● On air now · ਟੀਵੀ ਪੰਜਾਬ

Punjabi News · Since 2013

Breaking

ਸੁਰਜੀਤ ਪਾਤਰ ਨੂੰ ਮਿਲੇਗਾ “ਆਪਣੀ ਆਵਾਜ਼ ਪੁਰਸਕਾਰ “

ਜਲੰਧਰ : ਅੱਜ ਇਥੇ ਲੋਕ ਮੰਚ ਪੰਜਾਬ (ਰਜਿਸਟਰਡ) ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅਗਲੇ ਦੋ ਸਾਲਾਂ ਲਈ ਇਸਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਅਮਰੀਕਾ…


ਜਲੰਧਰ : ਅੱਜ ਇਥੇ ਲੋਕ ਮੰਚ ਪੰਜਾਬ (ਰਜਿਸਟਰਡ) ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਅਗਲੇ ਦੋ ਸਾਲਾਂ ਲਈ ਇਸਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ।

ਅਮਰੀਕਾ ਵਿਚ ਵਸਦੇ ਉਘੇ ਪਰਵਾਸੀ ਪੰਜਾਬੀ ਲੇਖਕ ਅਤੇ ” ਆਪਣੀ ਆਵਾਜ਼ ” ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ ਨੂੰ ਮੰਚ ਦਾ ਪ੍ਰਧਾਨ ਅਤੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੂੰ ਮੰਚ ਦਾ ਸਕੱਤਰ ਬਣਾਇਆ ਗਿਆ ਹੈ।

ਮੰਚ ਦੇ ਬਾਕੀ ਅਹੁਦੇਦਾਰਾਂ ਵਿਚ ਮੀਤ ਪਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਜਾਇੰਟ ਸਕੱਤਰ ਸੋਨਾ ਪੁਰੇਵਾਲ ਨੂੰ ਬਣਾਇਆ ਗਿਆ। ਸਲਾਹਕਾਰ ਕਮੇਟੀ ਵਿਚ ਡਾ. ਸੁਰਜੀਤ ਪਾਤਰ, ਡਾ. ਗੁਰਭਜਨ ਗਿੱਲ, ਸਤਨਾਮ ਮਾਣਕ, ਡਾ. ਕਮਲੇਸ਼ ਦੁੱਗਲ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਗੀਤ ਕਨੇਡਾ, ਪ੍ਰੋਫੈਸਰ ਸੁਰਜੀਤ ਜੱਜ ਨੂੰ ਸ਼ਾਮਿਲ ਕੀਤਾ ਗਿਆ ਹੈ।

ਉਘੇ ਪੰਜਾਬੀ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਮੰਚ ਦੇ ਚੇਅਰਮੈਨ ਬਣੇ ਰਹਿਣਗੇ। ਇਹ ਮੰਚ ਪਿਛਲੇ ਕਈ ਸਾਲਾਂ ਤੋਂ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿਚ ਛਪਦੇ ਅੰਤਰਰਾਸ਼ਟਰੀ ਮਾਸਿਕ ਪੱਤਰ “ਆਪਣੀ ਆਵਾਜ਼ ” ਦੀ ਦੇਖ ਰੇਖ ਵੀ ਕਰੇਗਾ ।

ਫੈਸਲਾ ਕੀਤਾ ਗਿਆ ਕਿ ਪਹਿਲਾ “ਆਪਣੀ ਆਵਾਜ਼ ਪੁਰਸਕਾਰ 2021 ” ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿਚ ਇਕ ਲੱਖ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੋਵੇਗਾ । ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਦਸਿਆ ਕਿ ਇਹ ਪੁਰਸਕਾਰ ਨਵੰਬਰ ਮਹੀਨੇ ਵਿਚ ਹੀ ਇਕ ਸਮਾਗਮ ਕਰਕੇ ਪ੍ਰਦਾਨ ਕੀਤਾ ਜਾਵੇਗਾ ।

ਟੀਵੀ ਪੰਜਾਬ ਬਿਊਰੋ


Filed under