ਵਿਚ ਆਡੀਸ਼ਨ ਵੀ ਨਹੀਂ ਕਰਵਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਸਬੰਧਿਤ ਟੀਮ ਵਲੋਂ ਪੂਰੀ ਰਿਪੋਰਟ ਤਿਆਰ ਕਰਕੇ ਐਫ.ਸੀ.ਓ.1985 ਤਹਿਤ ਕਾਰਵਾਈ ਕਰਨ ਲਈ ਸਿਫ਼ਾਰਿਸ਼ ਕਰਦੇ ਹੋਏ ਉਨਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਖਾਦ ਦੀ ਕਾਲਾਬਾਜ਼ਾਰੀ ਕਰਨ ਕਰਕੇ ਅਤੇ ਬਗੈਰ ਆਡੀਸ਼ਨ ਤੋਂ ਖਾਦ ਦੀ ਵਿਕਰੀ ਕਰਨ ’ਤੇ ਮੈਸ.ਰਣਜੀਤ ਪੈਸਟੀਸਾਈਡਜ਼ ਪਿੰਡ ਸੰਗੋਵਾਲ ਬਲਾਕ ਨਕੋਦਰ ਦਾ ਖਾਦ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਡੀਲਰ ’ਤੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਡਾ.ਜਸਵੰਤ ਰਾਏ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਖਾਦ ਵਿਕਰੇਤਾਵਾਂ ਬਾਰੇ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਸਾਨ ਵੀਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਡੀ.ਏ.ਪੀ. ਖਾਦ ਦੇ ਬਦਲ ਦੇ ਤੌਰ ’ਤੇ ਮਾਰਕਿਟ ਵਿੱਚ ਮਿਲ ਰਹੀ ਖਾਦ ਐਨ.ਪੀ.ਕੇ. ਜਾਂ 20:20:0 ਆਦਿ ਦੀ ਵਰਤੋਂ ਕਰਕੇ ਵੀ ਆਲੂ ਜਾਂ ਕਣਕ ਦੀ ਕਾਸ਼ਤ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ।
ਟੀਵੀ ਪੰਜਾਬ ਬਿਊਰੋ