PAU ਲਾਈਵ ਵਿਚ ਖੇਤੀ ਮਸਲਿਆਂ ਬਾਰੇ ਹੋਈਆਂ ਵਿਚਾਰਾਂ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ। ਇਸ ਵਾਰ ਕੀਟ ਵਿਗਿਆਨ ਵਿਭਾਗ ਦੇ ਨਰਮਾ ਮਾਹਿਰ ਡਾ. ਵਿਜੈ ਕੁਮਾਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ।

ਸ੍ਰੀ ਵਿਜੈ ਕੁਮਾਰ ਨੇ ਨਰਮੇ ਦੀ ਫਸਲ ਵਿਚ ਗੁਲਾਬੀ ਸੁੰਡੀ ਤੋਂ ਬਚਾਅ ਦੇ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ । ਉਹਨਾਂ ਦੱਸਿਆ ਕਿ ਗੁਲਾਬੀ ਸੁੰਡੀ ਨਰਮੇ ਦਾ ਕੀੜਾ ਹੈ ਅਤੇ ਇਹ ਸਾਡੇ ਖੇਤਰ ਵਿਚ ਪਹਿਲੀ ਵਾਰ ਦੇਖਣ ਵਿਚ ਆਇਆ ਹੈ ।

ਉਹਨਾਂ ਇਸ ਕੀੜੇ ਦੀਆਂ ਜੀਵਨ ਅਵਸਥਾਵਾਂ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਨੂੰ ਲਗਾਤਾਰ ਆਪਣੀ ਫਸਲ ਦਾ ਸਰਵੇਖਣ ਕਰਦੇ ਰਹਿਣ ਦੀ ਸਲਾਹ ਦਿੱਤੀ । ਨਰਮੇ ਦੇ ਇਕ ਸੀਜ਼ਨ ਵਿਚ ਇਸ ਕੀੜੇ ਦੀਆਂ ਪੰਜ ਪੀੜੀਆਂ ਗੁਜ਼ਰਦੀਆਂ ਹਨ ।

ਉਹਨਾਂ ਨੇ ਇਸ ਕੀੜੇ ਦੀ ਰੋਕਥਾਮ ਦੇ ਰਸਾਇਣਕ ਤਰੀਕੇ ਸਾਂਝੇ ਕੀਤੇ । ਫਸਲ ਵਿਗਿਆਨੀ ਡਾ. ਅਮਿਤ ਕੌਲ ਨੇ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਪਾਏ ਜਾਣ ਵਾਲੇ ਇਕ ਵਿਸ਼ੇਸ਼ ਨਦੀਨ ਚੌਬੇ ਜਾਂ ਸਾਉਣੀ ਘਾਹ ਦਾ ਜ਼ਿਕਰ ਕੀਤਾ ।

ਉਹਨਾਂ ਦੱਸਿਆ ਕਿ ਜੇਕਰ ਇਸ ਘਾਹ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਪੱਕ ਕੇ ਝੋਨੇ ਦੀ ਦਾਣਿਆਂ ਵਿਚ ਰਲ ਕੇ ਬੀਜ ਵਿਚ ਰਲੇਵਾਂ ਪੈਦਾ ਕਰਦਾ ਹੈ । ਇਸ ਤੋਂ ਇਲਾਵਾ ਸ੍ਰੀ ਰਵਿੰਦਰ ਸਿੰਘ ਅਤੇ ਡਾ. ਇੰਦਰਪ੍ਰੀਤ ਕੌਰ ਨੇ ਆਉਂਦੇ ਹਫ਼ਤੇ ਦੇ ਖੇਤੀ ਰੁਝੇਵੇਂ ਕਿਸਾਨਾਂ ਨਾਲ ਸਾਂਝੇ ਕੀਤੇ ।

ਟੀਵੀ ਪੰਜਾਬ ਬਿਊਰੋ